ਸਰੀ, (ਏਕਜੋਤ ਸਿੰਘ): ਕੈਨੇਡਾ ਪੋਸਟ ਦੀ ਹੜ੍ਹਤਾਲ ਨੂੰ ਪੂਰਾ ਇੱਕ ਮਹੀਨਾ ਹੋਣ ਜਾ ਰਿਹਾ ਹੈ, ਜਿਸ ਵਿੱਚ 55,000 ਤੋਂ ਵੱਧ ਕਰਮਚਾਰੀ ਸ਼ਾਮਲ ਹਨ। ਇਹ ਹੜਤਾਲ 14 ਨਵੰਬਰ ਨੂੰ ਸ਼ੁਰੂ ਹੋਈ ਸੀ ਅਤੇ ਇਸ ਨਾਲ ਕੈਨੇਡਾ ਵਿੱਚ ਡਾਕ ਸੇਵਾਵਾਂ ਵਿੱਚ ਵੱਡੀ ਰੁਕਾਵਟ ਆਈ ਹੈ। ਕੈਨੇਡਾ ਪੋਸਟ ਨੇ ਬੀਤੇ ਕੱਲ੍ਹ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਵੱਲੋਂ ਪ੍ਰਸਤਾਵ ਦੇਣ ‘ਤੇ ਜਵਾਬ ਦਾ ਇੰਤਜ਼ਾਰ ਕਰ ਰਹੀ ਹੈ। ਯੂਨੀਅਨ ਨੇ ਵੀ ਸਵੀਕਾਰ ਕੀਤਾ ਹੈ ਕਿ ਉਹ ਕੈਨੇਡਾ ਪੋਸਟ ਵੱਲੋਂ ਦਿੱਤੇ ਗਏ ਪ੍ਰਸਤਾਵ ਦੀ ਸਮੀਖਿਆ ਕਰ ਰਹੇ ਹਨ ਅਤੇ ਇਹ ਸਵਾਲ ਉਠਾਇਆ ਹੈ ਕਿ ਵਿਚੋਲਗੀ ਪ੍ਰਕਿਰਿਆ ਅਧਿਕਾਰਿਕ ਤੌਰ ‘ਤੇ ਕਦੋਂ ਮੁੜ ਸ਼ੁਰੂ ਹੋਵੇਗੀ।
ਹੜਤਾਲ ਦੇ ਕਾਰਨ ਕੈਨੇਡਾ ਪੋਸਟ ਦੀਆਂ ਸੇਵਾਵਾਂ ਖਾਸ ਤੌਰ ‘ਤੇ ਦੂਰ-ਦੁਰਾਏ ਇਲਾਕਿਆਂ ਵਿੱਚ ਪ੍ਰਭਾਵਿਤ ਹੋਈਆਂ ਹਨ, ਜਿੱਥੇ ਕੈਨੇਡਾ ਪੋਸਟ ਮਹੱਤਵਪੂਰਣ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਇਨ੍ਹਾਂ ਵਿੱਚ ਇਨੁਇਟ ਅਤੇ ਫਸਟ ਨੇਸ਼ਨਜ਼ ਮੂਲ ਨਿਵਾਸੀ ਭਾਈਚਾਰੇ ਸ਼ਾਮਿਲ ਹਨ, ਜੋ ਆਪਣੇ ਪੈਕੇਜ ਅਤੇ ਡਾਕ ਸੇਵਾਵਾਂ ਲਈ ਪੂਰੀ ਤਰ੍ਹਾਂ ਕੈਨੇਡਾ ਪੋਸਟ ‘ਤੇ ਨਿਰਭਰ ਕਰਦੇ ਹਨ। ਇਨ੍ਹਾਂ ਭਾਈਚਾਰਿਆਂ ਵਿੱਚ ਰਿਹਾਇਸ਼ੀ, ਮੈਡੀਕਲ ਸਪਲਾਈਆਂ ਅਤੇ ਚੈੱਕਾਂ ਦੀ ਪਹੁੰਚ ਵਿਚ ਕਾਫੀ ਰੁਕਾਵਟਾਂ ਦਾ ਸਾਹਮਣਾ ਹੋ ਰਿਹਾ ਹੈ।
ਮੂਲਵਾਸੀ ਭਾਈਚਾਰੇ ਦੇ ਪ੍ਰਧਾਨ ਨੇਟਨ ਓਬੇਡ ਨੇ ਕਿਹਾ ਕਿ ਉਨ੍ਹਾਂ ਲਈ ਸਿਰਫ਼ ਕੈਨੇਡਾ ਪੋਸਟ ਹੀ ਡਾਕ ਅਤੇ ਪਾਰਸਲ ਸੇਵਾਵਾਂ ਦਾ ਸਰੋਤ ਹੈ, ਅਤੇ ਉਨ੍ਹਾਂ ਨੂੰ ਹੋਰ ਕੋਈ ਵਿਕਲਪ ਉਪਲਬਧ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਹੋਰ ਕੰਪਨੀਆਂ ਕੈਨੇਡਾ ਪੋਸਟ ਦੀ ਵਿਵਸਥਾ ਰਾਹੀਂ ਹੀ ਕੰਮ ਕਰਦੀਆਂ ਹਨ। ਇਨੁਇਟ ਭਾਈਚਾਰਿਆਂ ਵਿੱਚੋਂ 51 ਵਿੱਚੋਂ 49 ਭਾਈਚਾਰਿਆਂ ਤੱਕ ਸਿਰਫ ਹਵਾਈ ਜਹਾਜ਼ ਰਾਹੀਂ ਹੀ ਪਹੁੰਚ ਕੀਤੀ ਜਾ ਸਕਦੀ ਹੈ।
ਹੁਣ ਕੈਨੇਡਾ ਪੋਸਟ ਦੀ ਹੜਤਾਲ ਤੋਂ ਕਾਰੋਬਾਰੀ ਭਾਈਚਾਰਾ ਵੀ ਪ੍ਰਭਾਵਿਤ ਹੋ ਰਿਹਾ ਹੈ। ਪ੍ਰਾਈਵੇਟ ਕੋਰੀਅਰ ਕੰਪਨੀਆਂ ਜੋ ਆਮ ਤੌਰ ‘ਤੇ ਡਾਕ ਅਤੇ ਪਾਰਸਲ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਉਹ ਕੁਝ ਸ਼ਿਪਮੈਂਟਾਂ ਨੂੰ ਰੋਕ ਰਹੀਆਂ ਹਨ। ਪਿਓਰੋਲੇਟਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਕੁਝ ਪਾਰਟਨਰਜ਼ ਲਈ ਡਾਕ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਰੋਕ ਰਹੀ ਹੈ ਅਤੇ ਇਸ ਸਮੇਂ ਕੇਵਲ ਅੱਤ ਜ਼ਰੂਰੀ ਸ਼ਿਪਮੈਂਟਾਂ ਨੂੰ ਪ੍ਰੋਸੈਸ ਕਰ ਰਹੀ ਹੈ।
ਇਸ ਦੇ ਨਾਲ-ਨਾਲ, ਈ-ਕਾਮਰਸ ਬਿਜ਼ਨਸਾਂ ਨੂੰ ਵੀ ਮਸਲੇ ਦਾ ਸਾਹਮਣਾ ਹੈ। ਇ-ਸ਼ਿੱਪਰ ਵਗੈਰਾ ਕੋਰੀਅਰ ਕੰਪਨੀਆਂ ਨੇ ਪਿਓਰੋਲੇਟਰ ਅਤੇ ੂਫਸ਼ ਨਾਲ ਸ਼ਿਪਿੰਗ ਕਰਨ ਤੋਂ ਅਸਥਾਈ ਤੌਰ ‘ਤੇ ਰੋਕ ਦਿੱਤਾ ਹੈ। ਇਸ ਕਾਰਨ ਛੋਟੇ ਕਾਰੋਬਾਰਾਂ ਨੂੰ ਮੁਸ਼ਕਲ ਆ ਰਹੀ ਹੈ ਕਿਉਂਕਿ ਉਹ ਇਨ੍ਹਾਂ ਕੰਪਨੀਆਂ ਨੂੰ ਆਪਣੇ ਪੈਕੇਜਾਂ ਨੂੰ ਡਿਲੀਵਰ ਕਰਨ ਲਈ ਵਰਤਦੇ ਹਨ।
ਫੈਡਰਲ ਸਰਕਾਰ ਨੇ ਅਜੇ ਤੱਕ ਇਸ ਹੜਤਾਲ ਵਿੱਚ ਦਖਲ ਦੇਣ ਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ। ਫੈਡਰਲ ਲੇਬਰ ਮੰਤਰੀ ਸਟੀਵਨ ਮੈਕਕਿਨਨ ਨੇ ਕਿਹਾ ਕਿ ਸਰਕਾਰ ਇਸ ਹੜਤਾਲ ਵਿੱਚ ਦਖਲ ਦੇਣ ਦੇ ਵਿਰੋਧ ਵਿੱਚ ਹੈ ਅਤੇ ਦੋਨਾਂ ਧਿਰਾਂ ਨੂੰ ਆਪਸੀ ਗੱਲਬਾਤ ਦੁਆਰਾ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਹੜਤਾਲ ਸਿਰਫ਼ ਭਾਈਚਾਰਿਆਂ ਲਈ ਹੀ ਨਹੀਂ, ਬਲਕਿ ਛੋਟੇ ਕਾਰੋਬਾਰਾਂ ਅਤੇ ਦੂਰ-ਦੁਰਾਏ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਵੀ ਮੁਸ਼ਕਲਾਂ ਦਾ ਕਾਰਨ ਬਣੀ ਹੈ।
ਦੋਹਾਂ ਧਿਰਾਂ ਵਿਚਕਾਰ ਸਹਿਮਤੀ ਪੈਦਾ ਕਰਨ ਲਈ ਕੈਨੇਡਾ ਪੋਸਟ ਅਤੇ ਯੂਨੀਅਨ ਵਿਚਾਲੇ ਗੱਲਬਾਤ ਜਾਰੀ ਰਹੀ ਹੈ, ਪਰ ਹਾਲਾਤ ਵੇਖਦੇ ਹੋਏ ਇੱਥੇ ਤੱਕ ਕੋਈ ਵਿਸ਼ੇਸ਼ ਤਰੀਕਾ ਅਪਣਾਇਆ ਨਹੀਂ ਗਿਆ।
ਸਮੂਹਿਕ ਸਹਿਮਤੀ ਨਾਲ ਇਸ ਹੜਤਾਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਵਿਚ ਕਾਰੋਬਾਰੀ ਅਤੇ ਮੂਲ ਨਿਵਾਸੀ ਭਾਈਚਾਰਿਆਂ ਨੂੰ ਹੋ ਰਹੀ ਪਰੇਸ਼ਾਨੀ ਦਾ ਹੱਲ ਕੱਢਣ ਲਈ ਸਿਰਕਾਰ ਅਤੇ ਦੋਨੋਂ ਧਿਰਾਂ ਨੂੰ ਆਪਣੇ ਵਿਚੋਲਗੀ ਹੱਲ ਵਿੱਚ ਲਾਗੂ ਕਰਨ ਦੀ ਜਰੂਰਤ ਹੈ।