ਔਟਵਾ, (ਏਕਜੋਤ ਸਿੰਘ): ਓਨਟਾਰੀਓ ਦੇ ਮਸਕੋਕਾ ਇਲਾਕੇ ਵਿੱਚ ਆਏ ਬਰਫ਼ੀਲੇ ਤੂਫ਼ਾਨ ਨੇ ਗ੍ਰੇਵਨਹਰਸਟ ਕਸਬੇ ਵਿੱਚ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਸਥਾਨਕ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਵੱਲੋਂ ਮਸਲਿਆਂ ਨੂੰ ਹੱਲ ਕਰਨ ਦੇ ਯਤਨ ਜਾਰੀ ਹਨ, ਪਰ ਸਥਿਤੀ ਹਾਲੇ ਵੀ ਪੂਰੀ ਤਰ੍ਹਾਂ ਸਮਾਨਯ ਨਹੀਂ ਹੋਈ।
ਟੋਰਾਂਟੋ ਤੋਂ 176 ਕਿਲੋਮੀਟਰ ਉੱਤਰ ਪੈਂਦੇ ਮਸਕੋਕਾ ਇਲਾਕੇ ਵਿੱਚ ਬਰਫ਼ਬਾਰੀ ਨੇ ਪੂਰੇ ਇਲਾਕੇ ਨੂੰ ਬਰਫ਼ ਦੀ ਮੋਟੀ ਚਾਦਰ ਵਿੱਚ ਢੱਕ ਦਿੱਤਾ। ਸਥਾਨਕ ਪ੍ਰਸ਼ਾਸਨ ਦੇ ਅਨੁਸਾਰ, ਕਸਬੇ ਵਿੱਚ 140 ਸੈਂਟੀਮੀਟਰ ਬਰਫ਼ ਪਈ, ਜਿਸ ਨਾਲ ਸੜਕਾਂ ਅਤੇ ਬਿਜਲੀ ਸੇਵਾਵਾਂ ਵਿੱਚ ਰੁਕਾਵਟਾਂ ਪੈਦਾਂ ਹੋਈਆਂ। ਗ੍ਰੇਵਨਹਰਸਟ ਦੀ ਵੈੱਬਸਾਈਟ ਮੁਤਾਬਕ, ਸੜਕਾਂ ‘ਤੇ ਡਿੱਗੇ 50 ਦਰਖ਼ਤਾਂ ਨੂੰ ਹਟਾਇਆ ਜਾ ਚੁੱਕਾ ਹੈ, ਪਰ ਬਰਫ਼ ਦੀਆਂ ਪਰਤਾਂ ਸਾਫ ਕਰਨ ਦਾ ਕੰਮ ਹਾਲੇ ਵੀ ਚੱਲ ਰਿਹਾ ਹੈ।
ਸਥਾਨਕ ਪ੍ਰਸ਼ਾਸਨ ਨੇ ਲੋਕਲ ਐਮਰਜੈਂਸੀ ਦਾ ਐਲਾਨ ਕੀਤਾ ਹੈ। ਗ੍ਰੇਵਨਹਰਸਟ ਦੀ ਮੇਅਰ ਹੀਡੀ ਲੌਰੈਂਜ਼ ਨੇ ਕਿਹਾ ਕਿ ਉਹ ਪਿਛਲੇ 27 ਸਾਲ ਤੋਂ ਇਲਾਕੇ ਵਿੱਚ ਰਹਿ ਰਹੇ ਹਨ ਅਤੇ ਅਜਿਹੀ ਭਾਰੀ ਬਰਫ਼ਬਾਰੀ ਪਹਿਲਾਂ ਕਦੇ ਨਹੀਂ ਦੇਖੀ। ਬਰਫ਼ ਦੀ ਤਿੰਨ-ਚਾਰ ਫੁੱਟ ਮੋਟੀ ਪਰਤ ਅਤੇ ਡਿੱਗੇ ਦਰਖ਼ਤਾਂ ਕਾਰਨ ਸੜਕਾਂ ਦੀ ਯਾਤਰਾ ਮੁਸ਼ਕਲ ਹੋ ਗਈ ਹੈ।
ਇਲਾਕੇ ਵਿੱਚ ਬਿਜਲੀ ਠੱਪ ਹੋਣਾ ਸਥਾਨਕ ਲੋਕਾਂ ਲਈ ਸਭ ਤੋਂ ਵੱਡਾ ਚੁਣੌਤੀਵਰਤ ਮਸਲਾ ਬਣਿਆ ਹੋਇਆ ਹੈ। ਹਾਈਡਰੋ ਵਨ ਦੀ ਮੁੱਖ ਲਾਈਨ, ਜੋ ਗ੍ਰੇਵਨਹਰਸਟ ਦੇ ਦੱਖਣੀ ਹਿੱਸੇ ਨੂੰ ਬਿਜਲੀ ਪ੍ਰਦਾਨ ਕਰਦੀ ਹੈ, ਅਜੇ ਵੀ ਬਿਜਲੀ ਤੋਂ ਵਾਂਝੀ ਹੈ। ਬਿਜਲੀ ਮਹਿਕਮੇ ਦੇ ਵਰਕਰ ਲਾਈਨਾਂ ਨੂੰ ਮੁੜ ਚਾਲੂ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਨ।
ਓਨਟੇਰਿਓ ਪ੍ਰੋਵਿੰਸ਼ੀਅਲ ਪੁਲਿਸ ਦੇ ਅਨੁਸਾਰ ਹਾਈਵੇਅ 11 ਦਾ ਵੈਸਟ ਸਟ੍ਰੀਟ ਵਾਲਾ ਪਾਸਾ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ, ਜਦਕਿ ਹਾਈਵੇਅ 60 ਹੰਟਸਵਿੱਲ ਦੇ ਦੱਖਣ ਵੱਲ ਸ਼ਾਮ ਤੱਕ ਖੁੱਲ੍ਹਣ ਦੀ ਉਮੀਦ ਹੈ। ਵੀਕੈਂਡ ਦੌਰਾਨ ਭਾਰੀ ਬਰਫ਼ਬਾਰੀ ਕਾਰਨ ਕਰੀਬ 100 ਕਿਲੋਮੀਟਰ ਸੜਕਾਂ ਦਾ ਹਿੱਸਾ ਬੰਦ ਕਰਨਾ ਪਿਆ ਸੀ।
ਗ੍ਰੇਵਨਹਰਸਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੀਲ ਅਤੇ ਸਿਮਕੋ ਸਹਿਤ ਹੋਰ ਇਲਾਕਿਆਂ ਦੇ ਮਿਊਂਸਪੈਲ ਇਮਰਜੈਂਸੀ ਟੀਮਾਂ ਮਦਦ ਕਰ ਰਹੀਆਂ ਹਨ। ਵੌਨ ਸਿਟੀ ਦੇ ਵਰਕਰ ਵੀ ਮਦਦ ਲਈ ਪਹੁੰਚ ਰਹੇ ਹਨ।