Sunday, April 20, 2025
12.4 C
Vancouver

ਬ੍ਰੈਂਪਟਨ ਵਿੱਚ ਗੋਲੀਬਾਰੀ, ਇੱਕ ਵਿਅਕਤੀ ਦੀ ਮੌਤ ਅਤੇ ਇੱਕ ਜ਼ਖ਼ਮੀ

 

ਔਟਵਾ : ਬੁੱਧਵਾਰ ਰਾਤ ਨੂੰ ਬ੍ਰੈਂਪਟਨ ਵਿੱਚ ਹੋਈ ਇੱਕ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਸਰਾ ਵਿਅਕਤੀ ਜ਼ਖ਼ਮੀ ਹੋ ਗਿਆ। ਇਹ ਘਟਨਾ ਕਰੀਬ 11:30 ਵਜੇ ਵਾਪਰੀ ਜਦੋਂ ਐਮਰਜੈਂਸੀ ਦਸਤੇ ਨੂੰ ਗੋਰਵੇਅ ਅਤੇ ਮੇਫੀਲਡ ਰੋਡ ਨੇੜੇ ਓਡੀਅਨ ਸਟ੍ਰੀਟ ‘ਤੇ ਇੱਕ ਘਰ ਦੇ ਬਾਹਰ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ।
ਪੀਲ ਪੁਲਿਸ ਦੇ ਸਾਰਜੈਂਟ ਜੈਨੀਫ਼ਰ ਟ੍ਰਿੰਬਲ ਦੇ ਮੁਤਾਬਕ, ਈਮਰਜੈਂਸੀ ਕਰਮਚਾਰੀਆਂ ਨੂੰ ਸਥਾਨ ‘ਤੇ ਦੋ ਵਿਅਕਤੀ ਮਿਲੇ, ਜਿਨ੍ਹਾਂ ਨੂੰ ਗੋਲੀਆਂ ਮਾਰੀ ਗਈਆਂ ਸਨ। ਇੱਕ ਵਿਅਕਤੀ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦੋਂਕਿ ਦੂਸਰੇ ਨੂੰ ਟ੍ਰੌਮਾ ਸੈਂਟਰ ਲਿਜਾਇਆ ਗਿਆ। ਪੁਲਿਸ ਦੇ ਅਨੁਸਾਰ ਜ਼ਖ਼ਮੀ ਵਿਅਕਤੀ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ।
ਸਾਰਜੈਂਟ ਟ੍ਰਿੰਬਲ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਕਿਹਾ, “ਸਾਡਾ ਮੰਨਣਾ ਹੈ ਕਿ ਇਹ ਇੱਕ ਗਿਣਮਿੱਥ ਕੇ ਕੀਤੀ ਗਈ ਸ਼ੂਟਿੰਗ ਸੀ।” ਉਹਨਾਂ ਨੇ ਤੱਤੀਸ਼ ਜਾਰੀ ਰੱਖਣ ਦੀ ਜਾਣਕਾਰੀ ਦਿੱਤੀ ਅਤੇ ਇਸ ਸਮੇਂ ਮ੍ਰਿਤਕ ਦੀ ਪਛਾਣ ਦੇ ਬਾਰੇ ਕੋਈ ਵੀ ਜਾਣਕਾਰੀ ਨਾ ਦੇਣ ਨੂੰ ਜ਼ਰੂਰੀ ਸਮਝਿਆ।
ਤੱਥਾਂ ਦੀ ਜਾਂਚ ਕਰਨ ਵਾਲੇ ਪੁਲਿਸ ਕਰਮਚਾਰੀ ਇੱਕ ਚਿੱਟ ਰੰਗ ਦੀ 4 ਡੋਰ-ਸੇਡਾਨ ਕਾਰ ਦੀ ਭਾਲ ਕਰ ਰਹੇ ਹਨ। ਪੁਲਿਸ ਨੇ ਕਿਹਾ ਕਿ ਇਹ ਸਪਸ਼ਟ ਨਹੀਂ ਹੈ ਕਿ ਗੋਲੀਬਾਰੀ ਦੌਰਾਨ ਕਿੰਨੇ ਲੋਕ ਸ਼ੱਕੀ ਕਾਰ ਵਿੱਚ ਮੌਜੂਦ ਸਨ। ਜੈਨੀਫ਼ਰ ਟ੍ਰਿੰਬਲ ਨੇ ਇਹ ਵੀ ਦੱਸਿਆ ਕਿ ਇੱਕ ਸਿਕਿਓਰਟੀ ਕੈਮਰੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਜੋ ਕਥਿਤ ਤੌਰ ‘ਤੇ ਇਸ ਹੀ ਗੋਲੀਬਾਰੀ ਨੂੰ ਦੱਸਦੀ ਹੈ। ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਦੋ ਵਿਅਕਤੀ ਆਪਣੀ ਕਾਰ ਤੋਂ ਬਰਫ਼ ਸਾਫ਼ ਕਰ ਰਹੇ ਹਨ ਅਤੇ ਇੱਕ ਚਿੱਟੀ ਕਾਰ ਵਿੱਚੋਂ ਦੋ ਹੋਰ ਵਿਅਕਤੀ ਉਤਰਦੇ ਹਨ ਅਤੇ ਗੋਲੀਆਂ ਚਲਾਉਂਦੇ ਹਨ।
ਪੀਲ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ।