Saturday, April 19, 2025
13.4 C
Vancouver

ਓਂਟਾਰੀਓ ਸੂਬੇ ਦੇ ਸਾਰਨੀਆ ਸ਼ਹਿਰ ‘ਚ ਪੰਜਾਬੀ ਨੌਜਵਾਨ ਦਾ ਕਤਲ

 

ਸਰੀ : ਓਂਟਾਰੀਓ ਸੂਬੇ ਦੇ ਸਾਰਨੀਆ ਸ਼ਹਿਰ ਵਿੱਚ ਇੱਕ 22 ਸਾਲਾ ਪੰਜਾਬੀ ਨੌਜਵਾਨ, ਗੁਰਅਸੀਸ ਸਿੰਘ ਦੀ ਉਸਦੇ ਰੂਮਮੇਟ ਦੁਆਰਾ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਅਸੀਸ ਸਿੰਘ, ਜੋ ਲੁਧਿਆਣਾ ਜਿਲੇ ਨਾਲ ਸਬੰਧਤ ਸੀ, ਕੁਝ ਮਹੀਨੇ ਪਹਿਲਾਂ ਪੜ੍ਹਾਈ ਲਈ ਕੈਨੇਡਾ ਪਹੁੰਚਿਆ ਸੀ। ਗੁਰਅਸੀਸ ਸਾਰਨੀਆ ਵਿੱਚ ਕੁਈਨਜ਼ ਰੋਡ ਸਥਿਤ ਇੱਕ ਘਰ ਵਿੱਚ ਆਪਣੇ 35 ਸਾਲਾ ਰੂਮਮੇਟ ਕਰੌਸਲੀ ਹੰਟਰ ਦੇ ਨਾਲ ਕਿਰਾਏ ‘ਤੇ ਰਹਿੰਦਾ ਸੀ।
ਸਾਰਨੀਆ ਪੁਲੀਸ ਅਨੁਸਾਰ, ਹੱਤਿਆ ਬੀਤੇ ਦਿਨ ਹੋਈ। ਦੋਹਾਂ ਵਿਚਕਾਰ ਹੋਈ ਤਕਰਾਰ ਨੇ ਹਿੰਸਕ ਰੂਪ ਧਾਰ ਲਿਆ, ਜਿਸ ਦੌਰਾਨ ਹੰਟਰ ਨੇ ਗੁਰਅਸੀਸ ਉੱਤੇ ਹਮਲਾ ਕਰਕੇ ਉਸਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਘਟਨਾ ਤੋਂ ਤੁਰੰਤ ਬਾਅਦ ਹੰਟਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਹਨ। ਹੰਟਰ ਹਾਲੇ ਪੁਲੀਸ ਦੀ ਹਿਰਾਸਤ ਵਿੱਚ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਗਵਾਂਢੀਆਂ ਨੇ ਦੱਸਿਆ ਕਿ ਦੋਹਾਂ ਨੂੰ ਅਕਸਰ ਇਕੱਠੇ ਵੇਖਿਆ ਜਾਂਦਾ ਸੀ ਅਤੇ ਉਹ ਦੋਸਤਾਂ ਵਾਂਗ ਦੇਖੇ ਜਾਂਦੇ ਸਨ। ਹੰਟਰ ਵੱਲੋਂ ਕੀਤੇ ਇਸ ਹਮਲੇ ਨੇ ਗਵਾਂਢੀਆਂ ਨੂੰ ਹੈਰਾਨ ਕਰ ਦਿੱਤਾ ਹੈ। ਘਟਨਾ ਦੇ ਪਿੱਛੇ ਦਾ ਸਪਸ਼ਟ ਕਾਰਨ ਹਜੇ ਸਾਹਮਣੇ ਨਹੀਂ ਆਇਆ । ਗੁਰਅਸੀਸ ਸਿੰਘ ਲੈਂਬਟਨ ਕਾਲਜ ਵਿੱਚ ਇੰਜਨੀਰਿੰਗ ਦੀ ਉਚੇਰੀ ਪੜ੍ਹਾਈ ਕਰ ਰਿਹਾ ਸੀ। ਉਸ ਦੇ ਪਰਿਵਾਰ ਨੂੰ ਪੁਲੀਸ ਵੱਲੋਂ ਕੀਤੇ ਗਏ ਫੋਨ ਰਾਹੀਂ ਉਸ ਦੀ ਮੌਤ ਬਾਰੇ ਪਤਾ ਲਗਿਆ। ਗੁਰਅਸੀਸ ਦੇ ਸਰੀਰ ‘ਤੇ ਕਈ ਡੂੰਘੇ ਜ਼ਖ਼ਮ ਸਨ, ਜੋ ਕਿਸੇ ਤਿੱਖੇ ਹਥਿਆਰ ਦੇ ਲਗਦੇ ਹਨ। ਡਾਕਟਰੀ ਰਿਪੋਰਟ ਦੇ ਆਧਾਰ ‘ਤੇ ਪੁਲੀਸ ਹੋਰ ਦੋਸ਼ ਵੀ ਜੋੜ ਸਕਦੀ ਹੈ।