ਸਰੀ, (ਏਕਜੋਤ ਸਿੰਘ): ਬੜੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰਿਆ ਸਰੀ ਪੁਲਿਸ ਦਾ ਮਾਮਲਾ ਆਖਰ ਹੱਲ ਹੋ ਗਿਆ ਹੈ ਅਤੇ ਸਰੀ ਸ਼ਹਿਰ ਦੀ ਆਪਣੀ ਪੁਲਿਸ ਆਪਣੇ ਸ਼ਹਿਰ ਵਿੱਚ ਕੰਮ ਕਰੇਗੀ। ਹੁਣ ਆਰ.ਸੀ.ਐਮ.ਪੀ. ਦੀ ਥਾਂ ਸਰੀ ਪੁਲਿਸ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 2018 ਵਿੱਚ ਸਾਬਕਾ ਮੇਅਰ ਡਗ ਮਕੈਲਮ ਨੇ ਲੋਕਲ ਪੁਲਿਸ ਫੋਰਸ ਲਿਆਉਣ ਦਾ ਵਾਅਦਾ ਕੀਤਾ ਸੀ, ਪਰ ਉਹ ਪਿਛਲੀ ਚੋਣ ਹਾਰ ਗਏ ਅਤੇ ਨਵੀਂ ਮੇਅਰ ਬ੍ਰੈਂਡਾ ਲੌਕ ਨੇ ਇਸ ਫੈਸਲੇ ਨੂੰ ਉਲਟਾ ਕੇ ਆਰ.ਸੀ.ਐਮ.ਪੀ. ਨੂੰ ਹੀ ਸਰੀ ਵਿੱਚ ਰੱਖਣ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ। ਜੁਲਾਈ 2023 ਵਿੱਚ, ਬੀਸੀ ਦੇ ਸੌਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਪੁਲਿਸ ਐਕਟ ਲਾਗੂ ਕਰਦਿਆਂ ਸਰੀ ਪੁਲਿਸ ਨੂੰ ਕਾਇਮ ਕਰਨ ਦਾ ਆਦੇਸ਼ ਦਿੱਤਾ।
ਜ਼ਿਕਰਯੋਗ ਹੈ ਕਿ 2020 ਵਿੱਚ ਬੋਰਡ ਦੀ ਸਥਾਪਨਾ ਤੋਂ ਬਾਅਦ, 2021 ਵਿੱਚ ਸਰੀ ਪੁਲਿਸ ਨੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਹੁਣ ਤੱਕ, 785 ਅਫ਼ਸਰਾਂ ਵਿੱਚੋਂ 446 ਅਫ਼ਸਰ ਭਰਤੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰੀ ਪੁਲਿਸ ਵਿੱਚ 30 ਤੋਂ ਵਧੇਰੇ ਭਾਸ਼ਾਵਾਂ ਬੋਲਣ ਵਾਲੇ ਅਫ਼ਸਰ ਹਨ ਅਤੇ 40 ਫੀਸਦੀ ਅਫ਼ਸਰ ਸਾਊਥ ਏਸ਼ੀਅਨ ਭਾਈਚਾਰੇ ਦੇ ਵੀ ਹਨ।
ਸਰੀ ਪੁਲਿਸ ਦੇ ਬੁਲਾਰੇ ਅਨੁਸਾਰ ਹੁਣ ਤੱਕ ਸਰੀ ਪੁਲਿਸ ਦੇ ਅਧਿਕਾਰੀ ਆਰਸੀਐਮਪੀ ਦੀ ਕਮਾਂਡ ਹੇਠ ਕੰਮ ਕਰ ਰਹੇ ਸਨ, ਪਰ 29 ਨਵੰਬਰ ਤੋਂ ਉਹ ਸਰੀ ਪੁਲਿਸ ਦੀ ਕਮਾਂਡ ਹੇਠ ਕੰਮ ਕਰਨਗੇ।
ਸਰੀ ਪੁਲਿਸ ਦੇ ਅਧਿਕਾਰੀਆਂ ਨੂੰ 6 ਹਫ਼ਤਿਆਂ ਦੀ ਸੱਭਿਆਚਾਰਕ ਸੰਵੇਦਨਸ਼ੀਲਤਾ ਬਾਰੇ ਸਿੱਖਲਾਈ ਦਿੱਤੀ ਗਈ ਹੈ, ਜਿਸ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਸਮੇਤ ਹੋਰਨਾਂ ਭਾਈਚਾਰਿਆਂ ਬਾਰੇ ਜਾਗਰੂਕਤਾ ਸਿਖਾਈ ਗਈ ਹੈ। ਇਸ ਨਾਲ ਪੁਲਿਸ ਅਫ਼ਸਰਾਂ ਨੂੰ ਜਨਤਾ ਦੀਆਂ ਸੱਭਿਆਚਾਰਿਕ ਅਤੇ ਕਦਰਾਂ ਦੀ ਪਹਿਚਾਨ ਹੋਵੇਗੀ।
ਸਰੀ ਪੁਲਿਸ ਬੋਰਡ ਨੇ ਗੈਂਗਵਾਰ ਅਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਲਈ ਪ੍ਰੋਗਰਾਮ ਤਿਆਰ ਕਰਨ ਦਾ ਵੀ ਮਨ ਬਣਾਇਆ ਹੈ। ਸਰੀ ਪੁਲਿਸ ਵੱਖ-ਵੱਖ ਸੰਸਥਾਵਾਂ ਨਾਲ ਮਿਲ ਕੇ ਨੌਜਵਾਨਾਂ ਲਈ ਕਈ ਪ੍ਰੋਗਰਾਮ ਚਲਾਵੇਗੀ।
ਸਰੀ ਪੁਲਿਸ ਆਪਣਾ ਕੰਮ ਕਿਵੇਂ ਕਰੇਗੀ
ਸਰੀ ਪੁਲਿਸ ਦੇ ਬੁਲਾਰੇ ਅਨੁਸਾਰ ਸਰੀ ਪੁਲਿਸ ਇੱਕ ਕਮਿਊਨਿਟੀ ਅਧਾਰਿਤ ਮਾਡਲ ‘ਤੇ ਕੰਮ ਕਰੇਗੀ, ਜਿਸ ਵਿੱਚ ਸ਼ਹਿਰ ਦੇ ਹਰ ਇਲਾਕੇ ਲਈ ਇੱਕ ਕਮਾਂਡਰ ਨਿਯੁਕਤ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਹਰ ਇਲਾਕੇ ਦੀਆਂ ਆਪਣੇ ਕੁਝ ਖਾਸ ਸਮੱਸਿਆਵਾਂ ਹਨ, ਅਤੇ ਉਹਨਾਂ ਦੇ ਅਨੁਸਾਰ ਇਹ ਢੰਗ ਨਾਲ ਸੇਵਾਵਾਂ ਦੀ ਪ੍ਰਦਾਨਗੀ ਵਿੱਚ ਮਦਦ ਕਰੇਗਾ।
ਇਸ ਦੇ ਨਾਲ ਹੀ ਸਰੀ ਪੁਲਿਸ ਦਾ ਮਕਸਦ ਨੌਜਵਾਨਾਂ ਨੂੰ ਗੈਂਗਵਾਰ ਵਿੱਚ ਸ਼ਾਮਿਲ ਹੋਣ ਤੋਂ ਰੋਕਣਾ ਵੀ ਹੈ। ਇਸ ਲਈ ਵਿਸ਼ੇਸ਼ ਪ੍ਰੋਗਰਾਮ ਚਲਾਏ ਜਾਣਗੇ ਅਤੇ ਵੱਖ-ਵੱਖ ਸੰਸਥਾਵਾਂ ਨਾਲ ਸਹਿਯੋਗ ਕਰਕੇ ਨੌਜਵਾਨਾਂ ਦੀ ਦਿਸ਼ਾ ਨੂੰ ਠੀਕ ਕੀਤਾ ਜਾਵੇਗਾ।
ਸਰੀ ਪੁਲਿਸ ਕੋਲ ਆਰਸੀਐਮਪੀ ਦੇ ਪੁਰਾਣੇ ਦਫ਼ਤਰ ਅਤੇ ਨੰਬਰ ਰਹਿਣਗੇ ਤਾਂ ਜੋ ਜਨਤਾ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਹੋਵੇ। ਇਸ ਸਮੇਂ ਸਰੀ ਪੁਲਿਸ ਵੱਲੋਂ 30 ਗੱਡੀਆਂ ਸੜਕਾਂ ‘ਤੇ ਹਨ ਅਤੇ ਇਸ ਨਾਲ ਅਧਿਕਾਰੀਆਂ ਦੀ ਮੋਬੀਲਾਈਟੀ ਵੀ ਕਾਫੀ ਬਿਹਤਰ ਹੋਵੇਗੀ।