Friday, January 24, 2025
2.8 C
Vancouver

ਤਰਕਸ਼ੀਲ ਸੁਸਾਇਟੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ

ਸਰੀ, (ਹਰਦਮ ਮਾਨ): ਬੀਤੇ ਦਿਨੀਂ ਤਰਕਸ਼ੀਲ ਸੁਸਾਇਟੀ (ਰੈਸ਼ਨੇਲਿਸਟ) ਐਬਸਫੋਰਡ ਵੱਲੋਂ ਭਾਰਤ ਦੀ ਜੰਗ-ਏ-ਆਜ਼ਾਦੀ ਦੇ ਲਾਸਾਨੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰਸਿੱਧ ਵਿਦਵਾਨ ਡਾ. ਸਾਧੂ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਇਨਕਲਾਬੀ ਜੀਵਨ ਦੀ ਬੀਰ-ਗਾਥਾ ਬਿਆਨ ਕਰਦਿਆਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਵੇਂ ਛੋਟੀ ਉਮਰੇ ਸ਼ਹਾਦਤ ਦਾ ਜਾਮ ਪੀ ਗਏ ਸਨ ਪਰ ਉਨ੍ਹਾਂ ਦਾ ਇਨਕਲਾਬੀ ਸਫ਼ਰ ਬਹੁਤ ਵਿਸ਼ਾਲ ਹੈ। ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਸਰਾਭਾ ਵੱਲੋਂ ਘਾਲੀ ਘਾਲਣਾ ਵੱਡਮੁੱਲੀ ਹੈ। ਉਨ੍ਹਾਂ ਕਿਹਾ ਕਿ ਲਾਲਾ ਹਰਦਿਆਲ, ਸੋਹਨ ਸਿੰਘ ਭਕਨਾਂ ਅਤੇ ਸਾਥੀਆਂ ਨਾਲ ਮਿਲ ਕੇ ਗ਼ਦਰ ਪਾਰਟੀ ਦੀ ਸਥਾਪਨਾ, ਗ਼ਦਰ ਅਖਬਾਰ ਦਾ ਪ੍ਰਕਾਸ਼ਨ, ਛਪਾਈ ਅਤੇ ਲੋਕਾਂ ਤੱਕ ਪਹੁੰਚਾਣ ਦਾ ਕੰਮ ਕਰਤਾਰ ਸਿੰਘ ਸਰਾਭਾ ਬਾਖੂਬੀ ਨਿਭਾਉਂਦੇ ਸਨ। ਡਾ. ਸਾਧੂ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਗ਼ਦਰ ਪਾਰਟੀ ਵਿਚ ਹਰ ਫਿਰਕੇ ਦੇ ਲੋਕ ਸ਼ਾਮਲ ਸਨ ਅਤੇ ਪਾਰਟੀ ਪੂਰੀ ਤਰਾਂ ਧਰਮ ਨਿਰਪੱਖ ਸੀ। ਉਨਾਂ ਸ਼ਹੀਦ ਸਰਾਭਾ ਵੱਲੋਂ ਗ਼ਦਰ ਲਈ ਭਾਰਤ ਵਿਚ ਜਾ ਕੇ ਕੀਤੇ ਇਨਕਲਾਬੀ ਕਾਰਜਾਂ ਅਤੇ ਨਿੱਡਰ ਹੋ ਕੇ ਫਾਂਸੀ ‘ਤੇ ਚੜ੍ਹਨ ਦਾ ਪੂਰਾ ਬਿਰਤਾਂਤ ਬਾਖੂਬੀ ਬਿਆਨ ਕੀਤਾ।
ਈਸਟ ਇੰਡੀਅਨ ਡੀਫੈਂਸ ਕਮੇਟੀ ਦੇ ਸੀਨੀਅਰ ਆਗੂ ਹਰਭਜਨ ਚੀਮਾ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਸਾਥੀਆਂ ਦਾ ਨਿਆਂ ਆਧਾਰਤ ਬਰਾਬਰੀ ਵਾਲੇ ਸਮਾਜ ਦਾ ਸੁਪਨਾ ਅਜੇ ਅਧੂਰਾ ਹੈ ਅਤੇ ਉਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਇਨਕਲਾਬੀ ਰਾਹ ‘ਤੇ ਚੱਲਣ ਦਾ ਹੋਕਾ ਦਿੱਤਾ। ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਮਾਨ ਨੇ ਭੂਤਾਂ, ਪ੍ਰੇਤਾਂ ਅਤੇ ਗੈਬੀ ਸ਼ਕਤੀਆਂ ਦਾ ਵਿਗਿਆਨਕ ਵਿਸ਼ਲੇਸ਼ਣ ਬਹੁਤ ਵਿਸਥਾਰ ਅਤੇ ਡੂੰਘਾਈ ਨਾਲ ਕੀਤਾ। ਯੂਨੀਵਰਸਿਟੀ ਆਫ ਨੌਰਦਨ ਬ੍ਰਿਟਿਸ਼ ਕੋਲੰਬੀਆ ਪ੍ਰਿੰਸ ਜੌਰਜ ਦੇ ਇਕਨੌਮਿਕਸ ਡਿਪਾਰਟਮੈਂਟ ਦੇ ਸੇਵਾ ਮੁਕਤ ਪ੍ਰੋਫੈਸਰ ਡਾ. ਅਮਰਜੀਤ ਭੁੱਲਰ ਨੇ ‘ਆਰਟੀਫੀਸ਼ਲ ਇੰਟੈਲੀਜੈਂਸ’ ਦੇ ਸਮਾਜ ਤੇ ਪੈ ਰਹੇ ਅਤੇ ਪੈਣ ਵਾਲੇ ਘਾਤਕ ਅਸਰਾਂ ਤੋਂ ਲੋਕਾਂ ਨੂੰ ਸੁਚੇਤ ਕੀਤਾ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਇਸ ਮਾਧਿਅਮ ਦੀ ਸਹਾਇਤਾ ਨਾਲ ਵਿਸ਼ਵ ਦੇ ਮੌਜੂਦਾ ਵਿਦਿਅਕ ਢਾਂਚੇ ਨੂੰ ਤਹਿਸ ਨਹਿਸ ਕਰਨ ਦੀਆਂ ਗੋਦਾਂ ਗੁੰਦੀਆਂ ਜਾ ਰਹੀਆਂ ਹਨ। ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਕੌਮੀ ਸਕੱਤਰ ਜਗਰੂਪ ਧਾਲੀਵਾਲ ਅਤੇ ਸੀਨੀਅਰ ਆਗੂ ਸਾਧੂ ਸਿੰਘ ਝੋਰੜਾਂ ਨੇ ਖਰਾਬ ਮੌਸਮ ਦੇ ਬਾਵਜੂਦ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ।