Thursday, January 23, 2025
2.9 C
Vancouver

ਪਾਣੀ ਪਾਣੀ

ਦੇਖ ਕੇ ਪਾਣੀ ਸਾਰੇ ਪਾਸੇ, ਅੱਖਾਂ ਵਿੱਚ ਆਇਆ ਪਾਣੀ,
ਦੱਸਣੀ ਕਦੀ ਨਾ ਸੌਖੀ ਹੋਣੀ, ਤਬਾਹੀ ਵਾਲੀ ਕਹਾਣੀ।
ਮਹਿਲ ਮੁਨਾਰੇ ਦੇਖੇ ਪਲਾਂ ਵਿੱਚ, ਹੁੰਦੇ ਅਸੀਂ ਅਲੋਪ,
ਕੁਦਰਤ ਦੇ ਐਸੇ ਕਹਿਰ ਨੂੰ, ਕੋਈ ਨਾ ਸਕਿਆ ਰੋਕ।

ਦਰਿਆਵਾਂ ਐਸੇ ਰੁਖ਼ ਬਦਲੇ, ਕਿਆਸ ਨਾ ਸਕਿਆ ਕੋਈ,
ਐਸੀ ਉਥਲ ਪੁਥਲ ਇਸ ਧਰਤ ‘ਤੇ, ਸਦੀਆਂ ਤੱਕ ਨਾ ਹੋਈ।
ਆਪੋ ਧਾਪੀ ਦੇ ਆਲਮ ਵਿੱਚ, ਰਿਸ਼ਤਿਆਂ ਦੀ ਟੁੱਟੀ ਤਾਣੀ,
ਦੇਖ, ਸੁਣ ਐਸੇ ਕਈ ਮੰਜ਼ਰ, ਫਿਰ ਅੱਖ ਆਇਆ ਪਾਣੀ।

ਮਾਨਵਤਾ ਦੇ ਦਰਦ ਨੇ ਟੁੰਬੀ, ਜ਼ਮੀਰ ਦਰਿਆ ਦਿਲਾਂ ਦੀ,
ਦਰਿਆਵਾਂ ਦਾ ਰੁਖ ਮੋੜ ਗਏ, ਲਾ ਬਾਜ਼ੀ ਫੁੱਲਾਂ ਤਿਲਾਂ ਦੀ।
ਜੋ ਸਰਿਆ ਸਭ ਪੇਸ਼ ਚਾ ਕੀਤਾ, ਦੁੱਖ ਵੰਡਾਇਆ ਸਭ ਦਾ,
ਐਸੀ ਕਰਨੀ ਵਾਲਾ ਮਨੁੱਖ ਵੀ, ਕਿਤੇ ਕਿਤੇ ਹੈ ਲੱਭਦਾ।

ਆਪ ਉੱਜੜ ਦੂਜੇ ਨੂੰ ਵਸਾਉਣਾ, ਕਈ ਐਸੇ ਵੀ ਨੇ ਪ੍ਰਾਣੀ,
ਤੱਕ ਕੁਰਬਾਨੀ ਐਸੀ ਅਨੋਖੀ, ਮੁੜ ਅੱਖ ਭਰਿਆ ਪਾਣੀ।
ਕੁਦਰਤ ਦਾ ਇਹ ਐਸਾ ਧੱਕਾ, ਸਹਿ ਕੇ ਫਿਰ ਉੱਠ ਤੁਰਨਾ,
ਨਹੀਂ ਹੈ ਸੌਖਾ ਕਿਸੇ ਲਈ ਵੀ, ਕਾਮਯਾਬੀ ਦਾ ਫੁਰਨਾ।

ਜੋ ਹਿੰਮਤ ਨਾ ਹਾਰਨ ਕਦੀ ਵੀ, ਉਹੀ ਮੰਜ਼ਿਲ ਪਾਉਂਦੇ,
ਸਫਲਤਾਵਾਂ ਦੇ ਇਤਿਹਾਸ ਕਈ ਉਹ, ਮੁੜ ਮੁੜ ਕੇ ਦੁਹਰਾਉਦੇ।
ਸੁਲਝ ਹੀ ਜਾਵੇਗੀ ਫੇਰ ਇੱਕ ਦਿਨ, ਉਲਝੀ ਹੋਈ ਇਹ ਤਾਣੀ,
ਤੰਦਾਂ ਪਾਉਣ ਵਾਲ਼ੇ ਵੱਲ ਤੱਕ ਕੇ, ਉਮਡਿਆ ਅੱਖ ਵਿੱਚ ਪਾਣੀ।

ਦੇਖ ਕੇ ਪਾਣੀ ਸਾਰੇ ਪਾਸੇ, ਅੱਖਾਂ ਵਿੱਚ ਆਇਆ ਪਾਣੀ,
ਦੱਸਣੀ ਕਦੀ ਨਾ ਸੌਖੀ ਹੋਣੀ, ਤਬਾਹੀ ਵਾਲੀ ਕਹਾਣੀ।
ਲਿਖਤ : ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ