Thursday, January 23, 2025
2.9 C
Vancouver

ਕਿਰਦਾਰ

 

ਸੱਚਾ-ਸੁੱਚਾ ਰੱਖੀਂ ਕਿਰਦਾਰ ਦੋਸਤਾ।
ਜ਼ਿੰਦਗੀ ‘ਚ ਮੰਨੀਂ ਨਾ ਤੂੰ ਹਾਰ ਦੋਸਤਾ।

ਖੁਸ਼ੀ ਨਾਲ ਚਾਹੁੰਨੈ ਜੇ ਬਿਤਾਣਾ ਜ਼ਿੰਦਗੀ,
ਰੱਖੀਂ ਨਾ ਤੂੰ ਕਿਸੇ ਨਾਲ ਖ਼ਾਰ ਦੋਸਤਾ।

ਰੁੜ੍ਹਦਾ ਤਾਂ ਭਾਵੇਂ ਘੜਾ ਰੁੜ੍ਹੇ ਘਿਓ ਦਾ,
ਕਰੀਂ ਨਾ ਤੂੰ ਕਦੇ ਯਾਰ ਮਾਰ ਦੋਸਤਾ।

ਖੁਸ਼ ਹੋਈਂ ਤਰੱਕੀ ਦੂਜਿਆਂ ਦੀ ਵੇਖਕੇ,
ਸਾਥ ਤੇਰਾ ਦਊ ਪਰਵਰਦਗਾਰ ਦੋਸਤਾ।

ਲੜ ਲੱਗਾ ਰਹੀਂ ਤੂੰ ਹਮੇਸ਼ਾ ਇੱਕ ਦੇ,
ਬਹੁਤਿਆਂ ਦਾ ਹੋਈਂ ਨਾ ਸਵਾਰ ਦੋਸਤਾ।
ਘਰੇ ਬੁੱਢੇ ਮਾਪਿਆਂ ‘ਚੋਂ ਰੱਬ ਵੇਖ ਲਈਂ,
ਲੱਭਦਾ ਨਾ ਫਿਰੀਂ ਜਾ ਕੇ ਬਾਹਰ ਦੋਸਤਾ।

ਧਨ ਕਦੇ ਖਾਧਾ ਜੇ ਲਿਆਕੇ ਪੂਜਾ ਦਾ,
ਹੋਵੇਗੀ ਤਬਾਹੀ ਮਾਰੋ-ਮਾਰ ਦੋਸਤਾ।

ਚੰਗਾ ਹੀ ਨਤੀਜਾ ਹੁੰਦਾ ਚੰਗੇ ਕੰਮ ਦਾ,
ਹਰ ਥਾਂ ਹੀ ਮਿਲੇ ਸਤਿਕਾਰ ਦੋਸਤਾ।

ਚੰਗੀਆਂ ਹੀ ਗੱਲਾਂ ਉਂਝ ਲਿਖੇ ‘ਨਾਗਰਾ’
ਯੱਭਲੀਆਂ ਜਾਂਦਾ ਕਦੇ ਮਾਰ ਦੋਸਤਾ।
ਜਸਪਾਲ ਸਿੰਘ ਨਾਗਰਾ ‘ਮਹਿੰਦਪੁਰੀ’,
ਫੋਨ: +1-360-448-1989