ਰੈਸਟੋਰੈਂਟ ਤੋਂ ਲੈ ਕੇ ਪੁਲਿਸ ਸਟੇਸ਼ਨ ਤੱਕ ਗੋਲੀਆਂ, ਲੋਕਾਂ ‘ਚ ਸਹਿਮ ਦਾ ਮਾਹੌਲ
ਸਰੀ, (ਏਕਜੋਤ ਸਿੰਘ): ਬੀਤੇ ਦਿਨੀਂ ਸਰੀ ਸ਼ਹਿਰ ਵਿੱਚ ਚਾਰ ਵੱਖ-ਵੱਖ ਗੋਲੀਬਾਰੀਆਂ ਵਾਲੇ ਹਮਲੇ ਹੋਏ। ਇਹਨਾਂ ਹਮਲਿਆਂ ਨੇ ਪੂਰੇ ਸ਼ਹਿਰ ਨੂੰ ਡਰਾਇਆ ਹੋਇਆ ਹੈ ਅਤੇ ਲੋਕਾਂ ‘ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹਮਲੇ ਸਵੇਰੇ ਦੇ ਸਮੇਂ ਇੱਕ ਰੈਸਟੋਰੈਂਟ ਅਤੇ ਕੁਝ ਘਰਾਂ ਨੂੰ ਨਿਸ਼ਾਨਾ ਬਣਾਏ ਗਏ। ਦੁਪਹਿਰ 3 ਵਜੇ ਤੋਂ ਬਾਅਦ ਕਿੰਗ ਜਾਰਜ ਬੁਲੇਵਾਰਡ ਉੱਤੇ ਗੇਟਵੇ ਸਕਾਈਟ੍ਰੇਨ ਸਟੇਸ਼ਨ ਨੇੜੇ ਕਈ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਦੀ ਤੇਜ਼ ਗੂੰਜ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਡਰਾ ਦਿੱਤਾ। ਸ਼ੱਕੀ ਵਿਅਕਤੀ ਨੇ ਫਿਰ ਵਹਾਲੀ ਕਮਿਊਨਿਟੀ ਪੁਲਿਸਿੰਗ ਸਟੇਸ਼ਨ ਵੱਲ ਭੱਜਣ ਦੀ ਕੋਸ਼ਿਸ਼ ਕੀਤੀ, ਜਿੱਥੇ ਉਸ ਨੇ ਹੋਰ ਗੋਲੀਆਂ ਚਲਾਈਆਂ। ਇਹ ਘਟਨਾ ਅਜਿਹੀ ਸੀ ਜਿਸ ਨੇ ਪੁਲਿਸ ਨੂੰ ਤੁਰੰਤ ਐਮਰਜੈਂਸੀ ਰਿਸਪਾਂਸ ਟੀਮ (ਈਆਰਟੀ) ਨੂੰ ਬੁਲਾਉਣ ਲਈ ਮਜਬੂਰ ਕਰ ਦਿੱਤਾ। ਟੀਮ ਨੇ ਸ਼ੱਕੀ ਨੂੰ ਸਟੇਸ਼ਨ ਦੇ ਦਰਵਾਜ਼ੇ ਨੇੜੇ ਇੱਕ ਪੁਲਿਸ ਸਰਵਿਸ ਕੁੱਤੇ ਦੀ ਮਦਦ ਨਾਲ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਪੁਸ਼ਟੀ ਕੀਤੀ ਕਿ ਗ੍ਰਿਫਤਾਰ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੈਡੀਕਲ ਜਾਂਚ ਕੀਤੀ ਗਈ।
ਮੰਗਲਵਾਰ ਦੁਪਹਿਰ ਨੂੰ, ਸਰੀ ਪੁਲਿਸ ਨੇ ਐਲਾਨ ਕੀਤਾ ਕਿ 34 ਸਾਲਾਂ ਦੇ ਜੋਸੇ ਡਿਗਨੋ ਰੌਡਰੀਗਜ਼ ਸੈਂਟੇਨੋ ਨੂੰ ਇੱਕ-ਇੱਕ ਗਿਣਤੀ ਵਿੱਚ ਚਾਰਜ ਕੀਤੇ ਗਏ ਹਨ: ਗਲਤ ਤਰੀਕੇ ਨਾਲ ਹਥਿਆਰ ਰੱਖਣਾ (ਕ੍ਰਿਮੀਨਲ ਕੋਡ ਦੀ ਧਾਰਾ 91(1) ਤਹਿਤ), ਹਥਿਆਰ ਨਾਲ ਇਸ਼ਾਰਾ ਕਰਨਾ (ਧਾਰਾ 87(1) ਤਹਿਤ), ਬੇਪਰਵਾਹੀ ਨਾਲ ਹਥਿਆਰ ਚਲਾਉਣਾ (ਧਾਰਾ 244.2(1)(ਬੀ) ਤਹਿਤ), ਪੁਲਿਸ ਅਧਿਕਾਰੀ ਉੱਤੇ ਹਮਲਾ (ਧਾਰਾ 270 ਤਹਿਤ) ਅਤੇ ਪੁਲਿਸ ਅਧਿਕਾਰੀ ਨੂੰ ਵਿਰੋਧ ਕਰਨਾ ਜਾਂ ਰੋਕਣਾ (ਧਾਰਾ 129(ਏ) ਤਹਿਤ)। ਸੈਂਟੇਨੋ ਨੂੰ ਕਸਟਡੀ ਵਿੱਚ ਰੱਖਿਆ ਗਿਆ ਹੈ ਅਤੇ ਉਸ ਦੀ ਅਗਲੀ ਕੋਰਟ ਤਾਰੀਖ 10 ਅਕਤੂਬਰ ਨੂੰ ਨਿਰਧਾਰਤ ਹੈ।
ਸਰੀ ਦੀ ਕੌਂਸਲਰ ਲਿੰਡਾ ਐਨਿਸ ਨੇ ਦੱਸਿਆ ਕਿ ”ਇਹ ਬਿਲਕੁਲ ਹੈਰਾਨੀ ਵਾਲੀ ਘਟਨਾ ਹੈ। ਮੇਰੇ ਲਈ ਇਹ ਦਰਸਾਉਂਦੀ ਹੈ ਕਿ ਕਾਨੂੰਨ ਸਖ਼ਤ ਨਹੀਂ ਹਨ। ਅਪਰਾਧੀਆਂ ਨੇ ਪੁਲਿਸ ਕਮਿਊਨਿਟੀ ਸੈਂਟਰਾਂ ਉੱਤੇ ਗੋਲੀਆਂ ਚਲਾਈਆਂ, ਮੈਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਅਜਿਹਾ ਹੋ ਸਕਦਾ ਹੈ ઠਅਤੇ ਇਹ ਬਹੁਤ ਜ਼ਿਆਦਾ ਹੈ।” ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਸਮਾਜ ਵਿੱਚ ਡਰ ਪੈਦਾ ਹੁੰਦਾ ਹੈ ਅਤੇ ਸਰਕਾਰ ਨੂੰ ਹਥਿਆਰਾਂ ਉੱਤੇ ਵਧੇਰੇ ਕੰਟਰੋਲ ਕਰਨੇ ਚਾਹੀਦੇ ਹਨ।
ਇਸ ਤੋਂ ਇਲਾਵਾ, ਪੁਲਿਸ ਨੇ ਪੁਸ਼ਟੀ ਕੀਤੀ ਕਿ ਬੰਬ ਸਕਵਾਡ ਨੂੰ ਵੀ ਬੁਲਾਇਆ ਗਿਆ ਕਿਉਂਕਿ ਸ਼ੱਕੀ ਨੇ ਪੁਲਿਸ ਸਟੇਸ਼ਨ ਅੰਦਰ ਇੱਕ ਪੈਕੇਜ ਛੱਡ ਦਿੱਤਾ ਸੀ, ਜਿਸ ਕਾਰਨ ਸਟੇਸ਼ਨ ਦੇ ਆਲੇ-ਦੁਆਲੇ ਦਾ ਖੇਤਰ ਕਈ ਘੰਟੇ ਬੰਦ ਰਿਹਾ। ਸਟਾਫ਼ ਸਰਜੈਂਟ ਲਿੰਡਸੇ ਹਾਊਟਨ ਨੇ ਕਿਹਾ, ”ਜੋ ਵੀ ਸੀਸੀਟੀਵੀ ਫੁਟੇਜ ਅਸੀਂ ਹਾਸਲ ਕਰ ਸਕੇਗੀ, ਉਹ ਅਫਸਰਾਂ ਲਈ ਬਹੁਤ ਮਦਦਗਾਰ ਹੋਵੇਗੀ। ਉਹ ਇਹ ਜਾਣਨਾ ਚਾਹੁੰਦੇ ਹਨ ਕਿ ਕੀ ਉਹ ਲੋਕਾਂ ਜਾਂ ਪੁਲਿਸ ਅਧਿਕਾਰੀਆਂ ਉੱਤੇ ਗੋਲੀਆਂ ਚਲਾ ਰਿਹਾ ਸੀ ਜਾਂ ਫਿਰ ਖਾਲੀ ਗੋਲੀਆਂ ਚਲਾ ਰਿਹਾ ਸੀ।” ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ੱਕੀ ਨੂੰ ਹਥਿਆਰਾਂ ਨਾਲ ਜੁੜੇ ਗੁਨਾਹਾਂ ਤੋਂ ਲੈ ਕੇ ਹਮਲੇ ਜਾਂ ਕਤਲ ਦੀ ਕੋਸਸ਼ਿ ਵਰਗੇ ਗੰਭੀਰ ਚਾਰਜਾਂ ਵਿੱਚ ਫਸਾਇਆ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਹਮਲੇ ਦਾ ਕਾਰਨ ਅਜੇ ਵੀ ਅਣਜਾਣ ਹੈ। ਪੁਲਿਸ ਜਾਂਚ ਜਾਰੀ ਹੈ ਅਤੇ ਉਹ ਹੋਰ ਸਬੂਤ ਇਕੱਠੇ ਕਰ ਰਹੀ ਹੈ। ਇਸ ਘਟਨਾ ਨੇ ਸਰੀ ਦੇ ਨਾਗਰਿਕਾਂ ਵਿੱਚ ਚਿੰਤਾ ਵਧਾ ਦਿੱਤੀ ਹੈ, ਜੋ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਵਧੇਰੇ ਸੁਰੱਖਿਆ ਉਪਾਵਾਂ ਦੀ ਮੰਗ ਕਰ ਰਹੇ ਹਨ। ਮੇਅਰ ਲੌਕ ਨੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਬਾਰੇ ਸਾਵਧਾਨ ਰਹਿਣ ਅਤੇ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਹ ਘਟਨਾ ਨਾ ਸਿਰਫ਼ ਸਰੀ ਬਲਕਿ ਪੂਰੇ ਕੈਨੇਡਾ ਵਿੱਚ ਹਥਿਆਰਾਂ ਦੇ ਵਧਦੇ ਉਪਯੋਗ ਬਾਰੇ ਚਰਚਾ ਨੂੰ ਹਵਾ ਦੇਵੇਗੀ।ઠThis report was written by Ekjot Singh as part of the Local Journalism Initiative.
ਸਰੀ ਦੇ ਚਾਰ ਵੱਖ-ਵੱਖ ਹਮਲਿਆਂ ਵਿੱਚ ਗੋਲੀਬਾਰੀ: ਸ਼ੱਕੀ ਗ੍ਰਿਫ਼ਤਾਰ

