ਜਹਾਜ਼ ਦੇ ਅਸਲੀ ਨਾਂ ‘ਗੁਰੂ ਨਾਨਕ ਜਹਾਜ਼’ ਦੀ ਬਹਾਲੀ ਦੇ ਹੱਕ ਵਿੱਚ ਮਤੇ ਸਰਬ-ਸੰਮਤੀ ਨਾਲ ਮਤੇ ਪਾਸ, ਗੁਰੂ ਨਾਨਕ ਜਹਾਜ਼ ਸਬੰਧੀ ਦੁਰਲਭ ਲਿਖਤਾਂ ਦੀਆਂ ਦੋ ਕਿਤਾਬਾਂ ਲੋਕ ਅਰਪਣ
ਵੈਨਕੂਵਰ : ਅੱਜ ਤੋਂ 11 ਦਹਾਕੇ ਪਹਿਲਾਂ ਕੈਨੇਡਾ ਦੇ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਨਿੱਡਰ ਅਤੇ ਸੁਤੰਤਰ ਹਸਤੀ ਬਾਰੇ ਸਮੁੰਦਰੀ ਤੱਟ ‘ਤੇ ਇੱਕ ਸ਼ਾਨਦਾਰ ਸਮਾਗਮ ਉਲੀਕਿਆ ਗਿਆ। ਇਸ ਵਿੱਚ ਕੈਨੇਡਾ ਵਸਦੇ ਪੰਜਾਬੀ ਭਾਈਚਾਰੇ ਨਾਲ ਕੇਂਦਰੀ ਸੂਬਾਈ ਅਤੇ ਸ਼ਹਿਰੀ ਪੱਧਰ ਤੇ ਚੁਣੇ ਹੋਏ ਐਮਪੀ, ਐਮਐਲਏ ਅਤੇ ਕੌਂਸਲਰ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਤੋਂ ਉਘੀਆਂ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ।
110ਸਾਲਾ ਸਮਾਗਮ ਦੇ ਮੁੱਖ ਮਨੋਰਥ ਵਜੋਂ ਗੁਰੂ ਨਾਨਕ ਜਹਾਜ਼ ਦੀ ਮੌਜੂਦਗੀ ਦੇ 110ਸਾਲਾ ਸਮਾਗਮ ਮੌਕੇ, ਤਿੰਨ ਅਹਿਮ ਮਤੇ ਪਾਸ ਕੀਤੇ, ਜੋ ਕਿ ਇਸ ਤਰ੍ਹਾਂ ਹਨ ;
1. ਅਸਲੀ ਨਾਂ ਦੀ ਬਹਾਲੀ ਦੀ ਮੰਗ : ਅਸੀਂ ਮੰਗ ਕਰਦੇ ਹਾਂ ਕਿ “ਕਾਮਾਗਾਟਾਮਾਰੂ” ਨਾਂ ਦੀ ਥਾਂ ਬਾਬਾ ਗੁਰਦਿੱਤ ਸਿੰਘ ਜੀ ਅਤੇ ਮੁਸਾਫਿਰਾਂ ਦੁਆਰਾ ਦਿੱਤੇ ਗਏ “ਗੁਰੂ ਨਾਨਕ ਜਹਾਜ਼” ਦੇ ਅਸਲੀ ਨਾਂ ਨੂੰ ਬਹਾਲ ਕੀਤਾ ਜਾਵੇ। ਮੌਜੂਦਾ ਨਾਂ ਇਸ ਇਤਿਹਾਸਕ ਯਾਤਰਾ ਦੇ ਅਸਲ ਸੰਘਰਸ਼ ਅਤੇ ਤੱਤ ਨੂੰ ਹਾਸਿਲ ਕਰਨ ਵਿੱਚ ਅਸਫਲ ਰਿਹਾ ਹੈ। ਇਸ ਮਹੱਤਵਪੂਰਨ ਘਟਨਾ ਦੀ ਵਿਰਾਸਤ ਦਾ ਸਹੀ ਸਨਮਾਨ ਕਰਨ ਲਈ ਅਸਲੀ ਨਾਂ ਨੂੰ ਬਹਾਲ ਕਰਨਾ ਜ਼ਰੂਰੀ ਹੈ।
2. ਸਤਹੀ ਪੱਧਰ ਦੀ ਸਨਮਾਨਾਂ ਦਾ ਸਿਲਸਿਲਾ ਬੰਦ ਕਰਨ ਦੀ ਮੰਗ : ‘ਗੁਰੂ ਨਾਨਕ ਜਹਾਜ਼’ ਹੋਰ ਮਹੱਤਵਪੂਰਨ ਅਤੇ ਸਾਰਥਕ ਯਾਦਗਾਰ ਦਾ ਹੱਕਦਾਰ ਹੈ, ਜੋ ਸੱਚਮੁੱਚ ਇਸ ਦੀ ਇਤਿਹਾਸਕ ਮਹੱਤਤਾ ਨੂੰ ਦਰਸਾਉਂਦੀ ਹੋਵੇ। ਇਸ ਵਿੱਚ ਵਿਿਦਅਕ ਪ੍ਰੋਗਰਾਮ, ਕਮਿਊਨਿਟੀ ਇਵੈਂਟਸ, ਅਤੇ ਸਥਾਈ ਪ੍ਰਦਰਸ਼ਨੀਆਂ ਸ਼ਾਮਲ ਹਨ, ਜੋ ਇਸ ਇਤਿਹਾਸਕ ਯਾਤਰਾ ਦੀ ਕਹਾਣੀ ਅਤੇ ਪ੍ਰਭਾਵ ਦੀ ਡੂੰਘਾਈ ਨਾਲ ਪੜਚੋਲ ਅਤੇ ਪੇਸ਼ਕਾਰੀ ਕਰਦੇ ਹਨ। ਅਸੀਂ ਸਤਹੀ ਸਨਮਾਨਾਂ ਲਈ ਟੈਕਸਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ‘ਤੇ ਰੋਕ ਦੀ ਮੰਗ ਕਰਦੇ ਹਾਂ, ਜਿਵੇਂ ਕਿ ਤਖ਼ਤੀ, ਕੰਧ-ਚਿੱਤਰ ਅਤੇ ਗਲੀ ਦੇ ਨਾਮਕਰਨ ਕਰਨੇ। ਵੇਖਣ ਨੂੰ ਚਾਹੇ ਇਹ ਸੰਕੇਤ ਚੰਗੇ ਲੱਗਦੇ ਹਨ, ਪਰ ਅਸਲ ਵਿੱਚ ਇਹ ਸਿਰਫ਼ ਨਾ ਮਾਤਰ ਹਨ।
3. ਇਤਿਹਾਸਕ ਰਿਕਾਰਡ ਨੂੰ ਸੁਧਾਰਨਾ : ਸਾਡੇ ਗਦਰੀ ਬਾਬਿਆ ਦੇ ਸੱਚੇ ਸਤਿਕਾਰ ਵਿੱਚ, ਅਸੀਂ ਬੇਨਤੀ ਕਰਦੇ ਹਾਂ ਕਿ ਅਕਾਦਮਿਕ ਸੰਸਥਾਵਾਂ, ਸੱਭਿਆਚਾਰਕ ਸੰਸਥਾਵਾਂ ਅਤੇ ਅਜਾਇਬ ਘਰ ‘ਗੁਰੂ ਨਾਨਕ ਜਹਾਜ਼’ ਸ਼ਬਦ ਨੂੰ ਸਹੀ ਰੂਪ ਵਿੱਚ ਦਰਸਾਉਣ ਲਈ, ਇਤਿਹਾਸਕ ਰਿਕਾਰਡ ਨੂੰ ਸੁਧਾਰਨ। ਸਾਡੇ ਪੰਜਾਬੀ ਕੈਨੇਡੀਅਨ ਵਿਰਸੇ ਨੂੰ ਸਮਝਣ ਅਤੇ ਇਸ ਇਤਿਹਾਸਕ ਸਫ਼ਰ ਦੀ ਵਿਰਾਸਤ ਨੂੰ ਸਹੀ ਢੰਗ ਨਾਲ ਸੁਰੱਖਿਅਤ ਅਤੇ ਸਨਮਾਨ ਦੇਣ ਲਈ, ਚਾਰਟਰਡ ਜਹਾਜ਼ ‘ਗੁਰੂ ਨਾਨਕ ਜਹਾਜ਼’ ਦੀ ਪਛਾਣ ਦੀ ਸਹੀ ਨੁਮਾਇੰਦਗੀ ਬਹੁਤ ਜ਼ਰੂਰੀ ਹੈ। ਇਹ ਮਤੇ ਅੰਗਰੇਜ਼ੀ ਵਿੱਚ ਗਿਆਨ ਸਿੰਘ ਸੰਧੂ, ਫਰੈਂਚ ਵਿੱਚ ਸਾਹਿਬ ਕੌਰ ਧਾਲੀਵਾਲ ਅਤੇ ਪੰਜਾਬੀ ਵਿੱਚ ਭੁਪਿੰਦਰ ਸਿੰਘ ਮੱਲੀ ਵੱਲੋਂ ਪੜੇ ਗਏ ਅਤੇ ਸਾਰਿਆਂ ਦੀ ਪ੍ਰਵਾਨਗੀ ਲਈ ਗਈ।
ਕਾਮਾਗਾਟਾਮਾਰੂ ਦੇ ਮਾਫੀਨਾਮਿਆਂ ਵਿੱਚ ਸੋਧ ਵਾਸਤੇ, ਇਹਨਾਂ ਮਤਿਆਂ ‘ਤੇ ਪਾਰਲੀਮੈਂਟ ਮੈਂਬਰ ਸੁਖ ਧਾਲੀਵਾਲ, ਬੀਸੀ ਤੇ ਸਿੱਖਿਆ ਮੰਤਰੀ ਰਚਨਾ ਸਿੰਘ ਅਤੇ ਵੈਨਕੂਵਰ ਦੇ ਕਮਿਸ਼ਨਰ ਜਸਪ੍ਰੀਤ ਸਿੰਘ ਵਿਰਦੀ ਨੇ ਬੋਲਦਿਆਂ ਗੁਰੂ ਨਾਨਕ ਜਹਾਜ਼ ਨਾਂ ਬਹਾਲ ਕਰਨ ‘ਤੇ ਸਹਿਮਤੀ ਪ੍ਰਗਟਾਈ। ਸਮਾਗਮ ਦੇ ਆਰੰਭ ਵਿੱਚ ਬੀਸੀ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਕੁਝ ਸਮੇਂ ਲਈ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। 110 ਸਾਲਾ ਸਮਾਗਮ ਵਿੱਚ ਬੀਸੀ ਖਾਲਸਾ ਦਰਬਾਰ ਵਲੋਂ ਹਰਿੰਦਰ ਸਿੰਘ ਸੋਹੀ ਵੱਲੋਂ ਸਭ ਦਾ ਸਵਾਗਤ ਕੀਤਾ ਗਿਆ, ਜਦ ਕਿ ਅਕਾਲੀ ਸਿੰਘ ਸਿੱਖ ਸੋਸਾਇਟੀ ਵੱਲੋਂ ਭਾਈ ਜਸਵੀਰ ਸਿੰਘ ਨੇ ਅਰਦਾਸ ਕੀਤੀ। ਨਿਵਾਸੀ ਭਾਈਚਾਰੇ ਦੀ ਸਿਸੀਲੀਆ ਪੁਆਇੰਟ ਵੱਲੋਂ ਸਭਨਾਂ ਦਾ ਸਵਾਗਤ ਕੀਤਾ ਗਿਆ, ਜਦਕਿ ਖਾਲਸਾ ਅਖਾੜੇ ਦੇ ਕੈਨੇਡੀਅਨ ਜੰਪਲ ਬੱਚਿਆਂ ਨੇ ‘ਓ ਕੈਨੇਡਾ’ ਗਾਇਨ ਕੀਤਾ ਤੇ ਅਖੀਰ ਵਿੱਚ ਗੱਤਕੇ ਤੇ ਜੌਹਰ ਦਿਖਾਏ। ਗੁਰੂ ਨਾਨਕ ਜਹਾਜ਼ ਹੈਰੀਟੇਜ਼ ਸੁਸਾਇਟੀ ਦੇ ਰਾਜ ਸਿੰਘ ਭੰਡਾਲ ਨੇ ਗੁਰੂ ਨਾਨਕ ਜਹਾਜ਼ ਨਾਂ ਦੀ ਵਰਤੋਂ ਬਾਰੇ ਇਤਿਹਾਸਿਕ ਵਿਚਾਰ ਸਾਂਝੇ ਕੀਤੇ।
ਇਸ ਮੌਕੇ ‘ਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਪ੍ਰਕਾਸ਼ਿਤ ‘ਸ੍ਰੀ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ ਜਹਾਜ਼) : ਸਮਕਾਲੀ ਬਿਰਤਾਂਤ’ (ਡਾ. ਗੁਰਦੇਵ ਸਿੰਘ ਸਿੱਧੂ ਦੁਆਰਾ ਸੰਪਾਦਿਤ) ਤੇ ਬਾਬਾ ਗੁਰਦਿੱਤ ਸਿੰਘ ਦੀ ਆਪਣੀ ਕਲਮ ਤੋਂ ਲਿਖੀ ਤੇ ਅੰਗਰੇਜ਼ ਸਰਕਾਰ ਦੁਆਰਾ 1922 ਵਿਚ ਜ਼ਬਤ ਪੁਸਤਕ “ਗੁਰੂ ਨਾਨਕ ਜਹਾਜ਼” (ਡਾ. ਗੁਰਵਿੰਦਰ ਸਿੰਘ ਅਤੇ ਡਾ. ਗੁਰਦੇਵ ਸਿੰਘ ਸਿੱਧੂ ਦੁਆਰਾ ਸੰਪਾਦਿਤ) ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ ਅਤੇ ਗੁਰੂ ਨਾਨਕ ਜਹਾਜ਼ ਬਾਰੇ ਵਿਚਾਰਾਂ ਹੋਣਗੀਆਂ। ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਬਹੁਤੀਆਂ ਪੁਸਤਕਾਂ ਦੇ ਲਿਖਾਰੀਆਂ ਨੇ ਜਪਾਨੀ ਕੰਪਨੀ ਦੇ ਮਾਲਕੀ ਹੇਠਲੇ ਜਹਾਜ਼ ਦੇ ਇਕਰਾਰਨਾਮੇ ਅਨੁਸਾਰ, ਮੀਡੀਆ ਰਿਪੋਰਟਾਂ ਅਤੇ ਬ੍ਰਿਿਟਸ਼ ਸਰਕਾਰ ਦੇ ਦਸਤਾਵੇਜ਼ਾਂ ਨੂੰ ਆਧਾਰ ਬਣਾ ਕੇ ਕਾਮਾਗਾਟਾਮਾਰੂ ਨਾ ਤਾਂ ਪ੍ਰਚਲਤ ਕਰ ਦਿੱਤਾ, ਪਰ ਬਾਬਾ ਗੁਰਦਿੱਤ ਸਿੰਘ ਦੀ ਸਵੈ-ਜੀਵਨੀ ਵਿੱਚ ਦਰਜ ਕੀਤੇ ਗਏ ਮੂਲ ਤੱਥਾਂ ਦਾ ਕਿਧਰੇ ਵੀ ਵੇਰਵਾ ਨਹੀਂ ਦਿੱਤਾ, ਜਿਸ ਵਿੱਚ ਉਹਨਾਂ ਸਪੱਸ਼ਟ ਕੀਤਾ ਸੀ ਕਿ ਕਾਮਾਗਾਟਾ ਮਾਰੂ ਜਹਾਜ਼ ਕਰਾਏ ਤੇ ਲੈਣ ਮਗਰੋਂ, ਇਸ ਦਾ ਨਾਂ ਬਦਲ ਕੇ ‘ਗੁਰੂ ਨਾਨਕ ਜਹਾਜ਼’ ਰੱਖ ਦਿੱਤਾ ਗਿਆ ਸੀ।
ਉਹਨਾਂ ਕਿਹਾ ਕਿ ਮੂਲ ਇਤਿਹਾਸਿਕ ਸਰੋਤ ‘ਗੁਰੂ ਨਾਨਕ ਜਹਾਜ਼’ ਕਿਤਾਬ ਦੇ ਹਵਾਲਿਆ ਨੂੰ ਵਿਚਾਰਨ ਮਗਰੋਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਤੋਂ ਬਗੈਰ ਲਿਖੀਆਂ ਪੁਸਤਕਾਂ ਅਤੇ ਖੋਜ ਨਿਬੰਧ ਇਤਿਹਾਸਿਕ ਸੋਧਾਂ ਦੇ ਮੁਥਾਜ ਹਨ।
ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਸਮਾਗਮ ਦਾ ਸੰਚਾਲਨ ਕਰਦਿਆਂ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਬਾਬਾ ਗੁਰਦਿੱਤ ਸਿੰਘ ਵੱਲੋਂ ਲਿਖੀ ਕਿਤਾਬ ‘ਗੁਰੂ ਨਾਨਕ ਜਹਾਜ਼’ ਦੇ ਮੂਲ ਇਤਿਹਾਸਿਕ ਤੱਥਾਂ ‘ਤੇ ਅਧਾਰਤ ਜਾਣਕਾਰੀ ਤੋਂ ਬਾਅਦ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਉਹਨਾਂ ਵੱਲੋਂ ਕਿਰਾਏ ਤੇ ਲਏ ਗਏ ਸਮੁੰਦਰੀ ਬੇੜੇ ਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਸੀ ਅਤੇ ਅੱਗੇ ਤੋਂ ਇਤਿਹਾਸਕਾਰਾਂ, ਮੀਡੀਆਕਾਰਾਂ ਅਤੇ ਸਿਆਸਤਦਾਨਾਂ ਨੂੰ ‘ਗੁਰੂ ਨਾਨਕ ਜਹਾਜ਼’ ਸ਼ਬਦ ਹੀ ਵਰਤਣਾ ਚਾਹੀਦਾ ਹੈ।
ਸਮਾਗਮ ਵਿੱਚ ਗੁਰਦੁਆਰਾ ਬੀਸੀ ਖਾਲਸਾ ਦਰਬਾਰ ਵੈਨਕੂਵਰ ਅਤੇ ਅਕਾਲੀ ਸਿੰਘ ਸਿੱਖ ਸੋਸਾਇਟੀ ਤੋਂ ਇਲਾਵਾ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਤੋਂ ਗੁਰਮੀਤ ਸਿੰਘ ਤੂਰ, ਖਾਲਸਾ ਦੀਵਾਨ ਸੁਸਾਇਟੀ ਸੁਖ ਸਾਗਰ ਨਿਊ ਵੈਸਟਮਿਿਨਸਟਰ ਤੋਂ ਹਰਦੀਪ ਸਿੰਘ ਨਾਗਰਾ, ਗੁਰ ਨਾਨਕ ਨਿਵਾਸ ਗੁਰਦੁਆਰਾ ਰਿਚਮੰਡ ਤੋ ਬਲਵੰਤ ਸਿੰਘ ਸੰਘੇੜਾ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਰੀ ਅਤੇ ਬੀਸੀ ਗੁਰਦੁਆਰਾ ਕੌਂਸਲ ਤੋਂ ਬੁਲਾਰੇ ਮਨਿੰਦਰ ਸਿੰਘ ਬੋਇਲ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਰਣਜੀਤ ਸਿੰਘ ਖਾਲਸਾ ਅਤੇ ਗੁਰਦੁਆਰਾ ਕਲਗੀਧਰ ਦਰਬਾਰ ਐਬਟਸਫੋਰਡ ਤੋਂ ਗਿਆਨੀ ਬਲਵਿੰਦਰ ਸਿੰਘ, ਗੁਰਦੁਆਰਾ ਸਾਹਿਬ ਬੁਕਸਾਈਡ ਸਰੀ ਤੋਂ ਸੁਰਿੰਦਰ ਸਿੰਘ ਜੱਬਲ, ਗੁਰਦੁਆਰਾ ਨਾਨਕਸਰ ਵਿੱਚ ਰਿਚਮੰਡ ਤੋਂ ਅਮਰੀਕ ਸਿੰਘ ਨਿੱਝਰ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਤੋਂ ਕੁੰਦਨ ਸਿੰਘ ਸੱਜਣ ਨੇ ਭਵਿੱਖ ਵਿੱਚ ਗੁਰੂ ਨਾਨਕ ਜਹਾਜ਼ ਸ਼ਬਦ ਵਰਤਣ ਦਾ ਪ੍ਰਣ ਲਿਆ।
ਗੁਰਦੁਆਰਾ ਸੰਸਥਾਵਾਂ ਤੋਂ ਇਲਾਵਾ ਪਾਕਿਸਤਾਨ ਦੀ ਰਾਜਸੀ ਸ਼ਖਸ਼ੀਅਤ ਅਤੇ ਸਾਬਕਾ ਪਾਰਲੀਮੈਂਟ ਸਕੱਤਰ ਰਾਏ ਅਜ਼ੀਜ਼ ੳੱਲਾ ਖਾਨ, ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਸੁਨੀਲ ਕੁਮਾਰ ਸ਼ਰਮਾ, ਇਮਤਿਆਜ਼ ਪੋਪਟ, ਨੌਜਵਾਨ ਵਕੀਲ ਬਲਪ੍ਰੀਤ ਸਿੰਘ ਖਟੜਾ ਅਤੇ ਗਗਨ ਸਿੰਘ ਸਮੇਤ ਕਈ ਬੁਲਾਰਿਆਂ ਨੇ ਗੁਰੂ ਨਾਨਕ ਜਹਾਜ਼ ਦੀ ਮਹੱਤਤਾ ਬਾਰੇ ਵਿਚਾਰ ਦਿੱਤੇ। ਇਸ ਮੌਕੇ ‘ਤੇ ਹਾਜ਼ਰ ਸ਼ਖਸੀਅਤਾਂ ਵਿੱਚ ਵਿਸ਼ਵ ਸਿੱਖ ਸੰਸਥਾ ਦੇ ਮੁੱਖ ਸੇਵਾਦਾਰ ਨੌਜਵਾਨ ਦਾਨਿਸ਼ ਸਿੰਘ, ਕਾਮਾਗਾਟਾ ਮਾਰੂ ਹੈਰੀਟੇਜ਼ ਫਾਊਂਡੇਸ਼ਨ ਦੇ ਹਰਭਜਨ ਸਿੰਘ ਗਿੱਲ, ਬਲਦੇਵ ਸਿੰਘ ਬਾਠ, ਡਾਕਟਰ ਪੂਰਨ ਸਿੰਘ ਗਿੱਲ, ਹਰਵਿੰਦਰ ਸਿੰਘ ਤੂਰ, ਅਮਰਜੀਤ ਸਿੰਘ ਧਾਲੀਵਾਲ, ਮਨਮੋਹਨ ਸਿੰਘ ਸਮਰਾ, ਅਵਤਾਰ ਸਿੰਘ ਗਿੱਲ, ਜਗਰੂਪ ਸਿੰਘ ਖੇੜਾ, ਜਤਿੰਦਰ ਪਾਲ ਸਿੰਘ ਗਿੱਲ, ਕੇਸਰ ਸਿੰਘ ਕੂਨਰ, ਕੁਲਵਿੰਦਰ ਸਿੰਘ ਬਾਠ, ਜਗਤਾਰ ਸਿੰਘ ਸੰਧੂ, ਅਰਸ਼ਬੀਰ ਸਿੰਘ ਮਾਨ, ਭਵਖੰਡਨ ਸਿੰਘ ਰੱਖੜਾ ਤੇ ਅਨੇਕਾਂ ਹੋਰ ਸ਼ਾਮਿਲ ਸਨ ਜਦ ਕਿ ਭਾਈ ਮੰਗਲ ਸਿੰਘ ਮਹਿਰਮ ਦੇ ਢਾਡੀ ਜੱਥੇ ਨੇ ਗੁਰੂ ਨਾਨਕ ਜਹਾਜ਼ ਸਬੰਧੀ ਵਾਰਾਂ ਸਰਵਣ ਕਰਾਈਆਂ।
ਸਿੱਖ ਰਾਇਡਰਜ਼ ਕੈਨੇਡਾ ਦੇ ਮੋਟਰ ਸਾਈਕਲ ਸਵਾਰਾਂ ਅਤੇ ਭਾਈ ਅਵਤਾਰ ਸਿੰਘ ਢਿੱਲੋ ਨੇ ਸਮਾਗਮ ਵਿੱਚ ਵਿਸ਼ੇਸ਼ ਹਾਜ਼ਰੀ ਲਵਾਈ। ਸਮਾਗਮ ਵਿੱਚ ਭਾਈ ਮੰਗਲ ਸਿੰਘ ਮਹਿਰਮ ਦੇ ਢਾਡੀ ਜੱਥੇ ਨੇ ਵਾਰਾਂ ਸਰਵਣ ਕਰਾਈਆਂ ਅਤੇ ਅਕਾਲ ਅਖਾੜਾ ਗਤਕਾ ਦੇ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਸਮਾਗਮ ਉਲੀਕੇ ਇਸ ਪ੍ਰੋਗਰਾਮ ਵਿਚ ਬੀਸੀ ਖਾਲਸਾ ਦਰਬਾਰ ਵੈਨਕੂਵਰ ਅਤੇ ਵਣਜਾਰਾ ਨੋਮੈਡ ਕਲੈਕਸ਼ਨਜ਼ ਦਾ ਭਰਪੂਰ ਸਹਿਯੋਗ ਲਈ ਸ਼ੁਕਰਾਨਾ ਕੀਤਾ ਗਿਆ। ਸਮੂਹ ਸੰਗਤਾਂ, ਸਹਿਯੋਗੀਆਂ ਅਤੇ ਵਿਸ਼ੇਸ਼ਕਰ ਮੀਡੀਏ ਦਾ ਧੰਨਵਾਦ ਡਾਕਟਰ ਮਾਨ ਅਤੇ ਤਜਿੰਦਰਪਾਲ ਸਿੰਘ ਵੱਲੋਂ ਕੀਤਾ ਗਿਆ। ਕਰੀਬ ਤਿੰਨ ਘੰਟੇ ਚੱਲਿਆ ਇਹ ਪ੍ਰੋਗਰਾਮ ਯਾਦਗਾਰੀ ਹੋਰ ਨਿਬੜਿਆ ਅਤੇ ਪੰਜਾਬੀਆਂ ਤੋਂ ਇਲਾਵਾ, ਵੱਖ-ਵੱਖ ਕੌਮਾਂ ਦੇ ਲੋਕਾਂ ਨੇ ਇਸ ਦਾ ਆਨੰਦ ਮਾਣਿਆ।