Wednesday, January 22, 2025
0.1 C
Vancouver

ਐਨ.ਡੀ.ਪੀ. ਦੀ ਮੰਗ ‘ਤੇ ਟਰੂਡੋ ਸਰਕਾਰ ਨੇ 2 ਮਹੀਨਿਆਂ ਲਈ ਕੁਝ ਚੀਜ਼ਾਂ ਤੋਂ ਜੀ.ਐਸ.ਟੀ. ਹਟਾਇਆ

 

ਸਰੀ, (ਏਕਜੋਤ ਸਿੰਘ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਮਹਿੰਗਾਈ ਦੇ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਲਿਬਰਲ ਸਰਕਾਰ ਨੇ ਕੁਝ ਚੁਣੀਆਂ ਗਈਆਂ ਵਸਤਾਂ ਅਤੇ ਸੇਵਾਵਾਂ ‘ਤੇ ਦੋ ਮਹੀਨਿਆਂ ਲਈ ਜੀਐਸਟੀ/ਐਚਐਸਟੀ ਹਟਾ ਦਿੱਤੀ ਹੈ। ਇਸ ਨਾਲ, ਕੈਨੇਡੀਅਨ ਪਰਿਵਾਰਾਂ ਨੂੰ ਮਹਿੰਗਾਈ ਦੇ ਦਬਾਅ ਨੂੰ ਘਟਾਉਣ ਵਿੱਚ ਰਾਹਤ ਮਿਲਣ ਦੀ ਉਮੀਦ ਹੈ।
ਜੀਐਸਟੀ/ਐਚਐਸਟੀ ਛੋਟ 14 ਦਸੰਬਰ 2024 ਤੋਂ 15 ਫ਼ਰਵਰੀ 2025 ਤੱਕ ਜਾਰੀ ਰਹੇਗੀ। ਇਸ ਦੌਰਾਨ ਤਿਆਰ ਖਾਣਾ: ਸਬਜ਼ੀਆਂ ਦੀਆਂ ਟਰੇਆਂ, ਪਹਿਲਾਂ ਤੋਂ ਤਿਆਰ ਸੈਂਡਵਿਚ ਅਤੇ ਭੋਜਨ। ਰੈਸਟੋਰੈਂਟ ਦਾ ਖਾਣਾ: ਬੈਠ ਕੇ ਖਾਣਾ, ਟੇਕਆਉਟ, ਜਾਂ ਡਿਲੀਵਰੀ। ਸਨੈਕਸ ਅਤੇ ਮਿਠਾਈ : ਚਿਪਸ, ਕੈਂਡੀ, ਅਤੇ ਗ੍ਰੈਨੋਲਾ ਬਾਰ। ਅਲਕੋਹਲ ਵਾਲੇ ਪਦਾਰਥ: ਬੀਅਰ, ਵਾਈਨ, ਸਾਈਡਰ ਅਤੇ 7% ਅਲਕੋਹਲ ਤੋਂ ਘੱਟ ਵਾਲੇ ਪ੍ਰੀ-ਮਿਕਸਡ ਪਦਾਰਥ। ਬੱਚਿਆਂ ਦੇ ਸਮਾਨ: ਕੱਪੜੇ, ਜੁੱਤੀਆਂ, ਕਾਰ ਦੀਆਂ ਸੀਟਾਂ, ਅਤੇ ਡਾਇਪਰ। ਖਿਡੌਣੇ ਅਤੇ ਕਿਤਾਬਾਂ: ਬੋਰਡ ਗੇਮਾਂ, ਗੁੱਡੀਆਂ, ਵੀਡੀਓ ਗੇਮ ਕੰਸੋਲ, ਕਿਤਾਬਾਂ, ਪ੍ਰਿੰਟ ਅਖਬਾਰ, ਅਤੇ ਪਜ਼ਲ। ਕ੍ਰਿਸਮਸ ਟ੍ਰੀ ਟੈਕਸ-ਮੁਕਤ ਰਹੇਗਾ।
ਸਰਕਾਰ ਨੇ “ਵਰਕਿੰਗ ਕੈਨੇਡੀਅਨਜ਼ ਰਿਬੇਟ” ਦੇ ਤਹਿਤ 18.7 ਮਿਲੀਅਨ ਲੋਕਾਂ ਨੂੰ $250 ਦੀ ਰਕਮ ਦੇਣ ਦਾ ਐਲਾਨ ਕੀਤਾ ਹੈ। ਇਸ ਲਈ ਯੋਗਤਾ ਸ਼ਰਤਾਂ ਹਨ, ਜਿਨ੍ਹਾਂ ਲੋਕਾਂ ਨੇ 2023 ਵਿੱਚ ਕੰਮ ਕੀਤਾ ਹੋਵੇ।ਜਿਨ੍ਹਾਂ ਦੀ ਸਲਾਨਾ ਆਮਦਨ $150,000 ਜਾਂ ਇਸ ਤੋਂ ਘੱਟ ਰਹੀ ਹੋਵੇ।
ਸਰਕਾਰੀ ਅੰਕੜਿਆਂ ਅਨੁਸਾਰ, ਜੇਕਰ ਇੱਕ ਪਰਿਵਾਰ ਦੋ ਮਹੀਨਿਆਂ ਵਿੱਚ ਚੁਣੀ ਗਈਆਂ ਵਸਤਾਂ ‘ਤੇ $2,000 ਖਰਚ ਕਰਦਾ ਹੈ, ਤਾਂ ਉਸਨੂੰ ਕਰੀਬ $100 ਦੀ ਬਚਤ ਹੋਵੇਗੀ। ਓਨਟੇਰਿਓ ਵਰਗੇ ਸੂਬਿਆਂ ਵਿੱਚ, ਜਿੱਥੇ ਐਚਐਸਟੀ ਲਾਗੂ ਹੈ, ਬਚਤ $260 ਤੱਕ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਹਾਊਸ ਆਫ ਕਾਮਨਜ਼ ਵਿਚ, ਐਨਡੀਪੀ ਨੇ ਇਸ ਬਿੱਲ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਇਹ ਕਦਮ ਮਹਿੰਗਾਈ ਨਾਲ ਸੰਘਰਸ਼ ਕਰ ਰਹੇ ਲੋਕਾਂ ਲਈ ਲਾਭਦਾਇਕ ਹੈ, ਪਰ ਉਨ੍ਹਾਂ ਨੇ ਸਾਰੇ ਜ਼ਰੂਰੀ ਸਮਾਨ ‘ਤੇ ਪੱਕੀ ਜੀਐਸਟੀ ਛੋਟ ਦੀ ਲੋੜ ਤੇ ਵੀ ਜ਼ੋਰ ਦਿੱਤਾ।
ਇਹ ਉਪਾਅ ਕੈਨੇਡੀਅਨ ਪਰਿਵਾਰਾਂ ਲਈ ਬਹੁਤ ਹੀ ਵੱਡੀ ਰਾਹਤ ਲਿਆਉਣਗੇ, ਖ਼ਾਸ ਕਰਕੇ ਉਹ ਲੋਕ ਜੋ ਮਹਿੰਗਾਈ ਦੇ ਬੋਝ ਹੇਠ ਦਬੇ ਹੋਏ ਹਨ।

ਇਸ ਤੋਂ ਪਹਿਲਾਂ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਲੋਕਾਂ ਨੂੰ ਮਹਿੰਗਾਈ ਦੇ ਬੋਝ ਤੋਂ ਰਾਹਤ ਦੇਣ ਲਈ ਜ਼ਰੂਰੀ ਸਮਾਨ ਉੱਤੇ ਜੀਐਸਟੀ ਹਟਾਉਣ ਦਾ ਅਹਿਦ ਕੀਤਾ ਸੀ।