ਸਰੀ (ਏਕਜੋਤ ਸਿੰਘ): ਸਰੀ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਈਆਂ ਨਾਲ ਸਬੰਧਤ 21 ਸਾਲਾ ਜਸਕਰਨ ਸਿੰਘ ਦੇ ਛੁਰਾ ਮਾਰ ਕੇ ਕਤਲ ਦੀ ਦੁਖਦ ਖਬਰ ਸਾਹਮਣੇ ਆਈ ਹੈ। ਇਹ ਵਾਰਦਾਤ 17 ਨਵੰਬਰ ਦੀ ਰਾਤ ਤਕਰੀਬਨ 10 ਵਜੇ ਦੀ ਹੈ। ਜਸਕਰਨ ਸਿੰਘ ਉੱਤੇ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਆਪਣੇ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ। ਦਸੰਬਰ 2022 ਵਿੱਚ ਸਟੱਡੀ ਵੀਜ਼ਾ ‘ਤੇ ਕੈਨੇਡਾ ਆਇਆ ਜਸਕਰਨ ਸਿੰਘ ਆਪਣੇ ਪਰਵਾਰ ਲਈ ਇੱਕ ਬਿਹਤਰ ਜੀਵਨ ਦੇ ਸਪਨੇ ਲੈ ਕੇ ਪਰਦੇਸ ਪਹੁੰਚਿਆ ਸੀ। ਪੜ੍ਹਾਈ ਦੇ ਨਾਲ ਹੀ ਉਹ ਆਪਣਾ ਖਰਚਾ ਪੂਰਾ ਕਰਨ ਲਈ ਅਣਥੱਕ ਮਿਹਨਤ ਕਰਦਾ ਸੀ। ਇਸ ਦੇ ਨਾਲ, ਉਹ ਆਪਣੇ ਮਾਪਿਆਂ ਅਤੇ ਪਰਵਾਰ ਦੀ ਆਰਥਿਕ ਮਦਦ ਵੀ ਕਰਦਾ ਸੀ, ਜਿਨ੍ਹਾਂ ਨੇ ਉਸਨੂੰ ਕੈਨੇਡਾ ਭੇਜਣ ਲਈ ਕਰਜ਼ਾ ਲੈ ਲਿਆ ਸੀ। ਜਦੋਂ ਜਸਕਰਨ ਸਿੰਘ ਦੇ ਕਤਲ ਦੀ ਖਬਰ ਪਿੰਡ ਜੋਈਆਂ ਪੁੱਜੀ, ਤਾਂ ਉਸ ਦੇ ਪਰਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰਵਾਰ ਦੇ ਮੈਂਬਰ ਆਪਣੇ ਪੁੱਤ ਦਾ ਆਖਰੀ ਵਾਰ ਚਿਹਰਾ ਦੇਖਣ ਲਈ ਲੋਕਾਂ ਤੋਂ ਆਰਥਿਕ ਮਦਦ ਮੰਗੀ ਹੈ। ਜਸਕਰਨ ਦੀ ਦੇਹ ਨੂੰ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਦੇ ਲਈ ਉਸ ਦੇ ਪਰਵਾਰ ਦੀ ਆਰਥਿਕ ਮਦਦ ਲਈ ਅਮਨਪ੍ਰੀਤ ਗਿੱਲ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਕੈਮਪੇਨ ਰਾਹੀਂ ਪਰਵਾਰ ਦੀ ਮਦਦ ਲਈ ਫੰਡ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰੀ ਪੁਲਿਸ ਵੱਲੋਂ ਇਸ ਵਾਰਦਾਤ ਦੀ ਜਾਂਚ ਜਾਰੀ ਹੈ। ਪੁਲਿਸ ਨੇ ਗਵਾਹਾਂ ਨੂੰ ਅੱਗੇ ਆਉਣ ਅਤੇ ਵਾਰਦਾਤ ਨਾਲ ਜੁੜੀ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ। This report was written by Ekjot Singh as part of the Local Journalism Initiative.