Friday, January 24, 2025
-0.3 C
Vancouver

ਰੱਬਾ ਰੱਬਾ

 

ਬਹੁਤ ਹੋ ਗਿਆ ਏ ਬੱਸ ਰਹਿਮ ਕਮਾਈਂ ਤੂੰ।
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।
ਚਾਰ ਚੁਫ਼ੇਰਿਉਂ ਪਾਣੀ ਦੇ ਵਿੱਚ ਘਿਰ ਗਈਆਂ,
ਖੇਤਾਂ ਦੇ ਵਿੱਚ ਖੜ੍ਹੀਆਂ ਫ਼ਸਲਾਂ ਗਿਰ ਗਈਆਂ,
ਕੀਤੀ ਮਿਹਨਤ ਜਾਣ ਨਾ ਦੇਵੀਂ ਅਜਾਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।
ਕੋਲ ਓਸ ਦੇ ਬਚਿਆ ਇੱਕ ਨਾ ਧੇਲਾ ਹੈ,
ਕਈਂ ਦਿਨਾਂ ਤੋਂ ਘਰ ਵਿੱਚ ਬੈਠਾ ਵਿਹਲਾ ਹੈ,
ਨਾ ਕਿਰਤੀ ਦਾ ਚੁੱਲ੍ਹਾ ਇੰਝ ਬੁਝਾਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।
ਡੈਮਾਂ ਤੋਂ ਡਰ ਲੱਗਣ ਲੱਗਿਆ ਜਾਨਾਂ ਨੂੰ,
ਛੂਹ ਰਿਹਾ ਪਾਣੀ ਖ਼ਤਰੇ ਦੇ ਨਿਸ਼ਾਨਾਂ ਨੂੰ,
ਦਰਿਆਵਾਂ ਨੂੰ ਸੰਜਮ ਵਿੱਚ ਵਹਾਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।
ਦੇਖਿਆ ਜਾਂਦਾ ਦਰਦ ਨਹੀਂ ਲਾਚਾਰਾਂ ਦਾ,
ਘਰ ਤੋਂ ਬੇ-ਘਰ ਹੋ ਬੈਠੇ ਪਰਿਵਾਰਾਂ ਦਾ,
ਮੁੜ ਛੇਤੀ ਜ਼ਿੰਦਗੀ ਲੀਹ ‘ਤੇ ਲਿਆਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।
ਰੁੁੱਖਾਂ ਦੇ ਵੀ ਦੇਖ ਹੌਂਸਲੇ ਢਹਿ ਗਏ ਨੇ,
ਕਈਂ ਤਾਂ ਹੜ੍ਹ ਦੇ ਪਾਣੀ ਦੇ ਵਿੱਚ ਵਹਿ ਗਏ ਨੇ,
ਨਾ ਜੀਵਨ ਦਾ ਚੱਕਾ ਜਾਮ ਕਰਾਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।
ਭੇਤੀ ਇਹ ਜੋ ਕੁਦਰਤ ਦੀ ਰਗ ਰਗ ਦੇ ਨੇ,
ਪਸ਼ੂ ਪਰਿੰਦੇ ਵੀ ਸਹਿਮੇ ਜਿਹੇ ਲੱਗਦੇ ਨੇ,
ਕਹੇ ਪੁਆਰ ਨਾ ਅਰਜ਼ ਮੇਰੀ ਠੁਕਰਾਈਂ ਤੂੰ,
ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ।
ਲਿਖਤ : ਅਵਤਾਰ ਸਿੰਘ ਪੁਆਰ
ਸੰਪਰਕ: 94173-72986