ਟੋਰਾਂਟੋ: ਓਨਟੇਰਿਓ ਦੇ ਪ੍ਰੀਮੀਅਰ ਡਗ ਫੋਰਡ ਨੇ ਉੱਤਰੀ ਅਮਰੀਕੀ ਵਪਾਰਕ ਸਮਝੌਤੇ (ਛੂਸ਼ੰਅ) ਨੂੰ ਲੈ ਕੇ ਇੱਕ ਨਵਾਂ ਅਤੇ ਚਰਚਿਤ ਨੁਕਤਾ ਸੁਝਾਇਆ ਹੈ। ਫੋਰਡ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਨੂੰ ਨਾਫਟਾ ਤੋਂ ਪਹਿਲਾਂ ਵਾਲੇ ਦੁਵੱਲੇ ਵਪਾਰਕ ਸਮਝੌਤੇ ਤੇ ਵਾਪਸ ਜਾਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਜਿਵੇਂ ਕਿ 1994 ਤੋਂ ਪਹਿਲਾਂ ਸੀ। ਉਨ੍ਹਾਂ ਦੀਆਂ ਇਹ ਟਿੱਪਣੀਆਂ ਡੌਨਲਡ ਟਰੰਪ ਦੇ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਆਈਆਂ ਹਨ। ਟਰੰਪ ਦੀ ਵਾਪਸੀ ਨਾਲ ਸੰਸਾਰ ਭਰ ਵਿੱਚ ਵਪਾਰ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਵੱਡੀ ਤਬਦੀਲੀ ਦੇ ਸੰਕੇਤ ਦਿੱਤੇ ਜਾ ਰਹੇ ਹਨ।
ਫੋਰਡ ਨੇ ਆਪਣੇ ਮੀਡੀਆ ਬਿਆਨ ਵਿੱਚ ਮੈਕਸੀਕੋ ਵਿੱਚ ਵਧ ਰਹੀਆਂ ਚੀਨੀ ਮਲਕੀਅਤ ਵਾਲੀਆਂ ਕਾਰ ਪਲਾਂਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੈਕਸੀਕੋ ਅਮਰੀਕਾ ਅਤੇ ਕੈਨੇਡਾ ਵਿੱਚ ਚੀਨੀ ਕਾਰਾਂ ਅਤੇ ਪੁਰਜ਼ਿਆਂ ਲਈ ਇੱਕ “ਚੋਰ ਦਰਵਾਜ਼ਾ” ਬਣ ਗਿਆ ਹੈ, ਜਿਸ ਕਾਰਨ ਉੱਤਰੀ ਅਮਰੀਕੀ ਵਰਕਰਾਂ ਦੀ ਉਪਜੀਵਿਕਾ ਖ਼ਤਰੇ ਵਿੱਚ ਪੈ ਸਕਦੀ ਹੈ। ਉਨ੍ਹਾਂ ਨੇ ਮੈਕਸੀਕੋ ਨੂੰ ਚੀਨੀ ਦਰਾਮਦਾਂ ‘ਤੇ ਟੈਰਿਫ ਲਗਾਉਣ ਲਈ ਕਿਹਾ, ਤਾਂ ਜੋ ਉੱਤਰੀ ਅਮਰੀਕੀ ਸਪਲਾਈ ਚੇਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਫੋਰਡ ਨੇ ਸਪੱਸ਼ਟ ਕੀਤਾ, “ਮੁਕਤ ਵਪਾਰ ਦਾ ਉਚਿਤ ਹੋਣਾ ਜ਼ਰੂਰੀ ਹੈ। ਜੇ ਮੈਕਸੀਕੋ ਚੀਨ ਤੋਂ ਆਉਣ ਵਾਲੀਆਂ ਆਯਾਤ ਖੇਪਾਂ ਨੂੰ ਨਹੀਂ ਨਿਯੰਤ੍ਰਿਤ ਕਰਦਾ, ਤਾਂ ਉਸਦੇ ਕੋਲ ਛੂਸ਼ੰਅ ਵਿਚ ਪੂਰਨ ਭਾਗੀਦਾਰੀ ਨਹੀਂ ਹੋਣੀ ਚਾਹੀਦੀ।”
ਫੋਰਡ ਨੇ ਹੋਰ ਵਿਸਥਾਰ ਵਿੱਚ ਜਾਣਦਿਆਂ ਕਿਹਾ ਕਿ ਉਹ ਇਹ ਗੱਲ ਨਹੀਂ ਕਰ ਰਹੇ ਕਿ ਮੈਕਸੀਕੋ ਨੂੰ ਪੂਰੀ ਤਰ੍ਹਾਂ ਅਲੱਗ ਕਰ ਦਿੱਤਾ ਜਾਵੇ, ਪਰ ਉਹ ਚਾਹੁੰਦੇ ਹਨ ਕਿ ਫੈਡਰਲ ਸਰਕਾਰ ਅਮਰੀਕਾ ਨਾਲ ਦੁਵੱਲੇ ਵਪਾਰਕ ਸਮਝੌਤੇ ਦੀ ਪੇਸ਼ਕਸ਼ ਬਾਰੇ ਸੋਚੇ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਨਾਲ ਵਿਸ਼ਵ ਦੇ ਸਭ ਤੋਂ ਨਜ਼ਦੀਕੀ ਆਰਥਿਕ ਭਾਈਵਾਲੀ ਨੂੰ ਤਰਜੀਹ ਦੇਣੀ ਚਾਹੀਦੀ ਹੈ, ਜੋ ਦੁਨੀਆਂ ਦੀ ਸਭ ਤੋਂ ਵੱਡੀ ਅਰਥਵਿਵਸਥਾ ਨੂੰ ਦਰਸਾਉਂਦਾ ਹੈ। ਮੈਕਸੀਕੋ ਦੀਆਂ ਚੀਨੀ ਮਲਕੀਅਤ ਵਾਲੀਆਂ ਆਟੋਮੋਬਾਈਲ ਫੈਕਟਰੀਆਂ ਅਤੇ ਉੱਥੋਂ ਦੀ ਸਰਕਾਰ ਦਾ ਵਧਦਾ ਪ੍ਰਭਾਵ ਅਮਰੀਕਾ ਦੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਫੋਰਡ ਨੇ ਇਸ ਗੱਲ ਦਾ ਹਵਾਲਾ ਦਿੱਤਾ ਕਿ ਮੈਕਸੀਕੋ ਚੀਨੀ ਕਾਰਾਂ ਨੂੰ ਬਿਨਾ ਰੋਕ-ਟੋਕ ਉੱਤਰੀ ਅਮਰੀਕਾ ਵਿੱਚ ਭੇਜਣ ਵਿੱਚ ਇੱਕ ਮੁੱਖ ਭੂਮਿਕਾ ਨਿਭਾ ਰਿਹਾ ਹੈ, ਜਿਸ ਨਾਲ ਕੈਨੇਡਾ ਅਤੇ ਅਮਰੀਕਾ ਦੇ ਵਰਕਰਾਂ ਲਈ ਮੁਕਾਬਲਾ ਕਰਨਾ ਔਖਾ ਹੋ ਜਾਂਦਾ ਹੈ।