ਲਿਖਤ : ਡਾ. ਦਰਸ਼ਨ ਸਿੰਘ ਹਰਵਿੰਦਰ
ਚਾਲੀ ਸਾਲ ਪਹਿਲਾਂ 31 ਅਕਤੂਬਰ 1984 ਨੂੰ ਆਜ਼ਾਦ ਭਾਰਤ ਦੀ ਤਤਕਾਲੀਨ ਹੁਕਮਰਾਨ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਿੱਖ ਅੰਗ- ਰੱਖਿਅਕਾਂ ਦੁਆਰਾ ਗੋਲੀਆਂ ਮਾਰ ਕੇ ਕੀਤੇ ਕਤਲ ਤੋਂ ਬਾਅਦ ਮੁਲਕ ਦੀ ਰਾਜਧਾਨੀ ਦਿੱਲੀ ਸਮੇਤ ਰਾਜਾਂ ਦੀਆਂ ਕਈ ਥਾਂਵਾਂ ‘ਤੇ ਹੋਏ ਦਰਦਨਾਕ ਸਿੱਖ ਕਤਲੇਆਮ ਦੇ ਪੀੜਤਾਂ ਨੂੰ 40 ਸਾਲਾਂ ਬਾਅਦ ਵੀ ਇਨਸਾਫ਼ ਦੀ ਉਡੀਕ ਹੈ।
ਇਸ ਕਤਲੇਆਮ ਜੋ ਉਦੋਂ ਕਾਂਗਰਸ ਹਕੂਮਤ ਦੀ ਸ਼ਹਿ ‘ਤੇ ਹੋਇਆ ਮਾਨਵਤਾ ਵਿਰੋਧੀ ਅਣ-ਮਨੁੱਖੀ ਕਾਰਾ ਸੀ , ਰਾਹੀਂ ਸਿੱਖਾਂ ਨੂੰ ‘ਸਿਖਾਏ ਸਬਕ’ ਦੇ ਜ਼ਖ਼ਮ 40 ਸਾਲ ਬੀਤ ਜਾਣ ‘ਤੇ ਵੀ ਨਾ ਕੇਵਲ ਅੱਲੇ ਹਨ ਸਗੋਂ ਨਿਆਂ ਮਿਲਣ ਦੀ ਆਸ ਤੋਂ ਵੀ ਸੱਖਣੇ।
ਬੇਸ਼ਕ ਇਨਸਾਫ਼ ਦੀ ਉਡੀਕ ‘ਚ ਅਦਾਲਤਾਂ ਅੰਦਰ ਚੱਲ ਰਹੇ ਕੁਝ ਕੇਸਾਂ ‘ਚ ਗੱਲ ਅੱਗੇ ਵਧੀ ਹੈ, ਫਿਰ ਵੀ ਇਸ ਦੇ ਬਾਵਜੂਦ ਇਨਸਾਫ਼ ਲਈ ਲੰਮੀ ਲੜਾਈ ਲੜਨੀ ਪੈ ਰਹੀ ਹੈ।
ਇਸ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰਦੇ ਆ ਰਹੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੂੰ ਤਾਂ ਐਤਕੀਂ ਇਸੇ ਲਈ ਇੱਥੋਂ ਤੱਕ ਕਹਿਣਾ ਪਿਆ ਕਿ ਕੌਮੀ ਰਾਜਧਾਨੀ ‘ਚ ਸਿੱਖ ਕਤਲੇਆਮ ਪ੍ਰਤੀ ਅੱਖਾਂ ਬੰਦ ਕਰਕੇ ਰੱਖਣ ਲਈ ਸੁਪਰੀਮ ਕੋਰਟ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਫੂਲਕਾ ਦਾ ਤਰਕ ਸੀ ਕਿ ਸੁਪਰੀਮ ਕੋਰਟ 33 ਸਾਲਾਂ ਮਗਰੋਂ ਹਰਕਤ ‘ਚ ਆਈ ਜਦੋਂ ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਹੇਠਲੇ ਬੈਂਚ ਨੇ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ।
ਉਫ਼ ! 31 ਅਕਤੂਬਰ 1984 ਨੂੰ ‘ਬੜਾ ਪੇੜ’ ਡਿੱਗਣ ‘ਤੇ ਝੰਜੋੜ ਕੇ ਰੱਖ ਗਈ ਤੇ ਉਸੇ ਦਿਨ ਤੋਂ ਤਿੰਨ ਦਿਨ ਤੱਕ ਦਹਿਲੀ ਦਿੱਲੀ ਦੀ ਇਸ ਵਾਰ 40ਵੀਂ ਬਰਸੀ ਹੈ। ਦਹਿਲੀ ਦਿੱਲੀ ਤਦ ਜਦ ਜਲ ਰਹੀ ਸੀ ਤਾਂ ਹਕੂਮਤ-ਏ-ਹਿੰਦ ‘ਸੌਂ’ ਰਹੀ ਸੀ, ‘ਬੰਸਰੀ ਵਜਾਉਂਦੇ ਨੀਰੂ ਦੀ ਤਰ੍ਹਾਂ ਆਪਣੇ ਜਲ ਰਹੇ ਰੋਮ ਤੋਂ ਬੇਖ਼ਬਰ।’
ਇਹ ਵੀ ਕੈਸਾ ਇਤਫਾਕ ਕਿ ਹਿੰਦੁਸਤਾਨ ਦੇ ਸਿੱਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਰਾਜੀਵ ਗਾਂਧੀ ਨੂੰ ਮੁਲਕ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਜਦ ਤਾਜਪੋਸ਼ੀ ਕਰ ਰਹੇ ਸਨ ਤਦ ਰਾਸ਼ਟਰਪਤੀ ਭਵਨ ਤੋਂ ਬਾਹਰ ਦਿੱਲੀ ਵਿੱਚ ਸਿੱਖਾਂ ਨੂੰ ‘ਸਬਕ’ ਸਿਖਾਇਆ ਜਾ ਰਿਹਾ ਸੀ ਬੇਰਹਿਮੀ ਨਾਲ। ਰੋਜ਼ਾ-ਏ-ਕਿਆਮਤ ਦੀ ਪਹਿਲੀ ਰਾਤ ਦਾ ਆਗਾਜ਼ ਹੋ ਚੁੱਕਿਆ ਸੀ।
ਹਿੰਦੁਸਤਾਨ ਦਾ ਨਵਾਂ ਹੁਕਮਰਾਨ ਬਣਨ ਲਈ ਸੰਨ 2014 ਦੇ ਸ਼ੁਰੂ ਵਿੱਚ ਹੋਏ ਲੋਕ ਸਭਾ ‘ਯੁੱਧ’ ਵਿੱਚ ਜਜ਼ਬਾਤੀ ਤਕਰੀਰਾਂ ਦਾ ਸਹਾਰਾ ਲੈਂਦੇ ਹੋਏ ਰਾਹੁਲ ਗਾਂਧੀ ਦੁਆਰਾ ਛੱਡੇ ਗਏ ਅਗਨ-ਬਾਣ ”ਦਾਦੀ ਕੀ ਹੱਤਿਆ ਦੇ ਬਾਅਦ ਮੁਝੇ ਪਤਾ ਚਲਾ ਕਿ….” ਨੂੰ ਕੱਟਣ ਲਈ ਨਰੇਂਦਰ ਮੋਦੀ ਦੇ ‘ਬ੍ਰਹਮ ਅਸਤਰ’ ਉਹ (ਰਾਹੁਲ) ਆਪਣੀ ਦਾਦੀ ਦੇ ਕਤਲ ਉੱਤੇ ਤਾਂ ਚੀਖ ਰਿਹਾ ਹੈ ਪਰ ਕਦੇ ਉਸਨੇ ’84 ਕਤਲੇਆਮ ਵਿੱਚ ਮਾਰੇ ਜਾਣ ਵਾਲਿਆਂ ‘ਤੇ ਆਪਣੇ ਹੰਝੂ ਵਹਾਏ ਹਨ? ਦਾ ਅਸਰ ਇੰਨਾ ਤੇਜ਼ ਨਿਕਲਿਆ ਕਿ ਅਜੇ ਤੱਕ ਨਾ ਤਾਂ ਕਾਂਗਰਸ ਦੇ ਵੱਲੋਂ ਹੀ ਕੋਈ ਤਸੱਲੀਬਖਸ਼ ਜਵਾਬ ਆਇਆ ਹੈ ਸਗੋਂ ਇਸ ‘ਬ੍ਰਹਮ ਅਸਤਰ’ ਦੇ ਸਹਾਰੇ ਕਈ ਸਿੱਖ ਨੇਤਾ ਵੀ ਪਹਿਲਾਂ ਤੋਂ ਜ਼ਿਆਦਾ ਤਾਕਤਵਰ ਵਿਖਾਈ ਦਿੱਤੇ।
ਆਜ਼ਾਦ ਹਿੰਦੁਸਤਾਨ ਦੇ ਆਜ਼ਾਦ ਨਾਗਰਿਕ ਕਿੰਨੇ ਆਜ਼ਾਦ ਹਨ, ਇਹ ਤਾਂ ਇੱਕ ਵੱਖਰਾ ਮਸਲਾ ਹੈ, ਪਰ ਇਹ ਇੱਕ ਕੌੜਾ ਸੱਚ ਹੈ ਕਿ ਸੰਨ 1984 ਦੀ 31 ਅਕਤੂਬਰ ਦੀ ਸ਼ਾਮ ਤੋਂ 3 ਨਵੰਬਰ ਤੱਕ ਸਿੱਖਾਂ ਦੇ ਵਹਿਸ਼ੀ ਸ਼ਿਕਾਰ ਦੀ ਆਜ਼ਾਦੀ ਕੁਝ ਲੋਕਾਂ ਨੂੰ ਜ਼ਰੂਰ ਮਿਲੀ ਹੋਈ ਸੀ। ਇਸ ਚਾਰ ਰੋਜ਼ਾ ‘ਆਜ਼ਾਦੀ’ ਜਿਸਦੇ ਤਾਂਡਵ ਨਾਚ ਨੇ ਦੇਸ਼ ਦੇ ਨਾਂ ‘ਤੇ ਕਲੰਕ ਦਾ ਕਾਲਾ ਧੱਬਾ ਲਗਾ ਦਿੱਤਾ, ਨੂੰ ਹਿੰਦੁਸਤਾਨ ਦੇ ਇਤਿਹਾਸ ਵਿੱਚ ਕਾਲੇ ਪੰਨਿਆਂ ‘ਤੇ ਲਿਖਿਆ ਜਾਵੇਗਾ।
ਦੁਖਦ ਤਾਂ ਇਹ ਕਿ ਉਦੋਂ ਤੋਂ ਲੈ ਕੇ ਹੁਣ 39ਵੀਂ ਵਰ੍ਹੇਗੰਢ ਤੱਕ ਵੀ ਇਸ ਚਾਰ ਰੋਜ਼ਾ ‘ਆਜ਼ਾਦੀ’ ਨੂੰ ‘ਦੰਗਾ’ ਪ੍ਰਚਾਰਤ ਕੀਤਾ ਜਾਂਦਾ ਆ ਰਿਹਾ ਹੈ ਜਦੋਂ ਕਿ ਹਕੀਕਤ ਵਿੱਚ ਇਹ ਸ਼ਰੇਆਮ ਸਿੱਖ ਕਤਲੇਆਮ ਸੀ, ਜਿਸ ਨੇ ਦੁਨੀਆਂ ਭਰ ਦੇ ਲੋਕਾਂ ਵਿੱਚ ਤਹਿਲਕਾ ਮਚਾਉਂਦੇ ਦੇਸ਼ ਦੀ ਰਾਜਧਾਨੀ ਦੇ ਅੰਦਰ ਸਿੱਖ ਵਿਧਵਾਵਾਂ ਦੀ ਵੱਖਰੀ ਕਲੋਨੀ ਹੀ ਵਸਾ ਕੇ ਰੱਖ ਦਿੱਤੀ।
ਸਿਤਮ ਇਹ ਕਿ ਦੁਨੀਆਂ ਵਿੱਚ ਕਿਧਰੇ , ਕਿਤੇ ਵੀ ਅਜਿਹੀ ਮਿਸਾਲ ਨਹੀਂ ਮਿਲਦੀ, ਜਿੱਥੇ ਵਿਧਵਾ ਕਲੋਨੀ ਵਜੂਦ ਵਿੱਚ ਆਈ ਹੋਵੇ, ਪਰ ਮੁਲਕ ਦੇ ਹੋਰਨਾਂ ਖੇਤਰਾਂ ਦੇ ਇਲਾਵਾ ਇਸਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ, ਗਲੀ-ਮੁਹੱਲਿਆਂ ਵਿੱਚ ਸਿੱਖਾਂ ਨੂੰ ਮੌਤ ਦਾ ਤਾਂਡਵ ਨਾਚ ਸਹਿਣ ਦੇ ਕਾਰਨ ਦਿੱਲੀ , ਜਿੱਥੇ ਪੂਰੇ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ‘ਪ੍ਰਭੂਆਂ’ ਦਾ ਵਾਸ ਹੋਵੇ, ਉੱਥੇ ਵੀ ਮੁਲਕ ਦੇ ਹੁਕਮਰਾਨਾਂ ਦੇ ਰਿਹਾਇਸ਼ੀ ਬਨਾਮ ਰਾਜ ਚਲਾਉਣ ਵਾਲੇ ਇਸ ਸ਼ਹਿਰ ਵਿੱਚ ਵਿਧਵਾ ਕਲੋਨੀ ਦਾ ‘ਮਜ਼ਾ ਚੱਖਣ’ ਲਈ ਮਜਬੂਰ ਹੋਣਾ ਪਿਆ ਹੋਵੇ।
‘ਵਿਧਵਾਵਾਂ ਦੀ ਕਲੋਨੀ’ ਕਹਿੰਦੇ ਹੋਏ ਇੱਕ ਪੱਥਰ ਦਿਲ ਇਨਸਾਨ ਦਾ ਵੀ ਦਿਲ ਕੰਬ ਉੱਠਦਾ ਹੈ। ਉਸਦਾ ਮਾਹੌਲ ਵੇਖਕੇ, ਇਨ੍ਹਾਂ ਪੀੜਿਤ ਪਰਿਵਾਰਾਂ ਦਾ ਦੁੱਖ ਸੁਣ ਕੇ ਦਿਲ ਦਹਿਲਦਾ ਹੈ ਤੇ ਅੰਦਰੋਂ ਇੱਕ ਹੂਕ ਜੇਹੀ ਉੱਠਦੀ ਹੈ ਕਿ ਦੇਸ਼ ਦੀ ਆਨ ਤੇ ਸ਼ਾਨ ਦੀ ਖ਼ਾਤਰ ਸਭ ਤੋਂ ਜ਼ਿਆਦਾ ਯੋਗਦਾਨ ਪਾਉਣ ਤੇ ਕੁਰਬਾਨੀ ਦੇਣ ਵਾਲੀ ਇਸ ਕੌਮ ਜਿਸਦੇ ਹਜ਼ਾਰਾਂ ਪਰਿਵਾਰ ਅਨਾਥ ਹੋ ਗਏ, ਬੱਚੇ ਯਤੀਮ ਹੋ ਗਏ, ਸੁਹਾਗਣਾਂ ਦੇ ਸੁਹਾਗ ਲੁੱਟੇ ਗਏ, ਪਰ ਉਹੀ ਸਿੱਖ ਕੌਮ, ਜਿਸਨੇ ਅਰਬਾਂ ਰੁਪਏ ਖਰਚ ਕਰਕੇ ਆਪਣੇ ਗੁਰੂ ਸਾਹਿਬਾਨ ਦੀਆਂ ਆਲੀਸ਼ਾਨ ਯਾਦਗਾਰਾਂ ਸਥਾਪਤ ਕੀਤੀਆਂ ਹੋਣ, ਨੇ ਇਹਨਾਂ ਪੀੜਿਤ ਪਰਿਵਾਰਾਂ ਦੇ ਨਾਲ ਮਹਿਜ਼ ਹਮਦਰਦੀ ਜ਼ਾਹਰ ਕਰਨ, ਪਿਛਲੇ 40 ਸਾਲਾਂ ਤੋਂ ਉਨ੍ਹਾਂ ਨੂੰ ਸਨਮਾਨ ਯੋਗ ਵਸਦੇ ਰਹਿਣ ਲਈ ਸਿਵਾਏ ਹੇਜ ਜਤਾਉਣ ਦੇ ਤਸੱਲੀਬਖਸ਼ ਕੁੱਝ ਨਹੀਂ ਕੀਤਾ।
1984 ਦੇ ਇਸ ਸ਼ਰਮਨਾਕ ਕਾਂਡ ਜਿਸਨੇ ਭਾਰਤ ਦੇ ਲੋਕਤੰਤਰਿਕ ਚਿਹਰੇ ਉੱਤੇ ਕਾਲਿਖ ਪੋਤ ਦਿੱਤੀ, ਕੋਈ ਮਾਮੂਲੀ ਘਟਨਾ ਨਹੀਂ ਸੀ, ਸਗੋਂ ਹਜ਼ਾਰਾਂ ਸਿੱਖਾਂ ਦੇ ਵਹਿਸ਼ੀ ਕਤਲੇਆਮ, ਲੁੱਟਮਾਰ, ਅੱਗਜਨੀ ਅਤੇ ਜਬਰਜਨਾਹ ਦੀਆਂ ਘਟਨਾਵਾਂ ਨੇ ਦੁਨੀਆਂ ਭਰ ਵਿੱਚ ਝੰਜੋੜ ਕੇ ਰੱਖ ਦਿੱਤਾ। ਉਸਦੇ ਬਾਅਦ ਭਾਜਪਾ ਸਹਿਤ ਕਈ ਹਕੂਮਤਾਂ ਆਈਆਂ ਤੇ ਆ ਕੇ ਚਲੀਆਂ ਗਈਆਂ, ਪਰ ਕਿਸੇ ਨੇ ਵੀ ਤਸੱਲੀ ਨਾਲ ਇਨ੍ਹਾਂ ਸਿੱਖ ਕਤਲੇਆਮ ਪੀੜਤਾਂ ਦੇ ਦੁਖੀ ਪਰਿਵਾਰਾਂ ਦੇ ਅੱਲੇ ਜ਼ਖਮਾਂ ‘ਤੇ ਮਲੱਹਮ ਲਗਾਉਣ ਦਾ ਕਸ਼ਟ ਨਹੀਂ ਕੀਤਾ।
31 ਅਕਤੂਬਰ 1984 ਨੂੰ ਹਿੰਦੁਸਤਾਨ ਦੀ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਜਿਨ੍ਹਾਂ ਦੇ ਘਿਨਾਉਣੇ ਕਤਲ ਦੇ ਬਾਅਦ ਇਹ ਵਹਿਸ਼ੀ ਸਿੱਖ ਕਤਲੇਆਮ ਹੋਇਆ, ਦੇ ਸਪੁੱਤਰ ਰਾਜੀਵ ਗਾਂਧੀ ਨੇ ਤਾਂ ਪ੍ਰਧਾਨ ਮੰਤਰੀ ਬਣ ਕੇ ਦੇਸ਼ ਦੀ ਵਾਗਡੋਰ ਸੰਭਾਲਦੇ ਹੀ ਐਲਾਨ ਕਰ ਦਿੱਤਾ ਸੀ, ”ਜਦੋਂ ਵੱਡਾ ਦਰਖੱਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੀ ਹੈ। ”…..ਤੇ ਇਹ ਧਰਤੀ ਇੰਨੀ ‘ਹਿੱਲੀ’ ਕਿ ਸਿੱਖ ਕਤਲੇਆਮ ਦਾ ਭੂਚਾਲ ਹੀ ਆ ਗਿਆ।
ਵਕਤ ਵੱਡੇ-ਵੱਡੇ ਜ਼ਖ਼ਮਾਂ ਨੂੰ ਭਰ ਦਿੰਦਾ ਹੈ, ਪਰ ਕਈ ਲਾ-ਇਲਾਜ ਜ਼ਖ਼ਮ ਅਜਿਹੇ ਵੀ ਹੁੰਦੇ ਹਨ ਜੋ ਹਮੇਸ਼ਾ ਹਰੇ ਰਹਿੰਦੇ ਹਨ। ਇਹਨਾਂ ਜ਼ਖਮਾਂ ਦਾ ਦਰਦ ਤਦ ਹੋਰ ਵੀ ਤਿੱਖੀ ਚੀਸ ਬਣ ਜਾਂਦਾ ਹੈ ਜਦੋਂ ਉਨ੍ਹਾਂ ਉੱਤੇ ਮਲਹਮ ਲਗਾਉਣ ਦੀ ਬਜਾਇ ਲੂਣ ਦੇ ਛਿੱਟੇ ਪੈਂਦੇ ਰਹਿਣ, ਕਿਸੇ ਵੀ ਤਰਫੋਂ ਇਨਸਾਫ਼ ਮਿਲਣ ਦੇ ਸਾਰੇ ਦੁਆਰ ਬੰਦ ਹੋ ਜਾਣ।
1984 ਦੇ ਸਿੱਖ ਕਤਲੇਆਮ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਵੀ ਅਜਿਹਾ ਹੀ ਦੁਖਾਂਤ ਵਾਪਰਿਆ, ਜਿਨ੍ਹਾਂ ਦੇ ‘ਸਿਰ ਦੇ ਸਾਈਆਂ’ ਨੂੰ ਤਾਂ ਇਹ ਹਸੀਨ ਦੁਨੀਆਂ ਹੋਰ ਵੇਖਣੀ ਨਸੀਬ ਹੀ ਨਹੀਂ ਸੀ। ਪਰ ਉਹ ਪਿੱਛੇ ਆਪਣੇ ਪਰਿਵਾਰਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਗਏ। ਮੱਧ ਵਰਗੀ ਪਰਿਵਾਰਾਂ ਉੱਤੇ ਤਾਂ ਇਹ ਮਾਰ ਜ਼ਿਆਦਾ ਹੀ ਪਈ ਜੋ ਆਪਣੇ ਵਸਦੇ-ਰਸਦੇ ਘਰ ਛੱਡਕੇ ਝੁੱਗੀ ਝੌਂਪੜੀਆਂ ਵਿੱਚ ਡੇਰਾ ਲਾਉਣ ਲਈ ਮਜਬੂਰ ਹੋ ਗਏ। ਆਪਣੇ ਮਰਦਾਂ ਦੇ ਬਿਨਾਂ ਇਹਨਾਂ ਪਰਿਵਾਰਾਂ ਦੀਆਂ ਔਰਤਾਂ ਤੇ ਬਾਪ ਬਿਨਾਂ ਜਿਵੇਂ ਉਨ੍ਹਾਂ ਦੇ ਬੱਚਿਆਂ ਨੇ ਇਹ ਸਮਾਂ ਕਈ-ਕਈ ਵਕਤ ਭੁੱਖੇ ਰਹਿ ਕੇ ਠੰਡੀਆਂ ਸਰਦ ਰਾਤਾਂ ਵਿੱਚ ਖੁੱਲ੍ਹੇ ਅਸਮਾਨ ਹੇਠ ਗੁਜ਼ਾਰਿਆ ਹੈ, ਇਹ ਅਹਿਸਾਸ ਉਨ੍ਹਾਂ ਦੇ ਇਲਾਵਾ ਕਿਸੇ ਹੋਰ ਨੂੰ ਕੀ ਹੋ ਸਕਦਾ ਹੈ ?
ਦਰਅਸਲ 1984 ਦਾ ਇਹ ਕਤਲੇਆਮ ਇੰਨਾ ‘ਪ੍ਰਸਿੱਧ’ ਹੋ ਚੁੱਕਿਆ ਹੈ ਕਿ ਇਸਦੇ ਨਾਲ ਹੁਣ ‘ਸਿੱਖ’ ਲਗਾਉਣ ਦੀ ਵੀ ਜ਼ਰੂਰਤ ਨਹੀਂ ਰਹੀ, … ਤੇ ਪੀੜਿਤ ਇਹਨਾਂ ਸਿੱਖ ਸ਼ਰਨਾਰਥੀਆਂ ਨੂੰ ਆਪਣੇ ਸੌੜੇ ਮੁਫ਼ਾਦਾਂ ਲਈ ਕੈਸ਼ ਕਰਨ ਵਿੱਚ ਹੇਜੀਆਂ ਨੇ ਕੋਈ ਹਿਚਕਿਚਾਹਟ ਨਹੀਂ ਵਿਖਾਈ। ਇਹੀ ਵਜ੍ਹਾ ਹੈ ਕਿ 1984 ਦੇ ਇਸ ਸਿੱਖ ਕਤਲੇਆਮ ਦੀ ਅੱਗ ਵਿੱਚ ਝੁਲਸੇ ਹਜ਼ਾਰਾਂ ਲੋਕ ਅਜੇ ਵੀ ਯਥਾ-ਯੋਗ ਸੈਟਲ ਨਹੀਂ ਹੋ ਸਕੇ। ਪਰ ਉਨ੍ਹਾਂ ਦੇ ਜ਼ਰੀਏ ਕੁਝ ਲੋਕ ਸਿੱਖ ਰਾਜਨੀਤੀ ਤੇ ਮਾਲੀ ਖੇਤਰ ਵਿੱਚ ਆਪਣਾ ਕੱਦ ਵਧਾਉਣ ਵਿੱਚ ਜ਼ਰੂਰ ਕਾਮਯਾਬ ਰਹੇ ਜਿਨ੍ਹਾਂ ਨੇ ਸ਼ਰਨਾਰਥੀ ਵਿਧਵਾਵਾਂ ਦਾ ਵੀ ‘ਸਹਾਰਾ’ ਲੈਣ ਤੋਂ ਗੁਰੇਜ਼ ਨਹੀਂ ਕੀਤਾ, ਜਿਸਦੀ ਬਦੌਲਤ ਇਹ ਕਤਲੇਆਮ ਪੀੜਿਤ ਕੈਂਪ ਦੇਸ਼ ਦੀ ਰਾਜਧਾਨੀ ਵਿੱਚ ਹਮੇਸ਼ਾ ਸੁਰਖੀਆਂ ‘ਤੇ ਛਾਏ ਰਹੇ। ਇੱਥੋਂ ਤੱਕ ਕਿਹਾ ਜਾਣ ਲੱਗਾ ਕਿ ਕੋਈ ਇੱਜ਼ਤਦਾਰ ਆਦਮੀ ਓਧਰ ਜਾਣ ਦੀ ਜ਼ੁਰੱਅਤ ਨਹੀਂ ਕਰ ਸਕਦਾ।
ਜ਼ਿਆਦਾਤਰ ਸਿੱਖ ਸਿਆਸਤਦਾਨਾਂ ਨੇ 1984 ਦੇ ਇਹਨਾਂ ਕਤਲੇਆਮ ਪੀੜਿਤਾਂ ਨੂੰ ਜੰਮ ਕੇ ਕੈਸ਼ ਕੀਤਾ ਆਪਣੇ-ਆਪਣੇ ਮਫ਼ਾਦਾਂ ਦੇ ਲਈ। ਜਿਸ ਵੀ ਕਿਸੇ ਸਿੱਖ ਨੇਤਾ ਨੂੰ ਆਪਣੇ ਰੋਸ ਪ੍ਰਦਰਸ਼ਨ ਦੀ ਰੌਣਕ ਵਧਾਉਣੀ ਹੁੰਦੀ, ਅਕਸਰ ਇਹਨਾਂ ਪੀੜਿਤ ਪਰਿਵਾਰਾਂ ਨੂੰ ਉੱਧਰ ‘ਜੋਤ’ ਲਿਆ ਜਾਂਦਾ ਹੈ। ਆਹ! ਜ਼ਿੰਦਗੀ ਦਾ ਨਰਕ ਭੋਗ ਰਹੇ ਇਹ ਪਰਿਵਾਰ ਵੀ ਕਦੇ ਉੱਚੇ ਮਹਿਲਾਂ ਦੇ ਮਾਲਿਕ ਸਨ।
ਹੈਰਾਨੀ ਇਹ ਕਿ ਨਵੰਬਰ 1984 ਦੇ ਬਾਅਦ ਇੱਥੋਂ ਦੇ ਮੁਕਾਮੀ ਅਤੇ ਵਿਦੇਸ਼ਾਂ ਵਿੱਚ ਬੈਠੇ ਸਰਮਾਏਦਾਰ ਸਿੱਖਾਂ ਨੇ, ਕਹਿੰਦੇ ਨੇ ਖੂਬ ਜੰਮ ਕੇ ਆਰਥਿਕ ਸਹਾਇਤਾ ਦਿੱਤੀ ਸੀ। ਹੁਣ ਰੱਬ ਹੀ ਜਾਣਦਾ ਹੈ ਕਿ ਇਹ ਕਿਸ ਵਿੱਚ ਤਕਸੀਮ ਹੋਈ ਜਾਂ ਕਿਸਦੀ ਜੇਬ ਵਿੱਚ ਗਈ।
ਇਹੀ ਵਜ੍ਹਾ ਹੈ ਕਿ 1984 ਦੇ ਇਸ ਦਰਦਨਾਕ ਤੇ ਸ਼ਰਮਨਾਕ ਸਿੱਖ ਕਤਲੇਆਮ ਦੀ ਟੀਸ 40 ਸਾਲ ਦੇ ਲੰਬੇ ਅਰਸੇ ਤੱਕ ਵੀ ਬਰਕਰਾਰ ਰਹਿਣੀ ਧਰਮ ਨਿਰਪੱਖ ਜਮਹੂਰੀ ਰਾਜ ਪ੍ਰਬੰਧ ਲਈ ਬਹੁਤ ਵੱਡਾ ਮਿਹਣਾ ਨਹੀਂ ਤਾਂ ਹੋਰ ਕੀ ਹੈ?……ਤੇ ਉਹ ਵੀ ਤਦ ਜਦ ਪੀੜਿਤ ਪਰਿਵਾਰ ਅਜੇ ਵੀ ਇਨਸਾਫ਼ ਦੀ ਆਸ ਵਿੱਚ ਨਜ਼ਰਾਂ ਲਗਾਈ ਬੈਠੇ ਹੋਣ।
‘ਜਿਨਕੇ ਮਰ ਜਾਤੇ ਹੈਂ,
ਉਨਸੇ ਤੋ ਜ਼ਰਾ ਪੂਛੀਏ,
ਹਮਨੇ ਤੋ ਅਖ਼ਬਾਰ ਕੀ
ਸੁਰਖੀ ਸਮਝ ਕਰ ਪੜ੍ਹ ਲੀਆ’।
ਦੂਜੇ ਦੇ ਲੱਗੀ ਅੱਗ ਨੂੰ ਬਸੰਤਰ ਸਮਝਣ ਵਾਲਿਆਂ ਨੂੰ ਅੱਗ ਦੇ ਸੇਕ ਦਾ ਕੀ ਅਹਿਸਾਸ? ਦੇਸ਼ ਦੀ ਖਾਤਰ ਸਭ ਤੋਂ ਮੂਹਰੇ ਹੋ ਕੇ ਕੁਰਬਾਨੀਆਂ ਦੇਣ ਵਾਲੀ ਇਸ ਕੌਮ ਨੂੰ ‘ਬੜਾ ਪੇੜ ( ਦਰਖ਼ਤ )’ ਗਿਰਾਉਣ ਦਾ ਮਿਲਿਆ ਇਹ ਸਬਕ ਸਦੀ ਦਾ ਸਭ ਤੋਂ ਸ਼ਰਮਨਾਕ ‘ਸਬਕ’ ਸੀ।