Sunday, April 20, 2025
12.4 C
Vancouver

ਪਤਾ ਨੀ ਕਾਹਤੋਂ

 

ਹਰ ਗੱਲ ਤੇ ਉਹ ਅੜਦਾ ਰਹਿੰਦਾ,
ਪਤਾ ਨਹੀਂ ਕਾਹਤੋਂ ਲੜਦਾ ਰਹਿੰਦਾ।
ਮੇਰੀ ਤਾਂ ਕਦੇ ਸੁਣਦਾ ਹੀ ਨਾਹੀਂ,
ਆਪਣੀ ਪੌੜੀ ਹੀ ਚੜ੍ਹਦਾ ਰਹਿੰਦਾ।
ਪਤਾ ਨੀ……

ਬਹਿੰਦਾ ਪਾਣੀ ਜੀਵਨ ਮੇਰਾ ਪਰ,
ਇੱਕੋ ਥਾਵੇਂ ਉਹ ਖੜ੍ਹਦਾ ਰਹਿੰਦਾ।
ਭਵਿੱਖ ਦੀ ਕੋਈ ਫ਼ਿਕਰ ਨਾ ਉਹਨੂੰ,
ਇਤਿਹਾਸ ਪੁਰਾਣੇ ਪੜ੍ਹਦਾ ਰਹਿੰਦਾ।
ਪਤਾ ਨੀ……

ਪ੍ਰੇਮ-ਪ੍ਰੀਤਾਂ ਭੁੱਲ ਬੈਠਾ ਉਹ,
ਗੁਸੈਲ਼ ਨਦੀ ਵਿੱਚ ਹੜ੍ਹਦਾ ਰਹਿੰਦਾ।
ਅੱਗ ਲਗਾ ਕੇ ਰੀਝਾਂ ਸਾਰੀਆਂ ਨੂੰ,
ਖੁਦ ਵੀ ਵਿੱਚੇ ਸੜ੍ਹਦਾ ਰਹਿੰਦਾ।
ਪਤਾ ਨੀ ……

ਬਣਾਂਗਾ ਬਿਹਤਰ ਮੈਂ ਵੀ ਇੱਕ ਦਿਨ,
ਦੁੱਧ ਕਾੜ੍ਹਨੀ ਕੜ੍ਹਦਾ ਰਹਿੰਦਾ।
ਮਿਲਣ ਗਿਲਣ ਦਾ ਵਕਤ ਨਹੀਂ ਹੈ,
ਨਿੱਤ ਨਵੇਂ ਬਹਾਨੇ ਘੜ੍ਹਦਾ ਰਹਿੰਦਾ।
ਪਤਾ ਨੀ……..

ਰੁੱਖ ਬਣ ਪੱਕੇ ਫ਼ਲਾ ਦਾ ਜ਼ਾਲਮ,
ਸੱਭਨਾਂ ਦੇ ਉੱਤੇ ਝੜ੍ਹਦਾ ਰਹਿੰਦਾ।
ਹੋਰਨਾਂ ਨੂੰ ਛਾਂ ਦੇਵਣ ਖਾਤਰ,
ਆਪ ਵੀ ਧੁੱਪੇ ਰੜ੍ਹਦਾ ਰਹਿੰਦਾ।
ਪਤਾ ਨੀ…….

ਕਿੰਝ ਸਮਝਾਵਾਂ ਸਾਈਂਆਂ ਉਹਨੂੰ,
ਮਿੱਟੀ ‘ਚੋਂ ਮੱਛੀਆਂ ਫ਼ੜਦਾ ਰਹਿੰਦਾ।
ਛੋਟੀਆਂ-ਛੋਟੀਆਂ ਗੱਲਾਂ ਪਿੱਛੇ,
ਇਲਜ਼ਾਮ ‘ਮਨਜੀਤ’ ਤੇ ਮੜ੍ਹਦਾ ਰਹਿੰਦਾ।
ਪਤਾ ਨੀ ਕਾਹਤੋਂ ਲੜਦਾ ਰਹਿੰਦਾ।
ਹਰ ਗਲ ਤੇ ਉਹ ਅੜਦਾ ਰਹਿੰਦਾ।
ਲਿਖਤ : ਮਨਜੀਤ ਕੌਰ ਧੀਮਾਨ,
ਸੰਪਰਕ : 9464633059