Saturday, November 23, 2024
9.1 C
Vancouver

ਨਿਆਗਰਾ ਫਾਲਜ਼ ਵਾਲੀ ਮਾਸੀ

 

ਲਿਖਤ : ਮਲਵਿੰਦਰ, ਸੰਪਰਕ: +13659946744
ਉਸ ਨੂੰ ਤਾਂ ਪਤਾ ਵੀ ਨਾ ਲੱਗਾ ਕਿ ਕਦ ਪੁੱਤਰ ਨੇ ਮੋਢਿਆਂ ਤੋਂ ਵਹਿੰਗੀ ਲਾਹ ਭੁੰਜੇ ਰੱਖ ਦਿੱਤੀ। ਕਦ ਪੁੱਤਰ ਦਾ ਮਾਂ ਮੋਹ ਬੋਝ ਬਣ ਉਹਦੇ ਮੋਢਿਆਂ ਤੋਂ ਲਹਿ ਗਿਆ। ਪਾਣੀਆਂ ਕੋਲ ਜਾਣ ਦੀ ਤਮੰਨਾ ਤਾਂ ਉਸ ਦੀ ਕਦੀ ਵੀ ਨਹੀਂ ਸੀ। ਉਸ ਨੂੰ ਤਾਂ ਖੇਤਾਂ ਵਿੱਚ ਜਾ ਕੇ ਬੰਬੀ ਦੇ ਚੁਬੱਚੇ ਵਿੱਚ ਨਹਾਉਣ ਦਾ ਮੌਕਾ ਵੀ ਕਦੀ ਨਾ ਮਿਲਿਆ। ਉਸ ਨੇ ਚਾਹਿਆ ਵੀ ਕਦ ਸੀ ਚੁਬੱਚੇ ਵਿੱਚ ਨਹਾਉਣਾ। ਪੇਕੇ ਘਰ ਤੇ ਫਿਰ ਸਹੁਰੇ ਘਰ ਔਰਤ ਨੂੰ ਇਹ ਚੁੱਭੀ ਮਾਰਨ ਦੀ ਖੁੱਲ੍ਹ ਕਿੱਥੇ ਸੀ! ਉਸ ਨੂੰ ਤਾਂ ਏਨਾ ਕੁ ਯਾਦ ਹੈ ਕਿ ਪੈਂਤੀ ਵਰ੍ਹੇ ਪਹਿਲਾਂ ਜਦ ਪੁੱਤ ਕੈਨੇਡਾ ਨੂੰ ਤੁਰਿਆ ਸੀ ਤਾਂ ਉਸ ਦੀਆਂ ਅੱਖਾਂ ਵਿੱਚ ਪਾਣੀ ਸੀ। ਇਸ ਪਾਣੀ ਨੂੰ ਵੀ ਲੋਕਾਂ ਨੇ ਹੰਝੂ ਤੇ ਅੱਥਰੂ ਕਿਹਾ ਸੀ। ਹਉਕੇ ਤਾਂ ਉਸ ਨੇ ਅੰਦਰ ਹੀ ਦਬਾਅ ਲਏ ਸਨ।
ਪੁੱਤ ਕੈਨੇਡਾ ਪਹੁੰਚ ਗਿਆ। ਪਿੰਡ ਨੇ ਵਧਾਈ ਦਿੱਤੀ। ਸ਼ਰੀਕਾਂ ਨੇ ਕਿਹਾ ਕਿ ਜਾਗਰ ਸਿਹਾਂ ਤੇਰੇ ਦਿਨ ਬਦਲ ਗਏ ਨੇ। ਲੋਕ ਨਾਂ ਜਾਗਰ ਦਾ ਲੈਂਦੇ, ਪਰ ਵੱਖੀਆਂ ਸਵਰਨੀ ਦੀਆਂ ਵੀ ਹੱਸਦੀਆਂ। ਉਨ੍ਹਾਂ ਦੇ ਦਿਨ ਬਦਲੇ ਵੀ। ਧੂਮ ਧਾਮ ਨਾਲ ਪੁੱਤ ਦਾ ਵਿਆਹ ਕੀਤਾ। ਵਿਆਹ ਕੇ ਲਿਆਂਦੀ ਵੀ ਕੈਨੇਡਾ ਪਹੁੰਚ ਗਈ। ਬੱਚੇ ਹੋਏ ਤਾਂ ਮੂਲ ਨਾਲੋਂ ਵਿਆਜ ਪਿਆਰਾ ਲੱਗਣ ਲੱਗ ਪਿਆ। ਬੱਚਿਆਂ ਨੂੰ ਪਾਲਣ ਲਈ ਮਾਪਿਆਂ ਦੀ ਲੋੜ ਪਈ। ਦੋ ਤਿੰਨ ਗੇੜੇ ਲੱਗ ਗਏ। ਦੋਵੇਂ ਜੀਅ ਜਾਂਦੇ, ਬੱਚਿਆਂ ਨੂੰ ਪਾਲਦੇ, ਸਾਂਭਦੇ ਤੇ ਛੇਈਂ ਅੱਠੀਂ ਮਹੀਨੀ ਮੁੜ ਆਉਂਦੇ। ਫਿਰ ਇੱਕ ਦਿਨ ਪੁੱਤ ਨੇ ਪਿਛਾਂਹ ਮੁੜਨ ਦਾ ਸਬੱਬ ਹੀ ਸਮੇਟ ਦਿੱਤਾ। ਕਹਿੰਦਾ ਜ਼ਮੀਨ ਵੇਚ ਕੇ ਪੱਕਾ ਇੱਥੇ ਟਿਕ ਜਾਓ।
ਜਾਗਰ ਸਿੰਘ ਨੂੰ ਖੌਰੇ ਜ਼ਮੀਨ ਦਾ ਹੇਰਵਾ ਖਾ ਗਿਆ। ਬਹੁਤਾ ਚਿਰ ਨਾ ਕੱਢਿਆ ਉਸ ਨੇ। ਇੱਥੇ ਕੈਨੇਡਾ ਦੀ ਧਰਤੀ ‘ਤੇ ਹੀ ਆਖਰੀ ਰਸਮਾਂ ਹੋਈਆਂ। ਪਤੀ ਬਿਨਾਂ ਸਵਰਨ ਕੌਰ ‘ਕੱਲੀ ਰਹਿ ਗਈ। ਪੋਤੇ ਤੇ ਪੋਤੀਆਂ ਵੀ ਹੁਣ ਬਹੁਤਾ ਮੋਹ ਨਾ ਕਰਦੇ। ਨੂੰਹ ਤੇ ਪੁੱਤ ਨੂੰ ਤਾਂ ਜਿਵੇਂ ਕੰਮਾਂ ਤੋਂ ਹੀ ਵਿਹਲ ਨਾ ਮਿਲਦੀ। ਉਸ ਲਈ ਜ਼ਿੰਦਗੀ ਬੋਝ ਜਿਹਾ ਹੋ ਗਈ। ਚੰਦਰੇ ਚੰਦਰੇ ਖ਼ਿਆਲ ਆਉਣੇ ਸ਼ੁਰੂ ਹੋ ਗਏ। ਕਦੀ ਕਦੀ ਟੱਬਰ ਨਾਲ ਸਵਰਨੀ ਨੇ ਵੀ ਬਾਹਰੋਂ ਘੁੰਮ ਫਿਰ ਆਉਣਾ ਤਾਂ ਚਿੱਤ ਹੋਰ ਹੋ ਜਾਣਾ। ਦਿਨ, ਮਹੀਨੇ, ਸਾਲ ਲੰਘਦੇ ਗਏ। ਮਾਤਾ ਬਿਰਧ ਵੀ ਹੋ ਗਈ ਤੇ ਕਮਜ਼ੋਰ ਵੀ। ਨਿਗ੍ਹਾ ਵੀ ਘਟ ਗਈ।
ਅੱਜ ਸਾਰਾ ਟੱਬਰ ਸਮੇਤ ਮਾਤਾ ਸਵਰਨ ਕੌਰ ਨਿਆਗਰਾ ਘੁੰਮਣ ਗਿਆ। ਅਮਰੀਕਾ, ਕੈਨੇਡਾ ਆਏ ਲੋਕਾਂ ਲਈ ਨਿਆਗਰਾ ਫਾਲ ਜਾਣਾ ਹੱਜ ਕਰਨ ਵਾਂਗ ਹੈ। ਨਿਆਗਰਾ ਫਾਲਜ਼ ਇੱਕ ਵਿਸ਼ਾਲ ਦਰਿਆ ਦੇ ਵਿੱਚ ਅਮਰੀਕਾ ਵਾਲੇ ਪਾਸਿਓਂ ਡਿੱਗ ਰਹੇ ਪਾਣੀ ਦਾ ਤਲਿਸਮੀ ਜਲਵਾ ਹੈ। ਕੈਨੇਡਾ ਵਾਲੇ ਪਾਸੇ ਕੋਈ ਡੇਢ ਦੋ ਮੀਲ ਲੰਮਾ ਤੱਟ ਹੈ। ਇਸ ਤੱਟ ‘ਤੇ ਸੈਲਾਨੀਆਂ ਦਾ ਭਰਵਾਂ ਮੇਲਾ ਲੱਗਾ ਰਹਿੰਦਾ ਹੈ। ਇਸ ਮੇਲੇ ਵਿੱਚ ਪਹੁੰਚ ਕੇ ਖੋਰੇ ਸਵਰਨ ਕੌਰ ਦੇ ਟੱਬਰ ਦੇ ਮਨ ਵਿੱਚ ਕੀ ਆਇਆ ਕਿ ਮਾਤਾ ਨੂੰ ਇੱਕ ਥਾਂ ਬਿਠਾ ਕੇ ਕਹਿਣ ਲੱਗੇ ”ਬੇਬੇ ਅਸੀਂ ਆਉਂਦੇ ਹਾਂ ਗੇੜੀ ਲਾ ਕੇ। ਤੂੰ ਬੈਠ ਇੱਥੇ।” ਉੱਥੇ ਬੈਠੀ ਸਵਰਨੀ ਦੇ ਕੋਲ ਦੀ ਲੰਘਦਾ ਮੇਲਾ ਹੌਲੀ ਹੌਲੀ ਪਤਲਾ ਪੈਣ ਲੱਗਾ। ਦੂਰ ਰੌਸ਼ਨੀਆਂ ਤੋਂ ਪਾਰ ਹਨੇਰਾ ਵੀ ਪਸਰਨ ਲੱਗਾ। ਸਬੱਬ ਨਾਲ ਸਵਰਨ ਕੌਰ ਦਾ ਰਿਸ਼ਤੇਦਾਰ ਬਰਾੜ ਪਰਿਵਾਰ ਵੀ ਇਸ ਭੀੜ ਦੀ ਰੌਣਕ ਵਿੱਚ ਸ਼ਾਮਲ ਸੀ।
ਸਵਰਨ ਕੌਰ ਕੋਲੋਂ ਲੰਘਦਿਆਂ ਕਿਸੇ ਨੇ ਕਿਹਾ, ”ਉਏ ਇਹ ਤਾਂ ਮਾਸੀ ਸਵਰਨ ਕੌਰ ਨਹੀਂ?” ਕੋਲ ਗਏ ਤੇ ਪੁੱਛਿਆ, ”ਮਾਸੀ ਤੂੰ ਇੱਥੇ ਕਿਵੇਂ ਬੈਠੀ ਏਂ? ‘ਕੱਲੀ! ਬਾਕੀ ਜੀਅ ਕਿੱਥੇ ਆ?” ”ਵੇ ਆਹ ਕਹਿੰਦੇ ਸੀ ਗੇੜੀ ਲਾ ਕੇ ਆਉਂਦੇ ਹਾਂ। ਆਉਂਦੇ ਹੋਣੇ ਕਿਤੇ।” ਬਰਾੜ ਪਰਿਵਾਰ ਦੇ ਮਨ ਵਿੱਚ ਖੁੜਕ ਗਈ ”ਮਾਸੀ ਨਾਲ ਕੋਈ ਭਾਣਾ ਵਾਪਰ ਗਿਆ ਲੱਗਦਾ।” ਖੈਰ! ਬਰਾੜ ਪਰਿਵਾਰ ਨੇ ਵੀ ਮਾਸੀ ਕੋਲ ਰੁਕ ਕੇ ਗੇੜੀ ਲਾਉਣ ਗਿਆਂ ਨੂੰ ਉਡੀਕਿਆ। ਜਦ ਨਿਆਗਰਾ ਕਿਨਾਰੇ ਟਾਵਾਂ ਟਾਵਾਂ ਬੰਦਾ ਬਚਿਆ ਤਾਂ ਉਨ੍ਹਾਂ ਨੇ ਮਾਸੀ ਨੂੰ ਆਪਣੇ ਨਾਲ ਬਿਠਾਇਆ ਤੇ ਵਾਪਸ ਘਰ ਵੱਲ ਚਾਲੇ ਪਾ ਦਿੱਤੇ। ਰਸਤੇ ਵਿੱਚ ਬਰਾੜ ਪਰਿਵਾਰ ਆਪਸ ਵਿੱਚ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ, ਪਰ ਮਾਸੀ ਨਾਲ ਉਨ੍ਹਾਂ ਨੇ ਕੋਈ ਖ਼ਾਸ ਗੱਲ ਨਾ ਕੀਤੀ।
ਘਰ ਪਹੁੰਚ ਕੇ ਉਨ੍ਹਾਂ ਨੇ ਮਾਸੀ ਦੇ ਘਰ ਫੋਨ ਕੀਤਾ। ਪਰਿਵਾਰ ਦਾ ਹਾਲ ਚਾਲ ਪੁੱਛਿਆ ਤੇ ਫਿਰ ਪੁੱਛਿਆ ਮਾਸੀ ਦਾ ਹਾਲ, ”ਗੱਲ ਕਰਾਇਓ ਖਾਂ ਮਾਸੀ ਨਾਲ।” ”ਉਹ ਤਾਂ ਦੂਜੇ ਕਮਰੇ ਵਿੱਚ ਸੁੱਤੀ ਆ।” ”ਚੱਲ ਅਸੀਂ ਕਰਵਾ ਦਿੰਨੇ ਆਂ ਤੁਹਾਡੀ ਮਾਸੀ ਨਾਲ ਗੱਲ।” ਇਸ ਤੋਂ ਅੱਗੇ ਨਾ ਕੁਝ ਕਹਿਣ ਦੀ ਲੋੜ ਸੀ ਨਾ ਸੁਣਨ ਦੀ। ਨਿਆਗਰਾ ਫਾਲਜ਼ ਦਾ ਹੱਜ ਕਰਨ ਗਏ ਜਿਹੜਾ ਬੋਝ ਉਹ ਲਾਹ ਕੇ ਆਏ ਸਨ, ਉਹ ਬੋਝ ਕਈ ਗੁਣਾ ਵਧ ਕੇ ਉਨ੍ਹਾਂ ਦੇ ਸਿਰ ‘ਤੇ ਸਵਾਰ ਸੀ। ਉਂਝ ਬਰਾੜ ਪਰਿਵਾਰ ਹੈਰਾਨ ਸੀ ਕਿ ਯਾਰ ਇੰਝ ਵੀ ਹੋ ਜਾਂਦੀ ਹੈ?
ਮਾਸੀ ਹੁਣ ਨਿਆਗਰਾ ਫਾਲਜ਼ ਵਾਲੀ ਮਾਸੀ ਹੋ ਗਈ ਸੀ ਤੇ ਆਪਣੇ ਨਵੇਂ ਟੱਬਰ ਵਿੱਚ ਖ਼ੁਸ਼ ਸੀ।