ਸਿੱਖਿਆ ਮੇਰੀ ਬੰਨ੍ਹ ਲੈ ਪੱਲੇ
ਤੁਰਨਾ ਹੈ ਜਦ ਕਦੀ ਵੀ ਕੱਲੇ
ਸੋਚ ਸਮਝਕੇ ਕਦਮ ਵਧਾਉਣੇ
ਜੀਵਨ ਮੁੰਦਰੀ ਨਗ ਹੁੰਦੀ ਏ
ਧੀਏ ਨੀ ਇਹ ਯਾਦ ਰੱਖੀਂ
ਧੀ ਬਾਬਲ ਦੀ ਪੱਗ ਹੁੰਦੀ ਏ
ਕਾਬੂ ਰੱਖ ਲਈ ਵਲਵਲੇ ਮਨ ਦੇ
ਦੇਰ ਨਹੀਂ ਲੱਗਦੀ ਭਾਂਬੜ ਬਣਦੇ
ਉਸ ਥਾਂ ਜਾਣਾ ਭੁੱਲਕੇ ਵੀ ਨਾ
ਜਿਸ ਥਾਂ ਮੱਚਦੀ ਅੱਗ ਹੁੰਦੀ ਏ
ਧੀਏ ਨੀ ਇਹ ਯਾਦ ਰੱਖੀਂ
ਧੀ ਬਾਬਲ ਦੀ ਪੱਗ ਹੁੰਦੀ ਏ
ਚੜ੍ਹਦੀ ਉਮਰ ਅਣਭੋਲ ਹੈ ਹੋਵੇ
ਹੋਏ ਜਜ਼ਬਾਤੀ ਨਬਜ਼ ਨਾ ਟੋਹਵੇ
ਠੱਗ ਲੈਂਦੀ ਆ ਗੱਲਾਂ ‘ਚ ਲੈਕੇ
ਦੁਨੀਆਂ ਚੰਦਰੀ ਠੱਗ ਹੁੰਦੀ ਏ
ਧੀਏ ਨੀ ਇਹ ਯਾਦ ਰੱਖੀਂ
ਧੀ ਬਾਬਲ ਦੀ ਪੱਗ ਹੁੰਦੀ ਏ
ਇਹ ਨਾ ਸੋਚੀਂ ਬੰਧਨ ਲਉਨਾਂ
ਮੈਂ ਤੇ ਤੇਰਾ ਭਲਾ ਹਾਂ ਚਾਹੁੰਨਾ
ਸੋਲਾਂ ਤੋਂ ਲੈ ਬਾਈ ਤਕ ਦੀ
ਉਮਰ ਬੜੀ ਲਾਈ ਲੱਗ ਹੁੰਦੀ ਏ
ਧੀਏ ਨੀ ਇਹ ਯਾਦ ਰੱਖੀਂ
ਧੀ ਬਾਬਲ ਦੀ ਪੱਗ ਹੁੰਦੀ ਏ
‘ਬੋਪਾਰਾਏ’ ਸੱਥ ਵਿੱਚ ਬਹਿਕੇ
ਮਾਣ ਕਰੇ ਤੇਰਾ ਨਾਂ ਲੈਕੇ
ਬਣਦੀ ਮਾਣ ਹੈ ਮਾਪਿਆਂ ਦਾ
ਧੀ ਜੋ ਸੁੱਘੜ ਸਲੱਗ ਹੁੰਦੀ ਏ
ਧੀਏ ਨੀ ਇਹ ਯਾਦ ਰੱਖੀਂ
ਧੀ ਬਾਬਲ ਦੀ ਪੱਗ ਹੁੰਦੀ ਏ
ਲਿਖਤ : ਭੁਪਿੰਦਰ ਸਿੰਘ ਬੋਪਾਰਾਏ
ਸੰਪਰਕ : 97797-91442