Friday, November 22, 2024
7.2 C
Vancouver

ਕੀ ਖੱਟਿਆ ਅਸੀਂ ਪੰਜਾਬ ਸੂਬਾ ਲੈ ਕੇ …

 

ਲਿਖਤ : ਡਾ. ਪ੍ਰਿਥੀ ਪਾਲ ਸਿੰਘ ਸੋਹੀ
ਫੋਨ: 604-653-7889
ਪਹਿਲਾਂ 1947 ਵਿਚ ਧਰਮ ਦੇ ਆਧਾਰ ‘ਤੇ ਭਾਰਤ ਦੀ ਵੰਡ ਕੀਤੀ ਗਈ ਸੀ ਤੇ ਵੰਡ ਵਿਚ ਪੰਜਾਬੀਆਂ ਨੂੰ ਵੰਡਿਆ ਗਿਆ। 70 ਪਰਸੈਂਟ ਤੋਂ ਵੱਧ ਪੰਜਾਬੀ ਪਾਕਿਸਤਾਨ ਵਿਚ ਰਹਿ ਗਏ ਸਨ। ਫਿਰ 1948 ਵਿਚ ਪੰਜਾਬ ਵਿਚੋਂ ਕੁਝ ਪਹਾੜੀ ਖੇਤਰ ਕੱਢ ਕੇ ਹਿਮਾਚਲ ਨਾਮ ਦਾ ਚੀਫ ਕਮਿਸ਼ਨਰ ਪ੍ਰਾਂਤ ਬਣਾ ਦਿੱਤਾ ਗਿਆ, ਪੰਜਾਬੀ ਫਿਰ ਵੰਡੇ ਗਏ। ਅਕਾਲੀ ਦਲ ਵੱਲੋਂ ਵਿੱਢੇ ਲੰਬੇ ਸੰਘਰਸ਼ ਤੋਂ ਬਾਅਦ ਇੱਕ ਨਵੰਬਰ 1966 ਤੋਂ ਬੋਲੀ ਦੇ ਆਧਾਰ ‘ਤੇ ਨਵਾਂ ਪੰਜਾਬ ਹੋਂਦ ਵਿਚ ਲਿਆਂਦਾ ਗਿਆ। ਪੰਜਾਬੀਆਂ ‘ਤੇ ਫਿਰ ਕੁਹਾੜਾ ਚੱਲਿਆ, ਦਿੱਲੀ ਤੱਕ ਫੈਲੇ ਪੰਜਾਬੀ ਛੋਟੇ ਜਿਹੀ ਸੂਬੀ ਤੱਕ ਸੀਮਤ ਹੋ ਗਏ। ਕੁੱਲੂ, ਲਾਹੁਲ, ਸਪਿਤੀ ਅਤੇ ਕਾਂਗੜਾ ਦੇ ਪੰਜਾਬੀਆਂ ਨੂੰ ਪੰਜਾਬ ਨਾਲੋਂ ਕੱਟ ਕੇ, ਹਿਮਾਚਲ ਨਾਲ ਜੋੜ ਦਿੱਤਾ ਅਤੇ ਹਿਸਾਰ, ਜੀਂਦ, ਕਰਨਾਲ, ਅੰਬਾਲਾ ਗੱਲ ਕੀ ਦਿੱਲੀ ਤੱਕ ਫੈਲੇ ਪੰਜਾਬੀਆਂ ਨੂੰ ਪੰਜਾਬੀਅਤ ਤੋਂ ਦਰ ਕਿਨਾਰ ਕਰਾ ਦਿੱਤਾ ਗਿਆ। ਦਿੱਲੀ ਭਾਵੇਂ ਵੱਖਰਾ ਖੇਤਰ ਸੀ ਪਰ 1966 ਤੱਕ ਦਿੱਲੀ ਦੇ ਅੱਧੇ ਲੋਕ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਸਨ। ਹਰਿਆਣਾ, ਹਿਮਾਚਲ ਅਤੇ ਦਿੱਲੀ ਦੇ ਲੋਕ ਭਾਵੇਂ ਠੇਠ ਪੰਜਾਬੀ ਨਹੀਂ ਸਨ ਬੋਲਦੇ, ਪਰ ਉਹ ਆਪਣੀ ਸੱਭਿਆਚਾਰਕ ਪਛਾਣ ਪੰਜਾਬੀ ਹੀ ਦੱਸਦੇ ਸਨ। ਇੱਕ ਨਵੰਬਰ 1966 ਤੋਂ ਬਾਅਦ ਉਨ੍ਹਾਂ ਦੀ ਪਛਾਣ ਬਦਲ ਗਈ, ਉਹ ਆਪਣੇ ਆਪ ਨੂੰ ਹਰਿਆਣਵੀ, ਹਿਮਾਚਲੀ ਜਾਂ ਦਿੱਲੀ ਵਾਲੇ ਕਹਿਣ ਲੱਗ ਪਏ। ਅਸਲ ਵਿਚ ਸ੍ਰੋਮਣੀ ਅਕਾਲੀ ਦਲ ਜਦੋਂ ਅੰਗੇਰਜ਼ਾਂ ਤੋਂ ਸਿੱਖਾਂ ਲਈ ਕੋਈ ਵੱਖਰਾ ਰਾਜਨੀਤਕ ਖਿੱਤਾ ਲੈਣ ਵਿਚ ਫੇਲ੍ਹ ਹੋ ਗਿਆ ਤਾਂ ਉਸ ਨੇ ਆਪਣੀਆਂ ਰਾਜਨੀਤਕ ਸੱਤਾ ਪ੍ਰਾਪਤੀ ਦੀਆਂ ਲਾਲਸਾਵਾਂ ਨੂੰ ਪੂਰਾ ਕਰਨ ਲਈ 1948 ਤੋਂ ਹੀ ਯਤਨ ਆਰੰਭ ਦਿੱਤੇ ਸਨ। ਬਾਅਦ ਵਿਚ ਜਦੋਂ ਅੰਬੇਦਕਰ ਵਰਗੇ ਲੀਡਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਧਰਮ ਦੇ ਆਧਾਰ ‘ਤੇ ਨਵਾਂ ਸੂਬਾ ਹੁਣ ਨਹੀਂ ਲਿਆ ਜਾ ਸਕਦਾ, ਕੇਂਦਰੀ ਕਮਿਸ਼ਨ ਭਾਸ਼ਾ ਦੇ ਆਧਾਰ ‘ਤੇ ਸੂਬੇ ਬਣਾਉਣ ਲਈ ਬਣ ਰਿਹਾ ਹੈ, ਫਿਰ ਅਕਾਲੀ ਆਗੂਆਂ ਨੇ ਧਰਮ ਦਾ ਨਾਮ ਲਏ ਬਗੈਰ, ਪੰਜਾਬੀ ਭਾਸ਼ਾ ਨੂੰ ਮੋਹਰੇ ਰੱਖ ਕੇ ਆਪਣੀਆਂ ਧਾਰਮਿਕ ਅਤੇ ਰਾਜਨੀਤਕ ਖਾਹਿਸ਼ਾਂ ਦੀ ਪੂਰਤੀ ਲਈ ਸੰਘਰਸ਼ ਵਿੱਢ ਦਿੱਤਾ। ਇਸ ਤਰ੍ਹਾਂ ਅਕਾਲੀ ਦਲ ਦੁਆਰਾ ਪੰਜਾਬੀ ਸੂਬੇ ਦੀ ਮੰਗ ਪਿੱਛੇ ਦੋ ਮੁੱਖ ਮੰਤਵ ਬਣ ਗਏ। ਪਹਿਲਾ ਪੰਜਾਬੀ ਬੋਲੀ ਦੀ ਰੱਖਿਆ ਅਤੇ ਵਿਸਥਾਰ, ਦੂਜਾ ਲੁਕਵਾਂ, ਪਰ ਅਸਲ ਮੁੱਦਾ ਸੀ ਸੱਤਾ ਦੀ ਲਾਲਸਾ। ਨਵਾਂ ਪੰਜਾਬੀ ਸੂਬਾ ਬਣਨ ਨਾਲ ਪੰਜਾਬੀ ਬੋਲੀ ਦਾ ਵਿਸਥਾਰ ਤਾਂ ਸਗੋਂ ਰੁਕ ਗਿਆ, ਪੰਜਾਬੀ ਬੋਲੀ ਦਾ ਘੇਰਾ ਸੀਮਤ ਹੋ ਗਿਆ। ਲਾਹੁਲ ਸਪਿਤੀ, ਕੁੱਲੂ, ਸ਼ਿਮਲਾ, ਕਾਂਗੜਾ ਅਤੇ ਇੱਧਰ ਦਿੱਲੀ ਤੱਕ ਪੰਜਾਬੀ ਬੋਲਣ ਵਾਲੇ ਲੋਕ ਹੁੰਦੇ ਸਨ ਜੋ ਛੋਟੇ ਜਿਹੇ ਖੇਤਰ ਵਿਚ ਸਿਮਟ ਕੇ ਰਹਿ ਗਏ। ਅੱਜ ਲੋਕ ਕਹਿ ਰਹੇ ਹਨ ਕਿ ਹੁਣ ਘਰਾਂ ਵਿਚ ਬੱਚੇ ਪੰਜਾਬੀ ਨਾਲੋਂ ਵੱਧ ਹਿੰਦੀ ਬੋਲਦੇ ਹਨ। ਸਕੂਲਾਂ ਵਿਚ ਵੀ ਹਿੰਦੀ ਅਤੇ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਸੋ ਪੰਜਾਬੀ ਦੇ ਵਿਕਾਸ ਵਾਲਾ ਮਿਸ਼ਨ ਫੇਲ੍ਹ ਰਿਹਾ। ਇਹ ਫੇਲ੍ਹ ਹੋਣਾ ਹੀ ਸੀ ਕਿਉਂਕਿ ਪੰਜਾਬੀ ਸੂਬੇ ਦੇ ਸੰਘਰਸ਼ ਲਈ ਇਹ ਅਸਲ ਮੁੱਦਾ ਹੈ ਹੀ ਨਹੀਂ ਸੀ। ਅਸਲ ਮੁੱਦਾ ਤਾਂ ਸੱਤਾ ਨੂੰ ਹਾਸਲ ਕਰਨ ਦਾ ਸੀ। 1966 ਦੀ ਵੰਡ ਤੋਂ ਬਾਅਦ ਪਹਿਲੀਆਂ ਚੋਣਾਂ 1967 ਵਿਚ ਹੋਈਆਂ ਅਕਾਲੀ ਦਲ ਇੰਨੇ ਵੱਡੇ ਸੰਘਰਸ਼ ਤੋਂ ਬਾਅਦ ਵੀ ਇਕੱਲਾ ਬਹੁਮੱਤ ਨਾ ਲੈ ਸਕਿਆ, ਸਰਕਾਰ ਟੁੱਟ ਗਈ ਤੇ ਫਿਰ 1969 ਵਿਚ ਵੋਟਾਂ ਪਈਆਂ ਅਕਾਲੀ ਦਲ ਫਿਰ ਵੀ ਬਹੁਮੱਤ ਨਾ ਲੈ ਸਕਿਆ, ਪਰ 1970 ਵਿਚ ਮਿਲੀ-ਜੁਲੀ ਸਰਕਾਰ ਵਿਚ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਛੋਟੀ ਉਮਰ ਵਾਲੇ ਮੁੱਖ ਮੰਤਰੀ ਜ਼ਰੂਰ ਬਣ ਗਏ। ਦੋਵੇਂ ਵਾਰ ਸਰਕਾਰ ਬਣਾਉਣ ਲਈ ਉਸੇ ਜਨ ਸੰਘ ਦਾ ਸਹਾਰਾ ਲੈਣਾ ਪਿਆ ਜੋ ਪੰਜਾਬੀ ਸੂਬੇ ਦਾ ਵਿਰੋਧ ਕਰਦੇ ਸਨ। ਸਰਕਾਰ ਫਿਰ ਟੁੱਟ ਗਈ। 1971-72 ਵਿਚ ਲੋਕਾਂ ਨੇ ਅਕਾਲੀਆਂ ਨੂੰ ਪਰਾਂ ਕਰ ਕੇ ਉਸੇ ਕਾਂਗਰਸ ਨੂੰ ਫਿਰ ਵੱਡੀ ਜਿੱਤ ਦਵਾ ਦਿੱਤੀ ਜੋ ਪੰਜਾਬੀ ਸੂਬੇ ਦਾ ਵਿਰੋਧ ਕਰਦੀ ਸੀ ਅਤੇ ਮਹਾਂ ਪੰਜਾਬ ਦੀ ਗੱਲ ਕਰਦੀ ਸੀ। ਅਕਾਲੀ ਸੱਤਾ ਤੋਂ ਫੇਰ ਪਰਾਂ ਰਹੇ। ਬਾਅਦ ਵਿਚ ਕਦੇ ਅਕਾਲੀ ਤੇ ਕਦੇ ਕਾਂਗਰਸੀ ਸੱਤਾ ਵਿਚ ਆਉਂਦੇ ਰਹੇ। ਅਕਾਲੀਆਂ ਦੀ ਸੱਤਾ ਦੀ ਲਾਲਸਾ ਵੀ ਅਸਲ ਵਿਚ ਪੂਰੀ ਨਾ ਹੋ ਸਕੀ। ਪੰਜਾਬੀ ਸੂਬਾ ਬਣਨ ਤੋਂ ਤਿੰਨ ਸਾਲ ਬਾਅਦ ਮੁੱਖ ਮੰਤਰੀ ਬਣ ਕੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਰਾਜਨੀਤਕ ਸੀਨ ‘ਤੇ ਆ ਗਏ ਸਨ, ਉਨ੍ਹਾਂ ਨੇ ਸਿੱਖ ਭਾਵਨਾਵਾਂ ਦੀ ਵਰਤੋਂ ਜਾਂ ਸ਼ੋਸ਼ਣ ਕਰ ਕੇ ਕਈ ਵਾਰ ਸੱਤਾ ਦੀ ਵਾਗਡੋਰ ਸੰਭਾਲੀ, ਪਰ ਆਖਰ ਪਰਿਵਾਰਵਾਦ ਨੂੰ ਤਰਜੀਹ ਦੇ ਕੇ ਜੋ ਕੁਝ ਸਿੱਖ ਸਮਾਜ ਜਾਂ ਪੰਜਾਬ ਲਈ ਕੀਤਾ ਉਹ ਸਭ ਦੇ ਸਾਹਮਣੇ ਹੈ। ਅਕਾਲੀ ਦਲ ਦੇ ਸੰਘਰਸ਼ ਦਾ ਸਭ ਤੋਂ ਵੱਧ ਫਾਇਦਾ ਹੋਇਆ ਹਰਿਆਣਵੀਆਂ ਨੂੰ, ਜਿਨ੍ਹਾਂ ਨੂੰ ਬਿਨਾਂ ਮੰਗਿਆਂ ਪਲੇਟ ਵਿਚ ਰੱਖ ਕੇ ਅਕਾਲੀਆਂ ਨੇ ਹਰਿਆਣਾ ਦਵਾ ਦਿੱਤਾ, ਤੇ ਉਥੇ ਬਾਦਲ ਸਾਹਿਬ ਦੇ ਜੁੱਟੀ ਦੇ ਯਾਰ ਹੀ ਨਵੇਂ ਹਾਕਮ ਬਣ ਗਏ। 1966 ਵਿਚ ਇੰਦਰਾ ਗਾਂਧੀ ਦੀ ਕਮਾਂਡ ਹੇਠ ਜੋ ਨਵਾਂ ਪੰਜਾਬ ਬਣਾਇਆ ਤਾਂ ਚੰਡੀਗੜ੍ਹ, ਅਬੋਹਰ ਅਤੇ ਫਾਜ਼ਿਲਕਾ ਦੇ ਪੰਜਾਬੀ ਬੋਲਦੇ ਇਲਾਕੇ ਉਸ ਤੋਂ ਦੂਰ ਰੱਖ ਗਏ, ਅਕਾਲੀਆਂ ਨੇ ਇਸ ਦਾ ਵਿਰੋਧ ਤਾਂ ਕੀਤਾ ਪਰ 1967 ਦੀਆਂ ਚੋਣਾਂ ਵਿਚ ਹਿੱਸਾ ਲੈ ਕੇ, ਇਸ ਨੂੰ ਇਕ ਤਰ੍ਹਾਂ ਪ੍ਰਵਾਨ ਕਰ ਲਿਆ। ਇਨ੍ਹਾਂ ਇਲਾਕਿਆਂ ਨੂੰ ਲੈਣ ਲਈ ਫਿਰ ਨਵਾਂ ਸੰਘਰਸ਼ ਵਿੱਢ ਦਿੱਤਾ। ਬਾਅਦ ਦੀਆਂ ਸਾਰੀਆਂ ਹੀ ਚੋਣਾਂ ਵਿਚ ਉਹ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਲਈ ਸੰਘਰਸ਼ ਕਰਨ ਦੇ ਨਾਮ ‘ਤੇ ਵੋਟਾਂ ਲੈਂਦੇ ਰਹੇ। ਇਤਿਹਾਸ ਗਵਾਹ ਹੈ ਕਿ ਅੰਗਰੇਜ਼ਾਂ ਸਮੇਂ ਗੁਰਦੁਆਰਿਆਂ ਨੂ ੰ ਮਹੰਤਾਂ ਤੋ ਂ ਆਜ਼ਾਦ ਕਰਵਾਉਣ ਤੋਂ ਬਾਅਦ ਅਕਾਲੀ ਦਲ ਨੇ ਕਦੇ ਵੀ ਪੰਜਾਬ ਲਈ ਕੋਈ ਸਾਰਥਕ ਸਹੀ ਕੰਮ ਨਹੀਂ ਕੀਤਾ। ਸਾਰੇ ਮੋਰਚਿਆਂ ਪਿਛੇ ਸੱਤਾ ਦਾ ਲਾਲਚ ਹੁੰਦਾ ਸੀ ਅਤੇ ਇਹ ਮੋਰਚੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਿਚ ਸਹਾਈ ਹੁੰਦੇ ਰਹੇ। ਆਜ਼ਾਦੀ ਮੌਕੇ ਜਦੋਂ ਜਿਨਾਹ ਅਤੇ ਨਹਿਰੂ ਪਾਕਿਸਤਾਨ ਅਤੇ ਭਾਰਤ ਲਈ ਵਕਾਲਤ ਕਰ ਰਹੇ ਸਨ, ਅਕਾਲੀ ਦਲ ਕਦੇ ਵੀ ਸਿੱਖਾਂ ਲਈ ਵੱਖਰੇ ਰਾਜ ਦੀ ਮੰਗ ਠੋਸ ਅਤੇ ਧੜੱਲੇ ਭਰੇ ਢੰਗ ਨਾਲ ਅੰਗਰੇਜ਼ਾਂ ਤੱਕ ਨਹੀਂ ਪਹੁੰਚਾ ਸਕਿਆ। ਠੀਕ ਹੈ ਕਿ ਉਸ ਸਮੇਂ ਪੰਜਾਬ ਵਿਚ ਸਿੱਖਾਂ ਦੀ ਗਿਣਤੀ ਸਿਰਫ 13 ਪਰਸੈਂਟ ਸੀ, ਇੱਕ ਦੋ ਤਹਿਸੀਲਾਂ ਨੂੰ ਛੱਡ ਕੇ ਇਹ ਕਿਧਰੇ ਵੀ ਬਹੁਮੱਤ ਵਿਚ ਨਹੀਂ ਸਨ, ਜੇ ਧਰਮ ਦੇ ਆਧਾਰ ‘ਤੇ ਨਹੀਂ ਤਾਂ ਉਹ ਪੁਰਾਣੇ ਸਿੱਖ ਰਾਜ, ਜਿਸ ਨੂੰ ਅੰਗੇਰਜ਼ਾਂ ਨੇ ਹਥਿਆਇਆ ਸੀ, ਦੇ ਆਧਾਰ ‘ਤੇ ਇੱਕ ਸੈਕੂਲਰ ਪੰਜਾਬ ਸਥਾਪਤ ਕਰਨ ਦਾ ਮੁੱਦਾ ਵੀ ਧੜੱਲੇ ਨਾਲ ਨਹੀਂ ਉਠਾ ਸਕੇ। ਇੱਕ ਪੱਖ ਇਹ ਵੀ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦਾ ਰਾਜਨੀਤਕ ਕੱਦ ਜਿਨਾਹ ਅਤੇ ਨਹਿਰੂ ਦੇ ਮੁਕਾਬਲੇ ਬਹੁਤ ਛੋਟਾ ਸੀ। ਉਹ ਅੰਗਰੇਜ਼ਾਂ ਨਾਲ ਧੜੱਲੇ ਨਾਲ ਗੱਲ ਕਰਨ ਦੀ ਸਮਰੱਥਾ ਨਹੀਂ ਸੀ ਰੱਖਦੇ ਅਤੇ ਨਾ ਹੀ ਉਨ੍ਹਾਂ ਨੂੰ ਡਿਪਲੋਮੇਸੀ ਆਉਂਦੀ ਸੀ। ਉਹ ਕਦੇ ਜਿਨਾਹ ਨਾਲ ਅਤੇ ਕਦੇ ਨਹਿਰੂ ਨਾਲ ਬਾਰਗੇਨਿੰਗ ਕਰਦੇ ਰਹੇ। ਉਹ ਵਿਜ਼ਨਰੀ ਆਗੂ ਨਹੀਂ ਸਨ। ਅਸਲ ਵਿਚ ਮਾਸਟਰ ਤਾਰਾ ਸਿੰਘ ਅੰਗਰੇਜ਼ ਹਾਕਮਾਂ ਨੂੰ ਮਿਲਣ ਦਾ ਹੀਂਆਂ ਜਾਂ ਦਲੇਰੀ ਹੀ ਨਹੀਂ ਸਨ ਰੱਖਦੇ। ਅਕਾਲੀ ਆਗੂਆਂ ਪਾਸ ਇੱਕ ਵਿਕਲਪ ਬੋਲੀ ਦੇ ਆਧਾਰ ‘ਤੇ ਵੱਖਰਾ ਦੇਸ਼ ਮੰਗਣ ਦਾ ਵੀ ਸੀ। ਉਸ ਸਮੇਂ ਲਾਰਡ ਮੈਕਡੌਨਲਡ ਨੇ ਸਿੱਖ ਆਗੂਆਂ ਨੂੰ ਪੰਜਾਬੀ ਭਾਸ਼ਾ ਦੇ ਆਧਾਰ ‘ਤੇ ਵੱਖਰਾ ਦੇਸ਼ ਮੰਗਣ ਲਈ ਇੱਕ ਅੱਧ ਵਾਰ ਗੱਲ ਕਹੀ ਦੱਸੀ ਜਾਂਦੀ ਹੈ, ਪਰ ਉਸ ਸਮੇਂ ਪੰਜਾਬੀ ਬੋਲੀ ਦੇ ਆਧਾਰ ‘ਤੇ ਵੀ ਉਹ ਲਹਿਰ ਖੜੀ ਨਹੀਂ ਕਰ ਸਕੇ। ਪਰ ਇਸ ਲਈ ਲੋਕ ਲਹਿਰ ਖੜੀ ਕਰਨ ਲਈ ਅਤੇ ਇਸ ਦੇ ਹੱਕ ਵਿਚ ਬਿਰਤਾਂਤ ਖੜਾ ਕਰਨ ਲਈ, ਵੱਡੀ ਸੁਲਝੀ ਹੋਈ ਧੜੱਲੇਦਾਰ ਲੀਡਰਸ਼ਿਪ ਦੀ ਲੋੜ ਸੀ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੱਜ ਤੱਕ ਵੀ ਸਿੱਖਾਂ ਨੂੰ ਕੋਈ ਵਿਜ਼ਨਰੀ, ਦੂਰ ਅੰਦੇਸ਼, ਸਟੇਟਸਮੈਨਸ਼ਿੱਪ ਵਾਲਾ ਲੀਡਰ ਨਹੀਂ ਮਿਲਿਆ। ਉਹੀ ਲੀਡਰਸ਼ੀਪ ਜੋ ਅੰਗਰੇਜ਼ਾਂ ਵੇਲੇ ਪੰਜਾਬੀ ਬੋਲੀ ਦੇ ਆਧਾਰ ‘ਤੇ ਵੱਖਰਾ ਦੇਸ਼ ਬਣਾਉਣ ਲਈ ਸਾਰਥਕ ਸੰਘਰਸ਼ ਤੋਂ ਖੁੰਝ ਗਈ ਸੀ, ਨੇ ਬਾਅਦ ਵਿਚ ਉਸ ਬੋਲੀ ਦੇ ਆਧਾਰ ‘ਤੇ ਹੀ ਪੰਜਾਬੀ ਸੂਬੀ ਬਣਾਉਣ ਲਈ ਮਰਨ ਵਰਤ ਰੱਖਣੇ ਸ਼ੁਰੂ ਕਰ ਦਿੱਤੇ। ਸੂਬੇ ਦੇ ਮਸਲੇ ਨੂ ੰ ਸਿੱਖ ਧਰਮ ਨਾਲ ਜੋੜ ਕੇ, ਹਰਿਮੰਦਰ ਸਾਹਿਬ ਕੰਪਲੈਕਸ ਵਿਚੋ ਂ ਸੰਘਰਸ਼ੀਆਂ ਨੂੰ ਮੋਰਚਿਆਂ ਵਿਚ ਭੇਜਣ ਦੀ ਕਿਰਿਆ ਸ਼ੁਰੂ ਕਰ ਕੇ, ਭਾਸ਼ਾਈ ਸੰਘਰਸ਼ ਨੂੰ ਵੀ ਕਮਿਊਨਲ ਰੂਪ ਦੇ ਦਿੱਤਾ, ਜਿਸ ਕਾਰਨ ਪਾਕਿਸਤਾਨ ਵੰਡ ਤੋਂ ਬਾਅਦ ਸਹਿਮੇ ਹਿੰਦੂਆਂ ਨੂੰ ਮਹਾਸ਼ਾ ਪਰੈਸ ਨੇ ਹੋਰ ਟੂਲ ਦੇ ਦਿੱਤੀ ਤੇ ਉਹ ਡਰ ਕਾਰਨ ਪੰਜਾਬੀ ਮਾਂ ਬੋਲੀ ਤੋਂ ਹੀ ਕਿਨਾਰਾ ਕਰ ਗਏ। ਇਸ ਡਰ ਅਧੀਨ ਪੰਜਾਬੀ ਹਿੰਦੂਆਂ ਨੇ ਮਜਬੂਰੀ ਵਸ ਆਪਣੀ ਮਾਂ ਭਾਸ਼ਾ ਹਿੰਦੀ ਘੋਸ਼ਤ ਕਰ ਦਿੱਤੀ। ਸਿੱਟੇ ਵਜੋਂ 1951 ਅਤੇ 1961 ਵਿਚ ਹਿੰਦੀ ਨੂੰ ਮਾਤ ਭਾਸ਼ਾ ਲਿਖਵਾ ਦਿੱਤਾ ਜਿਸ ਕਾਰਨ ਅੰਬਾਲਾ, ਹਿਸਾਰ, ਜੀਂਦ ਅਤੇ ਕਰਨਾਲ ਦੇ ਪੰਜਾਬੀ ਬੋਲਣ ਵਾਲੇ ਹਿੰਦੂ ਵੀ ਪੰਜਾਬੀ ਦੀ ਥਾਂ ਹਿੰਦੀ ਭਾਸ਼ਾਈ ਬਣ ਗਏ। ਇਹ ਖੇਤਰ ਜੋ ਪੰਜਾਬ ਵਿਚ ਆ ਸਕਦੇ ਸਨ, ਅਕਾਲੀਆਂ ਅਤੇ ਸੰਘੀਆਂ ਦੇ ਸੰਪਰਦਾਇਕ ਏਜੰਡਿਆਂ ਕਾਰਨ ਵਰਤਮਾਨ ਪੰਜਾਬ ਤੋਂ ਬਾਹਰ ਰਹਿ ਗਏ। ਅਸਲ ਵਿਚ ਤਾਂ 1947 ਤੋਂ ਬਾਅਦ ਬਣੇ ਪੰਜਾਬੀ ਸੂਬੇ ਨੂੰ ਬੋਲੀ ਦੇ ਆਧਾਰ ‘ਤੇ ਵੰਡਣ ਦੀ ਲੋੜ ਹੀ ਨਹੀਂ ਸੀ। ਬੋਲੀ ਦੇ ਆਧਾਰ ‘ਤੇ ਵੰਡ ਦਾ ਅਰਥ ਸੀ ਪੰਜਾਬੀਆਂ ਨੂੰ ਵੰਡਣਾ ਤੇ ਉਹ ਵੰਡ ਦਿੱਤਾ ਜਿਸ ਦਾ ਸੰਤਾਪ ਪੰਜਾਬੀ ਅੱਜ ਤੱਕ ਭੋਗ ਰਹੇ ਹਨ। ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ, ਪਾਣੀਆਂ ਦੀ ਵੰਡ ਆਦਿ ਸਭ ਇਸ ਵੰਡ ਦੇ ਹੀ ਨਤੀਜੇ ਹਨ। ਰਾਜਨੀਤਕ ਪਾਰਟੀਆਂ ਅਤੇ ਆਗੂਆਂ ਲਈ ਇਹ ਮੁੱਦੇ ਹਨ, ਪਰ ਆਮ ਪੰਜਾਬੀਆਂ ਲਈ ਇਹ ਸੰਤਾਪ ਹੈ। ਅੱਜ ਹਰ ਸਮੇਂ ਇਨ੍ਹਾਂ ਮੁੱਦਿਆਂ ‘ਤੇ ਸਿਆਸਤ ਹੁੰਦੀ ਰਹਿੰਦੀ ਹੈ। ਖੈਰ ਵਿਸ਼ਾਲ ਹਿਰਦੇ ਅਤੇ ਸੋਚ ਵਾਲੇ ਪੰਜਾਬੀ ਛੋਟੇ ਜਿਹੇ ਖਿੱਤੇ ਵਿਚ ਸੁੰਗੜ ਕੇ ਨਹੀਂ ਸਨ ਰਹਿ ਸਕਦੇ। ਉਨ੍ਹਾਂ ਨੇ ਭਾਰਤ ਵਿਚ ਫੈਲਣ ਦੇ ਨਾਲ ਨਾਲ ਦੁਨੀਆਂ ਵਿਚ ਫੈਲਣਾ ਸ਼ੁਰੂ ਕਰ ਦਿੱਤਾ। ਅੱਜ ਉਨ੍ਹਾਂ ਦੀਆਂ ਹੱਦਾਂ ਤਕਰੀਬਨ 150 ਦੇਸ਼ਾਂ ਤੱਕ ਫੈਲ ਗਈਆਂ ਹਨ। 50 ਲੱਖ ਦੇ ਕਰੀਬ ਪੰਜਾਬੀ ਵਿਸ਼ਵ ਧਰਾਤਲ ‘ਤੇ ਪੰਜਾਬੀ ਸੱਭਿਆਚਾਰਕ ਤਹਿਜ਼ੀਬ ਦੀ ਖੁਸ਼ਬੋ ਫੈਲਾਅ ਰਹੇ ਹਨ।