ਵੈਨਕੂਵਰ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਨੇ ਘਰੇਲੂ ਹਿੰਸਾ ਅਤੇ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਆ ਲਈ ਇੱਕ ਇਤਿਹਾਸਕ ਅਤੇ ਵੱਡਾ ਕਦਮ ਚੁੱਕਿਆ ਹੈ। ਸੂਬੇ ਵਿੱਚ ‘ਵੂਮੈਨਜ਼ ਟ੍ਰਾਂਜ਼ਿਸ਼ਨ ਹਾਊਸਿੰਗ ਫੰਡ’ ਦੇ ਇਤਿਹਾਸ ਦੀਆਂ ਹੁਣ ਤੱਕ ਦੀਆਂ ਦੋ ਸਭ ਤੋਂ ਵੱਡੀਆਂ ਇਮਾਰਤਾਂ ਨੂੰ ਖੋਲ੍ਹ ਦਿੱਤਾ ਗਿਆ ਹੈ, ਜਿਸ ਨਾਲ ਲੋੜਵੰਦ ਪਰਿਵਾਰਾਂ ਲਈ 150 ਤੋਂ ਵੱਧ ਨਵੇਂ ਘਰਾਂ ਦਾ ਪ੍ਰਬੰਧ ਹੋਇਆ ਹੈ। ਇਹ ਨਵੇਂ ਰਿਹਾਇਸ਼ੀ ਪ੍ਰੋਜੈਕਟ ਵੈਨਕੂਵਰ ਅਤੇ ਲੈਂਗਲੀ ਵਿੱਚ ਸਥਿਤ ਹਨ ਅਤੇ ਇਨ੍ਹਾਂ ਦਾ ਮੁੱਖ ਉਦੇਸ਼ ਹਿੰਸਾ ਪੀੜਤ ਔਰਤਾਂ ਨੂੰ ਇੱਕ ਸੁਰੱਖਿਅਤ, ਸਥਿਰ ਅਤੇ ਸਨਮਾਨਜਨਕ ਛੱਤ ਮੁਹੱਈਆ ਕਰਵਾਉਣਾ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਨੂੰ ਦੁਬਾਰਾ ਲੀਹ ‘ਤੇ ਲਿਆ ਸਕਣ।
ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਬੀ.ਸੀ. ਹਾਊਸਿੰਗ (BC Housing) ਦੇ ਜ਼ਰੀਏ ਇਨ੍ਹਾਂ ਦੋਵੇਂ ਨਵੀਆਂ ਉਸਾਰੀਆਂ ਗਈਆਂ ਇਮਾਰਤਾਂ ਨੂੰ ਖਰੀਦਿਆ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਲਈ ‘ਵਾਈ.ਡਬਲਿਊ.ਸੀ.ਏ. ਬੀ.ਸੀ.’ (YWCA BC) ਅਤੇ ‘ਇਸ਼ਤਾਰ ਵੂਮੈਨਜ਼ ਰਿਸੋਰਸ ਸੁਸਾਇਟੀ’ ਨਾਲ ਭਾਈਵਾਲੀ ਕੀਤੀ ਗਈ ਹੈ। ਇਹ ਇਮਾਰਤਾਂ ਲੰਬੇ ਸਮੇਂ ਲਈ ਕਿਫਾਇਤੀ ਘਰਾਂ ਅਤੇ ‘ਸੈਕਿੰਡ-ਸਟੇਜ ਹਾਊਸਿੰਗ’ (ਦੂਜੇ ਪੜਾਅ ਦੇ ਰਿਹਾਇਸ਼ੀ ਪ੍ਰਬੰਧ) ਵਜੋਂ ਵਰਤੀਆਂ ਜਾਣਗੀਆਂ। ਹਾਊਸਿੰਗ ਅਤੇ ਮਿਉਂਸੀਪਲ ਮਾਮਲਿਆਂ ਬਾਰੇ ਮੰਤਰੀ ਕ੍ਰਿਸਟੀਨ ਬੋਇਲ ਨੇ ਇਸ ਮੌਕੇ ਕਿਹਾ ਕਿ ਹਿੰਸਾ ਤੋਂ ਬਚਣ ਲਈ ਸੁਰੱਖਿਆ ਦੀ ਭਾਲ ਕਰ ਰਹੀਆਂ ਔਰਤਾਂ ਅਤੇ ਬੱਚਿਆਂ ਨੂੰ ਇਨ੍ਹਾਂ ਨਵੇਂ ਘਰਾਂ ਵਿੱਚ ਸਥਿਰਤਾ ਮਿਲੇਗੀ। ਉਨ੍ਹਾਂ ਕਿਹਾ ਕਿ ਮੁਸ਼ਕਲ ਸਮੇਂ ਦੌਰਾਨ ਸਿਰ ‘ਤੇ ਪੱਕੀ ਛੱਤ ਹੋਣਾ ਬਹੁਤ ਵੱਡੀ ਰਾਹਤ ਦਿੰਦਾ ਹੈ ਅਤੇ ਇਹ ਪ੍ਰੋਜੈਕਟ ਸਰਕਾਰ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੇ ਹਨ ਕਿ ਲੋਕਾਂ ਨੂੰ ਅੱਗੇ ਵਧਣ ਲਈ ਲੋੜੀਂਦਾ ਸਹਿਯੋਗ ਦਿੱਤਾ ਜਾਵੇ।
ਵੈਨਕੂਵਰ ਵਿੱਚ ਸ਼ੁਰੂ ਕੀਤੇ ਗਏ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਇਹ ਪੂਰਬੀ ਵੈਨਕੂਵਰ ਵਿੱਚ ਸਥਿਤ ਹੈ ਅਤੇ ਇਸ ਵਿੱਚ ਕੁੱਲ 78 ਯੂਨਿਟ ਬਣਾਏ ਗਏ ਹਨ। ਇਸ ਇਮਾਰਤ ਦੀ ਖਾਸੀਅਤ ਇਹ ਹੈ ਕਿ ਇੱਥੇ ਹਰ ਤਰ੍ਹਾਂ ਦੇ ਪਰਿਵਾਰਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਸਟੂਡੀਓ ਅਪਾਰਟਮੈਂਟ, ਇੱਕ ਅਤੇ ਦੋ ਬੈੱਡਰੂਮ ਵਾਲੇ ਅਪਾਰਟਮੈਂਟ ਅਤੇ ਤਿੰਨ ਬੈੱਡਰੂਮ ਵਾਲੇ ਟਾਊਨਹੋਮ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 33 ਘਰ ਸੈਕਿੰਡ-ਸਟੇਜ ਟ੍ਰਾਂਜ਼ਿਸ਼ਨ ਹਾਊਸਿੰਗ ਲਈ ਹਨ ਜਦਕਿ 45 ਯੂਨਿਟ ਲੰਬੇ ਸਮੇਂ ਦੇ ਵਸੇਬੇ ਲਈ ਰਾਖਵੇਂ ਹਨ। ਰਿਹਾਇਸ਼ੀਆਂ ਦੀ ਸਹੂਲਤ ਲਈ ਇਹ ਇਮਾਰਤ ਇੱਕ ਵੱਡੇ ਪਾਰਕ ਦੇ ਬਿਲਕੁਲ ਨਾਲ ਸਥਿਤ ਹੈ, ਜਿਸ ਨਾਲ ਬੱਚਿਆਂ ਅਤੇ ਪਰਿਵਾਰਾਂ ਨੂੰ ਖੁੱਲ੍ਹੀ ਹਵਾ, ਖੇਡ ਦੇ ਮੈਦਾਨਾਂ ਅਤੇ ਮਨੋਰੰਜਨ ਸਹੂਲਤਾਂ ਤੱਕ ਆਸਾਨ ਪਹੁੰਚ ਮਿਲਦੀ ਹੈ। ਇਸ ਤੋਂ ਇਲਾਵਾ ਕਰਿਆਨੇ ਦੀਆਂ ਦੁਕਾਨਾਂ, ਸਿਹਤ ਸੇਵਾਵਾਂ ਅਤੇ ਪਬਲਿਕ ਟ੍ਰਾਂਸਪੋਰਟ ਵੀ ਨੇੜੇ ਹੀ ਉਪਲਬਧ ਹਨ। ਇਸ ਇਮਾਰਤ ਦਾ ਸੰਚਾਲਨ YWCA BC ਵੱਲੋਂ ਕੀਤਾ ਜਾ ਰਿਹਾ ਹੈ। ਸੂਬਾ ਸਰਕਾਰ ਨੇ ਇਸ ਪ੍ਰੋਜੈਕਟ ਲਈ 54 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਮੁਹੱਈਆ ਕਰਵਾਈ ਹੈ ਅਤੇ ਸਾਲਾਨਾ ਸੰਚਾਲਨ ਲਈ ਵੀ ਲਗਭਗ 6 ਲੱਖ 48 ਹਜ਼ਾਰ ਡਾਲਰ ਦਿੱਤੇ ਜਾਣਗੇ। This report was written by Ekjot Singh as part of the Local Journalism Initiative.
ਦੂਜੇ ਪਾਸੇ, ਲੈਂਗਲੀ ਦੀ ਟਾਊਨਸ਼ਿਪ ਵਿੱਚ ਬਣੀ ਛੇ ਮੰਜ਼ਿਲਾ ਇਮਾਰਤ ਵੀ ਸਹੂਲਤਾਂ ਪੱਖੋਂ ਕਿਸੇ ਤੋਂ ਘੱਟ ਨਹੀਂ ਹੈ। ਇਸ ਵਿੱਚ ਕੁੱਲ 80 ਯੂਨਿਟ ਹਨ ਜੋ ਸਟੂਡੀਓ ਤੋਂ ਲੈ ਕੇ ਦੋ ਬੈੱਡਰੂਮ ਵਾਲੇ ਘਰਾਂ ਤੱਕ ਹਨ। ਹਰ ਘਰ ਵਿੱਚ ਪੂਰੀ ਰਸੋਈ, ਸਟੋਰੇਜ ਲਾਕਰ, ਪਾਰਕਿੰਗ ਅਤੇ ਛੱਤ ‘ਤੇ ਬਣੀ ਮਨੋਰੰਜਨ ਜਗ੍ਹਾ (rooftop amenity space) ਦੀ ਸਹੂਲਤ ਦਿੱਤੀ ਗਈ ਹੈ। ਇੱਥੇ 33 ਯੂਨਿਟ ਇਸ਼ਤਾਰ ਵੂਮੈਨਜ਼ ਰਿਸੋਰਸ ਸੁਸਾਇਟੀ ਵੱਲੋਂ ਚਲਾਏ ਜਾਣਗੇ ਜੋ ਹਿੰਸਾ ਪੀੜਤਾਂ ਲਈ ਰਾਖਵੇਂ ਹਨ, ਜਦਕਿ ਬਾਕੀ 47 ਯੂਨਿਟਾਂ ਦਾ ਪ੍ਰਬੰਧ YWCA BC ਵੱਲੋਂ ਲੰਬੇ ਸਮੇਂ ਦੇ ਕਿਫਾਇਤੀ ਕਿਰਾਏ ਵਜੋਂ ਕੀਤਾ ਜਾਵੇਗਾ। ਇਸ ਪ੍ਰੋਜੈਕਟ ਲਈ ਸਰਕਾਰ ਨੇ ਲਗਭਗ 50 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ ਅਤੇ ਸਾਲਾਨਾ 1.6 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ ਦਿੱਤੀ ਜਾਵੇਗੀ। ਇਸ਼ਤਾਰ ਵੂਮੈਨਜ਼ ਰਿਸੋਰਸ ਸੁਸਾਇਟੀ ਦੀ ਕਾਰਜਕਾਰੀ ਨਿਰਦੇਸ਼ਕ ਜੂਲੀਆ ਡੇਵਿਡਸਨ ਨੇ ਕਿਹਾ ਕਿ ਇਹ ਲੈਂਗਲੀ ਲਈ ਇੱਕ ਵੱਡੀ ਉਪਲਬਧੀ ਹੈ ਕਿਉਂਕਿ ਇੱਥੇ ਪਹਿਲੀ ਵਾਰ ਔਰਤਾਂ ਅਤੇ ਬੱਚਿਆਂ ਲਈ ‘ਸੈਕਿੰਡ-ਸਟੇਜ ਹਾਊਸਿੰਗ’ ਪ੍ਰੋਗਰਾਮ ਸ਼ੁਰੂ ਹੋਇਆ ਹੈ। ਉਨ੍ਹਾਂ ਮੁਤਾਬਕ ਹੁਣ ਲੈਂਗਲੀ ਵਿੱਚ ਔਰਤਾਂ ਲਈ ਸਹਾਇਤਾ ਦਾ ਚੱਕਰ ਪੂਰਾ ਹੋ ਗਿਆ ਹੈ, ਜੋ ਹਿੰਸਾ ਦੇ ਚੱਕਰ ਨੂੰ ਤੋੜਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਇਹ ਦੋਵੇਂ ਪ੍ਰੋਜੈਕਟ ਬੀ.ਸੀ. ਸਰਕਾਰ ਦੀ 19 ਬਿਲੀਅਨ ਡਾਲਰ ਦੀ ਹਾਊਸਿੰਗ ਯੋਜਨਾ ਦਾ ਹਿੱਸਾ ਹਨ। ਅੰਕੜਿਆਂ ਮੁਤਾਬਕ 2017 ਤੋਂ ਲੈ ਕੇ ਹੁਣ ਤੱਕ ਸੂਬੇ ਵਿੱਚ 93,600 ਤੋਂ ਵੱਧ ਘਰ ਬਣਾਏ ਜਾ ਚੁੱਕੇ ਹਨ ਜਾਂ ਉਸਾਰੀ ਅਧੀਨ ਹਨ। ਲੈਂਗਲੀ ਅਤੇ ਵੈਨਕੂਵਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਘਰ ਬਣੇ ਹਨ। ਲਿੰਗ ਸਮਾਨਤਾ ਲਈ ਸੰਸਦੀ ਸਕੱਤਰ ਜੈਨੀਫਰ ਬਲੈਦਰਵਿਕ ਅਤੇ YWCA BC ਦੀ ਸੀ.ਈ.ਓ. ਏਰਿਨ ਸੀਲੀ ਨੇ ਵੀ ਇਨ੍ਹਾਂ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਘਰੇਲੂ ਹਿੰਸਾ ਔਰਤਾਂ ਦੇ ਬੇਘਰ ਹੋਣ ਦਾ ਇੱਕ ਵੱਡਾ ਕਾਰਨ ਹੈ ਅਤੇ ਜਦੋਂ ਅਸੀਂ ਉਨ੍ਹਾਂ ਲਈ ਸੁਰੱਖਿਅਤ ਅਤੇ ਸਸਤੇ ਘਰਾਂ ਦਾ ਪ੍ਰਬੰਧ ਕਰਦੇ ਹਾਂ, ਤਾਂ ਅਸੀਂ ਅਸਲ ਵਿੱਚ ਸਮੁੱਚੇ ਭਾਈਚਾਰੇ ਨੂੰ ਮਜ਼ਬੂਤ ਅਤੇ ਲਚਕੀਲਾ ਬਣਾ ਰਹੇ ਹੁੰਦੇ ਹਾਂ। ਇਹ ਨਵੇਂ ਘਰ ਪੀੜਤ ਪਰਿਵਾਰਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ ਲੈ ਕੇ ਆਏ ਹਨ।

