Friday, November 22, 2024
6.8 C
Vancouver

ਤਰਨਤਾਰਨ ਦੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਸਰੀ : ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਜਿੱਥੇ 24 ਸਾਲਾ ਨੌਜਵਾਨ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ ਹੈ। ਤਰਨਤਾਰਨ ਦਾ ਰਹਿਣ ਵਾਲਾ ਵਿਪਨ ਅਰੋੜਾ ਜੋ ਕਿ ਸਾਢੇ 7 ਸਾਲ ਪਹਿਲਾਂ ਕੈਨੇਡਾ ਗਿਆ ਸੀ। ਮਾਪਿਆਂ ਨੇ ਆਪਣੇ ਪੁੱਤ ਨੂੰ ਸਟੱਡੀ ਵੀਜ਼ਾ ‘ਤੇ ਕੈਨੇਡਾ ਭੇਜਿਆ ਸੀ। ਮਾਪਿਆਂ ਨੇ ਬੜੇ ਚਾਵਾਂ ਨਾਲ ਆਪਣੇ ਪੁੱਤ ਨੂੰ ਭੇਜਿਆ ਸੀ ਤੇ ਹੁਣ ਉਸਦਾ ਵਿਆਹ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਮੰਦਭਾਗੀ ਖਬਰ ਘਰ ਪਹੁੰਚ ਗਈ ਹੈ। ਹੁਣ ਪਰਿਵਾਰ ਤੋਂ ਇਹ ਦੁੱਖ ਸਹਾਰ ਨਹੀਂ ਹੋ ਰਿਹਾ। ਮਾਪਿਆਂ ਨੇ ਦੱਸਿਆ ਇਹ ਕਿ ਉਹਨਾਂ ਨੂੰ ਫੋਨ ਕਾਲ ਦੇ ਰਾਹੀਂ ਪਤਾ ਲੱਗਿਆ ਕਿ ਉਹਨਾਂ ਦੇ ਪੁੱਤ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਨੌਜਵਾਨ ਦੇ ਪਿਤਾ ਪੇਸ਼ੇ ਵਜੋਂ ਪੱਤਰਕਾਰ ਹਨ ਤੇ ਆਪਣੇ ਪੁੱਤ ਦੇ ਚੰਗੇ ਭਵਿੱਖ ਲਈ ਉਸ ਨੂੰ ਕੈਨੇਡਾ ਭੇਜਿਆ ਸੀ।
ਹੁਣ ਇਹ ਪਰਿਵਾਰ ਰੋ-ਰੋ ਕੇ ਸਰਕਾਰ ਤੇ ਸਮਾਜ ਸੇਵੀਆਂ ਦੇ ਅੱਗੇ ਇੱਕੋ ਹੀ ਗੁਹਾਰ ਲਗਾ ਰਿਹਾ ਹੈ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਵਿੱਚ ਮਦਦ ਕੀਤੀ ਜਾਏ ਤਾਂ ਜੋ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਆਪਣੇ ਹੱਥੀ ਨਿਭਾ ਸਕਣ।
ਪਰਿਵਾਰ ਆਪਣੇ ਪੁੱਤ ਦਾ ਆਖਰੀ ਵਾਰ ਚਿਹਰਾ ਦੇਖਣਾ ਚਾਹੁੰਦਾ ਹੈ। ਆਪਣੇ ਪੁੱਤ ਦੀ ਬੇਵਕਤੀ ਮੌਤ ਨੂੰ ਲੈ ਕੇ ਪਰਿਵਾਰ ਸਦਮੇ ਦੇ ਵਿੱਚ ਹੈ।