ਸਰੀ, (ਏਕਜੋਤ ਸਿੰਘ): ਸਰੀ ਸ਼ਹਿਰ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਦਾ ਕੇਂਦਰ ਬਣ ਗਿਆ ਹੈ ਕਿਉਂਕਿ ਇੱਥੇ ਪ੍ਰਸਿੱਧ ‘ਵਿਕਨਹਾਈਜ਼ਰ ਵਰਲਡ ਫੀਮੇਲ ਹਾਕੀ ਫੈਸਟੀਵਲ’ (WickFest) ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਵੱਕਾਰੀ ਟੂਰਨਾਮੈਂਟ 23 ਤੋਂ 25 ਜਨਵਰੀ ਦਰਮਿਆਨ ਕਰਵਾਇਆ ਜਾ ਰਿਹਾ ਹੈ। ਇਸ ਵਾਰ ਇਹ ਮੁਕਾਬਲੇ ਨੌਰਥ ਸਰੀ ਸਪੋਰਟ ਐਂਡ ਆਈਸ ਕੰਪਲੈਕਸ, ਸਰੀ ਸਪੋਰਟ ਐਂਡ ਲੇਜ਼ਰ ਕੰਪਲੈਕਸ ਅਤੇ ਨਵੇਂ ਬਣੇ ਕਲੋਵਰਡੇਲ ਸਪੋਰਟ ਐਂਡ ਆਈਸ ਕੰਪਲੈਕਸ ਵਿਖੇ ਹੋ ਰਹੇ ਹਨ।
ਵਿਕਫੈਸਟ ਨੂੰ ਉੱਤਰੀ ਅਮਰੀਕਾ ਦੇ ਸਭ ਤੋਂ ਵੱਡੇ ਯੂਥ ਮਹਿਲਾ ਹਾਕੀ ਸਮਾਗਮਾਂ ਵਿੱਚ ਗਿਣਿਆ ਜਾਂਦਾ ਹੈ, ਜਿਸ ਵਿੱਚ ਕੈਨੇਡਾ ਅਤੇ ਅਮਰੀਕਾ ਦੀਆਂ ਚੋਟੀ ਦੀਆਂ ਟੀਮਾਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇਕੱਠੀਆਂ ਹੁੰਦੀਆਂ ਹਨ। ਇਸ ਸਾਲ ਟੂਰਨਾਮੈਂਟ ਵਿੱਚ ਰਿਕਾਰਡ 80 ਟੀਮਾਂ ਹਿੱਸਾ ਲੈ ਰਹੀਆਂ ਹਨ, ਜੋ ਕਿ ਇੱਕ ਨਵਾਂ ਇਤਿਹਾਸ ਹੈ।
ਸਰੀ ਦੀ ਮੇਅਰ ਬਰੈਂਡਾ ਲੌਕ ਨੇ ਟੂਰਨਾਮੈਂਟ ਦੀ ਵਾਪਸੀ ‘ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸ਼ਹਿਰ ਨੂੰ ਇਸ ਸਮਾਗਮ ਦੀ ਮੇਜ਼ਬਾਨੀ ਕਰਨ ‘ਤੇ ਮਾਣ ਹੈ। ਉਨ੍ਹਾਂ ਮੁਤਾਬਕ, ਵਿਕਫੈਸਟ ਨਾ ਸਿਰਫ ਮਹਿਲਾ ਖਿਡਾਰੀਆਂ ਦੀ ਤਾਕਤ ਅਤੇ ਹੁਨਰ ਨੂੰ ਦਰਸਾਉਂਦਾ ਹੈ, ਸਗੋਂ ਇਹ ਆਉਣ ਵਾਲੀ ਪੀੜ੍ਹੀ ਲਈ ਵੀ ਪ੍ਰੇਰਨਾ ਦਾ ਸਰੋਤ ਹੈ।
ਸ਼ਹਿਰ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ 15,000 ਡਾਲਰ ਦੀ ਖੇਡ ਟੂਰਿਜ਼ਮ ਗਰਾਂਟ ਦਿੱਤੀ ਹੈ, ਜੋ ਸਰੀ ਦੀ ਖੇਡਾਂ ਅਤੇ ਨੌਜਵਾਨਾਂ ਦੇ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਟੂਰਨਾਮੈਂਟ ਦੇ ਸੰਸਥਾਪਕ ਅਤੇ ਚਾਰ ਵਾਰ ਦੇ ਓਲੰਪਿਕ ਗੋਲਡ ਮੈਡਲ ਜੇਤੂ ਹੈਲੀ ਵਿਕਨਹਾਈਜ਼ਰ ਨੇ ਵੀ ਸਿਟੀ ਆਫ ਸਰੀ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਖਾਸ ਤੌਰ ‘ਤੇ ਨਵੇਂ ਬਣੇ ਕਲੋਵਰਡੇਲ ਕੰਪਲੈਕਸ ਵਿੱਚ ਖੇਡਣ ਦੇ ਮੌਕੇ ਨੂੰ ਲੈ ਕੇ ਉਤਸ਼ਾਹ ਪ੍ਰਗਟਾਇਆ ਅਤੇ ਕਿਹਾ ਕਿ ਇਸ ਨਾਲ ਨੌਜਵਾਨ ਲੜਕੀਆਂ ਨੂੰ ਅਜਿਹੀ ਖੇਡ ਦਾ ਅਨੁਭਵ ਮਿਲੇਗਾ ਜੋ ਸ਼ਾਇਦ ਉਨ੍ਹਾਂ ਪਹਿਲਾਂ ਕਦੇ ਨਾ ਮਾਣਿਆ ਹੋਵੇ।
ਸਰੀ ਫੀਮੇਲ ਹਾਕੀ ਐਸੋਸੀਏਸ਼ਨ ਦੀ ਪ੍ਰਧਾਨ ਲਾਰਾ ਨੇਡੀਲਾ ਨੇ ਇਸਨੂੰ ਸੀਜ਼ਨ ਦਾ ਸਭ ਤੋਂ ਅਹਿਮ ਹਿੱਸਾ ਦੱਸਿਆ।
ਉਨ੍ਹਾਂ ਕਿਹਾ ਕਿ ਘਰੇਲੂ ਮੈਦਾਨ ‘ਤੇ ਵਿਸ਼ਵ ਪੱਧਰੀ ਭਾਈਚਾਰੇ ਦਾ ਇਕੱਠੇ ਹੋਣਾ ਅਤੇ ਖੇਡ ਦੇ ਦਿੱਗਜਾਂ ਤੋਂ ਪ੍ਰੇਰਨਾ ਲੈਣਾ ਸਥਾਨਕ ਖਿਡਾਰੀਆਂ ਲਈ ਬਹੁਤ ਵੱਡਾ ਮੌਕਾ ਹੈ। ਇਹ ਟੂਰਨਾਮੈਂਟ ਸ਼ਹਿਰ ਦੀ ‘ਸਪੋਰਟ ਟੂਰਿਜ਼ਮ ਰਣਨੀਤੀ’ ਦਾ ਵੀ ਅਹਿਮ ਹਿੱਸਾ ਹੈ, ਜਿਸਦਾ ਉਦੇਸ਼ ਸਰੀ ਨੂੰ ਖੇਡ ਟੂਰਿਜ਼ਮ ਦੇ ਖੇਤਰ ਵਿੱਚ ਮੋਹਰੀ ਬਣਾਉਣਾ ਹੈ। ਅੰਕੜਿਆਂ ਮੁਤਾਬਕ, ਪਿਛਲੇ ਸਾਲ ਸ਼ਹਿਰ ਵਿੱਚ ਹੋਏ 36 ਵੱਡੇ ਖੇਡ ਸਮਾਗਮਾਂ ਨੇ ਲਗਭਗ 31.6 ਮਿਲੀਅਨ ਡਾਲਰ ਦਾ ਆਰਥਿਕ ਲਾਭ ਪਹੁੰਚਾਇਆ ਸੀ। ਪ੍ਰਬੰਧਕਾਂ ਨੇ ਦੱਸਿਆ ਹੈ ਕਿ ਸਾਰੀਆਂ ਖੇਡਾਂ ਆਮ ਜਨਤਾ ਲਈ ਖੁੱਲ੍ਹੀਆਂ ਹਨ ਅਤੇ ਦਰਸ਼ਕ ਵੱਡੀ ਗਿਣਤੀ ਵਿੱਚ ਪਹੁੰਚ ਕੇ ਖਿਡਾਰੀਆਂ ਦਾ ਹੌਂਸਲਾ ਵਧਾ ਸਕਦੇ ਹਨ।
ਚਾਰ ਵਾਰ ਦੇ ਉਲੰਪਿਕ ਗੋਲਡ ਮੈਡਲ ਜੇਤੂ ਅਤੇ ਟੂਰਨਾਮੈਂਟ ਦੇ ਸੰਸਥਾਪਕ ਹੈਲੀ ਵਿਕਨਹਾਈਜ਼ਰ ਨੇ ਕਿਹਾ, “ਅਸੀਂ ਨੌਰਥ ਸਰੀ ਸਪੋਰਟ ਐਂਡ ਆਈਸ ਕੰਪਲੈਕਸ, ਸਰੀ ਸਪੋਰਟ ਐਂਡ ਲੇਜ਼ਰ ਕੰਪਲੈਕਸ ਅਤੇ ਇਸ ਸਾਲ ਨਵੇਂ ਬਣੇ ਕਲੋਵਰਡੇਲ ਸਪੋਰਟ ਐਂਡ ਆਈਸ ਕੰਪਲੈਕਸ ਵਿੱਚ ਇਸ ਸ਼ਾਨਦਾਰ ਆਯੋਜਨ ਲਈ ਵਾਪਸ ਆ ਕੇ ਬਹੁਤ ਖ਼ੁਸ਼ ਹਾਂ। ਅਸੀਂ ਸਿਟੀ ਆਫ਼ ਸਰੀ ਦੇ ਲਗਾਤਾਰ ਸਹਿਯੋਗ ਲਈ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਸਦਕਾ ਸਾਨੂੰ ਟੂਰਨਾਮੈਂਟ ਨੂੰ ਵਧਾਉਣ ਲਈ ਜਗ੍ਹਾ ਮਿਲੀ ਅਤੇ ਨੌਜਵਾਨ ਲੜਕੀਆਂ ਨੂੰ ਇੱਕ ਐਸੀ ਖੇਡ ਦਾ ਅਨੁਭਵ ਕਰਨ ਦਾ ਮੌਕਾ ਮਿਲਿਆ, ਜਿਸਨੂੰ ਸ਼ਾਇਦ ਉਨ੍ਹਾਂ ਪਹਿਲਾਂ ਕਦੇ ਨਾ ਅਜ਼ਮਾਇਆ ਹੋਵੇ।” This report was written by Ekjot Singh as part of the Local Journalism Initiative.
ਸਰੀ ਸ਼ਹਿਰ ਬਣਿਆ ਮਹਿਲਾ ਹਾਕੀ ਦਾ ਕੇਂਦਰ, ਮੇਅਰ ਬਰੈਂਡਾ ਲੌਕ ਨੇ ਕੀਤਾ ਸਵਾਗਤ, 80 ਟੀਮਾਂ ਲੈਣਗੀਆਂ ਹਿੱਸਾ

