Thursday, November 21, 2024
8.4 C
Vancouver

ਕੈਨੇਡਾ-ਅਮਰੀਕਾ ਵੱਲ ਵੱਧ ਰਿਹਾ ਪਰਵਾਸ ਦਾ ਰੁਝਾਨ ਚਿੰਤਾਜਨਕ

ਲਿਖਤ : ਨਰਿੰਦਰ ਸਿੰਘ ਜ਼ੀਰਾ, 98146 – 62260
ਪਰਵਾਸ ਦਾ ਰੁਝਾਨ ਨਵਾਂ ਨਹੀਂ ਹੈ, ਆਜ਼ਾਦੀ ਤੋਂ ਪਹਿਲਾਂ ਵੀ ਲੋਕ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਸਨ। ਆਜ਼ਾਦੀ ਤੋਂ ਬਾਅਦ ਵੀ ਪਰਵਾਸ ਵਧਦੀ ਅਬਾਦੀ ਅਨੁਸਾਰ ਹੁਣ ਤਕ ਜਾਰੀ ਹੈ। 1990 ਤੋਂ ਬਾਅਦ ਪਰਵਾਸ ਦਾ ਰੁਝਾਨ ਵਧ ਗਿਆ ਕਿਉਂਕਿ ਵੱਖ ਵੱਖ ਦੇਸ਼ਾਂ ਆਸਟ੍ਰੇਲੀਆ, ਨਿਊਜੀਲੈਂਡ, ਕੈਨੇਡਾ, ਅਮਰੀਕਾ ਆਦਿ ਮੁਲਕਾਂ ਵਿੱਚ ਵਿਦਿਆਰਥੀ ਪੜ੍ਹਾਈ ਤੇ ਤੌਰ ‘ਤੇ ਜਾਣ ਲੱਗ ਪਏ। ਭਾਰਤ ਵਿੱਚ ਰੁਜ਼ਗਾਰ ਦੀ ਘਾਟ ਕਾਰਨ ਹੁਨਰਮੰਦ ਤੇ ਗੈਰ-ਹੁਨਰਮੰਦ ਨੌਜਵਾਨ ਹਰ ਹੀਲੇ ਵਿਦੇਸ਼ ਜਾਣਾ ਚਾਹੁੰਦੇ ਹਨ। ਗੈਰ-ਹੁਨਰਮੰਦ ਜਾਂ ਘੱਟ ਪੜ੍ਹੇ ਲਿਖੇ ਨੌਜਵਾਨਾਂ ਨੂੰ ਤਾਂ 25 ਤੋਂ 30 ਲੱਖ ਰੁਪਏ ਲੈ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਂ ਕੈਨੇਡਾ ਦੇ ਬਾਰਡਰ ਪਾਰ ਕਰਵਾਏ ਜਾਂਦੇ ਹਨ। ਇਸ ਸਾਰੀ ਪ੍ਰਕਿਰਿਆ ਦੌਰਾਨ ਉਨ੍ਹਾਂ ਦੀ ਜਾਨ ਨੂੰ ਸੌ ਫ਼ੀਸਦੀ ਖਤਰਾ ਹੁੰਦਾ ਹੈ। ਇਸਦੇ ਬਾਵਜੂਦ ਉਨ੍ਹਾਂ ਨੂੰ ਕੋਈ ਡਰ ਨਹੀਂ ਲਗਦਾ, ਸਗੋਂ ਵਿਦੇਸ਼ ਜਾਣ ਲਈ ਉਹ ਹਰ ਤਰ੍ਹਾਂ ਦਾ ਖ਼ਤਰਾ ਝੱਲਣ ਲਈ ਤਿਆਰ ਰਹਿੰਦੇ ਹਨ।
ਵਿਦੇਸ਼ ਮੰਤਰਾਲੇ ਦੇ ਹਵਾਲੇ ਅਨੁਸਾਰ ਪਿਛਲੇ ਸਾਲ ਤਕ 1 ਕਰੋੜ 33 ਲੱਖ 83 ਹਜ਼ਾਰ 718 ਭਾਰਤੀ ਨਾਗਰਿਕ ਵਿਦੇਸ਼ਾਂ ਵਿੱਚ ਗਏ ਹਨ। ਭਾਰਤ ਦੀ ਸਿੱਖਿਆ ਪ੍ਰਣਾਲੀ ਹਰੇਕ ਸਾਲ ਲੱਖਾਂ ਦੀ ਗਿਣਤੀ ਵਿੱਚ ਪੜ੍ਹੇ ਲਿਖੇ ਬੇਰੁਜ਼ਗਾਰ ਪੈਦਾ ਕਰ ਰਹੀ ਹੈ, ਜੋ ਕੇਵਲ ਨੌਕਰੀ ਦੀ ਭਾਲ ਵਿੱਚ ਆਪਣੇ ਜੀਵਨ ਦਾ ਕੀਮਤੀ ਸਮਾਂ ਨਸ਼ਟ ਕਰ ਦਿੰਦੇ ਹਨ। ਵਿੱਦਿਆ ਦਾ ਮੰਤਵ ਮਨੁੱਖ ਨੂੰ ਕੇਵਲ ਡਿਗਰੀ ਪ੍ਰਦਾਨ ਕਰਨਾ ਨਹੀਂ ਹੈ, ਬਲਕਿ ਉਸ ਨੂੰ ਇੱਕ ਅਜਿਹਾ ਯੋਗ ਇਨਸਾਨ ਬਣਾਉਣਾ ਹੈ ਜੋ ਆਤਮ ਨਿਰਭਰ ਵੀ ਹੋਵੇ ਅਤੇ ਸਮਾਜ ਲਈ ਲਾਹੇਵੰਦ ਵੀ ਹੋਵੇ। ਸਿੱਖਿਆ ਰੁਜ਼ਗਾਰ ਦਾ ਸਾਧਨ ਹੈ। ਰੁਜ਼ਗਾਰ ਦੇ ਸਹਾਰੇ ਹੀ ਮਨੁੱਖ ਆਪਣੇ ਜੀਵਨ ਨੂੰ ਵਿਅਕਤੀਗਤ ਅਤੇ ਸਮਾਜਿਕ ਪੱਧਰ ‘ਤੇ ਸੁਚੱਜੇ ਢੰਗ ਨਾਲ ਗੁਜ਼ਾਰ ਸਕਦਾ ਹੈ। ਪ੍ਰੰਤੂ ਨੌਜਵਾਨ ਆਪਣੇ ਭਵਿੱਖ ਨੂੰ ਲੈਕੇ ਚਿੰਤਤ ਹਨ। ਇਸਦੇ ਬਹੁਤ ਸਾਰੇ ਕਾਰਨਾਂ ਦੇ ਨਾਲ ਮੁੱਖ ਕਾਰਨ ਬੇਰੁਜ਼ਗਾਰੀ ਨਜ਼ਰ ਆਉਂਦਾ ਹੈ।
ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿੱਚ ਨੌਜਵਾਨ ਵਿਦੇਸ਼ਾਂ ਵੱਲ ਭੱਜ ਰਹੇ ਹਨ। ਜਿਹੜੇ ਨਹੀਂ ਜਾ ਸਕਦੇ ਜਾਂ ਨਹੀਂ ਜਾਣਾ ਚਾਹੁੰਦੇ, ਉਹ ਹੋਰ ਪਾਸੇ ਹੱਥ ਮਾਰਦੇ ਹਨ। ਜਦੋਂ ਵਾਰ-ਵਾਰ ਮਿਹਨਤ ਕਰਨ ਦੇ ਬਾਵਜੂਦ ਉਹ ਕਾਮਯਾਬ ਨਹੀਂ ਹੁੰਦੇ ਤਾਂ ਨਿਰਾਸ ਹੋ ਕੇ ਨਸ਼ਿਆਂ ਵੱਲ ਰੁਖ ਕਰ ਲੈਂਦੇ ਹਨ। ਇਹ ਨਸ਼ੇ ਆਸਾਨੀ ਨਾਲ ਮਿਲ ਜਾਂਦੇ ਹਨ। ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨ ਆਪਣੇ ਨਾਲ-ਨਾਲ ਪਰਿਵਾਰ ਅਤੇ ਦੇਸ਼ ਦਾ ਭਵਿੱਖ ਵੀ ਖਰਾਬ ਕਰ ਰਹੇ ਹਨ। ਨੌਜਵਾਨਾਂ ਦੇ ਨਿਰਾਸ਼ਾਂ ਦੀ ਖੱਡ ਵਿੱਚ ਡਿਗਣ ਦਾ ਕਾਰਨ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਦਾ ਖਰਾਬ ਹੋ ਜਾਣਾ ਵੀ ਹੈ। ਨੀਟ, ਯੂਜੀਸੀ, ਨੈੱਟ ਦੇ ਪੇਪਰਾਂ ਦਾ ਲੀਕ ਹੋਣਾ ਤੇ ਹੋਰ ਬਹੁਤ ਸਾਰੀਆਂ ਭਰਤੀਆਂ ਦਾ ਵਿਚਾਲੇ ਲਮਕਣਾ ਨੌਜਵਾਨਾਂ ਦੇ ਹੌਸਲੇ ਪਸਤ ਕਰ ਰਿਹਾ ਹੈ। ਜਦੋਂ ਨੌਜਵਾਨਾਂ ਦੀ ਮਿਹਨਤ ਦਾ ਕੋਈ ਮੁੱਲ ਨਹੀਂ ਪੈਂਦਾ ਤਾਂ ਉਹ ਗਲਤ ਰਸਤਾ ਇਖਤਿਆਰ ਕਰਨ ਲਈ ਮਜਬੂਰ ਹੋ ਜਾਂਦੇ ਹਨ।
ਨੌਜਵਾਨਾਂ ਨੂੰ ਪੇਸ਼ੇਵਰ ਸਿੱਖਿਆ ਪ੍ਰਦਾਨ ਕਰਨ ਦੀ ਲੋੜ ਹੈ। ਅਜੋਕੇ ਦੌਰ ਵਿੱਚ ਵਪਾਰ, ਉਦਯੋਗ, ਟੂਰਿਜ਼ਮ, ਹੋਟਲ ਉਦਯੋਗ ਅਤੇ ਮਾਰਕੀਟਿੰਗ ਆਦਿ ਖੇਤਰਾਂ ਵਿੱਚ ਪੜ੍ਹੇ ਲਿਖੇ ਅਤੇ ਤਕਨੀਕੀ ਤੌਰ ‘ਤੇ ਨਿਪੁੰਨ ਨੌਜਵਾਨਾਂ ਲਈ ਰੁਜ਼ਗਾਰ ਦੇ ਬੇਸ਼ੁਮਾਰ ਅਵਸਰ ਪ੍ਰਾਪਤ ਹਨ। ਕੰਪਿਊਟਰ, ਮੌਬਾਇਲ, ਐੱਲ ਈ ਡੀ, ਏਸੀ, ਫਰਿੱਜ ਅਤੇ ਹੋਰ ਇਲੈਕਟ੍ਰੌਨਿਕ ਉਪਕਰਨਾਂ ਦੀ ਜੜਤ ਅਤੇ ਮੁਰੰਮਤ ਤੋਂ ਲੈ ਕੇ ਵੱਡੀਆਂ ਉਦਯੋਗਿਕ ਇਕਾਈਆਂ ਲਈ ਲੋੜੀਂਦੀਆਂ ਯੋਗਤਾਵਾਂ ਅਤੇ ਕਿੱਤਾ ਮੁਖੀ ਨਿਪੁੰਨਤਾ ਨੂੰ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਨਾਲ-ਨਾਲ ਵਿਹਾਰਕ ਤੌਰ ‘ਤੇ ਸਿਖਲਾਈ ਵੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਵਿਦਿਆਰਥੀ ਪੜ੍ਹਾਈ ਪੂਰੀ ਹੋਣ ਉਪਰੰਤ ਆਪਣੇ ਪੱਧਰ ‘ਤੇ ਸਵੈ-ਰੁਜ਼ਗਾਰ ਦਾ ਧਾਰਨੀ ਹੋ ਸਕੇ। ਜੇਕਰ ਵਿੱਦਿਆ ਅਜਿਹੇ ਮਨੁੱਖ ਉਤਪੰਨ ਕਰਦੀ ਹੈ ਤਾਂ ਨਿਰਸੰਦੇਹ ਇੱਕ ਵਧੀਆ ਅਤੇ ਸਿਹਤਮੰਦ ਸਮਾਜ ਦੀ ਉਸਾਰੀ ਹੋ ਸਕਦੀ ਹੈ। ਵਿਦੇਸ਼ਾਂ ਵਿੱਚ ਜਾਣ ਦੀ ਬਜਾਏ ਨੌਜਵਾਨ ਆਪਣੇ ਮੁਲਕ ਵਿੱਚ ਰਹਿ ਕੇ ਸਵੈ-ਰੁਜ਼ਗਾਰ ਸਕੀਮਾਂ ਦਾ ਲਾਭ ਉਠਾਕੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਦੇ ਹਨ।
ਅਜੋਕੇ ਦੌਰ ਵਿੱਚ ਨੌਜਵਾਨਾਂ ਵਿੱਚ ਦੇਸ਼-ਵਿਦੇਸ਼ ਜਾ ਕੇ ਘੁੰਮਣ ਅਤੇ ਉੱਥੇ ਸੈਟਲ ਹੋਣ ਦੀ ਤਾਂਘ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਕੈਨੇਡਾ ਹਾਲੇ ਵੀ ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਦੂਜੇ ਤੇ ਤੀਜੇ ਨੰਬਰ ‘ਤੇ ਕ੍ਰਮਵਾਰ ਦੁਬਈ ਅਤੇ ਆਸਟ੍ਰੇਲੀਆ ਹਨ। ਇਟਲੀ, ਇੰਗਲੈਂਡ, ਅਮਰੀਕਾ ਦੇ ਨੰਬਰ ਇਨ੍ਹਾਂ ਦੇਸ਼ਾਂ ਤੋਂ ਬਾਅਦ ਹੀ ਆਉਂਦੇ ਹਨ। ਇਨ੍ਹਾਂ ਦੇਸ਼ਾਂ ਵਿੱਚ ਜਾਣ ਲਈ ਪੰਜਾਬੀਆਂ ਨੇ 14342 ਕਰੋੜ ਰੁਪਏ ਉਧਾਰ ਲਏ ਹਨ। ਇਸ ਸਰਵੇਖਣ ਅਨੁਸਾਰ ਵਿਦੇਸ਼ ਜਾਣ ਦੇ ਮਾਮਲੇ ਵਿੱਚ ਮਝੈਲ 20.51 ਫ਼ੀਸਦੀ, ਮਲਵਈ 14.28 ਫ਼ੀਸਦ ਤੇ ਦੁਆਬੀਏ 11.27 ਫ਼ੀਸਦੀ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਵਰ੍ਹੇ 2023 ਦੌਰਾਨ ਇੱਕ ਲੱਖ ਤੋਂ ਵੱਧ ਪੰਜਾਬੀਆਂ ਨੇ ਵਿਦੇਸ਼ ਜਾਣਾ ਪਸੰਦ ਕੀਤਾ ਤੇ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੱਕ ਨੌਜਵਾਨ ਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਔਸਤਨ 15 ਤੋਂ 25 ਲੱਖ ਰੁਪਏ ਖਰਚ ਕਰਨੇ ਪੈਂਦੇ ਹਨ। ਪੰਜਾਬ ਵਿੱਚ 2016 ਤੋਂ ਫਰਵਰੀ 2021 ਤਕ 9 ਲੱਖ 84 ਹਜ਼ਾਰ ਨੌਜਵਾਨ ਪੰਜਾਬ ਅਤੇ ਚੰਡੀਗੜ੍ਹ ਤੋਂ ਵਿਦੇਸ਼ ਵਸ ਗਏ। ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ। ਵੱਡੀਆਂ ਵੱਡੀਆਂ ਕੋਠੀਆਂ ਨੂੰ ਤਾਲੇ ਲੱਗੇ ਹੋਏ ਹਨ।
ਮੌਜੂਦਾ ਗ੍ਰਹਿ ਮੰਤਰੀ ਕੀਰਤੀ ਵਰਧਨ ਸਿੰਘ ਨੇ ਲੋਕ ਸਭਾ ਵਿੱਚ ਕਿਹਾ ਕਿ 2015 ਤੋਂ 2023 ਦੇ 9 ਸਾਲਾਂ ਦੌਰਾਨ ਕੁੱਲ 12 ਲੱਖ 39 ਹਜ਼ਾਰ 111 ਲੋਕ ਦੇਸ਼ ਦੀ ਨਾਗਰਿਕਤਾ ਛੱਡ ਚੁੱਕੇ ਹਨ। ਇਸਦਾ ਭਾਵ ਕਿ ਹਰ ਰੋਜ਼ 377 ਭਾਰਤੀ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਵਸ ਰਹੇ ਹਨ। ਭਾਰਤ ਛੱਡਣ ਵਾਲੇ ਲੋਕ ਸਿਰਫ ਕੰਮ ਦੀ ਭਾਲ ਵਿੱਚ ਹੀ ਵਿਦੇਸ਼ਾਂ ਵਿੱਚ ਨਹੀਂ ਜਾਂਦੇ, ਸਗੋਂ ਇਨ੍ਹਾਂ ਵਿੱਚ ਬਹੁਤ ਸਾਰੇ ਹੁਨਰਮੰਦ ਤਕਨੀਕਾਂ ਨਾਲ ਲੈਸ ਲੋਕ ਵੀ ਹੁੰਦੇ ਹਨ। ਅਜਿਹੇ ਹੁਨਰਮੰਦ ਲੋਕਾਂ ਵੱਲੋਂ ਦੇਸ਼ ਛੱਡਣ ਨਾਲ ਦੇਸ਼ ਨੂੰ ਭਾਰੀ ਨੁਕਸਾਨ ਹੁੰਦਾ ਹੈ ਕਿਉਂਕਿ ਦੇਸ਼ ਨੇ ਇਨ੍ਹਾਂ ਦੀ ਸਿਖਲਾਈ ਉੱਤੇ ਵੱਡਾ ਖਰਚੇ ਕੀਤਾ ਹੁੰਦਾ ਹੈ। ਇਸ ਖ਼ਰਚ ਦਾ ਫ਼ਾਇਦਾ ਦੇਸ਼ ਨੂੰ ਮਿਲਣ ਦੀ ਥਾਂ ਦੂਜਾ ਦੇਸ਼ ਉਠਾਉਂਦਾ ਹੈ।
ਵੱਡੀ ਗਿਣਤੀ ਵਿੱਚ ਕਰੋੜਪਤੀਆਂ ਦਾ ਭਾਰਤ ਛੱਡ ਕੇ ਵਿਦੇਸ਼ ਜਾਣਾ ਵੀ ਚਿੰਤਾਜਨਕ ਹੈ। ਨਿਊਜ਼ ਵਰਲਡ ਹੈਲਥ ਦੀ ਰਿਪੋਰਟ ਅਨੁਸਾਰ ਸਾਲ ਦੋ ਹਜ਼ਾਰ ਤੋਂ ਦੋ ਹਜ਼ਾਰ ਚੌਦਾਂ ਤਕ ਦੇ 14 ਸਾਲਾਂ ਦੌਰਾਨ 61 ਹਜ਼ਾਰ ਕਰੋੜਪਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡ ਦਿੱਤੀ ਸੀ। ਇਸ ਤੋਂ ਬਾਅਦ 2015 ਤੋਂ 2019 ਤਕ ਹੋਰ 29 ਹਜ਼ਾਰ ਕਰੋੜਪਤੀ ਭਾਰਤ ਛੱਡ ਗਏ ਸਨ। ਅਮੀਰ ਲੋਕਾਂ ਦੇ ਦੇਸ਼ ਛੱਡਣ ਦੇ ਬਹੁਤ ਸਾਰੇ ਕਾਰਨ ਹਨ। ਕੁਝ ਅਮੀਰ ਲੋਕ ਕਰਾਂ ਤੋਂ ਬਚਣ ਲਈ ਦੇਸ਼ ਛੱਡ ਦਿੰਦੇ ਹਨ। ਅਮੀਰ ਲੋਕ ਆਪਣੇ ਆਪ ਨੂੰ ਭਾਰਤ ਵਿੱਚ ਸੁਰੱਖਿਅਤ ਨਹੀਂ ਸਮਝਦੇ, ਜਿਸ ਕਾਰਨ ਉਹ ਜਾਨੀ ਅਤੇ ਮਾਲੀ ਨੁਕਸਾਨ ਤੋਂ ਡਰਦੇ ਹੋਏ ਵਿਦੇਸ਼ਾਂ ਦਾ ਰੁਖ ਕਰਦੇ ਹਨ। ਇਹ ਲੋਕ ਕਾਰੋਬਾਰੀ ਭਵਿੱਖ ਦੇ ਨਾਲ ਨਾਲ ਸਕੂਨ ਭਰੀ ਜ਼ਿੰਦਗੀ ਦੀ ਗਰੰਟੀ ਵੀ ਚਾਹੁੰਦੇ ਹਨ। ਇਸ ਤੋਂ ਇਲਾਵਾ ਸਮਾਜਿਕ ਬੇਚੈਨੀ, ਫਿਰਕੂ ਪਾੜਾ, ਨਸਲਵਾਦ, ਦੰਗੇ ਅਤੇ ਲੁੱਟਮਾਰ ਆਦਿ ਕਾਰਨ ਵੀ ਲੋਕਾਂ ਨੂੰ ਭੈਅ-ਭੀਤ ਕਰਦੇ ਹਨ।
ਸੇਵਾ ਮੁਕਤੀ ਤੋਂ ਬਾਅਦ ਅਰਾਮਦਾਇਕ ਜ਼ਿੰਦਗੀ ਜੀਣ ਦੀ ਇੱਛਾ ਵੀ ਦੇਸ਼ ਛੱਡਣ ਦਾ ਇੱਕ ਕਾਰਨ ਹੁੰਦੀ ਹੈ। ਜਿਹੜੇ ਲੋਕ ਕਿਸੇ ਕਾਰਨ ਵਿਦੇਸ਼ ਘੁੰਮਣ ਚਲੇ ਜਾਂਦੇ ਹਨ ਤੇ ਉਹ ਤੁਲਨਾਤਮਕ ਤੌਰ ਉੱਤੇ ਉੱਥੇ ਲੋਕਾਂ ਨੂੰ ਵਧੀਆ ਤੇ ਸ਼ਾਂਤਮਈ ਜੀਵਨ ਬਸਰ ਕਰਦਾ ਦੇਖਦੇ ਹਨ ਤਾਂ ਉਹ ਉਸ ਦੇਸ਼ ਵਿੱਚ ਵਸਣ ਦਾ ਸੁਪਨਾ ਸੰਜੋਅ ਲੈਂਦੇ ਹਨ। ਸਿਸਟਮ ਸਹੀ ਹੋਵੇ, ਰੁਜ਼ਗਾਰ ਮਿਲਣ ਦੀ ਹਰੇਕ ਨੂੰ ਗਰੰਟੀ ਹੋਵੇ, ਲੁੱਟਾਂ-ਖੋਹਾਂ ਨਾ ਹੋਣ, ਅਪਰਾਧਿਕ ਘਟਨਾਵਾਂ ਨਾ ਵਾਪਰਨ, ਭ੍ਰਿਸ਼ਟਾਚਾਰ ਦਾ ਬੋਲਬਾਲਾ ਨਾ ਹੋਵੇ, ਆਮ ਲੋਕਾਂ ਦੀਆਂ ਕੋਠੀਆਂ, ਪਲਾਟਾਂ, ਜ਼ਮੀਨਾਂ ਉੱਤੇ ਵੱਡੇ ਰੁਤਬੇ ਵਾਲੇ ਲੋਕ ਕਬਜ਼ਾ ਨਾ ਕਰਨ ਅਤੇ ਹਰੇਕ ਨੂੰ ਇਨਸਾਫ ਮਿਲੇ ਤਾਂ ਵਿਦੇਸ਼ ਜਾਣ ਨੂੰ ਕੁਝ ਹੱਦ ਤਕ ਠੱਲ੍ਹ ਪੈ ਸਕਦੀ ਹੈ। ਪਰ ਅਸਲੀਅਤ ਇਸਦੇ ਉਲਟ ਹੈ। ਇਹ ਸਭ ਕੁਝ ਰੋਜ਼ੀ ਰੋਟੀ ਕਰਵਾਉਂਦੀ ਹੈ, ਜਿਸ ਕਾਰਨ ਲੋਕ ਵਿਦੇਸ਼ਾਂ ਵਿੱਚ ਜਾਣ ਦੀ ਤਾਂਘ ਵਧਦੀ ਹੈ।
ਸਰਕਾਰੀ ਨੌਕਰੀਆਂ ਬਹੁਤ ਘੱਟ ਹਨ। ਪੀਅਨ ਦੀ ਅਸਾਮੀ ਲਈ ਪੋਸਟ ਗ੍ਰੈਜੂਏਟ, ਪੀ ਐੱਚ ਡੀ ਅਪਲਾਈ ਕਰ ਰਹੇ ਹਨ। ਪੜ੍ਹਨ ਲਿਖਣ ਤੋਂ ਬਾਅਦ ਸਿਰਫ 5 ਫ਼ੀਸਦੀ ਨੂੰ ਹੀ ਸਰਕਾਰੀ ਨੌਕਰੀ ਮਿਲਦੀ ਹੈ। ਕੁਝ ਪੈਸੇ ਵਾਲੇ ਪੜ੍ਹਨ-ਲਿਖਣ ਤੋਂ ਬਾਅਦ ਆਪਣਾ ਵਪਾਰ ਖੋਲ੍ਹ ਲੈਂਦੇ ਹਨ। ਜਿਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ, ਉਨ੍ਹਾਂ ਵਿੱਚ ਕੁਝ ਨੌਜਵਾਨ ਨਸ਼ਾ ਵੇਚਣ ਲੱਗ ਜਾਂਦੇ ਹਨ ਤੇ ਕੁਝ ਨਸ਼ਾ ਕਰਨ ਲੱਗ ਜਾਂਦੇ ਹਨ। ਰਾਤੋ-ਰਾਤ ਅਮੀਰ ਬਣਨ ਦੀ ਲਾਲਸਾ ਵੀ ਨਸ਼ੇ ਦਾ ਇੱਕ ਕਾਰਨ ਹੈ। ਬਦਕਿਸਮਤੀ ਨਾਲ ਨੌਜਵਾਨ ਲੜਕੀਆਂ ਵੀ ਨਸ਼ੇ ਦੀ ਲਪੇਟ ਵਿੱਚ ਆ ਚੁੱਕੀਆਂ ਹਨ। ਨਸ਼ਾ ਤਸਕਰੀ ਦੇ ਕਾਰੋਬਾਰੀਆਂ ਦੇ ਨਿਸ਼ਾਨੇ ‘ਤੇ ਉਹ ਲੋਕ ਹੁੰਦੇ ਹਨ ਜੋ ਰੁਜ਼ਗਾਰ ਨਾ ਮਿਲਣ ਅਤੇ ਘਰ ਦੀ ਤੰਗੀ ਤੋਂ ਪ੍ਰੇਸ਼ਾਨ ਹੁੰਦੇ ਹਨ।
ਬੱਚਿਆਂ ਨੂੰ ਵਿਦੇਸ਼ ਪੜ੍ਹਨ ਲਈ ਸੋਚ ਸਮਝ ਕੇ ਭੇਜਣਾ ਚਾਹੀਦਾ ਹੈ। ਵਿਦੇਸ਼ਾਂ ਵਿੱਚ ਪੈਸਾ ਕਮਾਉਣਾ ਵੀ ਬਹੁਤ ਮੁਸ਼ਕਿਲ ਹੈ। ਪੜ੍ਹਾਈ ਦੇ ਨਾਲ ਕੰਮ ਵੀ ਹਫ਼ਤੇ ਵਿੱਚ ਥੋੜ੍ਹੇ ਘੰਟੇ ਮਿਲਦਾ ਹੈ। ਕਮਰੇ ਦਾ ਕਿਰਾਇਆ, ਕਾਲਜ ਦੀ ਫੀਸ ਭਰਨੀ, ਵਿਦੇਸ਼ ਜਾਣ ਲਈ ਪੈਸੇ ਚੁੱਕੇ ਕਰਜ਼ ਦੀ ਚਿੰਤਾ ਵੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਦੀ ਹੈ। ਤਿੰਨ-ਤਿੰਨ, ਚਾਰ-ਚਾਰ ਇਕੱਠੇ ਲੜਕਿਆਂ ਨੂੰ ਬੇਸਮੈਂਟ ਵਿੱਚ ਰਹਿਣਾ ਪੈਂਦਾ ਹੈ। ਅਗਰ ਲੜਕੀਆਂ ਚਾਰ ਜਾਂ ਘੱਟ ਹੋਣ ਤਾਂ ਕਈ ਵਾਰ ਮੁੰਡਿਆਂ ਨਾਲ ਵੀ ਰਹਿਣਾ ਪੈਂਦਾ ਹੈ। ਜਦੋਂ ਲੋੜ ਅਨੁਸਾਰ ਕੰਮ ਨਹੀਂ ਮਿਲਦਾ ਤਾਂ ਖਰਚੇ ਪੂਰੇ ਕਰਨ ਲਈ ਬੱਚੇ ਗਲਤ ਕੰਮ ਕਰਨ ਲਈ ਵੀ ਮਜਬੂਰ ਹੋ ਜਾਂਦੇ ਹਨ। ਕੁੜੀਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਨੂੰ ਹਮੇਸ਼ਾ ਹੌਸਲਾ ਦਿੰਦੇ ਰਹਿਣਾ ਚਾਹੀਦਾ ਹੈ। ਵਿਦੇਸ਼ ਜਾ ਕੇ ਬੱਚੇ ਘੋਰ ਨਿਰਾਸ਼ਾ ਵਿੱਚ ਰਹਿੰਦੇ ਹਨ। ਬੱਚਿਆਂ ਨੂੰ ਭਾਰਤ ਵਿੱਚ ਰਹਿ ਕੇ ਹੀ ਆਪਣਾ ਕਰੀਅਰ ਬਣਾਉਣ ਲਈ ਸਮੇਂ ਸਮੇਂ ‘ਤੇ ਪ੍ਰੇਰਤ ਕਰਦੇ ਰਹਿਣਾ ਚਾਹੀਦਾ ਹੈ। ਭਾਰਤ ਵਿੱਚ ਥੋੜ੍ਹੇ ਪੈਸੇ ਲਾ ਕੇ ਵਿਦਿਆਰਥੀ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਤੇ ਪਰਿਵਾਰ ਵੀ ਕਰਜ਼ੇ ਦੇ ਬੋਝ ਤੋਂ ਬਚ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਲਈ ਸਵੈ-ਰੁਜ਼ਗਾਰ ਸਕੀਮਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰੇ। ਖੇਤੀ ਅਧਾਰਿਤ ਸਨਅਤਾਂ ਨੂੰ ਪ੍ਰਫੁੱਲਤ ਕਰੇ। ਨੌਜਵਾਨਾਂ ਨੂੰ ਕੰਮ ਕਰਨ ਲਈ ਸਰਲ ਤੋਂ ਸਰਲ ਵਿਧੀ ਨਾਲ ਕਰਜ਼ਾ ਦੇਵੇ, ਜਿਸ ਨਾਲ ਉਹ ਆਪਣਾ ਕੰਮ ਸ਼ੁਰੂ ਕਰ ਸਕਣ।
ਭਾਰਤ ਵਿੱਚ 10 ਸਾਲ ਤੋਂ 24 ਸਾਲ ਦੀ ਉਮਰ ਦੇ 36.9 ਕਰੋੜ ਨੌਜਵਾਨ ਹਨ। ਦੇਸ਼ ਦੀ 65 ਫ਼ੀਸਦੀ ਅਬਾਦੀ ਦੀ ਔਸਤ ਉਮਰ 35 ਸਾਲ ਹੈ। ਭਾਰਤ ਨੌਜਵਾਨਾਂ ਵਾਲਾ ਦੇਸ਼ ਹੈ। ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ। ਕਿਸੇ ਵੀ ਦੇਸ਼ ਦਾ ਭਵਿੱਖ ਨੌਜਵਾਨ ਪੀੜ੍ਹੀ ‘ਤੇ ਹੀ ਨਿਰਭਰ ਕਰਦਾ ਹੈ। ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਦਾ ਨੈਤਿਕ ਫ਼ਰਜ਼ ਹੈ। ਰੁਜ਼ਗਾਰ ਉਹ ਸਾਧਨ ਹੈ ਜਿਸ ਨਾਲ ਮਨੁੱਖ ਆਪਣੇ ਜੀਵਨ ਦਾ ਗੁਜ਼ਾਰਾ ਕਰ ਸਕਦਾ ਹੈ। ਲੋਕਾਂ ਦਾ ਖਿਆਲ ਰੱਖਣਾ, ਉਨ੍ਹਾਂ ਦੀ ਚਿੰਤਾ ਕਰਨੀ ਇੱਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ। ਕਿਸੇ ਵੀ ਸਮਾਜ ਜਾਂ ਦੇਸ਼ ਦੀ ਸਮੁੱਚੀ ਵਿਵਸਥਾ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਵਿੱਚ ਨੌਜਵਾਨ ਵੱਡੀ ਭੂਮਿਕਾ ਨਿਭਾ ਸਕਦੇ ਹਨ।