Sunday, November 24, 2024
7.3 C
Vancouver

ਪੱਗ

ਲਿਖਤ : ਮੋਹਨ ਸ਼ਰਮਾ, ਸੰਪਰਕ: 94171-48866
ਮੁੰਡੇ ਦੀ ਜ਼ਿੱਦ ਕਾਰਨ ਉਹ ਉਹਦੇ ਨਾਲ ਭੱਜਣ ਲਈ ਤਿਆਰ ਹੋ ਗਈ। ਪਿਛਲੇ ਦੋ ਸਾਲਾਂ ਤੋਂ ਪਈ ਪਿਆਰ-ਸਾਂਝ ਨੂੰ ਜੀਵਨ ਭਰ ਦੀ ਸਾਂਝ ਵਿੱਚ ਬਦਲਣ ਦਾ ਫ਼ੈਸਲਾ ਕਰ ਲਿਆ। ਅਗਲੇ ਦਿਨ ਉਨ੍ਹਾਂ ਨੇ ਨਿਸ਼ਚਿਤ ਸਥਾਨ ‘ਤੇ ਮਿਲਣ ਦਾ ਨਿਰਣਾ ਕਰ ਲਿਆ।
ਕੁੜੀ ਫ਼ੈਸਲਾ ਲੈਣ ਤੋਂ ਬਾਅਦ ਸਾਰੀ ਰਾਤ ਸੋਚਦੀ ਰਹੀ। ਉਹ ਉੱਠ ਕੇ ਬਾਬਲ ਦੇ ਵਿਹੜੇ ਵੱਲ ਨੀਝ ਲਾ ਕੇ ਵਿੰਹਦੀ ਰਹੀ ਜਿੱਥੇ ਫਿਰ ਪਤਾ ਨਹੀਂ ਮੁੜ ਪੈਰ ਪਾਉਣਾ ਸੀ ਜਾਂ ਨਹੀਂ। ਸਾਰੇ ਘਰ ਦੇ ਘੂਕ ਸੁੱਤੇ ਪਏ ਸਨ, ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਕਦੇ ਮੰਜੇ ਤੋਂ ਉੱਠ ਜਾਂਦੀ, ਕਦੇ ਫਿਰ ਪੈ ਜਾਂਦੀ। ਪਾਸੇ ਲੈਂਦਿਆਂ ਨੀਂਦ ਉਸ ਤੋਂ ਕੋਹਾਂ ਦੂਰ ਸੀ ਅਤੇ ਸੋਚਾਂ ਉਸ ਦੇ ਅੰਗ-ਸੰਗ ਸਨ। ਇਹ ਸੋਚ ਕੇ ਉਹਨੂੰ ਕੰਬਣੀ ਜਿਹੀ ਛਿੜ ਗਈ, ‘ਕੱਲ੍ਹ ਜਦੋਂ ਮੈਂ ਉਹਦੇ ਨਾਲ ਭੱਜ ਜਾਵਾਂਗੀ ਤਾਂ ਸਾਰੇ ਪਿੰਡ ਦੇ ਨਾਲ ਨਾਲ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਥੂ ਥੂ ਹੋ ਜਾਵੇਗੀ। ਛੋਟਾ ਭਰਾ ਆਪਣੇ ਹਾਣੀਆਂ ਨਾਲ ਅੱਖ ਨਹੀਂ ਮਿਲਾ ਸਕੇਗਾ। ਸ਼ਾਇਦ ਸ਼ਰਮ ਦਾ ਮਾਰਿਆ ਘਰੋਂ ਹੀ ਨਾ ਨਿਕਲੇ। ਮਾਂ ਨੇ ਭੁੱਬੀਂ ਰੋਂਦਿਆਂ ਆਪਣਾ ਆਪ ਪਿੱਟਦਿਆਂ ਕਹਿਣੈ, ਕੁਲ ਨੂੰ ਦਾਗ ਲਾਉਣ ਵਾਲੀ ਕੁਲਹਿਣੀ ਨੂੰ ਮੈਂ ਜੰਮਿਆ ਹੀ ਕਿਉਂ? ਬਾਬਲ ਦੀ ਪੱਗ ਵੀ ਰੁਲ ਜਾਵੇਗੀ। ਲੋਕ ਮੇਰੇ ਨਾਲ ਨਾਲ ਮਾਂ ਬਾਪ ਨੂੰ ਵੀ ਥੂ ਥੂ ਕਰਨਗੇ। ਹੋ ਸਕਦੈ ਛੋਟੇ ਭਰਾ ਨੂੰ ਰਿਸ਼ਤਾ ਵੀ ਨਾ ਹੋਵੇ। ਰਿਸ਼ਤਾ ਕਰਨ ਵਾਲੇ ਸੋਚਣਗੇ ਬਈ ਇਨ੍ਹਾਂ ਦਾ ਖਾਨਦਾਨ ਤਾਂ ਦਾਗੀ ਐ। ਇੱਕ ਪਾਸੇ ਮਾਪਿਆਂ ਨਾਲ ਜਨਮ ਜਨਮ ਦੀ ਸਾਂਝ, ਉਨ੍ਹਾਂ ਦੀ ਅੱਖ ਦਾ ਤਾਰਾ! ਪੈਰ ਪੈਰ ‘ਤੇ ਮੇਰੀ ਚਿੰਤਾ ਕਰਨ ਵਾਲੇ। ਮਾਂ ਤਾਂ ਮੇਰੇ ਚਿਹਰੇ ‘ਤੇ ਉਦਾਸੀ ਵੇਖ ਕੇ ਊਈਂ ਸੂਤੀ ਜਾਂਦੀ ਐ। ਵੱਜਿਆ ਕੰਡਾ ਕਿਹੜਾ ਸਹਾਰਦੀ ਐ ਉਹ। ਦੂਜੇ ਪਾਸੇ ਰਾਜਬੀਰ ਨਾਲ ਤਾਂ ਮੇਰੀ ਦੋ ਸਾਲ ਦੀ ਸਾਂਝ ਹੈ ਅਤੇ ਇਸ ਸਾਂਝ ਪਿੱਛੇ ਮੈਂ ਮਾਪਿਆਂ ਨਾਲ ਜਨਮ ਦੀ ਸਾਂਝ ਤੋੜ ਕੇ ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਕਿਉਂ ਡੇਗਾਂ? ਇਹ ਮੈਂ ਨਹੀਂ ਕਰਾਂਗੀ।’ ਇਸ ਫ਼ੈਸਲੇ ਤੋਂ ਬਾਅਦ ਸਵੇਰੇ ਚਾਰ ਕੁ ਵਜੇ ਉਸ ਦੀ ਅੱਖ ਲੱਗ ਗਈ। ਜਦੋਂ ਉਹ ਉੱਠੀ ਤਾਂ ਉਸ ਦਾ ਬਾਪੂ ਇਸ਼ਨਾਨ ਕਰਕੇ ਬਾਥਰੂਮ ਵਿੱਚੋਂ ਨਿਕਲ ਰਿਹਾ ਸੀ। ਉਹ ਸਿਰ ਤੋਂ ਨੰਗਾ ਸੀ। ਉਹ ਕਾਹਲੀ ਨਾਲ ਬਾਪੂ ਵਾਲੀ ਬੈਠਕ ਵਿੱਚ ਗਈ। ਬਾਪੂ ਦੀ ਪੱਗ ਚੁੱਕ ਕੇ ਉਸ ਦੇ ਸਿਰ ‘ਤੇ ਰੱਖਦਿਆਂ ਅੱਖਾਂ ਭਰ ਕੇ ਕਿਹਾ, ”ਬਾਪੂ ਤੇਰੀ ਪੱਗ૴।” ਉਹ ਅਗਾਂਹ ਕੁਝ ਬੋਲ ਨਾ ਸਕੀ। ਉਸ ਦਾ ਗੱਚ ਭਰ ਆਇਆ ਸੀ।