Saturday, November 23, 2024
9.1 C
Vancouver

ਅਮਰੀਕੀ ਚੋਣਾਂ ਵਾਲੇ ਦਿਨ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ‘ਚ ਅਫਗਾਨ ਵਿਅਕਤੀ ਗ੍ਰਿਫਤਾਰ

ਵਾਸ਼ਿੰਟਨ : ਅਮਰੀਕਾ ‘ਚ ਚੋਣਾਂ ਵਾਲੇ ਦਿਨ ਹਮਲੇ ਦੀ ਸਾਜ਼ਸ਼ ਰਚਣ ਦੇ ਦੋਸ਼ ‘ਚ ਫੈਡਰਲ ਜਾਂਚ ਬਿਊਰੋ (ਐੱਫ.ਬੀ.ਆਈ.) ਨੇ ਇਕ ਅਫਗਾਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ.) ਤੋਂ ਪ੍ਰੇਰਿਤ ਸੀ ਅਤੇ ਚੋਣਾਂ ਵਾਲੇ ਦਿਨ ਵੱਡੀ ਭੀੜ ਨੂੰ ਨਿਸ਼ਾਨਾ ਬਣਾ ਕੇ ਅਮਰੀਕਾ ਵਿਚ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਨਿਆਂ ਵਿਭਾਗ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ। ਦੋਸ਼ ਦਸਤਾਵੇਜ਼ ਮੁਤਾਬਕ ਓਕਲਾਹੋਮਾ ਸਿਟੀ ਦੇ ਰਹਿਣ ਵਾਲੇ 27 ਸਾਲਾ ਨਾਸਿਰ ਅਹਿਮਦ ਤੌਹੀਦੀ ਨੇ ਸੋਮਵਾਰ ਨੂੰ ਅਪਣੀ ਗ੍ਰਿਫਤਾਰੀ ਤੋਂ ਬਾਅਦ ਜਾਂਚਕਰਤਾਵਾਂ ਨੂੰ ਦਸਿਆ ਕਿ ਉਸ ਨੇ ਅਗਲੇ ਮਹੀਨੇ ਚੋਣਾਂ ਵਾਲੇ ਦਿਨ ਹਮਲੇ ਦੀ ਯੋਜਨਾ ਬਣਾਈ ਸੀ। ਉਸ ਨੇ ਅਧਿਕਾਰੀਆਂ ਨੂੰ ਇਹ ਵੀ ਦਸਿਆ ਕਿ ਹਮਲੇ ਤੋਂ ਬਾਅਦ ਉਸ ਦੇ ਅਤੇ ਉਸ ਦੇ ਇਕ ਸਾਥੀ ਦੇ ਸ਼ਹੀਦ ਵਜੋਂ ਮਰਨ ਦੀ ਉਮੀਦ ਹੈ।
ਅਧਿਕਾਰੀਆਂ ਨੇ ਦਸਿਆ ਕਿ ਤੌਹੀਦੀ ਸਤੰਬਰ 2021 ‘ਚ ਅਮਰੀਕਾ ਪਹੁੰਚਿਆ ਸੀ ਅਤੇ ਉਸ ਨੇ ਹਮਲੇ ਦੀ ਯੋਜਨਾ ਬਣਾਉਣ ਲਈ ਹਾਲ ਹੀ ਦੇ ਹਫਤਿਆਂ ‘ਚ ਕਦਮ ਚੁਕੇ ਸਨ। ਉਸ ਨੇ ਏ.ਕੇ.-47 ਰਾਈਫਲਾਂ ਦਾ ਆਰਡਰ ਦਿਤਾ ਸੀ, ਅਪਣੀ ਪਰਵਾਰਕ ਜਾਇਦਾਦ ਵੇਚਣੀ ਸ਼ੁਰੂ ਕਰ ਦਿਤੀ ਸੀ ਅਤੇ ਅਪਣੀ ਪਤਨੀ ਅਤੇ ਬੱਚੇ ਨੂੰ ਅਫਗਾਨਿਸਤਾਨ ਭੇਜਣ ਲਈ ਹਵਾਈ ਟਿਕਟਾਂ ਖਰੀਦੀਆਂ ਸਨ। ਇਹ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਐਫ.ਬੀ.ਆਈ. ਨੇ ਅਮਰੀਕੀ ਧਰਤੀ ‘ਤੇ ਅਤਿਵਾਦੀ ਹਮਲੇ ਦੀ ਸੰਭਾਵਨਾ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਰੇ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ, ”ਅਤਿਵਾਦ ਐਫ.ਬੀ.ਆਈ. ਦੀ ਪਹਿਲੀ ਤਰਜੀਹ ਹੈ। ਅਸੀਂ ਅਮਰੀਕੀ ਲੋਕਾਂ ਦੀ ਰੱਖਿਆ ਲਈ ਹਰ ਸਾਧਨ ਦੀ ਵਰਤੋਂ ਕਰਾਂਗੇ।’