ਸਰੀ, (ਹਰਦਮ ਮਾਨ): ਸਤਿਕਾਰ ਕਮੇਟੀ ਐਬਸਫੋਰਡ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਘਬੀਰ ਸਿੰਘ ਜੀ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਫੈਸਲਾ ਲੈਂਦਿਆਂ ਸਿੱਖ ਮਰਿਆਦਾ ਅਨੁਸਾਰ ਪੰਥ ਦੇ ਹਿੱਤ ਅਤੇ ਅਕਾਲੀ ਦਲ ਨੂੰ ਬਚਾਉਣ ਲਈ ਆਪਣਾ ਫੈਸਲਾ ਦਿੱਤਾ ਜਾਵੇ। ਇਹ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਐਬਸਫੋਰਡ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਸੇਖੋਂ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਭੇਜਿਆ ਇਹ ਪੱਤਰ ਬੀਤੇ ਦਿਨੀਂ ਮੋਗਾ ਇਲਾਕੇ ਦੇ ਸਿੱਖ ਸੇਵਾਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪਿਆ। ਇਸ ਪੱਤਰ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ ਹੈ ਕਿ ਕਿ ਉਹ ਫੈਸਲਾ ਲੈਣ ਵੇਲੇ ਅਕਾਲੀ ਫੂਲਾ ਸਿੰਘ ਜੀ ਦੇ ਫੈਸਲਿਆਂ ਨੂੰ ਮੱਦੇਨਜ਼ਰ ਰੱਖਣ। ਉਹਨਾਂ ਕਿਹਾ ਕਿ ਅੱਜ ਤੋਂ ਪਹਿਲਾਂ ਅਸਤੀਫੇ ਵਾਲਾ ਫੈਸਲਾ ਆਇਆ ਹੈ ਉਸ ਦੀ ਸਤਿਕਾਰ ਕਮੇਟੀ ਵੱਲੋਂ ਸ਼ਲਾਘਾ ਕੀਤੀ ਜਾਂਦੀ ਹੈ ਅਤੇ ਪੂਰਨ ਉਮੀਦ ਕੀਤੀ ਜਾਂਦੀ ਹੈ ਕਿ ਸਿੰਘ ਸਾਹਿਬ ਭਾਈ ਰਘਬੀਰ ਸਿੰਘ ਜੀ ਅਤੇ ਭਾਈ ਹਰਪ੍ਰੀਤ ਸਿੰਘ ਜੀ (ਜਥੇਦਾਰ ਸ੍ਰੀ ਦਮਦਮਾ ਸਾਹਿਬ) ਅਗਲਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਕਾਇਮ ਰੱਖਦੇ ਹੋਏ ਲੈਣਗੇ। ਸਤਿਕਾਰ ਕਮੇਟੀ ਦਾ ਇਹ ਪੱਤਰ ਭਾਈ ਚਰਨ ਸਿੰਘ, ਭਾਈ ਦਰਸ਼ਨ ਸਿੰਘ ਚੀਮਾ, ਭਾਈ ਹਰਨੇਕ ਸਿੰਘ ਧਰਮਕੋਟ, ਭਾਈ ਹਰਜਿੰਦਰ ਸਿੰਘ ਕੋਟਲਾ, ਭਾਈ ਪ੍ਰੀਤਮ ਸਿੰਘ ਮੋਗਾ, ਭਾਈ ਸੁਖਦੇਵ ਸਿੰਘ, ਭਾਈ ਦਾਰਾ ਸਿੰਘ, ਭਾਈ ਜਸਵੰਤ ਸਿੰਘ, ਭਾਈ ਸੂਬਾ ਸਿੰਘ, ਭਾਈ ਬਲਵੀਰ ਸਿੰਘ ਕੜਿਆਲ, ਭਾਈ ਬਲਵਿੰਦਰ ਸਿੰਘ, ਭਾਈ ਪਿੱਪਲ ਸਿੰਘ ਬੱਗੇ, ਭਾਈ ਜਗਦੀਸ਼ ਸਿੰਘ ਜੋਧਪੁਰੀਆ, ਭਾਈ ਕਰਤਾਰ ਸਿੰਘ ਧਰਮਕੋਟ, ਭਾਈ ਸਤਵੰਤ ਸਿੰਘ ਮਾਣਕ (ਮੈਂਬਰ ਖਾਲੜਾ ਕਮੇਟੀ) ਅਤੇ ਮੋਗਾ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਤਿਕਾਰ ਸਹਿਤ ਸੌਂਪਿਆ। ਜਥੇਦਾਰ ਭਾਈ ਰਘਬੀਰ ਸਿੰਘ ਜੀ ਨੇ ਪੱਤਰ ਵਿਚਲੇ ਸਾਰੇ ਮਤੇ ਪੜ੍ਹ ਕੇ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹਨਾਂ ਉੱਪਰ ਪੂਰਨ ਗ਼ੌਰ ਕੀਤੀ ਜਾਵੇਗੀ।