ਮੈਂ ਆਪਣੀ ਨੂੰ ਮਾਰ ਓਏ ਬੰਦਿਆ,
ਹੋ ਜਾਣਾ ਬੇੜਾ ਪਾਰ ਓਏ ਬੰਦਿਆ।
ਹਮੇਸ਼ ਨਾ ਠਹਿਰਿਆ ਏਥੇ ਕੋਈ,
ਜ਼ਿੰਦ ਪਰਾਉਣੀ ਦਿਨ ਚਾਰ ਓਏ ਬੰਦਿਆ।
ਵਰਤਮਾਨ ਦਾ ਅਨੰਦ ਮਾਣ ਲੈ ਤੂੰ,
ਭੂਤ ਕਾਲ ਨੂੰ ਮਨੋਂ ਵਿਸਾਰ ਓਏ ਬੰਦਿਆ।
ਉਸ ਕਾਦਰ ਦੀ ਕਰ ਤੂੰ ਮਹਿਮਾ,
ਹੋ ਜਾਣਾ ਤੇਰਾ ਉਦਾਰ ਓਏ ਬੰਦਿਆ।
ਊਚ-ਨੀਚ ਵੱਡਾ-ਛੋਟਾ ਨਹੀਂ ਹੈ ਕੋਈ,
ਕੱਢ ਦੇ ਮਨ ‘ਚੋਂ ਭਾਰ ਓਏ ਬੰਦਿਆ।
ਧਰਮਾਂ ਜਾਤਾਂ ਦੇ ਕੱਟ ਦੇ ਸੰਗਲ,
ਸਭ ਹੈਨ ਇਕੋ ਸਾਰ ਓਏ ਬੰਦਿਆ।
ਖੁਸ਼ੀਆਂ ਨੇ ਫੇਰ ਦੇਣੀ ਹੈ ਦਸਤਕ,
ਕਰੁ ਭਲੀ ਕਰਤਾਰ ਓਏ ਬੰਦਿਆ।
ਪੇੜ-ਪੌਦੇ ਪਸ਼ੂ-ਪੰਛੀ ਰੰਗ ਕੁਦਰਤ ਦੇ,
ਬਰਾਬਰ ਦੇ ਹੱਕਦਾਰ ਓਏ ਬੰਦਿਆ।
ਇਕੋ ਕਾਦਰ ਨੇ ਸਭ ਘੜੇ ਹੈਨ ਭਾਂਡੇ,
ਸਭ ਦਾ ਕਰ ਸਤਿਕਾਰ ਓਏ ਬੰਦਿਆ।
‘ਅਟਵਾਲ’ ਜੇ ਵੇਲਾ ਹੱਥੋਂ ਖੁੰਝ ਗਿਆ,
ਫੇਰ ਹੋਣਾ ਪਉ ਸ਼ਰਮਸਾਰ ਓਏ ਬੰਦਿਆ।
ਲਿਖਤ : ਕਰਨੈਲ ਅਟਵਾਲ
ਸੰਪਰਕ : 75082-75082