Saturday, November 23, 2024
8.7 C
Vancouver

‘ਪੰਜਾਬ 95’: ਫ਼ਿਲਮ ‘ਤੇ ਸੈਂਸਰ ਬੋਰਡ ਦੇ ਸੁਝਾਵਾਂ ਉਪਰ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਨੇ ਜਤਾਇਆ ਇਤਰਾਜ਼

ਵਲੋਂ : ਰਾਜਵੀਰ ਕੌਰ ਗਿੱਲ
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਉੱਤੇ ਅਧਾਰਿਤ ਫ਼ਿਲਮ ‘ਪੰਜਾਬ 95’ ਸਿਰਲੇਖ ਹੇਠ ਮੁਕੰਮਲ ਹੈ ਪਰ ਖਾਲੜਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਵਲੋਂ ਇਸ ਉੱਤੇ ਕੁਝ ਇਤਰਾਜ਼ ਜਤਾਏ ਗਏ ਹਨ।
ਖਾਲੜਾ ਪਰਿਵਾਰ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕਰਕੇ ਅਫ਼ਸੋਸ ਜਤਾਇਆ ਹੈ ਕਿ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ-ਸੈਂਸਰ ਬੋਰਡ (ਸੀਬੀਐੱਫ਼ਸੀ) ਨੇ ਫ਼ਿਲਮ ਦੇ ਕੁਝ ਹਵਾਲਿਆਂ ਉੱਤੇ ਇਤਰਾਜ਼ ਜਤਾਉਂਦਿਆਂ 120 ਕੱਟ ਲਾਉਣ ਦੀ ਮੰਗ ਕੀਤੀ ਹੈ।
ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਵਲੋਂ ਸਾਂਝੀ ਕੀਤੀ ਗਈ ਇਸ ਪੋਸਟ ਮੁਤਾਬਕ ਸੈਂਸਰ ਬੋਰਡ ਨੇ ਫ਼ਿਲਮ ਵਿੱਚ ਕੁਝ ਹੋਰ ਬਦਲਾਅ ਵੀ ਸੁਝਾਏ ਹਨ ਜਿਵੇਂ ਕਿ ਜਸਵੰਤ ਸਿੰਘ ਖਾਲੜਾ ਦਾ ਨਾਮ ਨਾ ਵਰਤਿਆ ਜਾਵੇ, ਗੁਰਬਾਣੀ ਦਾ ਉਚਾਰਣ ਹਟਾਇਆ ਜਾਵੇ, ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ, ਲਾਵਾਰਸ ਲਾਸ਼ਾਂ ਦੇ ਅੰਕੜੇ ਅਤੇ ਉਨ੍ਹਾਂ ਥਾਵਾਂ ਦੇ ਨਾਮ ਜਿੱਥੇ ਇਹ ਘਟਨਾਵਾਂ ਵਾਪਰੀਆਂ, ਹਟਾਏ ਜਾਣ।
ਪਰਿਵਾਰ ਸੈਂਸਰ ਬੋਰਡ ਵਲੋਂ ਸੁਝਾਏ ਗਏ ਬਦਲਾਵਾਂ ਨਾਲ ਸਹਿਮਤ ਨਹੀਂ ਅਤੇ ਫ਼ਿਲਮ ਜਿਸ ਤਰੀਕੇ ਨਾਲ ਬਣੀ ਹੈ ਉਸੇ ਤਰ੍ਹਾਂ ਰਿਲੀਜ਼ ਹੋਣ ਦੀ ਮੰਗ ਕਰਦਾ ਹੈ।
ਫ਼ਿਲਮ ਵਿੱਚ ਅਦਾਕਾਰ ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਨਿਭਾਇਆ ਹੈ। ਸਾਲ 2022 ਵਿੱਚ ਵੀ ਪਰਮਜੀਤ ਕੌਰ ਖਾਲੜਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਕੇ ਖਾਲੜਾ ਦੀ ਜ਼ਿੰਦਗੀ ਬਾਰੇ ਫ਼ਿਲਮ ਬਣਾਉਣ ਦੀ ਸਹਿਮਤੀ ਫ਼ਿਲਮ ਨਿਰਦੇਸ਼ਕ ਹਨੀ ਤਰੇਹਨ ਨੂੰ ਦੇਣ ਬਾਰੇ ਜਾਣਕਾਰੀ ਦਿੱਤੀ ਸੀ।
ਜਸਵੰਤ ਸਿੰਘ ਖਾਲੜਾ ਨੂੰ 1980 ਤੋਂ 1990 ਦਰਮਿਆਨ ਖਾੜਕੂ ਲਹਿਰ ਅਤੇ ਪੁਲਿਸ ਕਾਰਵਾਈਆਂ ਦੇ ਦੌਰ ਵਿੱਚ ਲਾਪਤਾ ਲੋਕਾਂ ਦੀ ਭਾਲ ਲੇਖੇ ਜ਼ਿੰਦਗੀ ਲਾਉਣ ਵਾਲੇ ਇੱਕ ਮਨੁੱਖੀ ਅਧਿਕਾਰ ਕਾਰਕੁੰਨ ਵਜੋਂ ਜਾਣਿਆਂ ਜਾਂਦਾ ਹੈ।
ਫ਼ਿਲਮ ਦਾ ਨਾਮ ‘ਪੰਜਾਬ 95’ ਉਸ ਵਾਕਿਆ ਉੱਤੇ ਅਧਾਰਿਤ ਹੈ, ਜਦੋਂ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਅੰਮ੍ਰਿਤਸਰ ਦੇ ਕਬੀਰ ਪਾਰਕ ਸਥਿਤ ਉਨ੍ਹਾਂ ਦੇ ਰਿਹਾਇਸ਼ੀ ਘਰ ਤੋਂ ਅਗਵਾ ਕਰ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਕਦੇ ਘਰ ਨਹੀਂ ਪਰਤੇ। ਅਸੀਂ ਸੁਤੰਤਰ ਤੌਰ ਉੱਤੇ ਸੈਂਸਰ ਬੋਰਡ ਦੀ ਕਾਰਵਾਈ ਦੀ ਪੁਸ਼ਟੀ ਨਹੀਂ ਕਰਦੇ।
ਖਾਲੜਾ ਪਰਿਵਾਰ ਦੇ ਇਤਰਾਜ਼
ਪਰਮਜੀਤ ਕੌਰ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਸੀਬੀਐੱਫ਼ਸੀ ਵੱਲੋਂ ਫ਼ਿਲਮ ਵਿੱਚ ਜਿਹੜੇ ਬਦਲਾਅ ਕਰਨ ਲਈ ਕਿਹਾ ਗਿਆ ਹੈ, ਫ਼ਿਲਮ ਵਿੱਚ ਦਰਸਾਈਆਂ ਗਈਆਂ ਉਹ ਘਟਨਾਵਾਂ ਜਨਤਕ ਦਸਤਾਵੇਜ਼ਾਂ (ਅਖ਼ਬਾਰਾਂ ਅਤੇ ਅਦਾਲਤੀ ਰਿਕਾਰਡ) ਵਿੱਚੋਂ ਲਈਆਂ ਗਈਆਂ ਹਨ। ਉਨ੍ਹਾਂ ਨੇ ਇਨ੍ਹਾਂ ਬਦਲਾਵਾਂ ਨੂੰ, ”ਭਾਰਤ ਸਰਕਾਰ ਅਤੇ ਸੈਂਸਰ ਬੋਰਡ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਭਾਰਤ ਦੇ ਸੁਪਰੀਮ ਕੋਰਟ ਵਲੋਂ ਪ੍ਰਮਾਣਿਤ ਕੀਤੇ ਤੱਥਾਂ ਅਤੇ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਬਦਲਣ ਦੀ ਕੋਸ਼ਿਸ਼” ਦੱਸਿਆ ਹੈ।
ਪਰਮਜੀਤ ਕੌਰ ਖਾਲੜਾ ਨੇ ਇਲਜ਼ਾਮ ਲਾਇਆ ਕਿ ਫ਼ਿਲਮ ਕੈਨੇਡਾ ਦੇ ਟੋਰਾਟੋ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ (2023) ਲਈ ਚੁਣੀ ਗਈ ਸੀ ਪਰ ਇਸ ਨੂੰ ਉੱਥੇ ਦਿਖਾਉਣ ਨਹੀਂ ਦਿੱਤਾ ਗਿਆ। ਪਰਿਵਾਰ ਨੇ ਸੀਬੀਐੱਫ਼ਸੀ ਨੂੰ ਅਪੀਲ ਕੀਤੀ ਹੈ ਕਿ ਫ਼ਿਲਮ ਵਿੱਚ ਦਿਖਾਏ ਗਏ ਇਤਿਹਾਸਿਕ ਤੱਥ ਸਾਬਿਤ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਨਾ ਬਦਲਿਆ ਜਾਵੇ। ਉਨ੍ਹਾਂ ਲਿਖਿਆ,”ਅਸੀਂ ਫ਼ਿਲਮ ਦੇ ਪ੍ਰੋਡਿਊਸਰ ਨੂੰ ਵੀ ਜਸਵੰਤ ਸਿੰਘ ਖਾਲੜਾ ਅਤੇ ਫ਼ਿਲਮ ਦੀ ਕਹਾਣੀ ਦੇ ਸੱਚ ਨਾਲ ਖੜ੍ਹਣ ਦੀ ਅਪੀਲ ਕਰਦੇ ਹਾਂ।” ਇਸ ਤੋਂ ਇਲਾਵਾ ਪਰਿਵਾਰ ਨੇ ਸ਼੍ਰੀ ਅਕਾਲ ਤਖ਼ਤ ਅਤੇ ਐੱਸਜੀਪੀਸੀ ਨੂੰ ਵੀ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲੀ ਕੀਤੀ ਹੈ। ਉਨ੍ਹਾਂ ਨੇ ਫ਼ਿਲਮ ਬਾਰੇ ਖਾਲੜਾ ਪਰਿਵਾਰ ਦੀ ਸਥਿਤੀ ਨੂੰ ਸਪੱਸ਼ਟ ਕਰਦਿਆਂ ਲਿਖਿਆ, ”ਅਸੀਂ ਫ਼ਿਲਮ ਨਿਰਦੇਸ਼ਕ ਵਲੋਂ ਕਾਨੂੰਨੀ ਤੱਥਾਂ ਦੀ ਬੁਨਿਆਦ ‘ਤੇ ਬਣਾਈ ਇਸ ਫ਼ਿਲਮ ਅਤੇ ਦਿਲਜੀਤ ਦੋਸਾਂਝ ਵਲੋਂ ਕੀਤੇ ਖਾਲੜਾ ਦੇ ਕਿਰਦਾਰ ਨਾਲ ਸਹਿਮਤ ਹਨ ਅਤੇ ਆਸ ਕਰਦੇ ਹਨ ਕਿ ਫ਼ਿਲਮ ਅਸਰ ਰੂਪ ਵਿੱਚ ਰਿਲੀਜ਼ ਕੀਤੀ ਜਾਵੇਗੀ।”
ਫ਼ਿਲਮ ਦੇ ਨਾਮ ਨੂੰ ਲੈ ਕੇ ਵਿਵਾਦ
ਫ਼ਿਲਮ ਦਾ ਮੌਜੂਦਾ ਨਾਮ ‘ਪੰਜਾਬ 95’ ਹੈ। ਨਾਮ ਉਸ ਸਾਲ ਨੂੰ ਦਰਸਾਉਂਦਾ ਹੈ ਜਦੋਂ ਲਾਪਤਾ ਲੋਕਾਂ ਦੀ ਭਾਲ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਖ਼ੁਦ ਹੀ ਲਾਪਤਾ ਹੋ ਗਏ ਸਨ।
ਪਰਿਵਾਰ ਦਾ ਦਾਅਵਾ ਹੈ ਕਿ ਸੈਂਸਰ ਬੋਰਡ ਨੇ ਇਹ ਨਾਮ ਬਦਲਣ ਲਈ ਕਿਹਾ ਹੈ।
ਇਸ ਫ਼ਿਲਮ ਵਿੱਚ ਦਿਖਾਏ ਗਏ ਤੱਥਾਂ, ਘਟਨਾਵਾਂ ਅਤੇ ਕਿਰਦਾਰਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰਾਂ ਨਾਲ ਅਸੀਂ ਗੱਲਬਾਤ ਕੀਤੀ ਗਈ। ਇਸ ਮਾਮਲੇ ਉੱਤੇ ਐੱਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਫ਼ਿਲਮ ਇਤਿਹਾਸਿਕ ਤੱਥਾਂ ਉੱਤੇ ਅਧਾਰਿਤ ਹੈ ਅਤੇ ਇੱਕ ਬਾਇਓਪਿਕ ਹੈ। ਇਸ ਲਈ ਇਸ ਦੇ ਕਿਰਦਾਰਾਂ ਦੇ ਨਾਮ ਬਦਲਣ ਲਈ ਕਹਿਣਾ ਮੰਨਣਯੋਗ ਨਹੀਂ ਹੈ।
ਉਨ੍ਹਾਂ ਕਿਹਾ,”ਇਹ ਫ਼ਿਲਮ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਨੂੰ ਦਰਸਾਉਂਦੀ ਹੈ। ਇਹ ਸੰਪੂਰਨ ਤੌਰ ਉੱਤੇ ਇੱਕ ਵਿਅਕਤੀ ਵਲੋਂ ਕੀਤੀ ਗਈ ਕਾਰਗੁਜ਼ਾਰੀ ਉੱਤੇ ਅਧਾਰਿਤ ਹੈ ਅਤੇ ਉਹ ਵੀ ਨਿਰਸਵਾਰਥ ਤਰੀਕੇ ਨਾਲ ਕੀਤੇ ਕੰਮ।”
”ਅਸੀਂ ਸਿਰਫ਼ ਇਹ ਮੰਗ ਕਰਦੇ ਹਾਂ ਕਿ ਸੀਬੀਆਈ ਅਤੇ ਸੁਪਰੀਮ ਕੋਰਟ ਵਲੋਂ ਪ੍ਰਮਾਣਿਤ ਤੱਥਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ।”
”ਮੈਂ ਫ਼ਿਲਮ ਦੇਖਣ ਤੋਂ ਬਾਅਦ ਇਹ ਦਾਅਵਾ ਕਰ ਸਕਦਾ ਹਾਂ ਕਿ ਫ਼ਿਲਮ ਵਿੱਚ ਕਿਸੇ ਵੀ ਕਿਸ ਦੀ ਸਿਆਸੀ ਮਿਲਾਵਟ ਨਹੀਂ ਕੀਤੀ ਗਈ।”
ਸੈਂਸਰ ਬੋਰਡ ਨੂੰ ਵੱਖਰੀ ਪਹੁੰਚ ਅਪਣਾਉਣ ਦੀ ਲੋੜ-ਪਾਲੀ ਭੁਪਿੰਦਰ
ਨਾਮੀ ਪੰਜਾਬੀ ਲੇਖਕ, ਥੀਏਟਰ ਸਕੋਲਰ ਤੇ ਅਲੋਚਕ ਪਾਲੀ ਭੁਪਿੰਦਰ ਨੇ ਇਸ ਫ਼ਿਲਮ ‘ਪੰਜਾਬ 95’ ਨਾਲ ਜੁੜੇ ਵਿਵਾਦ ਬਾਰੇ ਗੱਲ ਕਰਦਿਆਂ ਕਿਹਾ ਕਿ ਸਿਆਸੀ ਅਤੇ ਇਤਿਹਾਸਕ ਵਿਸ਼ਿਆਂ ਉੱਤੇ ਬਣਨ ਵਾਲੀਆਂ ਫ਼ਿਲਮਾਂ ਬਾਰੇ ਸੈਂਸਰ ਬੋਰਡ ਦੇ ਮਾਪਦੰਡ ਵੱਖਰੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ,”ਇਹ ਫ਼ਿਲਮ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਲੜੇ ਸਿੱਖ ਕਾਰਕੁੰਨ ਜਸਵੰਤ ਸਿੰਘ ਖਾਲੜਾ ਬਾਰੇ ਹੈ ਅਤੇ ਅਸੀਂ ਹਮੇਸ਼ਾਂ ਉਨ੍ਹਾਂ ਦੇ ਖੇਮੇ ਦੇ ਹੀ ਰਹਾਂਗੇ। ਜੇ ਪੰਜਾਬ ਦੇ ਲੋਕ ਫ਼ਿਲਮ ਦੀ ਰਿਲੀਜ਼ ਦੇ ਹੱਕ ਲੜਨ ਨੂੰ ਤਿਆਰ ਹਨ ਤਾਂ ਮੈਂ ਵੀ ਉਨ੍ਹਾਂ ਦੇ ਨਾਲ ਖੜਾ ਹਾਂ।” ”ਫ਼ਿਲਮ ਬਣਾਉਣ ਵਾਲਿਆਂ ਨੂੰ ਵੀ ਇਸ ਦੀ ਕਹਾਣੀ ਬਚਾਉਣ ਅਤੇ ਇਸ ਨੂੰ ਮੂਲ ਰੂਪ ਵਿੱਚ ਰਿਲੀਜ਼ ਕਰਵਾਉਣ ਲਈ ਸੰਘਰਸ਼ ਕਰਨਾ ਚਾਹੀਦਾ ਹੈ।
ਜਸਵੰਤ ਸਿੰਘ ਖਾਲੜਾ ਬਾਇਓਪਿਕ
ਸਾਲ 2022 ਵਿੱਚ ਖਾਲੜਾ ਪਰਿਵਾਰ ਨੇ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ ਬਣਾਉਣ ਦੀ ਇਜ਼ਾਜਤ ਹਨੀ ਤਰੇਹਨ ਦੀ ਟੀਮ ਨੂੰ ਦਿੱਤੀ ਸੀ, ਜਿਸ ਦਾ ਦਲਜੀਤ ਦੋਸਾਂਝ ਵੀ ਹਿੱਸਾ ਸਨ।
ਉਸ ਸਮੇਂ ਵੀ ਪਰਮਜੀਤ ਕੌਰ ਖਾਲੜਾ ਦੇ ਫੇਸਬੁੱਕ ਪੇਜ਼ ‘ਤੇ ਇੱਕ ਪੋਸਟ ਜ਼ਰੀਏ ਜਾਣਕਾਰੀ ਦਿੱਤੀ ਸੀ, “ਪਿਛਲੇ ਕੁਝ ਸਾਲਾਂ ਤੋਂ ਖਾਲੜਾ ਪਰਿਵਾਰ ਨੂੰ ਬਹੁਤ ਜਥੇਬੰਦੀਆਂ ਨੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਕੰਮ ਦੇ ਉੱਤੇ ਫਿਲਮ ਬਣਾਉਣ ਲਈ ਸੰਪਰਕ ਕੀਤਾ ਸੀ ਪਰ ਅਸੀਂ ਇਸ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸੀ।”
“ਸੋ ਅਖ਼ੀਰ ਖਾਲੜਾ ਪਰਿਵਾਰ ਨੇ ਇਹ ਫਿਲਮ ਬਣਾਉਣ ਦੀ ਆਗਿਆ ਹਨੀ ਤਰੇਹਨ ਦੀ ਟੀਮ ਜਿਸ ਦਾ ਦਿਲਜੀਤ ਦੋਸਾਂਝ ਵੀ ਹਿੱਸਾ ਹਨ, ਨੂੰ ਦੇ ਦਿੱਤੀ ਹੈ।” ਉਨ੍ਹਾਂ ਨੇ ਦੱਸਿਆ ਸੀ,”ਇਸ ਦੀ ਕਹਾਣੀ ਪਰਿਵਾਰ ਵਲੋਂ ਪੜ੍ਹੀ ਜਾਵੇਗੀ ਅਤੇ ਪਰਿਵਾਰ ਵੱਲੋਂ ਇਹ ਵੀ ਹੱਕ ਰਾਖਵਾਂ ਰੱਖਿਆ ਗਿਆ ਹੈ ਕਿ ਜੇ ਫਿਲਮ ਬਣਨ ‘ਤੇ ਸਾਨੂੰ ਇਸ ਵਿੱਚ ਕੋਈ ਤੱਥਾਂ ਨੂੰ ਲੈ ਕੇ ਊਣਤਾਈਆਂ ਨਜ਼ਰ ਆਈਆਂ ਤਾਂ ਅਸੀਂ ਇਸ ਨੂੰ ਮਨ੍ਹਾਂ ਕਰ ਸਕਦੇ ਹਾਂ।” ਪਰਮਜੀਤ ਕੌਰ ਖਾਲੜਾ ਦੀ ਇਸ ਪੋਸਟ ਨੂੰ ਅਦਾਕਾਰ ਦਿਲਜੀਤ ਦੋਸਾਂਝ ਵਲੋਂ ਵੀ ਆਪਣੇ ਫ਼ੇਸਬੁੱਕ ਪੇਜ਼ ਉੱਤੇ ਸਾਂਝੀ ਕੀਤਾ ਗਿਆ ਸੀ।
ਜਸਵੰਤ ਸਿੰਘ ਖਾਲੜਾ ਕੌਣ ਸਨ?
ਅਦਾਲਤਾਂ ਵਿੱਚ ਸੀਬੀਆਈ ਨੇ ਜੋ ਵੇਰਵੇ ਦਿੱਤੇ ਉਨ੍ਹਾਂ ਮੁਤਾਬਕ, ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਰਹਿ ਚੁੱਕੇ ਹਨ। ਉਨ੍ਹਾਂ ਮੁਤਾਬਕ, ਪੰਜਾਬ 1980ਵਿਆਂ ਅਤੇ 1990ਵਿਆਂ ਦੌਰ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਦੇ ਨਾਲ-ਨਾਲ ਪੁਲਿਸ ਤਸ਼ੱਦਦ, ਹਿਰਾਸਤੀ ਮੌਤਾਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਕਰਕੇ ਵੀ ਲਗਾਤਾਰ ਚਰਚਾ ਵਿੱਚ ਰਿਹਾ।
ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਨੇ ਅੰਮ੍ਰਿਤਸਰ, ਮਜੀਠਾ ਅਤੇ ਤਰਨ ਤਾਰਨ ਦੇ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜੂਨ 1984 ਤੋਂ ਦਸੰਬਰ 1994 ਤੱਕ ਆਈਆਂ ਅਣਪਛਾਤੀਆਂ ਲਾਸ਼ਾਂ ਦੇ ਵੇਰਵੇ ਨਸ਼ਰ ਕੀਤੇ ਸਨ। ਉਨ੍ਹਾਂ ਇਹ ਦਾਅਵਾ ਕੀਤਾ ਕਿ ਇਹ ਲਾਵਾਰਿਸ ਲਾਸ਼ਾਂ ਪੁਲਿਸ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਦੀ ਗਵਾਹੀ ਭਰਦੀਆਂ ਹਨ। ਜਸਵੰਤ ਸਿੰਘ ਖਾਲੜਾ ਦੇ ਦਾਅਵੇ ਦੀ ਤਸਦੀਕ ਇਹ ਤੱਥ ਕਰਦੇ ਸਨ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਲਾਸ਼ਾਂ ਸ਼ਮਸ਼ਾਨ ਘਾਟਾਂ ਤੱਕ ਪੁਲਿਸ ਵਲੋਂ ਪਹੁੰਚਾਈਆਂ ਗਈਆਂ ਸਨ। ਸੀਬੀਆਈ ਦੀ ਰਿਪੋਰਟ ਮੁਤਾਬਕ ਜਸਵੰਤ ਸਿੰਘ ਖਾਲੜਾ ਨੇ ਇਸ ਵਿਰੁੱਧ ਆਵਾਜ਼ ਉਠਾਈ।
ਰਿਪੋਰਟ ਮੁਤਾਬਕ, ”ਸਥਾਨਕ ਪੁਲਿਸ ਨੂੰ ਇਹ ਪਸੰਦ ਨਹੀਂ ਆ ਰਿਹਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਅਤੇ ਇਸ ਅਪਰਾਧਿਕ ਸਾਜ਼ਿਸ਼ ਨੂੰ ਅੱਗੇ ਤੋਰਦਿਆਂ ਸਥਾਨਕ ਪੁਲਿਸ ਅਧਿਕਾਰੀਆਂ ਨੇ 6 ਸਤੰਬਰ 1995 ਨੂੰ ਖਾਲੜਾ ਨੂੰ ਉਨ੍ਹਾਂ ਦੀ ਕਬੀਰ ਪਾਰਕ ਨੇੜਲੀ ਰਿਹਾਇਸ਼ ਤੋਂ ਅਗਵਾ ਕਰ ਲਿਆ।” ”ਉਨ੍ਹਾਂ ਨੂੰ ਗ਼ੈਰਕਾਨੂੰਨੀ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਹਰੀਕੇ ਇਲਾਕੇ ਵਿੱਚ ਨਹਿਰ ਵਿੱਚ ਸੁੱਟ ਦਿੱਤੀ ਗਈ।”