17.8 C
Vancouver
Monday, May 25, 2026

ਪੋਰਟ ਅਲਬਰਨੀ ‘ਚ ਇਤਿਹਾਸਕ ਇਮਾਰਤ ਨੂੰ ਲੱਗੀ ਅੱਗ, ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ

ਵੈਨਕੂਵਰ (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਪੋਰਟ ਅਲਬਰਨੀ ਸ਼ਹਿਰ ਵਿੱਚ ਸਥਿਤ ਇੱਕ ਖਾਲੀ ਅਤੇ ਪੁਰਾਣੀ ਇਮਾਰਤ ਬੀਤੀ ਅੱਧੀ ਰਾਤ ਨੂੰ ਲੱਗੀ ਭਿਆਨਕ ਅੱਗ ਵਿੱਚ ਪੂਰੀ ਤਰ੍ਹਾਂ ਤਬਾਹ ਹੋ ਗਈ। 4th ਐਵੇਨਿਊ ਦੇ 3000 ਬਲਾਕ ਵਿੱਚ ਸਥਿਤ ਇਸ ਇਮਾਰਤ ਵਿੱਚ ਅੱਗ ਲੱਗਣ ਦੀ ਘਟਨਾ ਰਾਤ 12 ਵਜੇ ਤੋਂ ਕੁਝ ਸਮੇਂ ਬਾਅਦ ਵਾਪਰੀ। ਇਲਾਕਾ ਨਿਵਾਸੀਆਂ ਅਨੁਸਾਰ ਇਹ ਇਮਾਰਤ ਲੰਬੇ ਸਮੇਂ ਤੋਂ ਖਾਲੀ ਪਈ ਸੀ ਅਤੇ ਸ਼ਹਿਰ ਦੇ ਇਸ ਹਿੱਸੇ ਵਿੱਚ ਇੱਕ ਵੱਡੀ ਸਮੱਸਿਆ ਬਣੀ ਹੋਈ ਸੀ।
ਘਟਨਾ ਦੇ ਚਸ਼ਮਦੀਦ ਗਵਾਹ ਜੋਵ ਬੇਕਨਸਟੋਸ ਨੇ ਦੱਸਿਆ ਕਿ ਜਦੋਂ ਇਮਾਰਤ ਨੂੰ ਅੱਗ ਲੱਗੀ ਤਾਂ ਧੂੰਏਂ ਦੇ ਗੁਬਾਰ ਅਤੇ ਅੱਗ ਦੀਆਂ ਲਪਟਾਂ ਪੂਰੇ ਪੋਰਟ ਅਲਬਰਨੀ ਸ਼ਹਿਰ ਵਿੱਚੋਂ ਸਾਫ਼ ਦਿਖਾਈ ਦੇ ਰਹੀਆਂ ਸਨ। ਬੇਕਨਸਟੋਸ ਅਨੁਸਾਰ ਅੱਗ ਇੰਨੀ ਭਿਆਨਕ ਸੀ ਕਿ ਕਾਫ਼ੀ ਦੂਰ ਤੱਕ ਇਸ ਦੀ ਤਪਸ਼ ਮਹਿਸੂਸ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਫਾਇਰ ਫਾਈਟਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੁਸਤੈਦੀ ਸਦਕਾ ਹੀ ਕੋਨੇ ‘ਤੇ ਸਥਿਤ ‘ਬਾਰਕਲੇ’ (The Barclay) ਇਮਾਰਤ ਨੂੰ ਸੜਨ ਤੋਂ ਬਚਾਇਆ ਜਾ ਸਕਿਆ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਇਹ ਇਮਾਰਤ ਪੁਰਾਣੀ ਸੀ, ਪਰ ਉਹ ਹਮੇਸ਼ਾ ਚਾਹੁੰਦੇ ਸਨ ਕਿ ਇਸ ਨੂੰ ਮੁੜ ਤੋਂ ਵਿਕਸਿਤ ਕਰਕੇ ਕਿਸੇ ਕੰਮ ਲਿਆਂਦਾ ਜਾਂਦਾ।
ਪੋਰਟ ਅਲਬਰਨੀ ਵਿੱਚ ‘ਸਟੀਮਪੰਕ ਕੈਫੇ’ (SteamPunk Cafe) ਦੀ ਮਾਲਕਣ ਕੈਰਲ-ਐਨੀ ਜ਼ਨੇਟ ਨੇ ਦੱਸਿਆ ਕਿ ਜਦੋਂ ਉਹ ਸਵੇਰੇ 5 ਵਜੇ ਕੰਮ ‘ਤੇ ਪਹੁੰਚੀ ਤਾਂ ਇਮਾਰਤ ਦਾ ਅੱਧਾ ਹਿੱਸਾ ਸੜ ਚੁੱਕਾ ਸੀ ਅਤੇ ਫਾਇਰ ਕਰਮਚਾਰੀ ਬਾਕੀ ਬਚੇ ਹਿੱਸੇ ਨੂੰ ਢਾਹ ਰਹੇ ਸਨ। ਉਨ੍ਹਾਂ ਨੇ ਭਾਵੁਕ ਹੁੰਦਿਆਂ ਦੱਸਿਆ, “ਕਈ ਸਾਲ ਪਹਿਲਾਂ ਇੱਥੇ ਇੱਕ ਬਹੁਤ ਹੀ ਖੂਬਸੂਰਤ ਰੈਸਟੋਰੈਂਟ ਹੁੰਦਾ ਸੀ ਜਿੱਥੇ ਮੈਂ ਕਈ ਵਾਰ ਰਾਤ ਦਾ ਖਾਣਾ ਖਾਧਾ। ਇਹ ਲੋਕਾਂ ਦੀਆਂ ਯਾਦਾਂ ਨਾਲ ਜੁੜੀ ਹੋਈ ਥਾਂ ਸੀ। ਪਰ ਪਿਛਲੇ ਕਈ ਸਾਲਾਂ ਤੋਂ ਇਹ ਖਾਲੀ ਅਤੇ ਖ਼ਸਤਾ ਹਾਲਤ ਵਿੱਚ ਸੀ, ਜਿਸ ਕਾਰਨ ਇੱਥੇ ਅਕਸਰ ਦਿੱਕਤਾਂ ਪੇਸ਼ ਆਉਂਦੀਆਂ ਰਹਿੰਦੀਆਂ ਸਨ। ਹੁਣ ਮੈਂ ਉਮੀਦ ਕਰਦੀ ਹਾਂ ਕਿ ਇਸ ਜਗ੍ਹਾ ‘ਤੇ ਕੁਝ ਨਵਾਂ ਅਤੇ ਬਿਹਤਰ ਬਣਾਇਆ ਜਾਵੇਗਾ।”
ਪੋਰਟ ਅਲਬਰਨੀ ਫਾਇਰ ਵਿਭਾਗ ਦੇ ਡਿਪਟੀ ਫਾਇਰ ਚੀਫ਼ ਟ੍ਰੈਵਿਸ ਕਰਾਸ ਨੇ ਦੱਸਿਆ ਕਿ ਅੱਗ ‘ਤੇ ਕਾਬੂ ਪਾਉਣਾ ਇੱਕ ਵੱਡੀ ਚੁਣੌਤੀ ਸੀ। ਉਨ੍ਹਾਂ ਕਿਹਾ, “ਜਦੋਂ ਸਾਡੀ ਟੀਮ ਮੌਕੇ ‘ਤੇ ਪਹੁੰਚੀ ਤਾਂ ਦੋ ਮੰਜ਼ਿਲਾਂ ਦੀਆਂ ਤਿੰਨ ਖਿੜਕੀਆਂ ਵਿੱਚੋਂ ਅੱਗ ਦੀਆਂ ਲਪਟਾਂ ਬਾਹਰ ਨਿਕਲ ਰਹੀਆਂ ਸਨ।
ਅੱਗ ਬਹੁਤ ਤੇਜ਼ੀ ਨਾਲ ਫੈਲ ਰਹੀ ਸੀ ਅਤੇ ਤਪਸ਼ ਬਹੁਤ ਜ਼ਿਆਦਾ ਸੀ। ਕਿਉਂਕਿ ਇਮਾਰਤ ਖਾਲੀ ਸੀ ਅਤੇ ਇਸ ਦੀ ਹਾਲਤ ਖ਼ਸਤਾ ਸੀ, ਇਸ ਲਈ ਸਾਡੇ ਕਰਮਚਾਰੀਆਂ ਦਾ ਅੰਦਰ ਜਾਣਾ ਬੇਹੱਦ ਖ਼ਤਰਨਾਕ ਸੀ। ਇਸ ਲਈ ਅਸੀਂ ਬਾਹਰੋਂ ਹੀ ਅੱਗ ਬੁਝਾਉਣ ਦਾ ਫੈਸਲਾ ਕੀਤਾ।”
ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਫਾਇਰ ਵਿਭਾਗ ਦੇ ਨਾਲ-ਨਾਲ ਪੁਲਿਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ਹਿਰ ਦੇ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਖਾਲੀ ਪਈਆਂ ਇਮਾਰਤਾਂ ਬਾਰੇ ਸੁਚੇਤ ਰਹਿਣ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ