ਦੁੱਖ-ਸੁੱਖ ਸਾਰੇ ਫ਼ੋਲ ਨੀਂ ਮਾਏਂ,
ਧੀ ਦੇ ਅੱਗੇ ਖੋਲ੍ਹ ਨੀਂ ਮਾਏਂ।
ਧੀ ਮੈਂ ਤੇਰੀ ਧੀਆਂ ਵਰਗੀ,
ਨਾ ਪੁੱਤ ਮੈਨੂੰ ਤੂੰ ਬੋਲ ਨੀਂ ਮਾਏਂ।
ਦੁੱਖ-ਸੁੱਖ….
ਪੇਕੇ ਸਹੁਰੇ ਦੋਵੇਂ ਬਰਾਬਰ,
ਫ਼ਰਕ ਨਾ ਕਰਾਂ ਕਦੇ।
ਮਾਪਿਆਂ ਦੇ ਚਰਨਾਂ ਵਿੱਚ ਬਹਿ,
ਹੌਂਸਲੇ ਹਿੰਮਤਾਂ ਸਦਾ ਵਧੇ।
ਸਵਰਗ ਵਾਂਗਰਾ ਲੱਗਦਾ ਏ,
ਜਦ ਆ ਕੇ ਬੈਠੇ ਕੋਲ਼ ਨੀਂ ਮਾਏਂ।
ਦੁੱਖ-ਸੁੱਖ…..
ਜਾਇਦਾਦ ਦੀ ਲੋੜ ਨਾ ਮੈਨੂੰ,
ਮੈਂ ਤਾਂ ਇੱਕ ਬੱਸ ਚਾਹਾਂ ਤੈਨੂੰ।
ਦੁੱਖੜੇ ਤੇਰੇ ਹਰ ਲਵਾਂ ਜੇ,
ਫ਼ੇਰ ਕੋਈ ਵੀ ਥੋੜ੍ਹ ਨਾ ਮੈਨੂੰ।
ਸਾਰੀ ਦੱਸੀ ਹਾਲਤ ਆਪਣੀ,
ਗੱਲ ਕਰੀ ਨਾ ਗੋਲ਼ ਨੀਂ ਮਾਏਂ।
ਦੁੱਖ-ਸੁੱਖ…..
ਤੇਰੇ ਤੋਂ ਮੈਂ ਵਾਰ ਦਿਆਂ,
ਜ਼ਿੰਦ ਆਪਣੀ ਨੂੰ ਹਾਰ ਦਿਆਂ।
ਤੇਰੇ ਸਿਰ ਤੋਂ ਲਾਹ ਕੇ ਮੈਂ,
ਸੁੱਟ ਸਾਰਾ ਹੀ ਭਾਰ ਦਿਆਂ।
‘ਮਨਜੀਤ’ ਨਾਲ਼ ਤੂੰ ਫ਼ਰਕ ਕਰੀਂ ਨਾ,
ਇੱਕੋ ਪੱਲੜੇ ਤੋਲ਼ ਨੀਂ ਮਾਏ।
ਦੁੱਖ-ਸੁੱਖ ਸਾਰੇ ਫੋਲ਼ ਨੀਂ ਮਾਏ,
ਧੀ ਦੇ ਅੱਗੇ ਖੋਲ੍ਹ ਨੀਂ ਮਾਏ।
ਲਿਖਤ : ਮਨਜੀਤ ਕੌਰ ਧੀਮਾਨ,
ਸੰਪਰਕ : 9464633059