Saturday, November 23, 2024
10.3 C
Vancouver

ਸਾਹਿਬ ਕੌਰ ਧਾਲੀਵਾਲ ਨੇ ਯੂ.ਐਨ.ਓ. ਵਿਖੇ ਕੈਨੇਡਾ ਦੇ ਨੌਜਵਾਨ ਵਰਗ ਦੀ ਕੀਤੀ ਪ੍ਰਤਿਨਿਧਤਾ

ਐਬਟਸਫੋਰਡ (ਏਕਜੋਤ ਸਿੰਘ): ਐਬਟਸਫੋਰਡ ਸ਼ਹਿਰ ਦੀ ਜੰਮਪਲ ਅਤੇ ਅੱਜਕੱਲ ਮੈਕਗਿਲ ਲਾਅ ਕਾਲਜ, ਯੂਨੀਵਰਸਿਟੀ ਮੋਂਟਰਿਅਲ ਵਿਖੇ ਵਕਾਲਤ ਕਰ ਰਹੀ ਗੁਰਸਿੱਖ ਪੰਜਾਬਣ ਸਾਹਿਬ ਕੌਰ ਧਾਲੀਵਾਲ ਨੇ, ਸੰਯੁਕਤ ਰਾਸ਼ਟਰ ਸੰਘ ਦੇ ਜਨੇਵਾ, ਸਵਿਟਜ਼ਰਲੈਂਡ ਮੁਖ ਸਥਾਨ ਵਿਖੇ ਵਰਲਡ ਟਰੇਡ ਔਰਗਨਾਈਜੇਸ਼ਨ ਦੀ ਵਿਸ਼ੇਸ਼ ਬੈਠਕ ਵਿੱਚ ਸ਼ਮੂਲੀਅਤ ਕੀਤੀ ਹੈ। ਸਾਹਿਬ ਕੌਰ ਨੇ ਯੂਨੀਵਰਸਿਟੀ ਆਫ ਓਟਵਾ ਵੱਲੋਂ ਕੈਨੇਡੀਅਨ ਨੌਜਵਾਨਾ ਦੀ ਪ੍ਰਤਨਿਧਿਤਾ ਕਰਦਿਆਂ, ਯੂਐਨਓ ਦੇ ਪਬਲਿਕ ਫੋਰਮ ਵਿੱਚ ਗੰਭੀਰ ਮੁੱਦਿਆਂ ‘ਤੇ ਚਰਚਾ ਕੀਤੀ। ਸਵਿਟਜ਼ਰਲੈਂਡ ਵਿਖੇ ਚਾਰ ਦਿਨ ਚੱਲੀ ਇਸ ਵਿਸ਼ਾਲ ਬੈਠਕ ਦੌਰਾਨ ਦੁਨੀਆਂ ਭਰ ਤੋਂ ਰਾਜਦੂਤਾਂ, ਡਿਪਲੋਮੈਟਾਂ, ਮਾਹਰਾਂ, ਅੰਤਰਰਾਸ਼ਟਰੀ ਵਪਾਰ ਵਿੱਚ ਪ੍ਰੈਕਟੀਸ਼ਨਰਾਂ ਅਤੇ ਪ੍ਰਸਿੱਧ ਅਕਾਦਮੀਆਂ ਨੇ ਸ਼ਮੂਲੀਅਤ ਕੀਤੀ। ਸਾਹਿਬ ਕੌਰ ਧਾਲੀਵਾਲ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਮਾਜਿਕ-ਸੱਭਿਆਚਾਰਕ ਮਾਪ, ਜਲਵਾਯੂ ਪਰਿਵਰਤਨ, ਭੋਜਨ ਸੁਰੱਖਿਆ, ਆਮਦਨੀ ਅਸਮਾਨਤਾ ਅਤੇ ਭੂ-ਰਾਜਨੀਤਿਕ ਟਕਰਾਅ ਸਮੇਤ ਕਈ ਹੋਰ ਮੁੱਦੇ, ਜਿਵੇਂ ਕਿ ਭੋਜਨ ਅਤੇ ਪਾਣੀ ਦੀ ਸੁਰੱਖਿਆ, ਤਕਨੀਕੀ ਅਸਮਾਨਤਾਵਾਂ, ਅਤੇ ਸਿੱਖਿਆ ਦੀ ਅਸਮਰਥਤਾ ਸੰਸਾਰ ਪੱਧਰ ਤੇ ਵੱਡੀ ਚੁਣੌਤੀ ਹਨ। ਇਸ ਦੌਰਾਨ ਕੈਨੇਡਾ ਭਰ ਦੇ ਆਦਿਵਾਸੀ ਭਾਈਚਾਰਿਆਂ ਨੂੰ ਰੋਜ਼ਾਨਾ ਸਮਾਜਿਕ-ਆਰਥਿਕ ਅਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਹਿਬ ਕੌਰ ਅਨੁਸਾਰ ਵੱਡੀ ਫਿਕਰਮੰਦ ਦੀ ਵਾਲੀ ਗੱਲ ਇਹ ਹੈ ਕਿ ਸੰਸਾਰ ਦੇ 1.5 ਬਿਲੀਅਨ ਲੋਕਾਂ ਨੂੰ ਅਤਿਅੰਤ ਗਰੀਬੀ ਤੋਂ ਬਾਹਰ ਕੱਢਣ ਵਿੱਚ ਅੰਤਰਰਾਸ਼ਟਰੀ ਵਪਾਰ ਦੀ ਸਹਾਇਤਾ ਦੇ ਬਾਵਜੂਦ, ਵਪਾਰ ਦੇ ਲਾਭ ਨਹੀਂ ਹੋਏ ਹਨ। ਸਾਹਿਬ ਕੌਰ ਦਾ ਮੰਨਣਾ ਹੈ ਕਿ ਅਜਿਹੀਆਂ ਕੌਮਾਂਤਰੀ ਬੈਠਕਾਂ ਰਾਹੀਂ ਹੀ ਲੋਕ ਪੱਖੀ ਰਣਨੀਤੀ ਦੁਆਰਾ ਆਰਥਿਕ, ਵਾਤਾਵਰਣ, ਰਾਜਨੀਤਿਕ ਅਤੇ ਵਿਆਪਕ ਵਿਸ਼ਵ ਸੰਕਟਾਂ ਨਾਲ ਨਜਿੱਠਣ ਦਾ ਮੌਕਾ ਹਾਸਲ ਹੋ ਸਕਦਾ ਹੈ। ਪੰਜਾਬ ਤੋਂ ਜ਼ਿਲਾ ਲੁਧਿਆਣਾ ਦੇ ਪਿੰਡ ਲੱਖਾ ਨਾਲ ਸਬੰਧਿਤ ਸਿੱਖ ਵਿਦਵਾਨ ਭਾਈ ਹਰਪਾਲ ਸਿੰਘ ਲੱਖਾ ਦੀ ਪੋਤਰੀ ਅਤੇ ਮੀਡੀਆ ਸ਼ਖਸੀਅਤ ਡਾ. ਗੁਰਵਿੰਦਰ ਸਿੰਘ ਧਾਲੀਵਾਲ ਦੀ ਹੋਣਹਾਰ ਧੀ ਸਾਹਿਬ ਕੌਰ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਪੇਜ ਸੁਪਰਵਾਈਜ਼ਰ ਵੱਲੋਂ ਸੇਵਾਵਾਂ ਨਿਭਾਈਆਂ ਹਨ। ਯੂਐਨਓ ਦੇ ਦੌਰੇ ਦੌਰਾਨ ਸਾਹਿਬ ਕੌਰ ਨੇ ਜਿੱਥੇ ਯੂਟੀਓ ਬਾਰੇ ਵਿਚਾਰਾਂ ਦੀ ਸਾਂਝ ਪਾਈ, ਉੱਥੇ ਯੂਐਨਓ ਦੇ ਮੰਚ ਤੋਂ ਮਨੁੱਖੀ ਅਧਿਕਾਰਾਂ ਦੇ ਖੇਤਰ ‘ਚ ਸੰਸਾਰ ਪੱਧਰ ‘ਤੇ ਆ ਰਹੀਆਂ ਚੁਣੌਤੀਆਂ ਅਤੇ ਦੱਬਿਆਂ-ਕੁਚਲਿਆਂ ਦੇ ਹੱਕ ਵਿੱਚ ਦ੍ਰਿੜਤਾ ਨਾਲ ਆਵਾਜ਼ ਉਠਾਉਣ ਦਾ ਵੀ ਅਹਿਦ ਕੀਤਾ।