Saturday, November 23, 2024
9.4 C
Vancouver

ਕੈਨੇਡਾ ਤੋਂ ਅਮਰੀਕਾ ਗ਼ੈਰ-ਕਾਨੂੰਨੀ ਢੰਗ ਨਾਲ ਭੇਜਣ ਲਈ ਤਸਕਰਾਂ ਵਲੋਂ ਟਿਕਟੌਕ ‘ਤੇ ਹੋਣ ਲੱਗਾ ਪ੍ਰਚਾਰ

 

ਸਰੀ, (ਏਕਜੋਤ ਸਿੰਘ): ਕੈਨੇਡਾ ਤੋਂ ਅਮਰੀਕਾ ਗ਼ੈਰ-ਕਾਨੂੰਨੀ ਤਰੀਕੇ ਨਾਲ ਭੇਜਣ ਲਈ ਲਈ ਟਿਕਟੌਕ-ਵੱਟਸਐਪ ਵਰਗੀਆਂ ਸ਼ੋਸ਼ਲ ਮੀਡੀਆਂ ‘ਤੇ ਤਸਕਰ ਸ਼ਰੇਆਰਮ ਪ੍ਰਚਾਰ ਕਰਨ ਦੇ ਮਾਮਲੇ ਸਾਹਮਣੇ ਆਏ ਹਨ। ਅਸਥਾਈ ਪਰਵਾਸੀਆਂ ਲਈ ਕਈ ਤਸਕਰਾਂ ਨੇ ਟਿਕਟੌਕ ਵਰਗੀਆਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਬਾਰਡਰ ਟੱਪਾਉਣ ਦੀ ਸਹੂਲਤ ਮੁਹੱਈਆ ਕਰਨ ਦੀਆਂ ਲਈ ਕਈ ਤਰੀਕਿਆਂ ਨਾਲ ਪ੍ਰਚਾਰ ਕਰਨਾ ਸ਼ੁਰੂ ਕੀਤਾ ਗਿਆ ਹੈ ਅਤੇ ਅਜਿਹੇ ਦਰਜਨਾਂ ਖਾਤੇ ਵੱਖ ਵੱਖ ਸ਼ੋਸ਼ਲ ਮੀਡੀਆ ‘ਤੇ ਮੌਜੂਦ ਹਨ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਅਜਿਹੇ ਕਈ ਖਾਤੇ ਭਾਰਤ ਤੋਂ ਆਏ ਟੈਂਪੋਰੈਰੀ ਰੈਜ਼ੀਡੈਂਟਸ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਥੋਂ ਤੱਕ ਕਿ ਇਨ੍ਹਾਂ ਖਾਤਿਆਂ ‘ਚ ਦਰਜਨਾਂ ਵੀਡੀਓਜ ਵੀ ਹਨ, ਮੌਂਟਰੀਅਲ ਤੋਂ ਅਮਰੀਕਾ ਪਹੁੰਚਾਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਇੱਕ ਟਿਕਟੌਕ ਖਾਤੇ ਦੇ 360,000 ਤੋਂ ਵੱਧ ਫਾਲੋਅਰ ਵੀ ਹਨ, ਜੋ ਮੁੱਖ ਤੌਰ ‘ਤੇ ਕੈਨੇਡਾ ਵਿੱਚ ਰਹਿੰਦੇ ਵਿਦਿਆਰਥੀਆਂ ਨੂੰ ਟਾਰਗੇਟ ਕਰਦਾ ਹੈ। ਇਨ੍ਹਾਂ ਵੀਡੀਓਜ਼ ਵਿੱਚ ਕਈ ਗਾਹਕ ਜਿਨ੍ਹਾਂ ਨੇ ਕ੍ਰਾਸਿੰਗ ਪੂਰੀ ਕੀਤੀ ਹੈ, ਪੰਜਾਬੀ ਭਾਸ਼ਾ ਵਿੱਚ ਤਸਕਰਾਂ ਦੀਆਂ ਸਰਵਿਸਾਂ ਦੀ ਤਾਰੀਫ਼ ਕਰਦੇ ਹੋਏ ਸਾਫ਼ ਸੁਣੇ ਜਾ ਸਕਦੇ ਹਨ।
ਜ਼ਿਕਰਯੋਗ ਹੈ ਕਿ ਦੱਖਣੀ ਕਿਊਬੈਕ ਦੇ ਸਵਾਂਟਨ ਸੈਕਟਰ ਦੇ ਬਾਰਡਰ ਪਾਰ ਕਰਨ ਦੇ ਕੇਸਾਂ ਵਿੱਚ ਹਾਲ ਦੇ ਮਹੀਨਿਆਂ ਵਿੱਚ ਬੇਹਦ ਵਾਧਾ ਹੋਇਆ ਹੈ। ਜਨਵਰੀ ਤੋਂ ਲੈ ਕੇ ਹੁਣ ਤਕ, ਕਰੀਬ 13,000 ਵਿਅਕਤੀਆਂ ਨੂੰ ਅਮਰੀਕੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਭਾਰਤ ਅਤੇ ਬੰਗਲਾਦੇਸ਼ ਦੇ ਨਾਗਰਿਕ ਹਨ, ਜੋ ਕੈਨੇਡਾ ਦੇ ਸਟੂਡੈਂਟ ਜਾਂ ਵਿਜ਼ਿਟਰ ਵੀਜ਼ੇ ਉੱਤੇ ਰਹਿ ਰਹੇ ਸਨ। ਇਹ ਗਿਣਤੀ 2022 ਦੀ ਤੁਲਨਾ ਵਿੱਚ 526% ਵਧ ਗਈ ਹੈ।
ਕਈ ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਭਾਰਤੀ ਲੋਕਾਂ ਲਈ ਅਮਰੀਕਾ ਤੱਕ ਪਹੁੰਚਣ ਲਈ ਇੱਕ ਤੇਜ਼ ਅਤੇ ਆਸਾਨ ਰਸਤਾ ਹੈ। ਉਹਨਾਂ ਨੇ ਕਿਹਾ ਕਿ ਕੈਨੇਡੀਅਨ ਵੀਜ਼ਾ ਪ੍ਰਾਪਤ ਕਰਨਾ ਅਮਰੀਕਾ ਦੇ ਮੁਕਾਬਲੇ ਸੌਖਾ ਹੈ ਅਤੇ ਇਸ ਕਾਰਨ ਕਈ ਤਸਕਰਾਂ ਨੇ ਇਸ ਨੂੰ ਆਪਣਾ ਆਧਾਰ ਬਣਾ ਲਿਆ ਹੈ। ਕੈਨੇਡਾ ਵਿੱਚ ਪੀਆਰ ਮਿਲਣ ਦੀ ਉਮੀਦ ਘੱਟ ਹੋਣ ਕਰਕੇ ਕਈ ਭਾਰਤੀ ਵਿਦਿਆਰਥੀ ਅਤੇ ਅਸਥਾਈ ਲੋਕ ਅਮਰੀਕਾ ਜਾਣ ਨੂੰ ਤਰਜੀਹ ਦੇ ਰਹੇ ਹਨ।