14.9 C
Vancouver
Saturday, May 30, 2026

ਸਸਕੈਚਵਨ ਵਿਧਾਨ ਸਭਾ ਵਿੱਚ 110 ਸਾਲਾਂ ਬਾਅਦ ਬਣੇਗਾ ਮਹਿਲਾ ਵਿਧਾਇਕਾਂ ਲਈ ਵੱਖਰਾ ਬਾਥਰੂਮ

ਸਰੀ, (ਏਕਜੋਤ ਸਿੰਘ): ਸਸਕੈਚਵਨ ਦੀ ਵਿਧਾਨ ਸਭਾ ਵਿੱਚ ਮਹਿਲਾ ਸਿਆਸਤਦਾਨਾਂ ਨੂੰ 110 ਸਾਲਾਂ ਤੋਂ ਵੱਧ ਸਮੇਂ ਤੱਕ ਬਿਨਾਂ ਕਿਸੇ ਵਿਸ਼ੇਸ਼ ਵਾਸ਼ਰੂਮ ਦੇ ਰਹਿਣ ਤੋਂ ਬਾਅਦ ਹੁਣ ਜਲਦੀ ਹੀ ਆਪਣਾ ਨਿੱਜੀ ਬਾਥਰੂਮ ਮਿਲੇਗਾ। ਵਿਧਾਨ ਸਭਾ ਦੇ ਬਿਲਡਿੰਗ ਮੈਨੇਜਰ ਸਟੀਵ ਬਾਟਾ ਨੇ ਬੁੱਧਵਾਰ ਨੂੰ ਦੱਸਿਆ ਕਿ ਸਿਰਫ਼ ਮਹਿਲਾ ਮੈਂਬਰਾਂ ਲਈ ਤਿਆਰ ਕੀਤਾ ਜਾ ਰਿਹਾ ਇਹ ਵਾਸ਼ਰੂਮ ਜੂਨ ਵਿੱਚ ਮੁਕੰਮਲ ਹੋਣ ਦੀ ਉਮੀਦ ਹੈ। ਜਦੋਂ ਤੋਂ 1912 ਵਿੱਚ ਇਹ ਵਿਧਾਨ ਸਭਾ ਖੁੱਲ੍ਹੀ ਹੈ, ਉਦੋਂ ਤੋਂ ਹੀ ਪੁਰਸ਼ ਸਿਆਸਤਦਾਨਾਂ ਲਈ ਇੱਕ ਆਲੀਸ਼ਾਨ ਅਤੇ ਵਿਸ਼ੇਸ਼ ਬਾਥਰੂਮ ਮੌਜੂਦ ਹੈ, ਜਿਸ ਵਿੱਚ ਮਾਰਬਲ ਦੇ ਡਿਵਾਈਡਰ, ਓਕ ਦੇ ਦਰਵਾਜ਼ੇ, 5 ਸਿੰਕ ਅਤੇ ਇੱਕ ਡਰੈਸਰ ਸ਼ਾਮਲ ਹਨ।
ਮਹਿਲਾ ਵਿਧਾਇਕਾਂ ਨੂੰ ਹੁਣ ਤੱਕ ਆਮ ਜਨਤਾ ਲਈ ਬਣੇ ਛੋਟੇ ਵਾਸ਼ਰੂਮਾਂ ਦੀ ਵਰਤੋਂ ਕਰਨੀ ਪੈਂਦੀ ਸੀ। ਵਿਰੋਧੀ ਧਿਰ ਐਨਡੀਪੀ ਦੀ ਹਾਊਸ ਲੀਡਰ ਨਿਕੋਲ ਸਾਰਾਓਰ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਉਹਨਾਂ ਦੱਸਿਆ ਕਿ ਉਹਨਾਂ ਦੇ ਕਾਕਸ ਵਿੱਚ ਪਿਛਲੇ ਲੰਬੇ ਸਮੇਂ ਤੋਂ 50 ਫੀਸਦੀ ਮਹਿਲਾਵਾਂ ਸ਼ਾਮਲ ਹਨ। ਸਸਕੈਚਵਨ ਦੀ 61 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਇਸ ਵੇਲੇ 21 ਮਹਿਲਾਵਾਂ ਹਨ, ਜਿਨ੍ਹਾਂ ਵਿੱਚੋਂ 12 ਐਨਡੀਪੀ ਨਾਲ, 8 ਸਸਕੈਚਵਨ ਪਾਰਟੀ ਦੀ ਸਰਕਾਰ ਨਾਲ ਅਤੇ 1 ਆਜ਼ਾਦ ਮੈਂਬਰ ਹੈ।
ਸਾਰਾਓਰ ਨੇ ਕਿਹਾ ਕਿ ਮਹਿਲਾ ਮੈਂਬਰਾਂ ਲਈ ਵੱਖਰਾ ਬਾਥਰੂਮ ਹੋਣਾ ਇਹ ਯਕੀਨੀ ਬਣਾਉਂਦਾ ਹੈ ਕਿ ਸਾਰਿਆਂ ਨਾਲ ਬਰਾਬਰ ਦਾ ਵਿਹਾਰ ਕੀਤਾ ਜਾ ਰਿਹਾ ਹੈ। ਜਦੋਂ ਮਹਿਲਾਵਾਂ ਲਈ ਪੁਰਸ਼ਾਂ ਦੇ ਬਰਾਬਰ ਸਹੂਲਤਾਂ ਨਹੀਂ ਹੁੰਦੀਆਂ, ਤਾਂ ਸਮਾਜ ਨੂੰ ਇਹ ਸੁਨੇਹਾ ਜਾਂਦਾ ਹੈ ਕਿ ਇੱਕ ਸਮੂਹ ਦੂਜੇ ਨਾਲੋਂ ਵੱਧ ਮਹੱਤਵਪੂਰਨ ਹੈ। ਉਹਨਾਂ ਦੱਸਿਆ ਕਿ ਕੁੱਝ ਸਾਲ ਪਹਿਲਾਂ ਬਿਲਡਿੰਗ ਵਿੱਚ ਮਹਿਲਾਵਾਂ ਲਈ ਇੱਕ ਸਿੰਗਲ-ਸਟਾਲ ਵਾਸ਼ਰੂਮ ਬਣਾਇਆ ਗਿਆ ਸੀ, ਪਰ ਉਹ ਸਰਕਾਰ ਵਾਲੇ ਪਾਸੇ ਬਹੁਤ ਅੰਦਰ ਸੀ, ਜਿਸ ਕਾਰਨ ਵਿਰੋਧੀ ਧਿਰ ਦੀਆਂ ਮਹਿਲਾਵਾਂ ਲਈ ਉੱਥੇ ਜਾਣਾ ਬਹੁਤ ਮੁਸ਼ਕਲ ਹੁੰਦਾ ਸੀ।
ਬਿਲਡਿੰਗ ਮੈਨੇਜਰ ਬਾਟਾ ਨੇ ਦੱਸਿਆ ਕਿ ਨਵੇਂ ਮਹਿਲਾ ਵਾਸ਼ਰੂਮ ਵਿੱਚ ਪੁਰਸ਼ਾਂ ਦੇ ਬਾਥਰੂਮ ਵਾਂਗ ਹੀ ਪੁਰਾਣੇ ਮਾਰਬਲ ਵਰਗੇ ਇਤਿਹਾਸਕ ਤੱਤ ਸ਼ਾਮਲ ਕੀਤੇ ਜਾਣਗੇ। ਇਸ ਵਿੱਚ ਬੱਚਿਆਂ ਦੇ ਕੱਪੜੇ ਬਦਲਣ ਲਈ ਟੇਬਲ ਅਤੇ ਫੈਮਿਲੀ ਏਰੀਆ ਵੀ ਹੋਵੇਗਾ। ਇਸ ਸਾਰੇ ਨਵੀਨੀਕਰਨ ਅਤੇ ਪਲੰਬਿੰਗ ਦੇ ਕੰਮ ‘ਤੇ ਲਗਭਗ 200000 ਡਾਲਰ ਦੀ ਲਾਗਤ ਆਉਣ ਦਾ ਅਨੁਮਾਨ ਹੈ। ਵਿਧਾਨ ਸਭਾ ਦੇ ਸਪੀਕਰ ਟੌਡ ਗੌਡੀ ਨੇ ਕਿਹਾ ਕਿ ਇਹ ਇਮਾਰਤ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਣ ਤੋਂ 4 ਸਾਲ ਪਹਿਲਾਂ ਬਣੀ ਸੀ, ਇਸ ਲਈ ਉਦੋਂ ਇਸਦੀ ਲੋੜ ਨਹੀਂ ਸਮਝੀ ਗਈ ਸੀ, ਪਰ ਹੁਣ ਇਸਨੂੰ ਬਣਾਉਣਾ ਇੱਕ ਸ਼ਲਾਘਾਯੋਗ ਕਦਮ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ