17 C
Vancouver
Saturday, May 30, 2026

ਪੰਜਾਬ ਬਚਾਈਏ

ਸਰਬਜੀਤ ਸਿੰਘ ਜਰਮਨੀ
ਜਦ ਜਦ ਵੀ ਦੇਸ਼ ਕੌਮ ਤੇ ਭੀੜ ਪਈ, ਲੜਾਈਆਂ ਲੜਨ ਨੂੰ, ਸ਼ਹੀਦੀਆਂ ਪਾਉਣ ਨੂੰ ਪੰਜਾਬੀਆਂ ਨੂੰ ਹੀ ਮੁਹਰਾ ਬਣਾਇਆ ਗਿਆ। ਜਾਂ ਅਸੀਂ ਸਿੱਧੇ ਸਿੱਧੇ ਸ਼ਬਦਾਂ ਵਿੱਚ ਇਕੱਲੀ ਸਿੱਖ ਕੌਮ ਦੀਆਂ 90% ਕੁਰਬਾਨੀਆਂ ਦਿੱਤੀਆਂ ਗਈਆਂ ਹਨ। ਗੱਲ ਕਰਦੇ ਹਾਂ ਜਦੋ ਅੰਗਰੇਜ਼ਾਂ ਨੇ 121 ਭਾਰਤੀਆਂ ਨੂੰ ਸਜ਼ਾ ਸੁਣਾਈ ਤਾਂ ਉਹਨਾਂ ਵਿੱਚ ਇੱਕਲੇ ਸਿੱਖਾਂ ਦੀ ਗਿਣਤੀ 93 ਸੀ, ਅੰਗਰੇਜ਼ਾਂ ਵੱਲੋਂ ਭਾਰਤੀਆਂ ਨੂੰ ਮਿਲੀ ਕਾਲੇ ਪਾਣੀ ਦੀ ਸਜ਼ਾ ਵਿੱਚ ਕੇਵਲ ਸਿੱਖਾਂ ਦੀ ਗਿਣਤੀ 2147 ਸੀ ਜਦ ਕਿ ਕੁੱਲ ਭਾਰਤੀਆਂ ਦੀ ਗਿਣਤੀ 2647 ਸੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਲਿਆਂ ਵਾਲੇ ਬਾਗ ਵਿੱਚ ਜੋ ਜਨਰਲ ਡਾਇਰ ਨੇ ਵਿਸਾਖੀ ਵਾਲੇ ਦਿਨ ਖੂਨੀ ਕਾਢ ਕੀਤਾ ਗਿਆ ਸੀ ਉਸ ਵਿੱਚ 1300 ਭਾਰਤੀ ਸ਼ਹੀਦ ਹੋਏ ਜਿਹਨਾ ਵਿੱਚ 799 ਇਕੱਲੇ ਸਿੱਖ ਸਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀਆਂ ਵਿੱਚ ਮਾਨਸਾਕਿ ਹਿੰਮਤ ਤੇ ਇੱਕ ਅਲੌਕਿਕ ਤਾਕਤ ਹੈ ਜੋ ਸਾਡੇ ਗੁਰੂ ਸਹਿਬਾਨਾਂ ਨੇ ਸਾਨੂੰ ਅਨਮੋਲ ਦਾਤ ਵਜੋਂ ਦੇ ਕੇ ਨਿਵਾਜਿਆ ਹੈ। ਇਤਿਹਾਸ ਗਵਾਹ ਹੈ ਤੇ ਆਪਣੇ ਮੂੰਹੋ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬੀਆਂ ਨੇ ਜਿੱਥੇ ਵੀ ਇੱਕ ਜੁੱਟ ਹੋ ਕੇ ਧਾਵਾ ਬੋਲਿਆ ਹੈ ਹਰ ਵਾਰ ਜਿੱਤ ਪੰਜਾਬੀਆਂ ਦੇ ਹਿੱਸੇ ਆਈ ਹੈ। ਪੰਜਾਬੀਆਂ ਵਿੱਚ ਐਨੀ ਤਾਕਤ ਹੈ ਕਿ ਜੇਕਰ ਇਹ ਇੱਕ ਜੁੱਟ ਹੋ ਕੇ ਹਨੇਰੇ ਵਿੱਚ ਵੀ ਪੈਰ ਧਰਨ ਤਾਂ ਕਾਇਨਾਤ ਰੁਸ਼ਨਾ ਜਾਂਦੀ ਹੈ। ਜੇ ਪੰਜਾਬੀ ਰਲ ਕੇ ਕਿਸੇ ਗੱਲ ਨੂੰ ਮਨਵਾਉਣ ਦੀ ਜਿੰਦ ਫੜ ਲੈਣ ਤਾਂ ਉਹ ਗੱਲ ਮੰਨੀ ਵੀ ਜਾਂਦੀ ਹੈ, ਇਸ ਦੀ ਤਾਜ਼ਾ ਉਦਾਹਰਣ ਹੈ ਭਾਰਤੀ ਸਰਕਾਰ ਦੇ ਕਾਲੇ ਕਨੂੰਨਾਂ ਦੀ ਵਾਪਸੀ।
ਹਿਟਲਰ ਨੇ ਸਾਰੀ ਦੁਨੀਆ ਡਰਾ ਰੱਖੀ ਸੀ ਪਰ ਖੁਸ਼ੀ ਹੈ ਕਿ ਉਹ ਸਿੱਖਾਂ ਤੋਂ ਭੈਅ ਖਾ ਗਿਆ ਸੀ, ਸਿੱਖਾਂ ਦੀ ਹਿੰਮਤ ਨੇ ਉਸ ਦੀ ਜ਼ਮੀਰ ਨੂੰ ਹਲੂਣਾ ਦਿੱਤਾ ਸੀ, ਹਿਟਲਰ ਨੂੰ ਇਹ ਮਹਿਸੂਸ ਹੋ ਗਿਆ ਸੀ ਕਿ ਕੋਈ ਹੈ ਜੋ ਤੇਰਾ ਟਾਕਰਾ ਕਰ ਸਕਦਾ ਹੈ। ਜਦ ਜਦ ਵੀ ਦੁਨੀਆ ਵਿੱਚ ਕਿੱਧਰੇ ਵੀ ਭੀੜ ਪਈ ਪੰਜਾਬੀਆਂ ਨੇ ਮੁਹਰੇ ਹੋ ਕੇ ਮਨ, ਤਨ ਤੇ ਧਨ ਨਾਲ ਸੇਵਾ ਕੀਤੀ। ਕਦੇ ਸਮਾਂ ਸੀ ਕਿ ਪੰਜਾਬ ਦਾ ਰਾਜ ਕਾਬਲ ਕੰਧਾਰ ਤੱਕ ਸੀ। ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਸੂਰਮੇ ਜਦ ਘਰੋਂ ਨਿਕਲਦੇ ਸਨ ਤਾਂ ਪੰਜਾਬੀ ਸਤਿਕਾਰ ਵਿੱਚ ਸਿਰ ਝੁਕਾਉਂਦੇ ਸਨ ਤੇ ਦੁਸ਼ਮਣ ਥਰ ਥਰ ਕੰਬਦੇ ਸਨ। ਮਹਾਰਾਜਾ ਰਣਜੀਤ ਸਿੰਘ ਜੀ ਨੇ ਕਾਬਲ ਕੰਧਾਰ ਤੱਕ ਰਾਜ ਕੀਤਾ ਜੋ ਸਮੁੱਚਾ ਪੰਜਾਬ ਕਹਾਉਂਦਾ ਸੀ। ਅੱਜ ਇਹ ਪੰਜਾਬ ਚੜ੍ਹਦਾ ਪੰਜਾਬ ਜੋ ਕਿ ਭਾਰਤ ਵਿੱਚ ਹੈ, ਲਹਿੰਦਾ ਪੰਜਾਬ ਜੋ ਕਿ 1947 ਤੋਂ ਪਾਕਿਸਤਾਨ ਵਿੱਚ ਹੈ। ਸਮਾਂ ਸੀ ਕਿ ਕਦੇ ਪੰਜਾਬ ਇੱਕ ਬਹੁਤ ਵੱਡਾ ਮਹਾਨ ਸੂਬਾ ਸੀ, ਗੁਲਾਬ ਦਾ ਬੂਟਾ ਸੀ ਜੋ ਹੁਣ ਕੇਵਲ ਇੱਕ ਪੱਤਾ ਹੀ ਰਹਿ ਗਿਆ ਹੈ।
ਪੰਜਾਬ ਤਾਂ ਹਮੇਸ਼ਾ ਤੋਂ ਹੀ ਅਮਨ ਸ਼ਾਂਤੀ ਚਾਹੁੰਦਾ ਰਿਹਾ ਹੈ ਪਰ ਆਪਣਾ ਹੱਕ ਜ਼ਰੂਰ ਮੰਗਦਾ ਹੈ। ਸਾਨੂੰ ਗੱਲ ਗੱਲ ਤੇ ਵੱਖਵਾਦੀ ਕਹਿਣ ਵਾਲਿਓ ਨੂੰ ਇੱਕ ਵਾਕਿਆ ਜ਼ਰੂਰ ਸਾਂਝਾ ਕਰਾਂਗੀ।ਇਕ ਅੰਗਰੇਜ਼ੀ ਲੇਖਕ ਨੇ ਕਿਤਾਬ ਲਿਖੀ ਹੈ A visionary ਜਿਸਦੇ 238 ਵੇ ਪੇਜ਼ ਉੱਤੇ ਉਹ ਲਿੱਖਦਾ ਹੈ ਕਿ 1962 ਦੀ ਚੀਨ ਨਾਲ ਲੱਗੀ ਲੜਾਈ ਕਰਕੇ ਸਾਡੇ ਦੇਸ਼ ਦੀ ਗਰੀਬੀ ਨੂੰ ਮੁੱਖ ਰੱਖ ਕੇ ਇਕ National defence fund ਕਾਇਮ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਸੋਨੇ ਜਾਂ ਪੈਸੇ ਨਾਲ ਮਦਦ ਕਰਨ ਲਈ ਅਪੀਲ ਕੀਤੀ ਗਈ ਸੀ। ਤੁਸੀਂ ਸੁਣਕੇ ਹੈਰਾਨ ਹੋਵੋਗੇ ਕਿ ਕੁਲ ਅੱਠ ਕਰੋੜ ਰੁਪਇਆ ਇਕੱਠਾ ਹੋਇਆ ਜਿਸ ਵਿੱਚ ਇਕੱਲੇ ਪੰਜਾਬ ਦਾ ਹਿੱਸਾ ਤਿੰਨ ਕਰੋੜ ਪਜੰਤਰ ਲੱਖ ਰੁਪਏ ਸੀ ਇਸ ਦੇ ਨਾਲ ਹੀ 252 ਕਿੱਲੋ ਸੋਨਾ ਇਕੱਠਾ ਹੋਇਆ ਜਿਸ ਵਿੱਚ ਇਕੱਲੇ ਪੰਜਾਬ ਤੋਂ 246 ਕਿੱਲੋ ਸੋਨਾ ਇਕੱਠਾ ਹੋਇਆ ਸੀ।
ਅੱਜ ਬਹੁਤੇ ਪੰਜਾਬੀ ਆਪਣੀ ਗਰਿਸਥੀ ਸਾਂਭਣ ਦੇ ਕਾਬਲ ਹੀ ਨਹੀ ਰਹੇ, ਅੱਜ ਬਹੁਤੇ ਪੰਜਾਬੀ ਸਰੀਰਕ ਤੌਰ ਤੇ ਚੰਗੀ ਖੁਰਾਕ ਖਾ ਕੇ ਪਚਾਉਣ ਦੇ ਕਾਬਲ ਹੀ ਨਹੀਂ ਰਹੇ, ਅੱਜ ਬਹੁਤੀਆਂ ਪੰਜਾਬਣਾ ਤੋਂ ਆਪਣੇ ਹੀ ਘਰ ਪਰਿਵਾਰ ਦੇ ਜੀਅ ਨੂੰ ਖਾਣਾ ਬਣਾ ਕੇ ਖੁਆਉਣ ਤੱਕ ਦੀ ਤੰਦਰੁਸਤੀ ਨਹੀ ਰਹੀ। ਉਹ ਹਰੀ ਸਿੰਘ ਨਲੂਆ ਜੀ ਵਰਗੇ ਸਰਦਾਰਾਂ ਨੂੰ ਜਨਮ ਕਿਵੇਂ ਦੇਣਗੀਆ ਜਿੰਨਾ ਦੀ ਕੁੱਖ ਆਮ ਬੱਚਾ ਜੰਮਣ ਤੱਕ ਦੀ ਤਾਕਤ ਗਵਾ ਚੁੱਕਾ ਹੈ। ਪੰਜਾਬ ਵਿੱਚ ਬਹੁਤੀ ਤਦਾਰ ਵਿੱਚ ਔਰਤਾਂ ਕੁੜੀਆ ਨਾ ਜੰਮਣ ਦੀ ਆੜ ਵਿੱਚ, ਜਾਂ ਮੁੰਡਾ ਜੰਮਣ ਦੀ ਆੜ ਵਿੱਚ ਦਵਾਈਆਂ ਦਾ ਸਹਾਰਾ ਲੈ ਕੇ ਹਿਜੜੇ ਜੰਮ ਰਹੀਆ ਹਨ। ਇਹ ਹਿੰਜੜੇ ਜੰਮਣ ਦਾ ਵਰਤਾਰਾ ਕੋਈ ਆਮ ਨਹੀਂ ਸਗੋਂ ਪੰਜਾਬ ਦਾ ਡੀ ਐਨ ਏ ਬਦਲਣ ਲਈ ਬਹੁਤ ਵੱਡੀ ਸਾਜ਼ਿਸ਼ ਹੇਠ ਬਹੁਤਿਆਂ ਦੀ ਮਿਲੀ ਭੁਗਤ ਨਾਲ ਚੱਲ ਰਿਹਾ ਹੈ।
ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਪੰਜਾਬ ਨਾਲ ਹੋਏ ਮਤਰੇਈ ਮਾਂ ਵਾਲੇ ਵਰਤਾਰੇ ਤੋਂ ਵੀ ਅਸੀ ਸਾਰੇ ਭਲੀ ਭਾਂਤ ਜਾਣੂ ਹਾ। ਬਹੁਤੇ ਮਸਲਿਆਂ ਤੇ ਨਜ਼ਰ ਮਾਰਨ ਦੀ ਲੋੜ ਹੀ ਨਹੀਂ ਮੈਂ ਗੱਲ ਆਪਣੇ ਜਨਮ ਸਿੱਧ ਅਧਿਕਾਰ ਦੀ ਹੀ ਕਰ ਲਵਾ, ਉਸ ਅਧਿਕਾਰ ਦੀ ਕਰ ਲਵਾ ਜੋ ਮੇਰੀ ਮਾਂ ਨੇ ਮੈਨੂੰ ਕੁੱਖ ਵਿੱਚ ਆਉਣ ਤੋਂ ਵੀ ਪਹਿਲਾਂ ਹੀ ਦੇ ਦਿੱਤਾ ਸੀ, ਉਸ ਅਧਿਕਾਰ ਦੀ ਕਰ ਲਵਾ ਜੋ ਅੱਜ ਦੁਨੀਆ ਦੇ ਹਰ ਕਿਸੇ ਦੇਸ਼ ਚ ਮਾਣ ਸਤਿਕਾਰ ਦਾ ਧਾਰਨੀ ਬਣਦਾ ਜਾ ਰਿਹਾ ਹੈ।
ਉਹ ਹੈ ਮੇਰੀ ਮਾਂ ਬੋਲੀ ਪੰਜਾਬੀ ਬੋਲਣ ਦਾ ਅਧਿਕਾਰ।
ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੋਈ, ਗੁਰੂ ਅੰਗਦ ਦੇਵ ਜੀ ਨੇ ਬਿਆਲੀ ਸਾਲ ਦੀ ਮਿਹਨਤ ਸਦਕੇ ਸਾਨੂੰ ਪੈਂਤੀ ਦਿੱਤੀ। ਅੱਜ ਪੰਜਾਬ ਵਿੱਚ ਪੰਜਾਬੀ ਬੋਲਣਾ ਗੁਨਾਹ ਹੋ ਰਿਹਾ ਹੈ। ਪੰਜਾਬ ਵਿੱਚ ਬਹੁਤੇ ਸਕੂਲਾ ਵਿੱਚ ਬੱਚਿਆਂ ਨੂੰ ਦਾਖਲਾ ਇਸ ਅਧਾਰ ਤੇ ਦਿੱਤਾ ਜਾਂਦਾ ਕਿ ਜੇਕਰ ਉਹ ਘਰ ਤੇ ਸਕੂਲ ਵਿੱਚ ਬਿਲਕੁਲ ਵੀ ਪੰਜਾਬੀ ਨਹੀਂ ਬੋਲਣਗੇ। ਜੇ ਇਸ ਪਿੱਛੇ ਸਰਕਾਰ ਦਾ ਜਾਂ ਸਾਜ਼ਿਸ਼ ਕਰਤਾ ਦਾ, ਜਾਂ ਸਿਆਸਤਦਾਨਾਂ ਦਾ ਜਾਂ ਬੁੱਧੀਜੀਵੀਆਂ ਦਾ ਜੋ ਦੇਖਣ ਸੁਣਨ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹਨ ਪਰ ਅੰਦਰੋ ਗਤੀ ਪੰਜਾਬੀ ਮਾਂ ਬੋਲੀ ਨੂੰ ਘੁਣ ਵਾਂਗ ਜੜੋ ਖਤਮ ਕਰਨ ਦਾ ਪ੍ਰਣ ਧਾਰਣ ਕਰੀ ਬੈਠੇ ਹਨ, ਜੇਕਰ ਇਹ ਸਾਰੇ ਕਸੂਰ ਵਾਰ ਹਨ ਤਾਂ ਉਹਨਾਂ ਜਵਾਕਾਂ ਨੂੰ ਜੰਮਣ ਤੇ ਪਾਲਣ ਵਾਲੇ ਮਾਪੇ ਉਹਨਾਂ ਤੋਂ ਕਿਧਰੇ ਵੱਧ ਕਸੂਰਵਾਰ ਹਨ ਜੋ ਬੱਚੇ ਦਾ ਭਵਿੱਖ ਬਣਾਉਣ ਲਈ ਉਸ ਦੀਆਂ ਜੜ੍ਹਾਂ ਵਿੱਚ ਦਾਤੀ ਨਹੀਂ ਸਗੋਂ ਤਿੱਖੀ ਆਰੀ ਫੇਰ ਰਹੇ ਹਨ। ਮਾਂ ਬਾਪ ਆਪਣੇ ਬੱਚੇ ਨਾਲ ਪੰਜਾਬੀ ਬੋਲਣ ਤੋਂ ਸ਼ਰਮ ਮਹਿਸੂਸ ਕਰ ਰਹੇ ਹਨ। ਵਿਤਕਰਾ ਕਰਨ ਵਾਲੇ ਇਹ ਜ਼ਰੂਰ ਜਾਣ ਲੈਣ ਕਿ ਖੇਤਰਫਲ ਵਿੱਚ ਭਾਵੇਂ ਅਸੀ ਘੱਟ ਹੁੰਦੇ ਗਏ ਹਾਂ ਪਰ ਦੁਨੀਆਂ ਦਾ ਐਸਾ ਕੋਈ ਪਿੰਡ ਨਹੀਂ, ਜਾਂ ਐਸਾ ਕੋਈ ਸ਼ਹਿਰ ਜਾਂ ਗਲੀ ਨਹੀਂ ਜਿੱਥੇ ਪੰਜਾਬੀ ਨਾ ਹੋਣ, ਇਹ ਉਹ ਪੰਜਾਬੀ ਹਨ ਜਿਹਨਾਂ ਦੀਆਂ ਰਗਾਂ ਵਿੱਚ ਪੰਜਾਬ ਦਾ ਖੂਨ ਦੋੜਦਾ ਹੈ।
ਮੈਂ ਪੰਜਾਬ ਸਰਕਾਰ ਦੇ ਹਰ ਮੰਤਰੀ ਸੰਤਰੀ ਨੂੰ ਇੱਕ ਸੁਨੇਹਾ ਜ਼ਰੂਰ ਲਾਉਣਾ ਚਾਹੁੰਦੀ ਹਾਂ, ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਮੁਫ਼ਤ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬੰਦ ਕਰੋ, ਕੀ ਤੁਸੀਂ ਨਹੀਂ ਜਾਣਦੇ ਵੋਟਾਂ ਲੈਣ ਖਾਤਰ ਕਿੰਨੇ ਸਰਕਾਰੀ ਮੁਲਾਜ਼ਮ ਜਿਹਨਾ ਵਿੱਚ ਪਿੰਡ ਪੰਚਾਇਤਾਂ ਮੋਹਰੀ ਹਨ, ਝੂਠੇ ਕਾਗਜ਼ ਭਰ ਕੇ ਚੰਗੇ ਭਲੇ ਘਰਾਂ ਵਿੱਚ ਗਰੀਬਾ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਲਵਾ ਚੁੱਕੇ ਹਨ, ਮੈਂ ਸਬੂਤ ਦੇ ਅਧਾਰ ਤੇ ਆਪਣਾ ਪੱਖ ਰੱਖ ਰਹੀ ਹਾਂ, ਕਿੰਨੇ ਲੋਕ ਜੋ ਸਰਕਾਰੀ ਨੋਕਰੀ ਕਰਨ ਦੇ ਨਾਲ ਨਾਲ, ਘਰ ਵਿੱਚ ਇੱਕ ਤੋਂ ਵੱਧ ਕਮਾਉ ਮਰਦ ਹੋਣ ਦੇ ਬਾਵਜੂਦ ਵੀ ਬੁਢਾਪਾ ਪੈਨਸ਼ਨ ਲੈ ਰਹੇ ਹਨ, ਪੈਸਾ ਵੰਡਣਾ ਹੈ ਤਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆ ਨੂੰ ਵੰਡੋ, ਤਾਂ ਜੋ ਪੜ੍ਹ ਲਿਖ ਕੇ ਮਿਹਨਤ ਕਰਨ, ਅੱਜ ਥਾਂ ਥਾਂ ਤੇ ਮੁਫ਼ਤ ਦੀ ਕਣਕ ਦੇ ਕੇ ਤੁਸੀਂ ਲੋਕਾਂ ਨੂੰ ਨਕਾਰਾ ਕਰ ਦਿੱਤਾ ਹੈ, ਘਰ ਦੇ ਦੋ ਜੀਅ ਨੋਕਰੀ ਕਰਨ ਤੇ ਕਣਕ ਸਰਕਾਰ ਦੇ ਰਹੀ ਹੋਵੇ ? ਕੀ ਇਹ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਨਹੀਂ ? ਕਿੰਨੇ ਲੋਕ ਹਨ ਜੋ ਬਿਨਾ ਦੋ ਰੋਟੀਆਂ ਖਾਧੀਆਂ ਦਿਨ ਕੱਟਦੇ ਹਨ, ਸਹੂਲਤ ਦੇਣੀ ਹੈ ਤਾਂ ਉਹਨਾਂ ਲੋੜਵੰਦਾ ਨੂੰ ਦਿਓ ਨਾ ਕੀ ਭ੍ਰਿਸ਼ਟ ਅਮੀਰ ਲੋਕਾਂ ਨੂੰ। ਪੰਜਾਬ ਵਿੱਚ ਵੱਡੀ ਪੱਧਰ ਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਜੋ ਨਸ਼ੇ ਆਪ ਹੀ ਖੁਲਮ ਖੁੱਲੇ ਵਿਕ ਰਹੇ ਹਨ, ਹੈ ਕੋਈ ਜੋ ਉਹਨਾਂ ਨੂੰ ਰੋਕ ਸਕੇ? ਹੈ ਕੋਈ ਜੋ ਪੰਜਾਬ ਦਾ ਸੱਚਾ ਸਪੁੱਤਰ ਬਣ ਕੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਵਿੱਚ ਮਰਨ ਤੋਂ ਬਚਾਅ ਸਕੇ ? ਸਿਆਣਿਆਂ ਨੇ ਕਿਹਾ ਜਿੱਥੇ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ? ਉੱਥੇ ਖੇਤ ਨੀ ਬਚਦਾ, ਪੰਜਾਬ ਵਿੱਚ ਨਸ਼ਾ ਤਸਕਰ ਹੀ ਪੰਜਾਬ ਨੂੰ ਚਲਾਉਣ ਵਾਲਾ ਨਕਾਬ ਪਹਿਨ ਕੇ ਨਸ਼ਾ ਵੇਚ ਰਹੇ ਹਨ ਤਾਂ ਪੰਜਾਬ ਨਸ਼ਾ ਮੁਕਤ ਕਿਵੇਂ ਹੋਵੇਗਾ ?
ਅਧਾਰ ਕਾਰਡ ਤੇ ਬੱਸਾਂ ਵਿੱਚ ਮੁਫ਼ਤ ਸਫ਼ਰ ਬੰਦ ਹੋਣਾ ਚਾਹੀਦਾ ਹੈ, ਤਾਂ ਜੋ ਅਧਾਰ ਕਾਰਡ ਵਰਤ ਕੇ ਮੁਫ਼ਤ ਸਫ਼ਰ ਕਰਨ ਵਾਲੇ ਲੋਕ ਆਪਣੇ ਘਰਾਂ ਵਿੱਚ ਰਹਿ ਕੇ ਆਪਣੇ ਘਰਾਂ ਦੇ ਕੰਮ ਧੰਦੇ ਕਰ ਸਕਣ। ਮੈਂ ਬਿਲਕੁਲ ਵੀ ਮੁਫ਼ਤ ਸਫ਼ਰ ਕਰਨ ਦੇ ਹੱਕ ਵਿੱਚ ਨਹੀਂ ਹਾ।
ਗੱਲ ਕਰਦੇ ਹਾਂ ਅੱਜ ਦੇ ਪੰਜਾਬ ਦੇ ਜੀਵਨ ਜਾਚ ਦੀ, ਪੰਜਾਬ ਦਾ ਪਾਣੀ ਮੁੱਕ ਰਿਹਾ ਹੈ, ਜ਼ਮੀਨ ਹੇਠਲਾ ਪਾਣੀ ਦਿਨ ਬਰ ਦਿਨ ਘੱਟਦਾ ਜਾ ਰਿਹਾ ਹੈ, ਮੁਫ਼ਤ ਦੀ ਬਿਜਲੀ ਮਿਲਣ ਕਰਕੇ ਜਿੱਥੇ ਲੋਕ ਬਿਜਲੀ ਦੀਆਂ ਧੱਜੀਆਂ ਉਡਾਉਣ ਤੇ ਲੱਗੇ ਹੋਏ ਹਨ ਉੱਥੇ ਨਾਲ ਹੀ ਪਾਣੀ ਦੀ ਟੈਂਕੀ ਭਰਨ ਲਈ ਮੋਟਰ ਚਲਾ ਕੇ ਘੰਟਿਆ ਬੱਧੀ ਭੁੱਲ ਜਾਂਦੇ ਹਨ, ਕਈ ਕਈ ਹਜ਼ਾਰ ਲੀਟਰ ਪੀਣ ਵਾਲਾ ਪਾਣੀ ਬਰਬਾਦ ਕਰ ਦਿੰਦੇ ਹਨ, ਜੇ ਬਿਜਲੀ ਦਾ ਬਿੱਲ ਦੇਣਾ ਹੋਵੇ ਤਾਂ ਘਰ ਦਾ ਇੱਕ ਜੀਅ ਪਾਣੀ ਵਾਲੀ ਟੈਂਕੀ ਦੇ ਮੁਹਰੇ ਖੜਾ ਹੁੰਦਾ ਤਾਂ ਕਿ ਭਰਨ ਤੋਂ ਪਹਿਲਾਂ ਬਿਜਲੀ ਦਾ ਬਟਨ ਬੰਦ ਕੀਤਾ ਜਾ ਸਕੇ, ਅਪੰਗ ਹੋ ਗਿਆ ਪੰਜਾਬ ਬਚਾਉਣਾ ਹੈ ਤਾਂ ਪੰਜਾਬ ਦੀ ਮਿੱਟੀ ਬਚਾਓ ਜੋ ਥਾਂ ਥਾਂ ਤੇ ਕੈਂਸਰ ਪੀੜਤ ਹੋ ਰਹੀ ਹੈ, ਬਚਾਉਣਾ ਹੈ ਤਾਂ ਪੰਜਾਬ ਦਾ ਪਾਣੀ ਬਚਾਓ, ਵਾਤਾਵਰਣ ਬਚਾਉਣ ਦੀ ਹਰ ਸੰਭਵ ਕੋਸਿਸ ਹਰ ਇੱਕ ਵੱਲੋਂ ਹੋਣੀ ਚਾਹੀਦੀ ਹੈ, ਭਾਵੇਂ ਉਹ ਆਮ ਇਨਸਾਨ ਹੋਵੇ ਭਾਵੇਂ ਪੰਜਾਬ ਸਰਕਾਰ। ਪੰਜਾਬ ਨੂੰ ਹਰ ਤਰਾਂ ਬਚਾਉਣ ਦੀ ਕੋਸ਼ਿਸ਼ ਹਰ ਪੰਜਾਬ ਵਸਦੇ ਭਾਈਚਾਰੇ ਨੂੰ ਕਰਨੀ ਚਾਹੀਦੀ ਹੈ ਤੇ ਸਰਕਾਰ ਨੂੰ ਮੁਫਤਖੋਰੀ ਬੰਦ ਕਰਕੇ ਲੋਕਾਂ ਨੂੰ ਕੰਮ ਧੰਦੇ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਦੇ ਹੁਸਿਆਰ ਪੁਰ ਇਲਾਕੇ ਤੋਂ ਸ੍ਰੀ ਵਿਜੇ ਬੰਬੇਲੀ ਜੀ ਜ਼ਮੀਨ ਹੇਠਾਂ ਪਾਣੀ ਦੇ ਘਟਦੇ ਪੱਧਰ ਬਾਰੇ ਲੋਕਾਂ ਨੂੰ ਦਿਨ ਰਾਤ ਸੁਚੇਤ ਕਰ ਰਹੇ ਹਨ, ਇਸ ਤਰਾਂ ਦੇ ਕਾਰਜਸ਼ੀਲ ਵਿਅਕਤੀਆਂ ਨੂੰ ਸਰਕਾਰ ਵੱਲੋਂ ਪੰਜਾਬ ਬਚਾਉਣ ਲਈ ਹਰ ਸਹੂਲਤ ਦੇਣੀ ਚਾਹੀਦੀ ਹੈ ਤੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਹੋਰ ਲੋਕ ਵੀ ਪੰਜਾਬ ਲਈ ਕੁਝ ਕਰਨ ਦਾ ਸੋਚਣ। ਜੇ ਪੰਜਾਬ ਦਾ ਪਾਣੀ ਨਹੀਂ ਬਚਾਇਆ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋ ਪੰਜਾਬ ਵਾਸੀ ਪੀਣ ਨੂੰ ਪਾਣੀ ਨਾ ਮਿਲਣ ਕਾਰਣ ਮਰਿਆਂ ਕਰਨਗੇ। ਆਏ ਦਿਨ ਪੰਜਾਬ ਵਿੱਚੋਂ ਪਰਵਾਸੀ ਕੱਢਣ ਲਈ ਪੰਜਾਬੀ ਲੜਾਈਆਂ ਝਗੜੇ ਕਰ ਰਹੇ ਹਨ, ਪੰਜਾਬ ਚ ਰਹਿਣ ਵਾਲੇ ਹਰ ਮਰਦ ਤੇ ਔਰਤ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਇਹਨਾਂ ਨੂੰ ਕੱਢਣ ਲਈ ਕੁਝ ਵੀ ਨਾ ਕਰੋ ਇਹ ਆਪਣੇ ਆਪ ਪੰਜਾਬ ਛੱਡ ਕੇ ਚਲੇ ਜਾਣਗੇ ਬਸ ਤੁਸੀਂ ਆਪਣੇ ਲੋੜੀਂਦੇ ਕੰਮ ਧੰਦੇ ਕਰਨੇ ਸ਼ੁਰੂ ਕਰ ਦਿਓ। ਜਿਸ ਦਿਨ ਪੰਜਾਬ ਦੀਆਂ ਸੁਆਣੀਆਂ ਆਪਣੇ ਘਰਾਂ ਦੇ ਕੰਮ ਧੰਦੇ ਤੇ ਮਰਦ ਬਾਹਰ ਦੇ ਲੋੜੀਂਦੇ ਕੰਮ ਧੰਦੇ ਸਾਂਭ ਲੈਣਗੇ ਪੰਜਾਬ ਮੁੜ ਤੋਂ ਖੁਸ਼ਹਾਲ ਹੋ ਜਾਵੇਗਾ, ਜ਼ਰੂਰ ਹੋਵੇਗਾ। ਸਾਜ਼ਿਸ਼ ਕਰਨ ਵਾਲਾ ਬਾਹਰ ਦਾ ਕੋਈ ਹੋਵੇ ਤਾਂ ਐਨਾ ਦੁੱਖ ਨੀ ਹੁੰਦਾ ਪਰ ਹੁਣ ਪੰਜਾਬ ਨਾਲ ਹੁੰਦਾ ਵਿਤਕਰਾ ਪੰਜਾਬ ਦੇ ਦਾਣੇ ਖਾਣ ਵਾਲੇ, ਪੰਜਾਬ ਦਾ ਪਾਣੀ ਪੀਣ ਵਾਲੇ ਹੀ ਕਰ ਰਹੇ ਹਨ ਜਿਸ ਦਾ ਖ਼ਾਤਮਾ ਬਹੁਤ ਮੁਸ਼ਕਿਲ ਹੈ। ਹੋਰ ਤਾਂ ਹੋਰ ਪੰਜਾਬੀਆਂ ਦੀ ਨਸਲ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਹੋ ਰਹੀ ਹੈ। ਲੋੜ ਹੈ ਸਾਨੂੰ ਜਾਗਣ ਦੀ ਤੇ ਨਕਾਬਪੋਸ਼ਾ ਨੂੰ ਪਹਿਚਾਨਣ ਦੀ। ਪੰਜਾਬ ਵਿੱਚ ਸਿਆਸਤ ਤੇ ਧਰਮ ਦੇ ਨਾਮ ਤੇ ਐਨਾ ਕੁ ਗੰਦ ਪੈ ਚੁੱਕਾ ਕਿ ਪੰਜਾਬ ਸਿਓ ਨੂੰ ਆਪਣੇ ਆਪ ਤੋਂ ਮੁਸ਼ਕ ਆਉਣ ਲੱਗ ਪਿਆ, ਪੰਜਾਬ ਸਿਓ ਵਿਲਕ ਰਿਹਾ ਕਿ ਆਉ ਕੋਈ ਇਹਨਾਂ ਕੀੜਿਆਂ ਨੂੰ ਮੇਰੇ ਮਗਰੋਂ ਲਾ ਦਿਓ, ਮੈਂ ਜੰਗ ਲੱਗੇ ਲੋਹੇ ਦੀ ਚਿੜੀ ਬਣ ਗਿਆ, ਉਹ ਮੈਨੂੰ ਮੁੜ ਸੋਨੇ ਦੀ ਚਿੜੀ ਬਣਾ ਦਿਓ।
ਇਹ ਉਹ ਪੰਜਾਬ ਹੈ ਜਿੱਥੇ ਬਾਬੇ ਨਾਨਕ ਹਲ਼ ਵਾਹ ਕੇ ਸਾਨੂੰ ਮਿਹਨਤ ਕਰਨ ਦਾ ਬੱਲ ਸਿਖਾਇਆ ਸੀ, ਅੱਜ ਅਸੀਂ ਕੰਮ ਕਰਨ ਲੱਗੇ ਸੰਗ ਕਿਓ ਮਹਿਸੂਸ ਕਰਦੇ ਹਾਂ, ਕੀ ਸਾਡਾ ਰੁਤਬਾ ਸਾਡੇ ਬਾਬੇ ਨਾਲੋ ਉੱਚਾ ਹੋ ਗਿਆ ਹੈ ? ਇਹ ਉਹ ਪੰਜਾਬ ਹੈ ਜਿੱਥੇ ਧੰਨ ਧੰਨ ਸੁੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਡੀ ਖਾਤਰ ਆਪਣਾ ਪਰਿਵਾਰ ਵਾਰਿਆ ਹੈ, ਸਾਡਾ ਜ਼ਮੀਰ ਸਾਨੂੰ ਉਹਨਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਭੁੱਲ ਜਾਣ ਦੀ ਇਜਾਜ਼ਤ ਕਿਵੇਂ ਦਿੰਦਾ ਹੈ?
ਪੰਜਾਬੀਓ ਆਉ ਨੀਂਦ ਚੋਂ ਉੱਠੀਏ, ਅੱਖਾਂ ਖੋਲੀਏ, ਹੁੰਦੇ ਵਿਤਕਰੇ ਵਿਰੁੱਧ,
ਆਪ ਜਾਗੀਏ, ਹੋਰਾ ਨੂੰ ਜਗਾਈਏ, ਪੰਜਾਬੀਓ ਆਉ ਰਲ ਮਿਲ ਕੇ ਆਪਾ,
ਪੰਜਾਬ ਬਚਾਈਏ, ਪੰਜਾਬ ਬਚਾਈਏ॥
ਪੰਜਾਬ ਨੂੰ ਹਨੇਰੇ ਤੋਂ ਬਚਾਈਏ, ਮਿਹਨਤ ਕਰਕੇ ਹਰਿਆ ਭਰਿਆ ਬਣਾਈਏ,
ਸੋਹਣੇ ਰੰਗਾਂ ਨਾਲ ਸਜਾਈਏ, ਮਰਨ ਤੋਂ ਪਹਿਲਾਂ ਪੰਜਾਬ ਦਾ
ਕੁਝ ਕਰਜ਼ ਚੁਕਾਈਏ, ਪੰਜਾਬੀਓ ਆਉ ਰਲ ਮਿਲ ਕੇ ਆਪਾ,
ਪੰਜਾਬ ਬਚਾਈਏ, ਪੰਜਾਬ ਬਚਾਈਏ॥
ਪੰਜਾਬ ਨੇ ਸਾਨੂੰ ਖਾਣਾ ਦਿੱਤਾ, ਬਾਣਾ ਦਿੱਤਾ, ਦਿੱਤੀ ਹਰ ਸੁੱਖ ਸਹੂਲਤ,
ਹਰ ਸੁੱਖ ਸਹੂਲਤ ਆਪਾ, ਆਉਣ ਵਾਲੀ ਪੀੜ੍ਹੀ ਲਈ ਵੀ ਛੱਡ ਕੇ ਜਾਈਏ,
ਪੰਜਾਬੀਓ ਆਉ ਰਲ ਮਿਲ ਕੇ ਆਪਾ,ਪੰਜਾਬ ਬਚਾਈਏ, ਪੰਜਾਬ ਬਚਾਈਏ॥
ਵਿਹਲੜ ਪੁਣਾਂ ਛੱਡ ਕੇ, ਕੰਮ ਧੰਦੇ ਨੂੰ ਹੱਥ ਪਾਈਏ,
ਮੁਫ਼ਤ ਖੋਰੀ ਛੱਡ ਕੇ, ਕੁਦਰਤ ਦੀ ਹਰ ਦਾਤ ਦਾ,
ਕੁਝ ਮੁੱਲ ਤਾਂ ਪਾਈਏ, ਪੰਜਾਬੀਓ ਆਉ ਰਲ ਮਿਲ ਕੇ ਆਪਾ,
ਪੰਜਾਬ ਬਚਾਈਏ, ਪੰਜਾਬ ਬਚਾਈਏ॥
ਆਪਣੀ ਮਿਹਨਤ ਆਪਣੇ ਆਪ ਤੇ ਲਾਈਏ, ਰੀਲਾਂ ਬਣਾ ਕੇ ਘੁੰਮਣ ਵਾਲਿਆਂ ਦੇ,
ਘਰਾਂ ਦੇ ਚੁੱਲ੍ਹੇ ਨਾ ਚਲਾਈਏ, ਮੰਨ ਕੇ ਕਰਮ ਆਪਣੀ ਕਿਰਤ ਨੂੰ,
ਕਿਸੇ ਕੰਮ ਧੰਦੇ ਨੂੰ ਹੱਥ ਪਾਈਏ, ਪੰਜਾਬ ਵਿੱਚੋਂ ਰੀਲਾਂ ਵਾਲਾ ਗੰਦ ਮੁਕਾਈਏ,
ਪੰਜਾਬੀਓ ਆਉ ਰਲ ਮਿਲ ਕੇ ਆਪਾ ਪੰਜਾਬ ਬਚਾਈਏ, ਪੰਜਾਬ ਬਚਾਈਏ॥

ਰੁਝਾਨ ਖਬਰਾਂ