17 C
Vancouver
Saturday, May 30, 2026

ਕੈਨੇਡੀਅਨ ਨੌਜਵਾਨਾਂ ਵਿੱਚ ਵੱਧ ਰਹੀ ਗ਼ਰੀਬੀ, ਨਸ਼ੇ ਅਤੇ ਬੇਰੁਜ਼ਗਾਰੀ

ਸਰੀ, (ਏਕਜੋਤ ਸਿੰਘ): ਕੈਨੇਡਾ ਨੂੰ ਲੰਮੇ ਅਰਸੇ ਤੋਂ ਇੱਕ ਅਜਿਹੇ ਦੇਸ਼ ਵਜੋਂ ਜਾਣਿਆ ਜਾਂਦਾ ਰਿਹਾ ਹੈ ਜਿੱਥੇ ਮਿਹਨਤ, ਇਮਾਨਦਾਰੀ ਅਤੇ ਚੰਗੀ ਪੜ੍ਹਾਈ ਨਾਲ ਇੱਕ ਸੁਖੀ ਅਤੇ ਸੁਰੱਖਿਅਤ ਜ਼ਿੰਦਗੀ ਮਿਲਦੀ ਹੈ। ਪਰ ਅੱਜ ਇਹ ਸਮਾਜਿਕ ਵਾਅਦਾ ਬੁਰੀ ਤਰ੍ਹਾਂ ਟੁੱਟ ਚੁੱਕਾ ਹੈ। ਦੇਸ਼ ਦੇ ਸਭ ਤੋਂ ਉੱਪਰਲੇ 20 ਫ਼ੀਸਦੀ ਅਮੀਰ ਪਰਿਵਾਰਾਂ ਕੋਲ ਕੁੱਲ ਰਾਸ਼ਟਰੀ ਦੌਲਤ ਦਾ ਤਕਰੀਬਨ 65 ਫ਼ੀਸਦੀ ਹਿੱਸਾ ਹੈ ਅਤੇ ਇਹਨਾਂ ਪਰਿਵਾਰਾਂ ਦੀ ਔਸਤਨ ਸੰਪਤੀ 33 ਲੱਖ ਡਾਲਰ ਤੋਂ ਵੱਧ ਹੈ। ਇਹ ਅੰਕੜੇ ਕੈਨੇਡਾ ਦੀ ਸਰਕਾਰੀ ਸੰਸਥਾ ‘ਅੰਕੜਾ ਕੈਨੇਡਾ’ ਨੇ ਜਾਰੀ ਕੀਤੇ ਹਨ।
ਦੂਜੇ ਪਾਸੇ, ਹੇਠਲੇ 40 ਫ਼ੀਸਦੀ ਪਰਿਵਾਰਾਂ ਕੋਲ ਕੁੱਲ ਰਾਸ਼ਟਰੀ ਦੌਲਤ ਦਾ ਸਿਰਫ਼ 3.3 ਫ਼ੀਸਦੀ ਹੈ ਅਤੇ ਇਹਨਾਂ ਦੀ ਔਸਤਨ ਸੰਪਤੀ ਮਹਿਜ਼ 85,700 ਡਾਲਰ ਦੇ ਕਰੀਬ ਹੈ, ਜਿਸ ਵਿੱਚੋਂ ਵੱਡਾ ਹਿੱਸਾ ਕਰਜ਼ਿਆਂ ਦੀ ਭਾਰ ਹੇਠ ਦੱਬਿਆ ਹੋਇਆ ਹੈ। ਸਮਾਜਿਕ ਸੰਸਥਾ ‘ਔਕਸਫੈਮ ਕੈਨੇਡਾ’ ਦੀ ਤਾਜ਼ਾ ਰਿਪੋਰਟ ਅਨੁਸਾਰ ਕੈਨੇਡਾ ਵਿੱਚ 25 ਫ਼ੀਸਦੀ ਤੋਂ ਵੱਧ ਲੋਕ ਭੋਜਨ ਅਸੁਰੱਖਿਆ ਦਾ ਸ਼ਿਕਾਰ ਹਨ, ਭਾਵ ਉਹਨਾਂ ਦੇ ਘਰਾਂ ਵਿੱਚ ਲੋੜੀਂਦੀ ਖੁਰਾਕ ਤੱਕ ਪਹੁੰਚ ਯਕੀਨੀ ਨਹੀਂ ਹੈ। ਦੇਸ਼ ਭਰ ਵਿੱਚ ਮੁਫ਼ਤ ਖਾਣੇ ਵੰਡਣ ਵਾਲੇ ਕੇਂਦਰਾਂ ਵਿੱਚ ਹਰ ਮਹੀਨੇ 20 ਲੱਖ ਤੋਂ ਵੱਧ ਵਾਰੀ ਲੋਕ ਪਹੁੰਚਦੇ ਹਨ, ਜੋ 2019 ਦੇ ਮੁਕਾਬਲੇ ਲਗਭਗ ਦੁੱਗਣਾ ਹੈ।
ਆਮਦਨੀ ਅਤੇ ਦੌਲਤ ਦੇ ਇਸ ਵਧਦੇ ਪਾੜੇ ਦਾ ਸਭ ਤੋਂ ਗੰਭੀਰ ਅਸਰ ਨੌਜਵਾਨ ਪੀੜ੍ਹੀ ਉੱਤੇ ਪੈ ਰਿਹਾ ਹੈ। ਕੈਨੇਡਾ ਵਿੱਚ ਜੰਮੇ-ਪਲ਼ੇ ਨੌਜਵਾਨ, ਜਿਨ੍ਹਾਂ ਨੇ ਲੱਖਾਂ ਰੁਪਇਆਂ ਦੇ ਵਿਦਿਆਰਥੀ ਕਰਜ਼ੇ ਚੁੱਕ ਕੇ ਉੱਚ ਵਿੱਦਿਆ ਹਾਸਲ ਕੀਤੀ, ਅੱਜ ਰੈਸਟੋਰੈਂਟਾਂ ਅਤੇ ਗੁਦਾਮਾਂ ਵਿੱਚ ਘੱਟੋ-ਘੱਟ ਤਨਖ਼ਾਹ ਉੱਤੇ ਕੰਮ ਕਰਨ ਲਈ ਮਜਬੂਰ ਹਨ। ਉਹਨਾਂ ਦੀ ਵਿੱਦਿਅਕ ਯੋਗਤਾ ਤੋਂ ਕਿਤੇ ਘੱਟ ਕਿਸਮ ਦੇ ਕੰਮ ਕਰਨ ਦੇ ਬਾਵਜੂਦ ਟੋਰਾਂਟੋ, ਵੈਨਕੂਵਰ ਜਾਂ ਬਰੈਂਪਟਨ ਵਰਗੇ ਸ਼ਹਿਰਾਂ ਵਿੱਚ ਮਕਾਨ ਖਰੀਦਣਾ ਉਹਨਾਂ ਲਈ ਇੱਕ ਅਧੂਰਾ ਸੁਪਨਾ ਬਣ ਚੁੱਕਾ ਹੈ। ਇਹ ਆਰਥਿਕ ਬੇਬਸੀ ਮਾਨਸਿਕ ਸਿਹਤ ਦੇ ਸੰਕਟ ਵਿੱਚ ਬਦਲ ਜਾਂਦੀ ਹੈ। ਜਦੋਂ ਕਿਰਾਏ, ਰੋਜ਼ੀ-ਰੋਟੀ ਅਤੇ ਭਵਿੱਖ ਦੀ ਚਿੰਤਾ ਲਗਾਤਾਰ ਸਤਾਉਂਦੀ ਹੈ, ਤਾਂ ਸਰੀਰ ਵਿੱਚ ਤਣਾਅ ਵਾਲੇ ਹਾਰਮੋਨ ਹਰ ਵੇਲੇ ਉੱਚੇ ਪੱਧਰ ਉੱਤੇ ਰਹਿੰਦੇ ਹਨ, ਜਿਸ ਨਾਲ ਗੰਭੀਰ ਘਬਰਾਹਟ ਅਤੇ ਉਦਾਸੀ ਜਨਮ ਲੈਂਦੀ ਹੈ। ਮਾਨਸਿਕ ਸਿਹਤ ਦਾ ਇਲਾਜ ਮਹਿੰਗਾ ਹੋਣ ਕਾਰਨ ਕਈ ਨੌਜਵਾਨ ਆਪਣੇ ਦਰਦ ਨੂੰ ਦਬਾਉਣ ਲਈ ਬਿਨਾਂ ਡਾਕਟਰੀ ਪਰਚੀ ਤੋਂ ਮਿਲਣ ਵਾਲੀਆਂ ਗੋਲੀਆਂ ਵੱਲ ਮੁੜਦੇ ਹਨ।
ਇਹੀ ਉਹ ਘਾਤਕ ਮੋੜ ਹੈ ਜਿੱਥੇ ਕੈਨੇਡਾ ਦਾ ਨਸ਼ਾ-ਜ਼ਹਿਰ ਸੰਕਟ ਸ਼ੁਰੂ ਹੁੰਦਾ ਹੈ। ਕੈਨੇਡਾ ਦੀ ਸਿਹਤ ਮੰਤਰਾਲੇ ਦੇ ਅਧਿਕਾਰਤ ਅੰਕੜਿਆਂ ਮੁਤਾਬਕ 2024 ਵਿੱਚ ਔਸਤਨ 20 ਕੈਨੇਡੀਅਨ ਹਰ ਰੋਜ਼ ਨਸ਼ੀਲੇ ਪਦਾਰਥਾਂ ਦੀ ਜ਼ਹਿਰੀਲੀ ਮਾਤਰਾ ਨਾਲ ਮੌਤ ਦੇ ਮੂੰਹ ਵਿੱਚ ਚਲੇ ਗਏ। ਕੁੱਲ ਮੌਤਾਂ ਦੀ ਗਿਣਤੀ 7,146 ਸੀ ਅਤੇ ਇਹਨਾਂ ਵਿੱਚੋਂ ਤਕਰੀਬਨ 75 ਫ਼ੀਸਦੀ ਮੌਤਾਂ ਪਿੱਛੇ ਗ਼ੈਰ-ਕਾਨੂੰਨੀ ਬਾਜ਼ਾਰ ਵਿੱਚ ਮਿਲਣ ਵਾਲਾ ਜ਼ਹਿਰੀਲਾ ਰਸਾਇਣਕ ਪਦਾਰਥ ‘ਫ਼ੈਂਟਾਨਿਲ’ ਜ਼ਿੰਮੇਵਾਰ ਸੀ, ਜੋ ਮਾਮੂਲੀ ਮਾਤਰਾ ਵਿੱਚ ਵੀ ਇਨਸਾਨ ਦੀ ਜਾਨ ਲੈ ਸਕਦਾ ਹੈ। ਖੋਜਕਾਰ ਇਹਨਾਂ ਨੂੰ “ਨਿਰਾਸ਼ਾ ਦੀਆਂ ਮੌਤਾਂ” ਕਹਿੰਦੇ ਹਨ, ਭਾਵ ਉਹ ਮੌਤਾਂ ਜਿਨ੍ਹਾਂ ਦੀ ਜੜ੍ਹ ਆਰਥਿਕ ਬੇਵਸੀ ਅਤੇ ਸਮਾਜਿਕ ਅਸੁਰੱਖਿਆ ਵਿੱਚ ਹੁੰਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸੰਕਟ ਨੂੰ ਸਿਰਫ਼ ਹਸਪਤਾਲਾਂ ਜਾਂ ਪੁਲਿਸ ਦੇ ਜ਼ੋਰ ਨਾਲ ਹੱਲ ਨਹੀਂ ਕੀਤਾ ਜਾ ਸਕਦਾ। ਜਦੋਂ ਤੱਕ ਆਰਥਿਕ ਅਸਮਾਨਤਾ ਨੂੰ ਘੱਟ ਨਹੀਂ ਕੀਤਾ ਜਾਂਦਾ, ਨੌਜਵਾਨਾਂ ਲਈ ਸੁਰੱਖਿਅਤ ਰੋਜ਼ਗਾਰ ਯਕੀਨੀ ਨਹੀਂ ਕੀਤਾ ਜਾਂਦਾ ਅਤੇ ਰਿਹਾਇਸ਼ ਨੂੰ ਮੁਨਾਫ਼ੇ ਦੀ ਵਸਤ ਦੀ ਬਜਾਏ ਬੁਨਿਆਦੀ ਮਨੁੱਖੀ ਅਧਿਕਾਰ ਨਹੀਂ ਮੰਨਿਆ ਜਾਂਦਾ, ਉਦੋਂ ਤੱਕ ਇਹ ਸੰਕਟ ਜਾਰੀ ਰਹੇਗਾ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਇਸ ਤਰ੍ਹਾਂ ਬਰਬਾਦ ਹੁੰਦੀਆਂ ਰਹਿਣਗੀਆਂ।

ਰੁਝਾਨ ਖਬਰਾਂ