12.7 C
Vancouver
Saturday, May 23, 2026

ਵਫ਼ਾਦਾਰੀਆਂ ਤੇ ਦਲ ਬਦਲੀਆਂ ਦੀ ਸਿਆਸਤ

ਦਰਸ਼ਨ ਸਿੰੰਘ ਰਿਆੜ
ਸੰਪਰਕ: 93163-11677
ਰਾਜਨੀਤਕ ਦਲ ਲੋਕਰਾਜ ਦਾ ਮੁੱਢਲਾ ਥੰਮ੍ਹ ਹਨ। ਉਂਜ ਤਾਂ ਆਜ਼ਾਦ ਮੈਂਬਰ ਵੀ ਚੋਣਾਂ ਲੜਨ ਦੇ ਪੂਰੀ ਤਰ੍ਹਾਂ ਯੋਗ ਹੁੰਦੇ ਹਨ, ਪਰ ਜਦੋਂ ਸੱਤਾ ਦੀ ਗੱਲ ਆਉਂਦੀ ਹੈ ਤਾਂ ਕਿਸੇ ਨਾ ਕਿਸੇ ਰਾਜਨੀਤਕ ਗਰੁੱਪ, ਸੰਗਠਨ ਜਾਂ ਦਲ ਦੀ ਲੋੜ ਪੈਂਦੀ ਹੈ। ਲੋੜੀਂਦਾ ਬਹੁਮਤ ਪ੍ਰਾਪਤ ਕਰਨ ਵਾਲਾ ਦਲ ਹੀ ਆਪਣੇ ਨੇਤਾ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਦਾ ਹੈ ਤੇ ਫਿਰ ਦੇਸ਼ ਦਾ ਮੁਖੀ ਚਾਹੇ ਉਹ ਰਾਸ਼ਟਰਪਤੀ ਹੋਵੇ ਜਾਂ ਕੋਈ ਵੀ ਹੋਰ ਬਰਾਬਰ ਦਾ ਅਹੁਦੇਦਾਰ ਹੀ ਸਬੰਧਿਤ ਨੇਤਾ ਨੂੰ ਸਰਕਾਰ ਬਣਾਉਣ ਦਾ ਆਦੇਸ਼ ਦਿੰਦਾ ਹੈ।
ਸਾਡਾ ਦੇਸ਼ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਇੱਥੇ ਅਕਸਰ ਕਿਸੇ ਨਾ ਕਿਸੇ ਰਾਜ ਵਿੱਚ ਵਿਧਾਨ ਸਭਾ ਲਈ ਚੋਣਾਂ ਜਾਂ ਉਪ ਚੋਣਾਂ ਹੁੰਦੀਆਂ ਹੀ ਰਹਿੰਦੀਆਂ ਹਨ। ਹਰ ਪੰਜ ਸਾਲ ਬਾਅਦ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਦੀਆਂ ਚੋਣਾਂ ਤੇ ਇੰਜ ਹੀ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਹੁੰਦੀਆਂ ਹਨ। ਹੇਠਲੇ ਪੱਧਰ ’ਤੇ ਸਥਾਨਕ ਸਰਕਾਰਾਂ ਜਿਨ੍ਹਾਂ ਵਿੱਚ ਪੰਚਾਇਤਾਂ, ਮਿਉਂਸਿਪਲ ਕਮੇਟੀਆਂ ਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਵੀ ਆਈਆਂ ਹੀ ਰਹਿੰਦੀਆਂ ਹਨ। ਲੋਕਰਾਜ ਕਿਉਂਕਿ ਲੋਕਾਂ ਦਾ ਰਾਜ ਕਹਾਉਂਦਾ ਹੈ ਤੇ ਇਨ੍ਹਾਂ ਸਾਰੇ ਨੁਮਾਇੰਦਿਆਂ ਦੀ ਚੋਣ ਦੇਸ਼ ਦੇ ਸਬੰਧਿਤ ਬਾਲਗ ਵੋਟਰਾਂ ਦੁਆਰਾ ਹੀ ਹੁੰਦੀ ਹੈ। ਹਰੇਕ ਵੋਟ ਦੀ ਬੜੀ ਅਹਿਮੀਅਤ ਹੁੰਦੀ ਹੈ, ਜਿਸ ਵੋਟ ਨਾਲ ਪ੍ਰਾਂਤ ਜਾਂ ਦੇਸ਼ ਦੀ ਸਰਕਾਰ ਚੁਣਨੀ ਹੋਵੇ, ਉਹਦੀ ਮਹੱਤਤਾ ਵੀ ਤਾਂ ਹੋਵੇਗੀ ਹੀ। ਅਬਾਦੀ ਜ਼ਿਆਦਾ ਹੋਣ ਕਾਰਨ ਸਾਡੇ ਦੇਸ਼ ਦੇ ਵੋਟਰਾਂ ਦੀ ਸੰਖਿਆ ਵੀ ਬਹੁਤ ਵੱਡੀ ਹੈ। ਅਕਸਰ ਹਰ ਸਾਲ ਜਨਵਰੀ ਦੇ ਮਹੀਨੇ ਵੋਟਰ ਸੂਚੀਆਂ ਵਿੱਚ ਸੋਧ ਵੀ ਹੁੰਦੀ ਰਹਿੰਦੀ ਹੈ ਤਾਂ ਕਿ ਕੋਈ ਵੀ ਬਾਲਗ ਆਪਣੇ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਰਾਜਨੀਤਕ ਪਾਰਟੀਆਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਕਾਫ਼ੀ ਸਮਾਂ ਤਾਂ ਮੁੱਖ ਪਾਰਟੀਆਂ ਦੇ ਉਮੀਦਵਾਰ ਲਗਾਤਾਰ ਚੋਣਾਂ ਜਿੱਤ ਕੇ ਲੋਕ ਸਭਾ ਤੇ ਵਿਧਾਨ ਸਭਾਵਾਂ ਵਿੱਚ ਪਹੁੰਚ ਜਾਂਦੇ ਰਹੇ ਸਨ, ਪਰ ਹੁਣ ਜਾਗਰੂਕਤਾ ਆਉਣ ਨਾਲ ਤੇ ਸੱਤਾ ਸੁੱਖ ਭੋਗਣ ਤੇ ਵੇਖਣ ਨਾਲ ਰਾਜਸੀ ਲੋਕਾਂ ਵਿੱਚ ਰਾਜਨੀਤੀ ਵਿੱਚ ਪੈਰ ਪਸਾਰਨ ਦੀ ਹੋੜ ਜਿਹੀ ਲੱਗ ਗਈ ਹੈ। ਹਾਲਾਂਕਿ ਸੁਲਝੇ ਹੋਏ ਤੇ ਵਿਦਵਾਨ ਲੋਕ ਰਾਜਨੀਤੀ ਤੋਂ ਕੰਨੀ ਕਤਰਾਉਂਦੇ ਰਹੇ ਹਨ। ਦੇਸ਼ ਆਜ਼ਾਦ ਹੋਣ ਉਪਰੰਤ ਰਾਜਨੀਤੀ ਦੇ ਮੈਦਾਨ ਵਿੱਚ ਆਉਣ ਵਾਲੇ ਜ਼ਿਆਦਾ ਨੇਤਾ ਆਜ਼ਾਦੀ ਘੁਲਾਟੀਏ ਤੇ ਦੇਸ਼ ਭਗਤ ਸਨ। ਉਦੋਂ ਉਨ੍ਹਾਂ ਨੇਤਾਵਾਂ ਦੇ ਮਨਾਂ ਵਿੱਚ ਦੇਸ਼ ਸੇਵਾ ਤੇ ਦੇਸ਼ ਲਈ ਕੁਝ ਕਰ ਗੁਜ਼ਰਨ ਦੀ ਚਾਹਤ ਤੇ ਪੀੜ ਵੀ ਹੁੰਦੀ ਸੀ।
ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਵਿੱਚ ਹੀ ਸਾਡੇ ਦੇਸ਼ ਦੇ ਰਾਜਨੀਤਕ ਨੇਤਾਵਾਂ ਨੇ ਇੱਕ ਦੂਜੇ ਰਾਜਨੀਤਕ ਦਲ ਵਿੱਚ ਛੜੱਪੇ ਲਗਾ ਕੇ ਆਪਣੇ ਮਨਾਂ ਤੇ ਸੋਚ ਵਿੱਚ ਆਏ ਨਿਘਾਰ ਦਾ ਸਬੂਤ ਦੇਣਾ ਸ਼ੁਰੂ ਕਰ ਦਿੱਤਾ ਸੀ। ਹਰਿਆਣਾ ਦੇ ਇੱਕ ਨੇਤਾ ਨੇ ਉਦੋਂ ਇੱਕ ਹੀ ਦਿਨ ਵਿੱਚ ਤਿੰਨ ਵਾਰ ਆਪਣੀ ਰਾਜਨੀਤਕ ਪਾਰਟੀ ਬਦਲੀ ਸੀ। ਉਸ ਦੇ ਨਾਮ ਕਾਰਨ ਹੀ ਉਦੋਂ ‘ਆਇਆ ਰਾਮ ਤੇ ਗਿਆ ਰਾਮ’ ਨਾਮ ਦੀ ਕਹਾਵਤ ਮਸ਼ਹੂਰ ਹੋ ਗਈ ਸੀ। ਫਿਰ ਹਰਿਆਣਾ ਦੇ ਹੀ ਉੱਘੇ ਨੇਤਾ ਚੌਧਰੀ ਭਜਨ ਲਾਲ ਨੇ ਆਪਣੇ ਜਨਤਾ ਦਲ ਦੇ ਮੈਂਬਰਾਂ ਦੀ ਵੱਡੀ ਗਿਣਤੀ ਨਾਲ ਸਮੂਹਿਕ ਦਲ ਬਦਲੀ ਕਰਕੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਆਪਣੀ ਸਰਕਾਰ ਕਾਇਮ ਰੱਖੀ ਸੀ। ਸੱਤਾ ਦਾ ਲਾਲਚ ਰਾਜਨੀਤਕ ਨੇਤਾਵਾਂ ਦੀ ਕਮਜ਼ੋਰੀ ਬਣ ਜਾਂਦਾ ਹੈ। ਜਦੋਂ ਕਮਜ਼ੋਰੀ ਜਾਂ ਲਾਲਚ ਪੈਦਾ ਹੋ ਜਾਵੇ ਫਿਰ ਵਫ਼ਾਦਾਰੀਆਂ ਤੇ ਨੈਤਿਕਤਾ ਕੌਣ ਯਾਦ ਰੱਖਦਾ ਹੈ? ਖੈਰ! ਆਜ਼ਾਦੀ ਬਹੁਤ ਮਹਾਨ ਆਦਰਸ਼ ਹੁੰਦੀ ਹੈ। ਫਿਰ ਸਾਡਾ ਸੰਵਿਧਾਨ ਹਰੇਕ ਨਾਗਰਿਕ ਨੂੰ ਕੋਈ ਵੀ ਧਰਮ ਗ੍ਰਹਿਣ ਕਰਨ ਤੇ ਰਾਜਨੀਤਕ ਦਲ ਵਿੱਚ ਸ਼ਾਮਲ ਹੋਣ ਜਾਂ ਨਵਾਂ ਦਲ ਬਣਾਉਣ ਦੀ ਆਗਿਆ ਦਿੰਦਾ ਹੈ, ਪਰ ਹਰੇਕ ਆਜ਼ਾਦੀ ਦੇ ਨਾਲ ਨਾਲ ਅਧਿਕਾਰ ਤੇ ਜ਼ਿੰਮੇਵਾਰੀਆਂ ਵੀ ਹੁੰਦੀਆਂ ਹਨ। ਸਾਡੇ ਰਾਜਨੇਤਾ ਅਧਿਕਾਰਾਂ ਬਾਰੇ ਤਾਂ ਬਹੁਤ ਜਾਗਰੂਕ ਹੁੰਦੇ ਹਨ, ਪਰ ਜ਼ਿੰਮੇਵਾਰੀਆਂ ਪੱਖੋਂ ਊਣੇ ਰਹਿੰਦੇ ਹਨ। ਇਸੇ ਕਾਰਨ ਨੈਤਿਕ ਨਿਘਾਰ ਪੈਦਾ ਹੁੰਦਾ ਹੈ।
ਨੇਤਾ ਕੋਈ ਛੋਟਾ ਲਫ਼ਜ਼ ਨਹੀਂ ਹੁੰਦਾ। ਕਿਸੇ ਗਰੁੱਪ ਦੀ ਅਗਵਾਈ ਤਾਂ ਕੀ ਇੱਕ ਘਰ ਦੀ ਕਮਾਨ ਸਾਂਭਣੀ ਹੀ ਬੜੀ ਮਹੱਤਵਪੂਰਨ ਹੁੰਦੀ ਹੈ। ਫਿਰ ਇੱਕ ਹਲਕਾ, ਇੱਕ ਪ੍ਰਾਂਤ ਤੇ ਇੱਕ ਦੇਸ਼! ਨੇਤਾ ਭਾਵ ਨੇਮ ਅਥਵਾ ਸਹੁੰ ਚੁੱਕ ਕੇ ਆਪਣੇ ਆਦਰਸ਼ ਦੀ ਪ੍ਰਾਪਤੀ ਵਾਲਾ ਤੇ ‘ਤਾ’ ਤੋਂ ਭਾਵ ਤਿਆਗੀ, ਜਿਹੜਾ ਸਭ ਮੋਹ ਮਾਇਆ ਦੇ ਜੰਜਾਲ ਤੋਂ ਤਿਆਗ ਪ੍ਰਾਪਤ ਕਰਕੇ ਕੇਵਲ ਤੇ ਕੇਵਲ ਆਪਣੇ ਦੇਸ਼, ਪ੍ਰਾਂਤ ਤੇ ਫਰਜ਼ ਪ੍ਰਤੀ ਹੀ ਸੋਚੇ ਤੇ ਸਮਰਪਿਤ ਹੋਵੇ, ਉਸ ਨੂੰ ਨੇਤਾ ਕਿਹਾ ਜਾਂਦਾ ਹੈ। ਅੱਗੇ ਤੁਸੀਂ ਆਪ ਹੀ ਸੋਚ ਲਓ ਕਿ ਸਾਡੇ ਨੇਤਾ ਕਿੱਥੇ ਕੁ ਖਰੇ ਉਤਰਦੇ ਹਨ। ਮਨੁੱਖ ਇਸ ਬ੍ਰਹਿਮੰਡ ਦਾ ਸਭ ਤੋਂ ਉੱਤਮ ਜੀਵ ਹੈ। ਸਾਰੇ ਦਾ ਸਾਰਾ ਬ੍ਰਹਿਮੰਡ ਹੈ ਵੀ ਨਾਸ਼ਵਾਨ। ਸਾਰੇ ਗੁਰੂ, ਪੀਰ ਤੇ ਰਹਿਬਰ ਇਸੇ ਸਚਾਈ ਦਾ ਢੰਡੋਰਾ ਪਿੱਟਦੇ ਰਹੇ ਹਨ। ਉਨ੍ਹਾਂ ਨੇ ਕਦੇ ਵੀ ਲਾਲਚ ਨਾਲ ਭੰਡਾਰ ਭਰਨ ਦੀ ਚਾਹਨਾਂ ਨਹੀਂ ਦਰਸਾਈ। ਵਿਗਿਆਨ ਮਨੁੱਖ ਨੂੰ ਨਵੀਆਂ ਨਵੀਆਂ ਤਕਨੀਕਾਂ ਤੇ ਖੋਜਾਂ ਰਾਹੀਂ ਜ਼ਿੰਦਗੀ ਨੂੰ ਸੁਖੀ ਤੇ ਖ਼ੁਸ਼ਹਾਲ ਬਣਾਉਣ ਦੀਆਂ ‌ਵਿਉਂਤਾਂ ਦਰਸਾਉਂਦਾ ਰਹਿੰਦਾ ਹੈ, ਪਰ ਮਨੁੱਖ ਖ਼ੁਸ਼ੀ ਨੂੰ ਸੰਭਾਲਣ ਤੇ ਖ਼ੁਸ਼ ਹੋਣ ਦੀ ਬਜਾਏ ਆਪਣੀਆਂ ਪੁਸ਼ਤਾਂ ਲਈ ਜੋੜਨ ਤੇ ਜਮ੍ਹਾਂ ਕਰਨ ਵਿੱਚ ਲੱਗ ਜਾਂਦਾ ਹੈ। ਸਭ ਕੁਝ ਜਾਣਦਾ ਹੋਇਆ ਵੀ ਮਨੁੱਖ ਇਹ ਸਚਾਈ ਭੁੱਲ ਜਾਂਦਾ ਹੈ ਕਿ ਉਸ ਨੇ ਇੱਥੇ ਇੱਕ ਸੀਮਤ ਸਮੇਂ ਲਈ ਹੀ ਰਹਿਣਾ ਹੈ। ਅੱਗੇ ਪਿੱਛੇ ਵੱਲ ਝਾਤੀ ਮਾਰ ਕੇ ਵੇਖੀਏ ਕਿ ਸਾਡੇ ਤੋਂ ਪਹਿਲਾਂ ਕਿੰਨੇ ਲੋਕ ਇੱਥੇ ਆਏ ਤੇ ਤੁਰ ਗਏ। ਕਿੰਨਿਆਂ ਨੇ ਲਾਲਚ, ਹੰਕਾਰ, ਈਰਖਾ, ਚੋਰੀਆਂ, ਡਾਕੇ ਮਾਰੇ ਤੇ ਕਤਲੋਗਾਰਤ ਫੈਲਾਈ, ਪਰ ਆਪ ਵੀ ਭੰਗ ਦੇ ਭਾੜੇ ਗਏ। ਨਾ ਕੋਈ ਟਿਕ ਸਕਿਆ ਨਾ ਕਿਸੇ ਨੇ ਟਿਕ ਸਕਣਾ ਹੈ। ਇਹ ਤਾਂ ਚਲੋ ਚਲੀ ਦਾ ਮੇਲਾ ਹੈ। ਫਿਰ ਭਾਈ ਜੀਓ ਤੇ ਜਿਉਣ ਦਿਓ ਦੀ ਨੀਤੀ ਨਾਲ ਇਸ ਰੰਗੀਲੇ ਜੀਵਨ ਨੂੰ ਕੁਰਹਿਤਾਂ ਰਹਿਤ ਰੰਗੀਨ ਬਣਾ ਕਿ ਕਿਉਂ ਨਾ ਜੀਵਿਆ ਜਾਵੇ। ਵੈਸੇ ਵੀ ਗੁਰਬਾਣੀ ਮਨੁੱਖ ਨੂੰ ਬਹੁਤ ਸੁਚੱਜੀ ਸੇਧ ਦਿੰਦੀ ਹੈ ਕਿ ਧਨ ਮਾਲ ਦੇ ਇਕੱਠੇ ਕਰਨ ਦਾ ਕੀ ਲਾਭ ਜਿਸ ਨੇ ਇਨਸਾਨ ਦਾ ਸਾਥ ਨਹੀਂ ਨਿਭਾਉਣਾ? ਜੇ ਸਿਕੰਦਰ ਨਹੀਂ ਰਿਹਾ, ਜਿਸ ਨੇ ਦੁਨੀਆ ਜਿੱਤਣ ਦੇ ਸੁਪਨੇ ਲਏ ਸਨ, ਸਾਧਨ ਵੀ ਮੌਜੂਦ ਸਨ, ਪਰ ਆਖ਼ਰ ਖਾਲੀ ਹੱਥ ਕਫ਼ਨ ਵਿੱਚੋਂ ਬਾਹਰ ਕੱਢਣ ਦਾ ਸੰਦੇਸ਼ ਦੇ ਕੇ ਲੋਕਾਂ ਨੂੰ ਚੌਕਸ ਕਰ ਗਿਆ, ਪਰ ਸਮਝਦਾ ਕੌਣ ਹੈ? ਕਿਸੇ ਦੇ ਸਸਕਾਰ ਸਮੇਂ ਸ਼ਮਸ਼ਾਨਘਾਟ ਜਾਣ ਵਾਲੇ ਸਸਕਾਰ ਹੋਣ ਤੱਕ ਜ਼ਰੂਰ ਭੈਅਭੀਤ ਹੁੰਦੇ ਹਨ, ਪਰ ਝੱਟ ਕੁ ਬਾਅਦ ਘਰ ਵੱਲ ਪਰਤਦੇ ਸਮੇਂ ਕਦੇ ਨਹੀਂ ਸੋਚਦੇ ਕਿ ਇੱਕ ਦਿਨ ਸਭ ਨੂੰ ਇੱਥੇ ਹੀ ਆਉਣਾ ਪੈਣਾ ਹੈ।
ਮੁੱਕਦੀ ਗੱਲ ਰਾਜਨੀਤਕ ਦਲ ਬਣਾਉਣੇ ਜਾਂ ਬਦਲਣੇ ਲੋਕਰਾਜ ਦੀ ਸਫਲਤਾ ਲਈ ਮਾੜੇ ਨਹੀਂ ਹਨ, ਪਰ ਉਹ ਸਵਾਰਥ ਰਹਿਤ ਬਦਲੇ ਤੇ ਬਣਾਏ ਜਾਣ। ਹਰ ਨੇਤਾ, ਹਰ ਨਾਗਰਿਕ ਆਪਣੀ ਆਜ਼ਾਦੀ ਦਾ ਲਾਭ ਜ਼ਰੂਰ ਲਵੇ, ਪਰ ਦੂਜਿਆਂ ਦੀ ਆਜ਼ਾਦੀ ਦਾ ਵੀ ਖ਼ਿਆਲ ਜ਼ਰੂਰ ਰੱਖੇ। ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਕਰਨਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਰੀਰ ਨੂੰ ਜਿੰਦਾ ਰੱਖਣ ਲਈ ਖੁਰਾਕ। ਦੇਸ਼ ਦੀ ਸੰਸਦ ਨੇ ਬੜਾ ਸੋਹਣਾ ਦਲ ਬਦਲੀ ਕਾਨੂੰਨ ਵੀ ਬਣਾਇਆ ਹੋਇਆ ਹੈ। ਉਹਦੀ ਭਾਵਨਾ ਅਨੁਸਾਰ ਵੀ ਖ਼ੁਦ ਨੂੰ ਢਾਲ ਲਿਆ ਜਾਵੇ ਤਾਂ ਬਿਹਤਰ ਹੈ। ਨੈਤਿਕ ਜ਼ਿੰਮੇਵਾਰੀ ਤਾਂ ਇਹੀ ਕਹਿੰਦੀ ਹੈ ਕਿ ਜੇ ਵਫ਼ਾਦਾਰੀ ਬਦਲਣੀ ਹੈ ਤਾਂ ਅਸਤੀਫ਼ਾ ਦੇ ਕੇ ਬਦਲੀ ਜਾਵੇ ਤਾਂ ਹੀ ਸੋਭਦੀ ਹੈ। ਵਫ਼ਾਦਾਰੀਆਂ ਬਦਲਣਾ ਕੋਈ ਬਹੁਤਾ ਚੰਗਾ ਕਰਮ ਨਹੀਂ ਹੁੰਦਾ। ਫਿਰ ਵੀ ਜੇ ਇਨਸਾਨ ਦੇ ਵਿਚਾਰ ਤੇ ਵਿਚਾਰਧਾਰਾ ਬਦਲਦੀ ਹੈ ਤਾਂ ਨਵੀਂ ਵਿਚਾਰਧਾਰਾ ਗ੍ਰਹਿਣ ਕਰਨ ਤੋਂ ਪਹਿਲਾਂ ਪੁਰਾਣੀ ਤੋਂ ਅਸਤੀਫ਼ਾ ਦੇ ਕੇ ਨੈਤਿਕ ਤੌਰ ’ਤੇ ਨੇਤਾ ਲੋਕਾਂ ਲਈ ਬੜਾ ਜ਼ਰੂਰੀ ਹੈ।
ਨਵੇਂ ਪਲੈਟਫਾਰਮ ਵਾਲਿਆਂ ਨੂੰ ਵੀ ਪੈਰਾਸ਼ੂਟ ਰਾਹੀਂ ਆਏ ਮਹਿਮਾਨਾਂ ਲਈ ਪਰਖ ਦਾ ਸਮਾਂ ਰੱਖਣਾ ਵੀ ਲੋਕਰਾਜ ਦੀ ਸਫਲਤਾ ਲਈ ਬੜਾ ਅਹਿਮ ਹੈ, ਪਰ ਕਾਹਲੀ ਵਿੱਚ ਕੋਈ ਵੀ ਪਰਵਾਹ ਨਹੀਂ ਕਰਦਾ। ਹਾਲਾਂਕਿ ਕਾਹਲੀ ਅੱਗੇ ਹਮੇਸ਼ਾਂ ਟੋਏ ਹੁੰਦੇ ਹਨ। ਨੈਤਿਕ ਕਦਰਾਂ ਕੀਮਤਾਂ ਹੀ ਤਾਂ ਮਨੁੱਖ ਮਾਤਰ ਦਾ ਅਸਲ ਗਹਿਣਾ ਹੁੰਦੀਆਂ ਹਨ। ਸਿਆਣੇ ਕਹਿੰਦੇ ਹਨ, ‘ਲਾਲਚ ਬੁਰੀ ਬਲਾ ਹੈ’। ਵਰਨਾ ਟਰੰਪ ਸਾਹਿਬ ਤਾਂ ਰੋਜ਼ ਕੈਨੇਡਾ ਨੂੰ ਆਪਣੀ 51ਵੀਂ ਸਟੇਟ ਬਣਾਉਣ ਦੇ ਸੁਪਨੇ ਲੈਂਦੇ ਰਹਿੰਦੇ ਹਨ।

ਰੁਝਾਨ ਖਬਰਾਂ