ਸਰੀ, (ਏਕਜੋਤ ਿਸੰਘ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੇ ਪ੍ਰੀਮੀਅਰ ਡੇਵਿਡ ਈਬੀ ਨਾਲ ਮੁਲਾਕਾਤ ਤੋਂ ਪਹਿਲਾਂ ਵੈਨਕੂਵਰ ਵਿੱਚ ਵਪਾਰੀਆਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵੇਲੇ ਪੂਰੀ ਦੁਨੀਆ ਇੱਕ ਭਿਆਨਕ ‘ਊਰਜਾ ਸੰਕਟ’ ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਈਰਾਨ ਅਤੇ ਆਲੇ-ਆਲੇ ਦੇ ਖੇਤਰਾਂ ਵਿੱਚ ਚੱਲ ਰਹੇ ਤਣਾਅ ਕਾਰਨ ਤੇਲ ਅਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਈਂਧਨ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਅਜਿਹੀ ਸਥਿਤੀ ਵਿੱਚ ਕੈਨੇਡਾ ਇੱਕ ਸਥਿਰ ਅਤੇ ਭਰੋਸੇਮੰਦ ਭਾਈਵਾਲ ਵਜੋਂ ਵਿਸ਼ਵ ਦੀ ਮਦਦ ਕਰ ਸਕਦਾ ਹੈ ਅਤੇ ਆਪਣੀ ਆਰਥਿਕਤਾ ਨੂੰ ਵੀ ਮਜ਼ਬੂਤ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਕਾਰਨੀ ਨੇ ਆਪਣੇ ਆਰਥਿਕ ਏਜੰਡੇ ਨੂੰ ਪੇਸ਼ ਕਰਦਿਆਂ ਕਿਹਾ ਕਿ ਫੈਡਰਲ ਸਰਕਾਰ ਨਵੇਂ ਪ੍ਰੋਜੈਕਟਾਂ ਦੀ ਮਨਜ਼ੂਰੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਪੱਛਮੀ ਤੱਟ ਤੱਕ ਇੱਕ ਨਵੀਂ ਤੇਲ ਪਾਈਪਲਾਈਨ ਲਿਜਾਣ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਬੀ.ਸੀ. ਸਰਕਾਰ ਨੂੰ ਅਸਿੱਧੇ ਰੂਪ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੱਥੇ ਪ੍ਰੋਜੈਕਟਾਂ ਦਾ ਲਗਾਤਾਰ ਵਿਰੋਧ ਹੁੰਦਾ ਰਿਹਾ, ਤਾਂ ਓਟਾਵਾ ਦੇਸ਼ ਦੇ ਦੂਜੇ ਸੂਬਿਆਂ ਵਿੱਚ ਨਿਵੇਸ਼ ਕਰਨ ਵੱਲ ਧਿਆਨ ਦੇਵੇਗਾ। ਕਾਰਨੀ ਨੇ ਕਿਹਾ ਕਿ ਪਾਈਪਲਾਈਨ ਨੂੰ ਉਦੋਂ ਹੀ ਅੱਗੇ ਵਧਾਇਆ ਜਾਵੇਗਾ ਜਦੋਂ ਕਾਰਬਨ ਕੈਪਚਰ ਤਕਨੀਕ (Pathways) ਦੀ ਵਰਤੋਂ ਕੀਤੀ ਜਾਵੇਗੀ ਅਤੇ ਸਥਾਨਕ ਮੂਲ ਨਿਵਾਸੀਆਂ ਨੂੰ ਵੀ ਇਸ ਦਾ ਵਿੱਤੀ ਲਾਭ ਮਿਲੇਗਾ।
ਉਧਰ, ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰਧਾਨ ਮੰਤਰੀ ਕਾਰਨੀ ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਚਕਾਰ ਹੋਏ ਸਮਝੌਤੇ ਦੀ ਸਖ਼ਤ ਆਲੋਚਨਾ ਕੀਤੀ ਹੈ। ਈਬੀ ਨੇ ਕਿਹਾ ਕਿ ਕੇਂਦਰ ਸਰਕਾਰ ਅਲਬਰਟਾ ਦੇ ਵੱਖਵਾਦੀ ਨੇਤਾਵਾਂ ਦੇ ਮਾੜੇ ਵਿਵਹਾਰ ਨੂੰ ਦੇਖ ਕੇ ਉਨ੍ਹਾਂ ਨੂੰ ਤਰਜੀਹ ਦੇ ਰਹੀ ਹੈ, ਜੋ ਬਿਲਕੁਲ ਗਲਤ ਹੈ। ਉਹ ਉੱਤਰੀ ਬੀ.ਸੀ. ਵਿੱਚੋਂ ਤੇਲ ਪਾਈਪਲਾਈਨ ਲੰਘਾਉਣ ਦੇ ਪੂਰੀ ਤਰ੍ਹਾਂ ਖ਼ਿਲਾਫ਼ ਹਨ। ਦੋਵਾਂ ਨੇਤਾਵਾਂ ਦੀ ਅਧਿਕਾਰਤ ਬੈਠਕ ਦੌਰਾਨ ਈਬੀ ਨੇ ਕੈਮਰਿਆਂ ਦੇ ਸਾਹਮਣੇ ਸਪਸ਼ਟ ਕੀਤਾ ਕਿ ਦੇਸ਼ ਦੇ ਵਿਕਾਸ ਦੇ ਨਾਲ-ਨਾਲ ਵਾਤਾਵਰਣ ਦੀ ਸੁਰੱਖਿਆ ਵੀ ਜ਼ਰੂਰੀ ਹੈ ਅਤੇ ਉੱਤਰੀ ਤੱਟ ‘ਤੇ ਲੱਗੀ ਤੇਲ ਟੈਂਕਰਾਂ ਦੀ ਪਾਬੰਦੀ ਨੂੰ ਹਟਾਉਣ ਦਾ ਕੋਈ ਵੀ ਪ੍ਰਸਤਾਵ ਸਵੀਕਾਰ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਇਲੀਏਵਰੇ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕਰਕੇ ਲਿਬਰਲ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੈਨੇਡੀਅਨ ਊਰਜਾ ਨੂੰ ਕੌਮਾਂਤਰੀ ਬਾਜ਼ਾਰ ਤੱਕ ਪਹੁੰਚਾਉਣ ਵਿੱਚ ਬਹੁਤ ਦੇਰੀ ਕਰ ਰਹੀ ਹੈ। ਪੋਇਲੀਏਵਰੇ ਨੇ ਉਦਾਹਰਨ ਦਿੱਤੀ ਕਿ ਜਿਵੇਂ ਯੂਕਰੇਨ ਯੁੱਧ ਤੋਂ ਬਾਅਦ ਜਰਮਨੀ ਨੇ ਰੂਸੀ ਤੇਲ ‘ਤੇ ਨਿਰਭਰਤਾ ਖਤਮ ਕਰਨ ਲਈ ਬਹੁਤ ਤੇਜ਼ੀ ਨਾਲ ਨਵੇਂ ਗੈਸ ਪਲਾਂਟ ਬਣਾਏ ਸਨ, ਕੈਨੇਡਾ ਨੂੰ ਵੀ ਉਸੇ ਰਫ਼ਤਾਰ ਨਾਲ ਕਾਰਬਨ ਟੈਕਸ ਖਤਮ ਕਰਕੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਚਾਹੀਦਾ ਹੈ। This report was written by Ekjot Singh as part of the Local Journalism Initiative.
ਵੈਨਕੂਵਰ ਬੋਰਡ ਆਫ਼ ਟਰੇਡ ਵਿੱਚ ਪ੍ਰਧਾਨ ਮੰਤਰੀ ਕਾਰਨੀ ਦਾ ਵੱਡਾ ਬਿਆਨ, ਵਿਸ਼ਵ ਊਰਜਾ ਸੰਕਟ ਵਿੱਚ ਕੈਨੇਡਾ ਨਿਭਾਏਗਾ ਭੂਮਿਕਾ

