16 C
Vancouver
Saturday, May 23, 2026

ਕੁਆਲੀਕਮ ਬੀਚ ਨੇੜੇ ਘੱਟ ਪਾਣੀ ਵਿੱਚ ਫਸੀਆਂ 15 ਡਾਲਫਿਨਾਂ ਸੁਰੱਖਿਅਤ ਸਮੁੰਦਰ ਵਾਪਸ ਛੱਡੀਆਂ

ਸਰੀ, (ਏਕਜੋਤ ਿਸੰਘ): ਕੁਆਲੀਕਮ ਬੀਚ ਦੇ ਨੇੜੇ ਇੱਕ ਘੱਟ ਡੂੰਘੇ ਟਾਈਡਲ ਪੂਲ ਵਿੱਚ ਅਸਥਾਈ ਤੌਰ ਉੱਤੇ ਫਸੀਆਂ 15 ਪੈਸੀਫਿਕ ਵ੍ਹਾਈਟ-ਸਾਈਡਡ ਡਾਲਫਿਨਾਂ ਸੁਰੱਖਿਅਤ ਗਹਿਰੇ ਪਾਣੀ ਵਿੱਚ ਵਾਪਸ ਛੱਡ ਦਿੱਤੀਆਂ ਗਈਆਂ ਹਨ। ਇਹ ਘਟਨਾ 16 ਮਈ ਨੂੰ ਵਾਪਰੀ ਜਦੋਂ ਸਮੁੰਦਰ ਵਿੱਚ ਘੱਟ ਲਹਿਰਾਂ (ਲੋਅ ਟਾਈਡ) ਹੋਣ ਕਾਰਨ ਇਹ ਡਾਲਫਿਨਾਂ ਲਗਭਗ ਤਿੰਨ ਤੋਂ ਚਾਰ ਫੁੱਟ ਡੂੰਘੇ ਪਾਣੀ ਵਿੱਚ ਇਕੱਲੀਆਂ ਰਹਿ ਗਈਆਂ ਸਨ ਅਤੇ ਅੱਗੇ ਵਧਣ ਤੋਂ ਅਸਮਰੱਥ ਸਨ। ਸੂਚਨਾ ਮਿਲਦੇ ਹੀ ਡੀਐਫਓ (ਮੱਛੀ ਪਾਲਣ ਅਤੇ ਮਹਾਂਸਾਗਰ ਵਿਭਾਗ) ਦੇ ਕਰਮਚਾਰੀਆਂ ਨੇ ਤੁਰੰਤ ਮੌਕੇ ਉੱਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।
ਵਿਭਾਗ ਦੇ ਕਰਮਚਾਰੀਆਂ ਨੇ ਮੌਕੇ ਉੱਤੇ ਇਕੱਠੇ ਹੋਏ ਲੋਕਾਂ ਦੀ ਭੀੜ ਨੂੰ ਡਾਲਫਿਨਾਂ ਤੋਂ ਇੱਕ ਸੁਰੱਖਿਅਤ ਦੂਰੀ ਉੱਤੇ ਰੱਖਿਆ ਤਾਂ ਜੋ ਜੀਵਾਂ ਨੂੰ ਵਾਧੂ ਮਾਨਸਿਕ ਤਣਾਅ ਨਾ ਹੋਵੇ ਅਤੇ ਉਹ ਉੱਚੀਆਂ ਲਹਿਰਾਂ (ਹਾਈ ਟਾਈਡ) ਦੇ ਆਉਣ ਨਾਲ ਕੁਦਰਤੀ ਤੌਰ ਉੱਤੇ ਬਾਹਰ ਨਿਕਲ ਸਕਣ। ਲਗਭਗ 12 ਘੰਟਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਸ਼ਾਮ 6:15 ਵਜੇ ਦੇ ਕਰੀਬ ਜਦੋਂ ਸਮੁੰਦਰ ਵਿੱਚ ਪਾਣੀ ਦਾ ਪੱਧਰ ਵਧਿਆ, ਤਾਂ ਸਾਰੀਆਂ ਡਾਲਫਿਨਾਂ ਬਿਨਾਂ ਕਿਸੇ ਬਾਹਰੀ ਮਦਦ ਦੇ ਖੁਦ ਹੀ ਰੇਤ ਦੇ ਬਾਰ ਨੂੰ ਪਾਰ ਕਰਕੇ ਡੂੰਘੇ ਪਾਣੀ ਵਿੱਚ ਚਲੀਆਂ ਗਈਆਂ।
ਸਮੁੰਦਰੀ ਜੀਵਾਂ ਦੀ ਸੁਰੱਖਿਆ ਲਈ ਬਣਾਏ ਗਏ ਨਿਯਮਾਂ ਅਨੁਸਾਰ ਸਮੁੰਦਰੀ ਜੀਵਾਂ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਕਰਨਾ ਸਖਤ ਕਾਨੂੰਨੀ ਅਪਰਾਧ ਹੈ। ਇਹਨਾਂ ਨਿਯਮਾਂ ਵਿੱਚ ਜੀਵਾਂ ਨੂੰ ਖੁਆਉਣ ਦੀ ਕੋਸ਼ਿਸ਼ ਕਰਨਾ, ਉਹਨਾਂ ਨਾਲ ਤੈਰਨਾ, ਉਹਨਾਂ ਦੇ ਰਹਿਣ ਵਾਲੇ ਸਥਾਨ ਤੋਂ ਉਹਨਾਂ ਨੂੰ ਹਟਾਉਣਾ ਜਾਂ ਭਜਾਉਣਾ, ਅਤੇ ਬੱਚਿਆਂ ਨੂੰ ਉਹਨਾਂ ਦੇ ਸਮੂਹ ਤੋਂ ਵੱਖ ਕਰਨਾ ਸ਼ਾਮਲ ਹੈ। ਇਹ ਨਿਯਮ ਸਾਰੀਆਂ ਬੇੜੀਆਂ, ਕਯਾਕ ਅਤੇ ਪੈਡਲਬੋਰਡਾਂ ਉੱਤੇ ਬਰਾਬਰ ਲਾਗੂ ਹੁੰਦੇ ਹਨ। ਡੀਐਫਓ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜੇਕਰ ਕੋਈ ਵ੍ਹੇਲ ਜਾਂ ਡਾਲਫਿਨ ਆਰਾਮ ਦੀ ਸਥਿਤੀ ਵਿੱਚ ਹੋਵੇ ਤਾਂ ਉਸ ਤੋਂ 200 ਮੀਟਰ ਅਤੇ ਆਮ ਸਥਿਤੀ ਵਿੱਚ ਘੱਟੋ-ਘੱਟ 100 ਮੀਟਰ ਦੀ ਦੂਰੀ ਬਣਾ ਕੇ ਰੱਖਣੀ ਲਾਜ਼ਮੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ