11.4 C
Vancouver
Sunday, May 10, 2026

ਛੇਵੇਂ ਪਾਤਸ਼ਾਹ ਦੇ ਵੱਡੇ ਫ਼ਰਜੰਦ ਬਾਬਾ ਗੁਰਦਿੱਤਾ ਜੀ

ਰਮੇਸ਼ ਬੱਗਾ ਚੋਹਲਾ, ਮੋਬ:9463132719
ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਜਿੱਥੇ ਗੁਰੁ ਸਾਹਿਬਾਨ ਨੇ ਅਣਥੱਕ ਅਤੇ ਸਾਰਥਿਕ ਜਤਨ ਕੀਤੇ ਹਨ,ਉੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਬਣਦਾ-ਸਰਦਾ ਅਤੇ ਬੇਸ਼ਕੀਮਤੀ ਯੋਗਦਾਨ ਪਾਇਆ ਗਿਆ ਹੈ।ਇਸ ਯੋਗਦਾਨ ਸਦਕਾ ਹੀ ਸਿੱਖ ਧਰਮ ਸਦਾ ਚੜ੍ਹਦੀਕਲਾ ਵਿਚ ਰਿਹਾ ਹੈ।ਇਨ੍ਹਾਂ ਯੋਗਦਾਨੀਆਂ ਵਿਚ ਗੁਰੁੂ ਸਾਹਿਬਾਨ ਦੇ ਪੁੱਤਰ-ਪੁੱਤਰੀਆਂ, ਭੈਣਾਂ-ਭਰਾਵਾਂ, ਮਾਤਾਵਾਂ ਅਤੇ ਹੋਰ ਨਿਕਟਵਰਤੀਆਂ ਦੀ ਅਹਿਮ ਭੂਮਿਕਾ ਰਹੀ ਹੈ।ਇਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਵਾਲਿਆਂ ਵਿਚ ਹੀ ਸ਼ਾਮਿਲ ਹੈ ਮੀਰੀ-ਪੀਰੀ ਦੇ ਮਾਲਿਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਫ਼ਰਜੰਦ ਬਾਬਾ ਗੁਰਦਿੱਤਾ ਜੀ ਦਾ ਨਾਮ।
ਦੀਨ ਦੁਨੀ ਦਾ ਟਿੱਕਾ ਕਰਕੇ ਜਾਣੇ ਜਾਂਦੇ ਧੰਨ ਧੰਨ ਬਾਬਾ ਗੁਰਦਿੱਤਾ ਜੀ ਦਾ ਜਨਮ ਕੱਤਕ ਸੁਦੀ 15 ਸੰਮਤ 1670 (ਮੁਤਾਬਿਕ 15 ਨਵੰਬਰ 1613 ਈਸਵੀ) ਨੂੰ ਮਾਤਾ ਦਮੋਦਰੀ ਜੀ ਦੀ ਕੁੱਖੋਂ ਪਿੰਡ ਡਰੋਲੀ ਭਾਈ ਜ਼ਿਲ੍ਹਾ ਮੋਗਾ ਵਿਖੇ ਹੋਇਆ।ਤਨੋਂ-ਮਨੋਂ ਸਿੱਖੀ ਸੋਚ ਨਾਲ ਜੁੜੇ ਬਾਬਾ ਗੁਰਦਿੱਤਾ ਜੀ ਦੇ ਪੜਦਾਦਾ ਸ੍ਰੀ ਗੁਰੂ ਰਮਦਾਸ ਜੀ,ਦਾਦਾ ਗੁਰੂ ਅਰਜਨ ਦੇਵ ਜੀ,ਪਿਤਾ ਸ੍ਰੀ ਗੁਰੁੂ ਹਰਗੋਬਿੰਦ ਜੀ, ਛੋਟੇ ਭਰਾਤਾ ਸ੍ਰੀ ਗੁਰੁੂ ਤੇਗ ਬਹਾਦਰ ਜੀ।ਪੁੱਤਰ ਗੁਰੂ ਹਰਿ ਰਾਏ ਜੀ,ਪੋਤਰੇ ਸ੍ਰੀ ਗੁਰੂ ਹਰਿੱਿਕਸ਼ਨ ਜੀ ਅਤੇ ਭਤੀਜਾ ਗੁਰੂ ਗੋਬਿੰਦ ਸਿੰਘ ਜੀ ਆਪੋ ਆਪਣੇ ਸਮੇਂ ਸਿੱਖ ਸੰਗਤ ਦੀ (ਗੁਰੁੂ ਰੂਪ ਹੋ ਕੇ) ਸੁਚੱਜੀ ਅਗਵਾਈ ਕਰਦੇ ਹਨ।ਇਹ ਅਗਵਾਈ ਮਨੁੱਖੀ ਜਨਮ ਨੂੰ ਲਾਹੇਵੰਦ ਬਣਾਉਣ ਵਿਚ ਬੜੀ ਕਾਰਗਰ ਸਾਬਤ ਹੋਈ ਹੈ।
ਬਾਬਾ ਗੁਰਦਿੱਤਾ ਜੀ ਨੇ ਧਾਰਮਿਕ ਅਤੇ ਸ਼ਸਤਰ ਵਿਦਿਆ ਗੁਰੁੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਜੀ ਕੋਲੋਂ ਹਾਸਲ ਕੀਤੀ ਜਿਸ ਦੀ ਬਾਦੌਲਤ ਉਹ ਗੁਰੂ ਘਰ ਨਾਲ ਸਬੰਧੰਤ ਧਾਰਮਿਕ ਅਤੇ ਰਾਜਨੀਤਕ ਮਸਲੇ ਨਜਿੱਠਦੇ ਰਹੇ ਹਨ। ਸਿੱਖ ਧਰਮ ਵਿਚ ਵਿਆਹੁਤਾ ਜੀਵਨ ਦੀ ਆਰੰਭਤਾ ਨੂੰ ਆਨੰਦ-ਕਾਰਜ ਦਾ ਨਾਮ ਦਿੱਤਾ ਗਿਆ ਹੈ ਭਾਵ ਖ਼ੁਸ਼ੀ ਦਾ ਉਹ ਕਾਰਜ ਜਿਹੜਾ ਸੰਸਾਰਿਕ ਅਤੇ ਪਰਿਵਾਰਕ ਸਾਂਝ ਲਈ ਜ਼ਰੂਰੀ ਹੁੰਦਾ ਹੈ।ਇਸ ਜ਼ਰੂਰਤ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਗੁਰਦਿੱਤਾ ਜੀ ਆਨੰਦ ਕਾਰਜ (ਵਿਆਹ) 29 ਵੈਸਾਖ ਸੰਮਤ 1681 (1624 ਈ.) ਨੂੰ ਗੁਰਦਾਸਪੁਰ ਜਿਲ੍ਹੇ ਦੇ ਪ੍ਰਸਿੱਧ ਸ਼ਹਿਰ ਬਟਾਲਾ ਦੇ ਰਹਿਣ ਵਾਲੇ ਭਾਈ ਰਾਮਾ ਮੱਲ ਦੀ ਜੀ ਦੇ ਬੇਟੀ ਅਨੰਤੀ (ਨਿਹਾਲ ਕੌਰ) ਨਾਲ ਹੋਣਾ ਨਿਯਤ ਹੋਇਆ।ਵਿਆਹ ਵਾਲੇ ਦਿਨ ਬਾਬਾ ਜੀ ਦੀ ਬਰਾਤ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਛੇਵੇਂ ਪਾਤਸ਼ਾਹ ਤੋਂ ਇਲਾਵਾ ਬਾਬਾ ਬੁੱਢਾ ਸਾਹਿਬ ਜੀ,ਭਾਈ ਗੁਰਦਾਸ ਜੀ,ਭਾਈ ਦਾਤੂ ਜੀ,(ਗੁਰੁੂ) ਤੇਗ ਬਹਾਦਰ ਜੀ,ਭਾਈ ਮੋਹਰੀ ਜੀ,ਭਾਈ ਕਿਸ਼ਨ ਚੰਦ ਜੀ,ਭਾਈ ਸਾਂਈ ਦਾਸ ਜੀ ਅਤੇ ਭੈਣ ਬੀਬੀ ਵੀਰੋ ਜੀ ਦੇ ਨਾਮ ਪ੍ਰਮੁੱਖ ਹਨ।ਭਾਈ ਰਾਮਾ ਜੀ ਦੇ ਪਰਿਵਾਰ ਵੱਲੋਂ ਗੁਰੁੂ ਕੇ ਬਰਾਤੀਆਂ ਦਾ ਰੱਜਵਾਂ ਸਤਿਕਾਰ ਕੀਤਾ ਗਿਆ।ਬਾਬਾ ਜੀ ਦੇ ਗ੍ਰਹਿ ਵਿਖੇ ਦੋ ਪੁੱਤਰ ਹਰਿ ਰਾਇ (ਗੁਰੁੂ) ਅਤੇ ਧੀਰ ਮੱਲ ਪੈਦਾ ਹੋਏ।ਇਸ ਯਾਦ ਨੂੰ ਸਦੀਵੀ ਬਣਾਉਣ ਲਈ ਬਟਾਲਾ ਸ਼ਹਿਰ ਦੇ ਇਸ ਸਥਾਨ ਉਪਰ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਸੁਸ਼ੋਭਿਤ ਹੈ।
ਬਾਬਾ ਗੁਰਦਿੱਤਾ ਜੀ ਦੇ ਜੀਵਨ ਨਾਲ ਸਬੰਧਤ ਇੱਕ ਸਾਖ਼ੀ ਆਉਂਦੀ ਹੈ ਜਿਸ ਦਾ ਮਨੋਰਥ ਸਿੱਖੀ ਦੇ ਉਸ ਸਿਧਾਂਤ ਨੂੰ ਦ੍ਰਿੜ ਕਰਾਉਣਾ ਹੈ ਜਿਸ ਦੇ ਅਨੁਸਾਰ ਸਿੱਖ ਨੇ ‘ਰੱਬੀ ਰਜ਼ਾ’ ਵਿਚ ਰਹਿਣਾ ਹੁੰਦਾ ਹੈ।
ਸਾਖ਼ੀ ਮੁਤਬਿਕ ਇੱਕ ਦਿਨ ਸ਼ਿਕਾਰ ਖੇਡਦੇ ਸਮੇਂ ਬਾਬਾ ਗੁਰਦਿੱਤਾ ਜੀ ਵੱਲੋਂ ਚਲਾਇਆ ਇੱਕ ਤੀਰ ਹਿਰਨੀ ਦੀ ਥਾਂ ਤੇ ਨੇੜੇ ਚਰਦੀ ਗਾਂ ਦੇ ਜਾ ਲੱਗਾ ਅਤੇ ਉਹ ਮਰ ਗਈ। ਗਾਂ ਦੀ ਮੌਤ ‘ਤੇ ਗ਼ਵਾਲੇ ਵੱਲੋਂ ਬਹੁਤ ਵਿਰਲਾਪ ਕੀਤਾ ਗਿਆ।ਉਸ ਦੇ ਵਿਰਲਾਪ ਨੂੰ ਦੇਖ ਕੇ ਬਾਬਾ ਜੀ ਗਾਂ ਨੂੰ ਮੁੜ ਜੀਵਨ ਬਖ਼ਸ਼ ਦਿੱਤਾ।ਇਸ ਕਰਾਮਾਤ ਨਾਲ ਗ਼ਵਾਲਾ ਤਾਂ ਖ਼ੁਸ਼ ਹੋ ਗਿਆ ਪਰ ਗੁਰੂ ਪਿਤਾ ਜੀ ਸਖਤ ਨਾਰਾਜ਼ ਹੋ ਗਏ।ਗੁਰੁੂ ਜੀ ਨੇ ਕਰਾਮਾਤ ਨੂੰ ਕਹਿਰ ਦਾ ਨਾਮ ਦਿੰਦਿਆਂ ਬਾਬਾ ਗੁਰਦਿੱਤਾ ਜੀ ਨੂੰ ਗਾਂ ਦੇ ਬਦਲੇ ਆਪਣਾ ਸਰੀਰ ਤਿਆਗਣ ਦਾ ਹੁਕਮ ਦੇ ਦਿੱਤਾ।ਇਸ ਹੁਕਮ ਨੂੰ ਪ੍ਰਵਾਨ ਕਰਕੇ ਬਾਬਾ ਜੀ ਸ੍ਰੀ ਕੀਰਤਪੁਰ ਸਾਹਿਬ ਆ ਗਏ ਅਤੇ ਚੇਤ ਸੁਦੀ 10 ਸੰਮਤ 1695 (15 ਮਾਰਚ 1638 ਈ.) ਨੂੰ ਸਰੀਰਕ ਚੋਲਾ ਤਿਆਗ ਗਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਖ਼ਬਰ ਮਿਲੀ ਤਾਂ ਉਹ ਸੰਗਤ ਸਮੇਤ ਸ੍ਰੀ ਕੀਰਤਪੁਰ ਸਾਹਿਬ ਆਏ ਅਤੇ ਬਾਬਾ ਜੀ ਦੀ ਦੇਹ ਦਾ ਅੰਤਿਮ ਸਸਕਾਰ ਕੀਤਾ।ਇਸ ਸਮੇਂ ਗੁਰੂੂ ਸਾਹਿਬ ਨੇ ਬਚਨ ਕੀਤਾ:- ਧੰਨ ਧੰਨ ਬਾਬਾ ਗੁਰਦਿੱਤਾ,ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ।’
ਬਾਬਾ ਗੁਰਦਿੱਤਾ ਜੀ ਦੀ ਯਾਦ ਵਿਚ ਹਰ ਸਾਲ ਚੇਤ ਮਹੀਨੇ ਦੀ ਦਸਵੀਂ ਨੂੰ ਸ੍ਰੀ ਕੀਰਤਪੁਰ ਸਾਹਿਬ ਵਿਖੇ ਭਾਰੀ ਜੋੜ-ਮੇਲਾ ਮਨਾਇਆ ਜਾਂਦਾ ਹੈ।ਇਸ ਦਿਨ ਦੇਸ਼-ਵਿਦੇਸ਼ ਦੀ ਸੰਗਤ ਇਥੇ ਨਤਮਸਤਕ ਹੋਣ ਲਈ ਆਉੇਂਦੀ ਹੈ ਅਤੇ ਗੁਰੂ-ਘਰ ਦੀ ਰੌਣਕ ਨੂੰ ਵਧਾਉਂਦੀ ਹੈ।

ਰੁਝਾਨ ਖਬਰਾਂ