ਸਰੀ, (ਏਕਜੋਤ ਸਿੰਘ): ਸਰੀ ਸਿਟੀ ਕੌਂਸਲ ਨੇ ਸੋਮਵਾਰ ਨੂੰ ਨਿਊਟਨ ਦੇ ਕੇਂਦਰ ਵਿੱਚ ਬਣਨ ਵਾਲੇ ਇੱਕ ਅਹਿਮ ਪ੍ਰੋਜੈਕਟ ‘ਨਿਊਟਨ ਕਮਿਊਨਿਟੀ ਸੈਂਟਰ’ ਲਈ ਪ੍ਰੀ-ਕੰਸਟ੍ਰਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਕੰਟਰੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸ਼ਹਿਰ ਦੇ ਇਤਿਹਾਸ ਦਾ ਸਭ ਤੋਂ ਵੱਡਾ ਪੂੰਜੀਗਤ ਨਿਵੇਸ਼ ਹੈ। ਉਹਨਾਂ ਅਨੁਸਾਰ ਮਨੋਰੰਜਨ, ਸੱਭਿਆਚਾਰ ਅਤੇ ਲਾਇਬ੍ਰੇਰੀ ਸੇਵਾਵਾਂ ਨੂੰ ਇੱਕੋ ਛੱਤ ਹੇਠ ਲਿਆ ਕੇ ਇੱਕ ਅਜਿਹਾ ਸੁਆਗਤਯੋਗ ਸਥਾਨ ਤਿਆਰ ਕੀਤਾ ਜਾ ਰਿਹਾ ਹੈ ਜੋ ਇਲਾਕੇ ਦੀ ਵਿਭਿੰਨਤਾ ਅਤੇ ਲੋੜਾਂ ਨੂੰ ਪੂਰਾ ਕਰੇਗਾ। ਇਹ ਕੇਂਦਰ ਆਉਣ ਵਾਲੇ ਸਮੇਂ ਵਿੱਚ ਨਿਊਟਨ ਲਈ ਇੱਕ ਜੀਵੰਤ ਅਤੇ ਸਮੂਹਿਕ ਹੱਬ ਵਜੋਂ ਉਭਰੇਗਾ।
ਇਸ ਪ੍ਰੋਜੈਕਟ ਲਈ ਵੈਂਟਾਨਾ ਕੰਸਟ੍ਰਕਸ਼ਨ ਕਾਰਪੋਰੇਸ਼ਨ ਦੀ ਚੋਣ ਕੀਤੀ ਗਈ ਹੈ ਅਤੇ ਸ਼ੁਰੂਆਤੀ ਡਿਜ਼ਾਈਨ ਸੇਵਾਵਾਂ ਦੇ ਕੰਟਰੈਕਟ ਦੀ ਕੀਮਤ 9.1 ਮਿਲੀਅਨ ਡਾਲਰ ਰੱਖੀ ਗਈ ਹੈ। ਲਗਭਗ 310.6 ਮਿਲੀਅਨ ਡਾਲਰ ਦੀ ਕੁੱਲ ਲਾਗਤ ਨਾਲ ਤਿਆਰ ਹੋਣ ਵਾਲੀ ਇਹ 175,000 ਵਰਗ ਫੁੱਟ ਦੀ ਵਿਸ਼ਾਲ ਇਮਾਰਤ ਨਿਊਟਨ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਇਹ ਨਵਾਂ ਕੇਂਦਰ ਕਿੰਗ ਜਾਰਜ ਬੁਲੇਵਾਰਡ ਦੇ ਪੂਰਬੀ ਪਾਸੇ, ਨਿਊਟਨ ਸੀਨੀਅਰਜ਼ ਸੈਂਟਰ ਦੇ ਬਿਲਕੁਲ ਕੋਲ ਸਥਿਤ ਹੋਵੇਗਾ। ਪ੍ਰਸ਼ਾਸਨ ਮੁਤਾਬਕ ਇਹ ਸੈਂਟਰ ਨਿਊਟਨ ਟਾਊਨ ਸੈਂਟਰ ਨੂੰ ਮੁੜ ਸੁਰਜੀਤ ਕਰਨ ਦੇ ਦ੍ਰਿਸ਼ਟੀਕੋਣ ਦਾ ਇੱਕ ਅਹਿਮ ਹਿੱਸਾ ਹੈ।
ਸਹੂਲਤਾਂ ਦੇ ਪੱਖੋਂ ਇਸ ਵਿੱਚ 50 ਮੀਟਰ ਦਾ ਲੈਂਪ ਪੂਲ, ਲੈਜ਼ਰ ਪੂਲ, ਹੌਟ ਟੱਬ, ਸੌਨਾ, ਦੋ ਵੱਡੇ ਜਿਮਨੇਜ਼ੀਅਮ ਅਤੇ ਇੱਕ ਅਤਿ-ਆਧੁਨਿਕ ਫਿਟਨੈਸ ਸੈਂਟਰ ਹੋਵੇਗਾ। ਇਸ ਦੇ ਨਾਲ ਹੀ ਇੱਥੇ 40,000 ਵਰਗ ਫੁੱਟ ਦੀ ਇੱਕ ਵਿਸ਼ਾਲ ਲਾਇਬ੍ਰੇਰੀ ਬਣਾਈ ਜਾਵੇਗੀ, ਜੋ ਮੌਜੂਦਾ ਨਿਊਟਨ ਬ੍ਰਾਂਚ ਨਾਲੋਂ ਆਕਾਰ ਵਿੱਚ ਦੁੱਗਣੀ ਤੋਂ ਵੀ ਵੱਡੀ ਹੋਵੇਗੀ। ਇਸ ਤੋਂ ਇਲਾਵਾ ਕਲਾਤਮਕ ਗਤੀਵਿਧੀਆਂ, ਬਹੁ-ਮੰਤਵੀ ਹਾਲ ਅਤੇ ਬੱਚਿਆਂ ਦੀ ਦੇਖਭਾਲ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਪ੍ਰੋਜੈਕਟ 2030 ਦੀ ਬਸੰਤ ਰੁੱਤ ਵਿੱਚ ਆਮ ਜਨਤਾ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਸੈਂਟਰ ਦੇ ਬਣਨ ਨਾਲ ਸਰੀ ਦੇ ਵਸਨੀਕਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਆਪਣੇ ਇਲਾਕੇ ਵਿੱਚ ਹੀ ਮਿਲ ਸਕਣਗੀਆਂ। This report was written by Ekjot Singh as part of the Local Journalism Initiative.
ਸਰੀ ਦੇ ਇਤਿਹਾਸ ਦਾ ਸਭ ਤੋਂ ਵੱਡਾ ਪ੍ਰੋਜੈਕਟ, 310.6 ਮਿਲੀਅਨ ਡਾਲਰ ਨਾਲ ਬਣੇਗਾ ਨਿਊਟਨ ਕਮਿਊਨਿਟੀ ਸੈਂਟਰ

