ਲੇਖਕ: ਅਜ਼ੀਜ਼ ਅਬੂ ਸਾਰ੍ਹਾ ਅਤੇ ਮਾਓਜ਼ ਇਨਾਨ
(ਹਾਲ ਹੀ ਵਿੱਚ ਪ੍ਰਕਾਸ਼ਤ ਹੋਈ ਇਹ ਕਿਤਾਬ ਇਕ ਫਲਸਤੀਨੀ ਅਜ਼ੀਜ਼ ਅਬੂ ਸਾਰ੍ਹਾ ਅਤੇ ਇਕ ਇਜ਼ਰਾਇਲੀ ਮਾਓਜ਼ ਇਨਾਨ ਵਲੋਂ ਰਲ ਕੇ ਲਿਖੀ ਗਈ ਹੈ। ਦੋਵੇਂ ਫਲਸਤੀਨ ਅਤੇ ਇਜ਼ਰਾਈਲ ਵਿਚਕਾਰ ਸ਼ਾਂਤੀ ਲਈ ਕੰਮ ਕਰਨ ਵਾਲੇ ਕਾਰਕੁੰਨ ਹਨ। ਅਜ਼ੀਜ਼ ਅਬੂ ਸਾਰ੍ਹਾ ਦਾ ਭਰਾ ਇਜ਼ਰਾਇਲੀ ਡਿਫੈਂਸ ਫੋਰਸਜ਼ ਵਲੋਂ ਕੀਤੇ ਤਸ਼ੱਦਦ ਕਾਰਨ ਮਾਰਿਆ ਗਿਆ ਸੀ ਅਤੇ ਮਾਓਜ਼ ਇਨਾਨ ਦੇ ਮਾਪੇ 7 ਅਕਤੂਬਰ 2023 ਨੂੰ ਹਮਾਸ ਦੇ ਹਮਲੇ ਦੌਰਾਨ ਮਾਰੇ ਗਏ ਸਨ। ਪਰ ਇਹਨਾਂ ਦੋਹਾਂ ਨੇ ਆਪਣੇ ਘਾਟਿਆਂ ਨੂੰ ਇਕ ਦੂਸਰੇ ਪ੍ਰਤੀ ਦੁਸ਼ਮਣੀ ਅਤੇ ਬਦਲੇ ਦੀ ਭਾਵਨਾ ਵਿੱਚ ਤਬਦੀਲ ਕਰਨ ਦੀ ਥਾਂ ਇਸ ਖੇਤਰ ਵਿੱਚ ਸ਼ਾਂਤੀ ਲਿਆਉਣ ਲਈ ਕੰਮ ਕਰਨ ਦੀ ਭਾਵਨਾ ਵਿੱਚ ਤਬਦੀਲ ਕੀਤਾ ਹੈ। ਉਹ ਕਹਿੰਦੇ ਹਨ, “ਅਸੀਂ ਡਰ ਅਤੇ ਗੁੱਸੇ, ਅਤਿਵਾਦ ਅਤੇ ਕਬੀਲਾਪ੍ਰਸਤੀ ਦੁਆਰਾ ਇੰਨੇ ਵੰਡੇ ਗਏ ਹਾਂ ਕਿ ਹੁਣ ਅਸੀਂ ਇੱਕ ਦੂਜੇ ਦੀ ਇਨਸਾਨੀਅਤ ਨਹੀਂ ਦੇਖ ਸਕਦੇ ਜਾਂ ਇੱਕ ਦੂਜੇ ਦੇ ਦੁੱਖ ਪ੍ਰਤੀ ਹਮਦਰਦੀ ਮਹਿਸੂਸ ਨਹੀਂ ਕਰ ਸਕਦੇ। ਅਸੀਂ, ਸਾਨੂੰ ਵਿਰਾਸਤ ਵਿੱਚ ਮਿਲੇ ਇਤਿਹਾਸ ਵਿੱਚ ਜੀ ਰਹੇ ਹਾਂ, ਪਰ ਜੇ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਨੇ ਇੱਕ ਸਾਂਝਾ ਭਵਿੱਖ ਉਸਾਰਨਾ ਹੈ – ਅਤੇ ਸਾਡੇ ਲਈ ਆਪਣੇ ਦੋਵੇਂ ਲੋਕ-ਸਮੂਹਾਂ ਦੀ ਖ਼ਾਤਰ ਇਹ ਕਰਨਾ ਜ਼ਰੂਰੀ ਹੈ- ਤਾਂ ਅੱਗੇ ਵਧਣ ਦਾ ਇਕੋ ਇੱਕ ਰਸਤਾ ਹੈ ਸਾਨੂੰ ਵੰਡਣ ਵਾਲੀਆਂ ਅਗਿਆਨਤਾ ਅਤੇ ਨਫ਼ਰਤ ਦੀਆਂ ਕੰਧਾਂ ਨੂੰ ਢਾਹ ਦੇਣਾ।”
ਇਸ ਕਿਤਾਬ ਵਿੱਚ ਉਹਨਾਂ ਨੇ ਇਸ ਖਿੱਤੇ ਦੇ ਅਮੀਰ ਇਤਿਹਾਸ, ਇਸ ਖਿੱਤੇ ਨਾਲ ਆਪਣੇ ਆਪਣੇ ਲੋਕਾਂ ਦੇ ਸੰਬੰਧਾਂ ਦੀ ਕਹਾਣੀ, ਉਹਨਾਂ ਵਿਚਕਾਰ ਇਕ ਸਦੀ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਲੜਾਈ ਦੇ ਲੋਕਾਂ `ਤੇ ਪੈ ਰਹੇ ਅਸਰਾਂ ਬਾਰੇ ਗੱਲ ਕੀਤੀ ਹੈ। ਫਲਸਤੀਨੀਆਂ ਅਤੇ ਇਜ਼ਰਾਈਲੀਆਂ ਵਿਚਕਾਰ ਵੰਡੀਆਂ ਪਾਉਣ ਵਾਲੀਆਂ ਸਥਿਤੀਆਂ ਬਾਰੇ ਗੱਲ ਕਰਨ ਦੇ ਨਾਲ ਨਾਲ ਉਹਨਾਂ ਨੇ ਲੜਾਈ ਤੋਂ ਪਹਿਲਾਂ ਆਪਣੇ ਲੋਕਾਂ ਵਿਚਕਾਰ ਸਹਿਯੋਗ ਦੇ ਲੰਮੇ ਇਤਿਹਾਸ ਦੀ ਵੀ ਗੱਲ ਕੀਤੀ ਹੈ।
ਅਜ਼ੀਜ਼ ਅਤੇ ਮਾਓਜ਼ ਉਸ ਸਮੇਂ ਆਪਣੇ ਲੋਕਾਂ ਵਿਚਕਾਰ ਸ਼ਾਂਤੀ ਦੀ ਉਮੀਦ ਲੈ ਕੇ ਦੁਨੀਆ ਦੇ ਸਨਮੁੱਖ ਹੋਏ ਹਨ, ਜਦੋਂ ਬਹੁਤ ਘੱਟ ਲੋਕ ਇਸ ਸ਼ਾਂਤੀ ਦੀ ਉਮੀਦ ਕਰ ਰਹੇ ਹਨ। ਪਰ ਜਿਸ ਢੰਗ ਨਾਲ ਉਹਨਾਂ ਨੇ ਆਪਣੀ ਗੱਲ ਕਹੀ ਹੈ, ਉਹ ਬਹੁਤ ਹੀ ਸ਼ਕਤੀਸ਼ਾਲੀ ਢੰਗ ਨਾਲ ਇਸ ਉਮੀਦ ਦੇ ਸਾਕਾਰ ਹੋਣ ਦਾ ਯਕੀਨ ਦਿਵਾਉਂਦੀ ਹੈ।
ਇਹ ਕਿਤਾਬ ਸਿਰਫ ਫਲਸਤੀਨੀ ਅਤੇ ਇਜ਼ਰਾਇਲੀ ਲੋਕਾਂ ਲਈ ਹੀ ਮਹੱਤਵਪੂਰਨ ਨਹੀਂ ਸਗੋਂ ਦੁਨੀਆ ਦੇ ਉਹਨਾਂ ਸਾਰੇ ਲੋਕਾਂ ਲਈ ਮਹੱਤਵਪੂਰਨ ਹੈ ਜਿਹਨਾਂ ਦੇ ਸਮਾਜਾਂ ਵਿੱਚ ਨਫਰਤ, ਦੁਸ਼ਮਣੀਆਂ ਅਤੇ ਹਿੰਸਾ ਦੇ ਬਿਰਤਾਂਤਾ ਦਾ ਬੋਲਬਾਲਾ ਹੈ। ਇਹ ਕਿਤਾਬ ਵੱਖ ਵੱਖ ਲੋਕਾਂ ਨੂੰ ਨਫਰਤ, ਦੁਸ਼ਮਣੀ ਅਤੇ ਹਿੰਸਾ ਤੋਂ ਪਾਰ ਜਾ ਕੇ ਇਕ ਦੂਸਰੇ ਨਾਲ ਇਨਸਾਨੀਅਤ ਦਾ ਰਿਸ਼ਤਾ ਕਾਇਮ ਕਰਨ ਦਾ ਰਾਹ ਦਸਦੀ ਹੈ।
ਮੇਰੇ ਖਿਆਲ ਵਿੱਚ ਇਹ ਕਿਤਾਬ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ।
ਇਸ ਕਿਤਾਬ ਬਾਰੇ ਹੋਰ ਜਾਣਕਾਰੀ ਦੇਣ ਲਈ ਇਸ ਕਿਤਾਬ ਦੀ ਇੰਟਰੋਡਕਸ਼ਨ (ਜਾਣ-ਪਛਾਣ) ਦਾ ਪੰਜਾਬੀ ਅਨੁਵਾਦ ਪੇਸ਼ ਹੈ – ਸੁਖਵੰਤ ਹੁੰਦਲ )
***
ਜਾਣ-ਪਛਾਣ
ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ
ਇੱਕ ਵਾਰ ਦੀ ਗੱਲ ਹੈ, ਦੋ ਭਰਾ ਸਨ ਜੋ ਇੱਕ ਪਹਾੜੀ ਦੇ ਵੱਖ ਵੱਖ ਪਾਸਿਆਂ `ਤੇ ਰਹਿੰਦੇ ਸਨ। ਉਹਨਾਂ ਨੂੰ ਆਪਣੇ ਪਿਤਾ ਦੀ ਅੱਧੀ-ਅੱਧੀ ਜ਼ਮੀਨ ਵਿਰਾਸਤ ਵਿੱਚ ਮਿਲੀ ਸੀ। ਇੱਕ ਵਿਆਹਿਆ ਹੋਇਆ ਸੀ ਤੇ ਉਸ ਦੇ ਬੱਚੇ ਸਨ, ਦੂਜੇ ਦਾ ਵਿਆਹ ਨਹੀਂ ਹੋਇਆ ਸੀ ਤੇ ਉਹ ਇਕੱਲਾ ਰਹਿੰਦਾ ਸੀ। ਉਹ ਆਪਣੇ-ਆਪਣੇ ਖੇਤਾਂ ਵਿੱਚ ਵਾਹੀ ਕਰਦੇ ਸਨ, ਤੇ ਜਦੋਂ ਵਾਢੀ ਦਾ ਸਮਾਂ ਆਇਆ ਤਾਂ ਦੋਵਾਂ ਨੂੰ ਭਰਪੂਰ ਫਸਲਾਂ ਦੀ ਬਰਕਤ ਮਿਲੀ। ਇੱਕ ਰਾਤ ਛੋਟੇ ਭਰਾ ਨੇ ਮਨ ਹੀ ਮਨ ਸੋਚਿਆ, “ਮੇਰੇ ਕੋਲ ਲੋੜ ਤੋਂ ਵੱਧ ਹੈ। ਮੇਰੇ ਭਰਾ ਦਾ ਪਰਿਵਾਰ ਵੱਡਾ ਹੈ। ਯਕੀਨਨ ਉਸ ਦੀ ਲੋੜ ਮੇਰੇ ਨਾਲੋਂ ਵੱਡੀ ਹੈ।” ਪਹਾੜੀ ਦੇ ਦੂਜੇ ਪਾਸੇ, ਵੱਡਾ ਭਰਾ ਮੰਜੇ ‘ਤੇ ਪਿਆ ਸੋਚ ਰਿਹਾ ਸੀ, “ਮੇਰੇ ਬੱਚੇ ਹਨ ਜੋ ਬੁਢਾਪੇ ਵਿੱਚ ਮੇਰੀ ਦੇਖ-ਭਾਲ ਕਰਨਗੇ, ਪਰ ਮੇਰੇ ਭਰਾ ਦਾ ਕੋਈ ਨਹੀਂ। ਯਕੀਨਨ ਉਸ ਦੀ ਲੋੜ ਮੇਰੇ ਨਾਲੋਂ ਵੱਡੀ ਹੈ।”
ਉਸ ਰਾਤ, ਦੋਹਾਂ ਨੇ ਕਣਕ ਰੱਖਣ ਵਾਲੇ ਆਪਣੇ ਆਪਣੇ ਕੋਠੇ ਵਿੱਚੋਂ ਕਣਕ ਦਾ ਇੱਕ ਬੋਰਾ ਲਿਆ, ਪਹਾੜੀ ਉਤੋਂ ਦੀ ਦੂਜੇ ਪਾਸੇ ਜਾ ਕੇ ਬਿਨਾਂ ਦੱਸਿਆਂ ਦੂਜੇ ਭਰਾ ਦੇ ਕੋਠੇ ਵਿੱਚ ਰੱਖ ਦਿੱਤਾ। ਦੂਜੇ ਦਿਨ ਸਵੇਰੇ ਦੋਵੇਂ ਹੈਰਾਨ ਸਨ ਕਿ ਉਹਨਾਂ ਦਾ ਆਪਣਾ ਆਪਣਾ ਕੋਠਾ ਜਿਉਂ ਦਾ ਤਿਉਂ ਸੀ। ਕਈ ਰਾਤਾਂ ਇਹ ਲੈਣ-ਦੇਣ ਚਲਦਾ ਰਿਹਾ। ਆਖਰ ਇੱਕ ਰਾਤ, ਸਾਫ਼ ਤੇ ਤਾਰਿਆਂ ਭਰੇ ਅਸਮਾਨ ਹੇਠ, ਦੋਵੇਂ ਭਰਾ ਪਹਾੜੀ ਉੱਤੇ ਇੱਕ-ਦੂਜੇ ਨੂੰ ਮਿਲੇ, ਦੋਹਾਂ ਨੇ ਕਣਕ ਦੇ ਬੋਰੇ ਚੁੱਕੇ ਹੋਏ ਸਨ ਸਨ। ਉਸ ਪਲ ਉਹਨਾਂ ਨੂੰ ਸਮਝ ਆਈ ਕਿ ਉਹਨਾਂ ਦੇ ਕੋਠੇ ਕਦੇ ਘੱਟ ਕਿਉਂ ਨਹੀਂ ਸਨ ਹੋਏ। ਦੋਵੇਂ ਇੱਕ-ਦੂਜੇ ਨੂੰ ਜੱਫੀ ਪਾ ਕੇ ਰੋ ਪਏ।
ਇਸੇ ਪਹਾੜੀ ਉੱਤੇ, ਭਰਾਵਾਂ ਦੇ ਅਸਧਾਰਨ ਪਿਆਰ ਦੀ ਇਸ ਥਾਂ ’ਤੇ, ਪਵਿੱਤਰ ਸ਼ਹਿਰ ਯਰੂਸ਼ਲਮ ਉਸਾਰਿਆ ਗਿਆ ਹੈ।
ਅਸੀਂ ਦੋਵਾਂ – ਅਜ਼ੀਜ਼, ਇੱਕ ਫਲਸਤੀਨੀ, ਅਤੇ ਮਾਓਜ਼, ਇੱਕ ਇਜ਼ਰਾਈਲੀ – ਨੇ ਉਸ ਸਮੇਂ ਭਰਾਤਰੀ ਸੰਬੰਧ ਕਾਇਮ ਕੀਤਾ ਜਦੋਂ ਦੁਨੀਆਂ ਸਾਡੇ ਤੋਂ ਇੱਕ ਦੂਜੇ ਨੂੰ ਨਫ਼ਰਤ ਕਰਨ ਦੀ ਉਮੀਦ ਕਰ ਰਹੀ ਸੀ।
ਅਸੀਂ ਸ਼ਾਂਤੀ ਦੇ ਨਿਰਮਾਤਾ ਅਤੇ ਕਿਸਾਨਾਂ ਦੇ ਪੁੱਤਰ ਹਾਂ ਅਤੇ ਅਸੀਂ ਅਜਿਹੀ ਦੁਨੀਆਂ ਵਿੱਚ ਜਨਮੇ ਹਾਂ ਜਿੱਥੇ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਵਿਚਕਾਰ ਭਰਾਵਾਂ ਵਾਲੇ ਪਿਆਰ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਅਜ਼ੀਜ਼ ਦਾ ਭਰਾ ਪਹਿਲੇ ਇੰਤਫਾਦਾ (ਗਾਜ਼ਾ ਅਤੇ ਵੈਸਟ ਬੈਂਕ ਵਿੱਚ ਫਲਸਤੀਨੀਆਂ ਵਲੋਂ ਇਜ਼ਰਾਇਲ ਦੇ ਫੌਜੀ ਕਬਜ਼ੇ ਵਿਰੁੱਧ 1987-1993 ਵਿਚਕਾਰ ਉੱਠਿਆ ਵੱਡਾ ਅੰਦੋਲਨ-ਅਨੁਵਾਦਕ) ਦੌਰਾਨ ਮਾਰਿਆ ਗਿਆ ਸੀ; ਮਾਓਜ਼ ਦੇ ਮਾਪੇ 7 ਅਕਤੂਬਰ ਨੂੰ। ਸਾਡੇ ਆਪਸੀ ਘਾਟੇ ਅਤੇ ਦੁੱਖ ਦੇ ਨਾਲ ਨਾਲ ਸ਼ਾਂਤੀ ਦੇ ਸਾਂਝੇ ਸੁਪਨੇ ਨੇ ਸਾਨੂੰ ਉਸ ਸਮੇਂ ਇਕੱਠੇ ਕੀਤਾ ਜਦੋਂ ਜੰਗ ਦੀ ਹਿੰਸਾ ਨੇ ਸਾਡੇ ਲੋਕਾਂ ਨੂੰ ਪਹਿਲਾਂ ਨਾਲੋਂ ਵੀ ਵੱਧ ਦੂਰ ਧੱਕ ਦਿੱਤਾ ਹੈ।
ਭਰਾਵਾਂ ਵਿਚਕਾਰ ਕਿਰਪਾ ਅਤੇ ਦਰਿਆਦਿਲੀ ਦੀ ਇਹ ਕਹਾਣੀ ਇੱਕ ਪ੍ਰਸਿੱਧ ਯਹੂਦੀ ਲੋਕ-ਕਥਾ ਹੈ, ਪਰ ਇਸ ਦੀ ਸ਼ੁਰੂਆਤ ਇੱਕ ਅਰਬ ਲੋਕ-ਕਥਾ ਵਜੋਂ ਹੋਈ ਸੀ, ਜੋ ਸਦੀਆਂ ਤੋਂ ਯਰੂਸ਼ਲਮ ਦੇ ਫਲਸਤੀਨੀ ਵਾਸੀਆਂ ਵਲੋਂ ਜ਼ੁਬਾਨੀ ਇਤਿਹਾਸ (ਓਰਲ ਹਿਸਟਰੀ) ਰਾਹੀਂ ਅੱਗੇ ਤੁਰਦੀ ਆਈ ਅਤੇ ਫਿਰ ਉਨ੍ਹੀਵੀਂ ਸਦੀ ਦੇ ਆਰੰਭ ਵਿੱਚ ਯਹੂਦੀਆਂ ਵਲੋਂ ਅਪਣਾ ਲਈ ਗਈ। ਸਾਡੇ ਲੋਕਾਂ ਵਿਚਕਾਰ ਲੜਾਈ ਤੋਂ ਪਹਿਲਾਂ, ਸੱਭਿਆਚਾਰਕ ਸਹਿਯੋਗ ਦਾ ਇੱਕ ਲੰਮਾ ਇਤਿਹਾਸ ਸੀ। ਪਰ ਅੱਜ ਅਸੀਂ ਹਿੰਸਾ ਅਤੇ ਬਦਲੇ ਦੇ ਤੂਫਾਨ ਵਿੱਚ ਫਸੇ ਹੋਏ ਹਾਂ, ਜਿਸ ਨੇ ਇੱਕ ਸਦੀ ਤੋਂ ਵੱਧ ਦਾ ਖੂਨ-ਖਰਾਬਾ ਕਰਵਾਇਆ ਹੈ। ਸਾਡੇ ਪੀੜ੍ਹੀਆਂ ਤੋਂ ਚੱਲੇ ਆਉਂਦੇ ਸਦਮੇ ਦੇ ਨਿਸ਼ਾਨ ਡੂੰਘੇ ਹਨ। ਅਸੀਂ ਡਰ ਅਤੇ ਗੁੱਸੇ, ਅਤਿਵਾਦ ਅਤੇ ਕਬੀਲਾਪ੍ਰਸਤੀ ਦੁਆਰਾ ਇੰਨੇ ਵੰਡੇ ਗਏ ਹਾਂ ਕਿ ਹੁਣ ਅਸੀਂ ਇੱਕ ਦੂਜੇ ਦੀ ਇਨਸਾਨੀਅਤ ਨਹੀਂ ਦੇਖ ਸਕਦੇ ਜਾਂ ਇੱਕ ਦੂਜੇ ਦੇ ਦੁੱਖ ਪ੍ਰਤੀ ਹਮਦਰਦੀ ਮਹਿਸੂਸ ਨਹੀਂ ਕਰ ਸਕਦੇ। ਅਸੀਂ, ਸਾਨੂੰ ਵਿਰਾਸਤ ਵਿੱਚ ਮਿਲੇ ਇਤਿਹਾਸ ਵਿੱਚ ਜੀ ਰਹੇ ਹਾਂ। ਪਰ ਜੇ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਨੇ ਇੱਕ ਸਾਂਝਾ ਭਵਿੱਖ ਉਸਾਰਨਾ ਹੈ – ਅਤੇ ਸਾਡੇ ਲਈ ਆਪਣੇ ਦੋਵੇਂ ਲੋਕ-ਸਮੂਹਾਂ ਦੀ ਖ਼ਾਤਰ ਇਹ ਕਰਨਾ ਜ਼ਰੂਰੀ ਹੈ- ਤਾਂ ਅੱਗੇ ਵਧਣ ਦਾ ਇਕੋ ਇੱਕ ਰਸਤਾ ਹੈ ਸਾਨੂੰ ਵੰਡਣ ਵਾਲੀਆਂ ਅਗਿਆਨਤਾ ਅਤੇ ਨਫ਼ਰਤ ਦੀਆਂ ਕੰਧਾਂ ਨੂੰ ਢਾਹ ਦੇਣਾ।
ਇਸ ਲੜਾਈ ਵਿੱਚ ਆਪਣੇ ਸਭ ਤੋਂ ਵੱਧ ਪਿਆਰਿਆਂ ਨੂੰ ਗੁਆ ਦੇਣ ਦੇ ਦਰਦ ਤੋਂ ਅਸੀਂ ਦੋਵੇਂ ਵਾਕਫ ਹਾਂ। ਅਸੀਂ ਸਮਝਦੇ ਹਾਂ ਕਿ ਇਸ ਸਮੇਂ ਜਦੋਂ ਇੰਨੇ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਤੇ ਪਰਿਵਾਰ ਬਰਬਾਦ ਹੋ ਚੁੱਕੇ ਹਨ, ਦੁੱਖ ਅਤੇ ਸੋਗ ਦੇ ਸਾਮ੍ਹਣੇ ਸ਼ਾਂਤੀ ਬਾਰੇ ਗੱਲ ਕਰਨੀ ਬਹੁਤ ਕਮਜ਼ੋਰੀ ਭਰੀ—ਜਾਂ ਖਤਰਨਾਕ ਵੀ—ਮਹਿਸੂਸ ਹੋ ਸਕਦੀ ਹੈ। ਜਦੋਂ ਹਰ ਧਿਰ ਇਹ ਮੰਨਦੀ ਹੈ ਕਿ ਦੂਜੀ ਧਿਰ ਉਸ ਦੀ ਹੋਂਦ ਲਈ ਖ਼ਤਰਾ ਹੈ, ਤਾਂ ਸ਼ਾਂਤੀ ਦੀ ਗੱਲ ਕਰਨਾ ਆਪਣੇ ਲੋਕਾਂ ਨਾਲ ਧਰੋਹ ਕਮਾਉਣ ਵਰਗਾ ਲੱਗ ਸਕਦਾ ਹੈ। ਦੁਨੀਆ ਵਿੱਚ ਅਸੀਂ ਜਿੱਧਰ ਵੀ ਵੇਖਦੇ ਹਾਂ ਸਾਨੂੰ ਇਹ ਵਧਦੀਆਂ ਵੰਡੀਆਂ ਨਜ਼ਰ ਆਉਂਦੀਆਂ ਹਨ। ‘ਅਸੀਂ’ ਤੇ ‘ਉਹ’ ਦੀ ਝੂਠੀ ਮਾਨਸਿਕਤਾ ਵਿੱਚ ਵੰਡੇ ਹੋਏ, ਅਸੀਂ ਡਰ ਦੀ ਰਾਜਨੀਤੀ ਦੁਆਰਾ ਦਿੱਤੇ ਗਏ ‘ਜਿੱਤ-ਹਾਰ’ ਵਾਲੇ ਤਰਕਾਂ ਨੂੰ ਹੀ ਦੁਹਰਾਉਂਦੇ ਰਹਿੰਦੇ ਹਾਂ। ਬਾਈਬਲ ਦੀ ਕਹਾਉਤਾਂ ਦੀ ਕਿਤਾਬ (ਬੁੱਕ ਆਫ ਪ੍ਰੋਵਰਬਜ਼) ਵਿੱਚ ਲਿਖਿਆ ਹੈ, “ਜਿੱਥੇ ਦੂਰ ਦ੍ਰਿਸ਼ਟੀ (ਵਿਜ਼ਨ) ਨਹੀਂ ਹੁੰਦੀ, ਉੱਥੇ ਲੋਕ ਖਤਮ ਹੋ ਜਾਂਦੇ ਹਨ।” ਅਤੇ ਅੱਜ, ਸਾਨੂੰ ਅਕਸਰ ਸਦਭਾਵਨਾ ਅਤੇ ਸਥਾਈ ਸ਼ਾਂਤੀ ਦੀ ਰਣਨੀਤੀ ਵੱਲ ਲਿਜਾਣ ਵਾਲੀ ਦੂਰ ਦ੍ਰਿਸ਼ਟੀ ਦੀ ਥਾਂ ਅਜਿਹੀ ਦ੍ਰਿਸ਼ਟੀ ਵੇਚੀ ਜਾਂਦੀ ਹੈ ਜੋ ਵਧੇਰੇ ਹਿੰਸਾ ਵੱਲ ਲੈ ਜਾਂਦੀ ਹੈ। ਪਰ ਇੱਕ ਰਾਹ ਹੋਰਵੀ ਹੈ।
ਬਹੁਤ ਲੰਮੇ ਸਮੇਂ ਤੋਂ ਸ਼ਾਂਤੀ ਨਿਰਮਾਤਾਵਾਂ ਨੂੰ ਘਰ ਅਤੇ ਬਾਹਰ, ਦੋਵਾਂ ਥਾਂਵਾਂ `ਤੇ ਕਿਨਾਰੇ `ਤੇ ਧੱਕ ਦਿੱਤਾ ਗਿਆ ਹੈ। ਸਾਨੂੰ ਗੱਲਬਾਤ ਦੀਆਂ ਮੇਜ਼ਾਂ ’ਤੇ ਨਹੀਂ ਬੁਲਾਇਆ ਜਾਂਦਾ, ਨਾ ਹੀ ਸਾਨੂੰ ਸਾਡੇ ਲੋਕਾਂ ਦੇ ਨਾਂ `ਤੇ ਫੈਸਲੇ ਲੈਣ ਵਾਲਿਆਂ ਦੇ ਅੰਤਰਰਾਸ਼ਟਰੀ ਸੰਮੇਲਨਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਅਸੀਂ ਸੁਪਨੇ ਦੇਖਣ ਵਾਲੇ ਕਹਿ ਕੇ ਨਕਾਰੇ ਜਾਣ ਅਤੇ ਭੋਲੇ ਭਾਲੇ ਸਮਝ ਕੇ ਮਖੌਲ ਦੇ ਪਾਤਰ ਬਣਾਏ ਜਾਣ ਦੇ ਆਦੀ ਹਾਂ। ਫਿਰ ਵੀ ਅਸੀਂ ਯਥਾਰਥਵਾਦੀ ਹਾਂ। ਅਸੀਂ ਜਾਣਦੇ ਹਾਂ ਕਿ ਬੰਬ ਸ਼ਾਂਤੀ ਨਹੀਂ ਲਿਆਉਣਗੇ, ਕੰਧਾਂ ਸਾਡੀ ਰੱਖਿਆ ਨਹੀਂ ਕਰਨਗੀਆਂ, ਤੇ ਜੰਗ ਕਿਸੇ ਵੀ ਧਿਰ ਲਈ ਸੁਰੱਖਿਆ ਨਹੀਂ ਲਿਆਵੇਗੀ। ਅਸਲ ਭੋਲਾਪਣ ਇਹ ਸੋਚਣਾ ਹੈ ਕਿ ਡਰ ਅਤੇ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਸਦਮਾ ਸੁਰੱਖਿਆ ਪ੍ਰਦਾਨ ਕਰੇਗਾ, ਜਾਂ ਇਹ ਕਿ ਇਸ ਲੜਾਈ ਦੀ ਭਿਆਨਕਤਾ ਨੂੰ ਖ਼ਤਮ ਕਰਨ ਦੀ ਕੋਈ ਵੀ ਰਣਨੀਤੀ ਸੁਪਨੇ ਦੇਖਣ ਵਾਲਿਆਂ ਅਤੇ ਦੂਰਅੰਦੇਸ਼ ਲੋਕਾਂ ਦੀ ਅਗਵਾਈ ਤੋਂ ਬਿਨਾਂ ਸਫਲ ਹੋ ਸਕਦੀ ਹੈ। ਅਸੀਂ ਸਿਆਸਤਦਾਨਾਂ ਅਤੇ ਵਿਸ਼ਵ ਆਗੂਆਂ ਨਾਲ ਮਿਲ ਕੇ ਅਜਿਹਾ ਰਾਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜੋ ਅੰਤਹੀਣ ਜੰਗਾਂ ਦੇ ਦੁਖਾਂਤ ਤੋਂ ਪਰ੍ਹੇ ਹੋਵੇ, ਇੱਕ ਅਜਿਹਾ ਰਾਹ ਜੋ ਮਾਣ, ਸ਼ਮੂਲੀਅਤ, ਅਤੇ ਬਰਾਬਰੀ ਦੀਆਂ ਕਦਰਾਂ-ਕੀਮਤਾਂ ’ਤੇ ਅਧਾਰਤ ਭਵਿੱਖ ਵੱਲ ਲੈ ਕੇ ਜਾਂਦਾ ਹੋਵੇ। ਅਸੀਂ ਆਪਣੀਆਂ ਨਿੱਜੀ ਕਹਾਣੀਆਂ ਪੂਜਾ ਸਥਾਨਾਂ, ਵਰਚੁਅਲ ਟਾਊਨ ਹਾਲਾਂ, ਅਤੇ ਸਥਾਨਕ ਭਾਈਚਾਰਕ ਕੇਂਦਰਾਂ ਵਿੱਚ; ਯੂਨੀਵਰਸਿਟੀਆਂ ਦੇ ਕੈਂਪਸਾਂ ਅਤੇ ਪਿੜਾਂ ਵਿੱਚ ਹਜ਼ਾਰਾਂ ਦਰਸ਼ਕਾਂ ਅੱਗੇ ਸਾਂਝੀਆਂ ਕੀਤੀਆਂ ਹਨ। ਅਣਗਿਣਤ ਪੱਤਰਕਾਰਾਂ ਅਤੇ ਮੀਡੀਆ ਸੰਸਥਾਂਵਾਂ ਨੇ “ਦਰਿਆ ਤੋਂ ਸਮੁੰਦਰ ਤੱਕ” (ਜੌਰਡਨ ਦਰਿਆ ਅਤੇ ਮੈਡੀਟ੍ਰੇਨੀਅਮ ਸਮੁੰਦਰ ਵਿਚਕਾਰ ਦੀ ਧਰਤੀ ਜਿਸ ਵਿੱਚ ਇਜ਼ਰਾਈਲ, ਵੈਸਟ ਬੈਂਕ ਅਤੇ ਗਾਜ਼ਾ ਦੇ ਇਲਾਕੇ ਆਉਂਦੇ ਹਨ – ਅਨੁਵਾਦਕ) ਸ਼ਾਂਤੀ ਦੀ ਸਾਡੀ ਸਾਂਝੀ ਦੂਰ-ਦ੍ਰਿਸ਼ਟੀ ਬਾਰੇ ਸਾਡੇ ਨਾਲ ਇੰਟਰਵਿਊਆਂ ਕੀਤੀਆਂ ਹਨ।
ਮੂਲ ਰੂਪ ਵਿੱਚ ਅਸੀਂ ਯਾਤਰੀ ਅਤੇ ਗਾਈਡ ਹਾਂ। ਟੂਰਿਜ਼ਮ ਦੇ ਖੇਤਰ ਵਿੱਚੋਂ ਆਉਣ ਕਰਕੇ, ਸਾਨੂੰ ਲੋਕਾਂ ਨੂੰ ਤਬਦੀਲੀ ਲਿਆਉਣ ਵਾਲੇ ਸਫਰਾਂ `ਤੇ ਲਿਜਾਣ ਦਾ ਸ਼ੌਕ ਹੈ ਅਤੇ ਅਸੀਂ ਯਾਤਰੀਆਂ ਨੂੰ ਲੜਾਈ ਵਾਲੇ ਖੇਤਰਾਂ ਵਿੱਚ ਗਾਈਡ ਕਰਨ ਵਿੱਚ ਮਾਹਰ ਹੋ ਗਏ ਹਾਂ। ਸਾਡਾ ਵਿਸ਼ਵਾਸ ਹੈ ਕਿ ਸਫਰ ਸਿਰਫ਼ ਸਫਰ ਕਰਨ ਵਾਲੀਆਂ ਥਾਂਵਾਂ ਦੀ ਬਣਾਈ ਸੂਚੀ `ਤੇ ਦਰਜ ਥਾਵਾਂ `ਤੇ ਨਿਸ਼ਾਨ ਲਾ ਕੇ ਲੰਘ ਜਾਣ ਦਾ ਨਾਂ ਨਹੀਂ ਹੈ ਸਗੋਂ ਇਹ ਕੂਟਨੀਤੀ ਅਤੇ ਸੰਵਾਦ ਅਤੇ ਸ਼ਾਂਤੀ ਉਸਾਰਨ ਦੀ ਸਨਅਤ ਹੈ। ਅਸੀਂ ਸਿੱਖਿਆ ਹੈ ਕਿ ਜਦੋਂ ਸੋਚ ਵਿੱਚ ਤਬਦੀਲੀ ਲਿਆਉਣ ਅਤੇ ਵਿਰੋਧੀ ਵਿਚਾਰਾਂ ਦਰਮਿਆਨ ਗੱਲਬਾਤ ਸਿਰਜਣ ਦੀ ਗੱਲ ਆਉਂਦੀ ਹੈ, ਤਾਂ ਆਪਣੀ ਅਰਾਮਦਾਇਕ ਅਵਸਥਾ (ਕੰਫਰਟ ਜ਼ੋਨ) ਤੋਂ ਬਾਹਰ ਨਿਕਲ ਕੇ ‘ਦੂਜੇ’ ਨੂੰ ਮਿਲਣ ਅਤੇ ਸੱਚੇ ਦਿਲ ਨਾਲ ਉਸ ਦੀ ਕਹਾਣੀ ਸੁਣਨ ਦੇ ਤਜਰਬੇ ਤੋਂ ਵੱਧ ਸ਼ਕਤੀਸ਼ਾਲੀ ਜਾਂ ਤਬਦੀਲੀ ਲਿਆਉਣ ਵਾਲੀ ਕੋਈ ਹੋਰ ਚੀਜ਼ ਨਹੀਂ ਹੈ। ਅਸੀਂ ਦੋਵਾਂ ਨੇ ਇਜ਼ਰਾਈਲ ਅਤੇ ਫਲਸਤੀਨ ਵਿੱਚ ਹਜ਼ਾਰਾਂ ਟੂਰਾ ਦਾ ਪ੍ਰਬੰਧ ਕੀਤਾ ਹੈ ਅਤੇ ਉਹਨਾਂ ਦੀ ਅਗਵਾਈ ਕੀਤੀ ਹੈ। ਅਸੀਂ ਲੋਕਾਂ ਨੂੰ ਉਹਨਾਂ ਲੋਕਾਂ ਦੇ ਸੰਪਰਕ ਵਿੱਚ ਆ ਕੇ, ਜਿਹਨਾਂ ਨੂੰ ਉਹ ਕਦੇ ਆਪਣੇ ਦੁਸ਼ਮਣ ਸਮਝਦੇ ਸਨ, ਡਰ ਅਤੇ ਨਫਰਤ `ਤੇ ਪਾਰ ਜਾਂਦੇ ਦੇਖਿਆ ਹੈ। ਸ਼ਾਂਤੀ ਦੇ ਰਾਹ ‘ਤੇ ਪੁੱਟਿਆ ਜਾਣ ਵਾਲਾ ਪਹਿਲਾ ਕਦਮ ਦੂਜੀ ਧਿਰ ਦੀ ਕਹਾਣੀ ਸੁਣਨਾ ਹੈ। ਇਹ ਸੌਖਾ ਲੱਗਦਾ ਹੈ, ਪਰ ਇਸ ਲੰਮੇ ਅਤੇ ਔਖੇ ਰਾਹ ਦੀ ਚੋਣ ਕਰਨ ਵਾਲਿਆਂ ਲਈ ਅਕਸਰ ਇਹ ਸਭ ਤੋਂ ਔਖਾ ਕਦਮ ਹੁੰਦਾ ਹੈ। ਇਸ ਲਈ, ਇਜ਼ਰਾਈਲੀਆਂ ਅਤੇ ਫਲ਼ਸਤੀਨੀਆਂ ਵਿਚਕਾਰ ਲਗਭਗ ਇੱਕ ਸਦੀ ਤੋਂ ਚੱਲੇ ਆ ਰਹੇ ਖੂਨ-ਖਰਾਬੇ ਦੇ ਸਭ ਤੋਂ ਮਾਰੂ ਸਾਲ ਦੇ ਦਸਵੇਂ ਮਹੀਨੇ ਅਗਸਤ 2024 ਨੂੰ ਅਸੀਂ ਸਫਰ ਦੀ ਤਬਦੀਲੀ ਲਿਆਉਣ ਵਾਲੀ ਸ਼ਕਤੀ ਵੱਲ ਰੁਖ ਕੀਤਾ।
ਅਸੀਂ ਆਪਣੇ ਲੋਕਾਂ ਦੀ ਕਹਾਣੀ ਉਸ ਧਰਤੀ ਦੇ ਜੀਵਤ ਇਤਿਹਾਸ ਰਾਹੀਂ ਦੱਸਣੀ ਚਾਹੁੰਦੇ ਸੀ ਜੋ ਸਾਡੀਆਂ ਯਾਦਾਂ ਨੂੰ ਸਾਂਭੀ ਬੈਠੀ ਹੈ। ਅਸੀਂ ਉਨ੍ਹਾਂ ਲੋਕਾਂ ਨੂੰ ਅਵਾਜ਼ ਦੇਣੀ ਚਾਹੁੰਦੇ ਸੀ ਜਿਨ੍ਹਾਂ ਦੀਆਂ ਜ਼ਿੰਦਗੀਆਂ `ਤੇ ਇਸ ਲੜਾਈ ਦੀ ਲਗਾਤਾਰ ਹਿੰਸਾ ਨੇ ਬਹੁਤ ਡੂੰਘਾ ਅਸਰ ਪਾਇਆ ਹੈ। ਪਰ ਗਾਜ਼ਾ ‘ਤੇ ਮਹੀਨਿਆਂ ਤੋਂ ਹੋ ਰਹੀ ਬੰਬਾਰੀ ਅਤੇ ਖੇਤਰੀ ਜੰਗ ਦੇ ਮੰਡਰਾਉਂਦੇ ਖ਼ਤਰੇ ਨੇ ਸਾਰੇ ਖੇਤਰ ਵਿੱਚ ਟੂਰਿਜ਼ਮ ਦੀ ਸਨਅਤ ਨੂੰ ਲਗਭਗ ਤਬਾਹ ਕਰ ਦਿੱਤਾ ਸੀ। ਕਿਉਂਕਿ ਅਸੀਂ ਯਾਤਰੀਆਂ ਨੂੰ ਇਸ ਪਵਿੱਤਰ ਧਰਤੀ ‘ਤੇ ਨਹੀਂ ਲਿਜਾ ਸਕਦੇ ਸੀ, ਇਸ ਲਈ ਅਸੀਂ ਆਪ ਉਸ ਪ੍ਰਾਚੀਨ ਧਰਤੀ `ਤੇ ਅੱਠ-ਦਿਨਾਂ ਦੇ ਸਫਰ ‘ਤੇ ਜਾਣ ਦਾ ਫੈਸਲਾ ਕੀਤਾ ਜਿਹੜੀ ਧਰਤੀ ਸਾਡੇ ਲੋਕਾਂ ਨੂੰ ਜੋੜਦੀ ਅਤੇ ਵੰਡਦੀ ਹੈ। ਇਸ ਯਾਤਰਾ ਦੌਰਾਨ ਅਸੀਂ ਇੱਕ-ਦੂਜੇ ਬਾਰੇ ਨਵੀਆਂ ਗੱਲਾਂ ਸਿੱਖੀਆਂ, ਪੂਰਵ ਧਾਰਨਾਵਾਂ (ਸਟੀਰੀਓ-ਟਾਈਪਸ) ਨੂੰ ਚੁਣੌਤੀ ਦਿੱਤੀ, ਇੱਕ-ਦੂਜੇ ਦੇ ਪਰਿਵਾਰਾਂ ਨੂੰ ਮਿਲੇ, ਅਤੇ ਸਦੀਆਂ ਪੁਰਾਣੇ ਸਵਾਲਾਂ ਦੇ ਸਨਮੁੱਖ ਹੋਏ। ਅਸੀਂ ਤੁਹਾਨੂੰ ਯਾਦਾਂ, ਸਿਮਰਤੀਆਂ ਅਤੇ ਇਤਿਹਾਸ ਦੇ ਇਸ ਸਫਰ ‘ਤੇ ਸਾਡੇ ਨਾਲ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ।
ਬਹੁਤ ਸਾਲ ਪਹਿਲਾਂ, ਅਜ਼ੀਜ਼ ਨੇ “ਦੋਤਰਫੀ ਕਹਾਣੀ” ਦੱਸਣ ਵਾਲੀ ਪਹੁੰਚ ਵਰਤਣੀ ਸ਼ੁਰੂ ਕੀਤੀ, ਜਿਸ ਵਿੱਚ ਇਜ਼ਰਾਈਲੀ ਅਤੇ ਫ਼ਲਸਤੀਨੀ ਗਾਈਡ ਮਿਲ ਕੇ ਟੂਰ ਕਰਵਾਉਂਦੇ ਹਨ, ਆਪਣੀਆਂ ਕਹਾਣੀਆਂ ਅਤੇ ਦ੍ਰਿਸ਼ਟੀਕੋਣ ਸਾਂਝੇ ਕਰਦੇ ਹਨ ਜੋ ਸੈਲਾਨੀਆਂ ਨੂੰ ਇਸ ਲੜਾਈ ਦੀ ਭਿਆਨਕਤਾ ਨੂੰ ਸਮਝਣ ਲਈ ਮਨੁੱਖੀ ਸੰਦਰਭ ਪ੍ਰਦਾਨ ਕਰਦੇ ਹਨ। ਅਗਲੇ ਸਫਰ ਦੌਰਾਨ ਇਸ ਖੇਤਰ ਦੀਆਂ ਪਵਿੱਤਰ ਅਤੇ ਵਿਵਾਦਗ੍ਰਸਤ ਥਾਂਵਾਂ ਨੂੰ ਦੇਖਣ ਜਾਣ ਸਮੇਂ ਅਸੀਂ ਤੁਹਾਨੂੰ ਵਾਰੀ ਵਾਰੀ ਗਾਈਡ ਕਰਾਂਗੇ ਅਤੇ ਉਸ ਸਿਆਸੀ ਇਤਿਹਾਸ ਨੂੰ ਸਾਂਝਾ ਕਰਾਂਗੇ ਜਿਸ ਨੇ ਸਾਡੇ ਲੋਕਾਂ ਨੂੰ ਵੱਖ ਕਰਨ ਵਾਲੀਆਂ ਭੌਤਿਕ (ਫਿਜ਼ੀਕਲ) ਅਤੇ ਮਨੋਵਿਗਿਆਨਕ ਹੱਦਾਂ ਨੂੰ ਰੂਪ ਦਿੱਤਾ ਹੈ।
ਅਸੀਂ ਤੁਹਾਨੂੰ ਨੇਗੇਵ ਵਿੱਚ ਮਾਓਜ਼ ਦੇ ਬਚਪਨ ਦੇ ਖੇਤਰ ਵਿੱਚ ਲੈ ਕੇ ਜਾਵਾਂਗੇ, ਜੋ ਹਜ਼ਾਰਾਂ ਸਾਲਾਂ ਤੋਂ ਵਪਾਰ, ਸੱਭਿਆਚਾਰ ਅਤੇ ਲੜਾਈ ਦਾ ਕੇਂਦਰ ਰਿਹਾ ਹੈ। ਜਦੋਂ ਅਸੀਂ ਇਜ਼ਰਾਈਲ ਅਤੇ ਗਾਜ਼ਾ ਪੱਟੀ ਵਿਚਕਾਰ ਸਰਹੱਦੀ ਵਾੜ ਦੇ ਸਾਏ ਵਿੱਚ ਖੜ੍ਹੇ ਹੋਵਾਂਗੇ, ਅਸੀਂ ਲੜਾਈ ਕਾਰਨ ਦੋਹਾਂ ਪਾਸਿਆਂ ਨੂੰ ਪੁੱਜੇ ਸਦਮੇ ਦੇ ਸਨੁਮੱਖ ਹੁੰਦਿਆਂ ਜੰਗ ਕਾਰਨ ਲੱਗੇ ਸੱਲਾਂ ਨੂੰ ਦੇਖਾਂਗੇ ਅਤੇ ਦੁੱਖ ਅਤੇ ਸ਼ਾਂਤੀ-ਨਿਰਮਾਣ ਦੇ ਸੰਗਮ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪ੍ਰਾਚੀਨ ਬੰਦਰਗਾਹ ਜਾਫਾ ਅਤੇ ਇਜ਼ਰਾਈਲ ਦੇ ਆਧੁਨਿਕ ਸ਼ਹਿਰ ਤੇਲ ਅਵੀਵ ਵਿੱਚ (ਜਿਸ ਨੂੰ “ਸਟਾਰਟਅੱਪ ਸਿਟੀ” ਅਤੇ “ਉਹ ਸ਼ਹਿਰ ਜੋ ਕਦੇ ਨਹੀਂ ਰੁਕਦਾ” ਕਿਹਾ ਜਾਂਦਾ ਹੈ), ਜਿੱਥੇ ਮਿਥਿਹਾਸਕ ਅਤੇ ਅੰਜੀਲ ਵਿਚਲਾ ਪ੍ਰਤੀਕਵਾਦ ਨੇੜਲੇ ਅਤੀਤ ਨਾਲ ਟਕਰਾਉਂਦਾ ਹੈ, ਅਸੀਂ ਇਸ ਲੜਾਈ ਦੇ ਦੋ ਬੁਨਿਆਦੀ ਇਤਿਹਾਸਕ ਬਿਰਤਾਂਤਾਂ – ਹੋਲੋਕਾਸਟ ਤੋਂ ਬਾਅਦ ਯਹੂਦੀ ਰਾਜ ਦੀ ਸਥਾਪਨਾ ਕਰਨ ਵਾਲੀ ਇਜ਼ਰਾਈਲ ਦੀ ਅਜ਼ਾਦੀ ਦੀ ਜੰਗ ਅਤੇ ਇਸ ਦੇ ਨਤੀਜੇ ਵਜੋਂ ਸੱਤ ਲੱਖ ਤੋਂ ਵੱਧ ਫਲਸਤੀਨੀਆਂ ਦਾ ਆਪਣੇ ਪੁਰਖਿਆ ਦੇ ਪਿੰਡਾਂ ਅਤੇ ਘਰਾਂ ਤੋਂ ਹੋਣ ਵਾਲਾ ਉਜਾੜਾ, ਜਿਸ ਨੂੰ ਨਕਬੇ ਭਾਵ ਤਬਾਹੀ ਵਜੋਂ ਜਾਣਿਆ ਜਾਂਦਾ ਹੈ- ਬਾਰੇ ਗੱਲ ਸ਼ੁਰੂ ਕਰਾਂਗੇ।
ਤਣਾਅ ਵਿੱਚ ਘਿਰੇ ਇਸ ਖੇਤਰ ਵਿੱਚ, ਇਹ ਅਹਿਸਾਸ ਪਵਿੱਤਰ ਸ਼ਹਿਰ ਯਰੂਸ਼ਲਮ ਤੋਂ ਵੱਧ ਕਿਤੇ ਹੋਰ ਮਹਿਸੂਸ ਨਹੀਂ ਹੁੰਦਾ। ਤਿੰਨ ਅਬਰਾਹਮੀ ਧਰਮਾਂ (ਯਹੂਦੀ ਧਰਮ, ਈਸਾਈ ਧਰਮ ਅਤੇ ਇਸਲਾਮ – ਅਨੁਵਾਦਕ) ਲਈ ਪਵਿੱਤਰ ਇਹ “ਸ਼ਾਂਤੀ ਦਾ ਸ਼ਹਿਰ”, ਲੜਾਈ ਦੇ ਕੇਂਦਰ ਵਿੱਚ ਵਸਿਆ ਹੋਇਆ ਹੈ ਤੇ ਵੱਖ-ਵੱਖ ਵਿਸ਼ਵਾਸਾਂ ਅਤੇ ਸਭਿਆਚਾਰਾਂ ਦੀਆਂ ਸਮੂਹਿਕ ਧੜਕਣਾਂ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ। ਇਸ ਪੁਰਾਣੇ ਸ਼ਹਿਰ ਦੀਆਂ ਵਿੰਗੀਆਂ ਅਤੇ ਵਲ-ਖਾਂਦੀਆਂ ਪੱਥਰੀਲੀਆਂ ਗਲੀਆਂ ਵਿੱਚ ਤੁਰਦਿਆਂ ਅਸੀਂ ਲੜਾਈ ਨੂੰ ਇਤਿਹਾਸ ਵਿੱਚ ਅਤੇ ਵਰਤਮਾਨ ਵਿੱਚ ਦੇਖਾਂਗੇ ਅਤੇ ਮਨੁੱਖਤਾ ਦੀ ਸਹਿਯੋਗ ਪ੍ਰਤੀ ਡੂੰਘੀ ਸਮਰੱਥਾ ਨੂੰ ਵੀ ਦੇਖਾਂਗੇ। ਯਰੂਸ਼ਲਮ ਦੇ ਬਾਹਰਵਾਰ, ਅਸੀਂ ਅਜ਼ੀਜ਼ ਦੇ ਪਿੰਡ ਜਾਵਾਂਗੇ ਅਤੇ ਜਾਣਾਂਗੇ ਕਿ ਵਖਰੇਵੇਂ ਅਤੇ ਕਬਜ਼ੇ ਦੀਆਂ ਨੀਤੀਆਂ ਕਿਸ ਤਰ੍ਹਾਂ ਉਸ ਦੇ ਪਰਿਵਾਰ ਨੂੰ ਆਪਣੇ ਹੀ ਘਰ ਵਿੱਚ ਰਹਿਣ ਤੋਂ ਰੋਕਦੀਆਂ ਹਨ।
ਅੱਗੇ, ਅਸੀਂ ਦੱਖਣ ਵੱਲ ਜਾਵਾਂਗੇ ਅਤੇ ਚੈਕਪੋਸਟ ਪਾਰ ਕਰਕੇ ਵੈਸਟ ਬੈਂਕ ਵਿੱਚ ਦਾਖ਼ਲ ਹੋਵਾਂਗੇ — ਇਹ ਇਲਾਕਾ ਲਗਭਗ ਡੇਲਾਵੇਅਰ ਸੂਬੇ (ਅਮਰੀਕਾ ਦਾ ਇਕ ਸੂਬਾ – ਅਨੁਵਾਦਕ) ਜਿੰਨਾ ਵੱਡਾ ਹੈ — ਜਿੱਥੇ ਲਗਭਗ 33 ਲੱਖ ਫਲਸਤੀਨੀ ਫੌਜੀ ਕਬਜ਼ੇ ਹੇਠ ਰਹਿੰਦੇ ਹਨ, ਅਤੇ ਜਿੱਥੇ ਪੰਜ ਲੱਖ ਤੋਂ ਵੱਧ ਇਜ਼ਰਾਈਲੀ ਅਬਾਦਕਾਰਾਂ (ਸੈੱਟਲਰਾਂ), ਨੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਿਆਂ, ਖੇਤੀ ਵਾਲੀ ਜ਼ਮੀਨ ਦੇ ਵੱਡੇ ਰਕਬੇ ’ਤੇ ਕਬਜ਼ਾ ਕਰ ਲਿਆ ਹੈ ਅਤੇ ਭਾਰੀ ਸੁਰੱਖਿਆ ਵਾਲੀਆਂ ਨੌਆਬਾਦੀਆਂ (ਸੈਟਲਮੈਂਟਸ) ਵਿੱਚ ਰਹਿੰਦੇ ਹਨ। ਅਸੀਂ ਫਲਸਤੀਨੀਆਂ ਦੇ ਸ਼ਹਿਰ ਬੈਤਲਿਹਮ ਨੂੰ ਜਾਵਾਂਗੇ, ਜਿੱਥੇ ਸਰਹੱਦ `ਤੇ ਕੰਕਰੀਟ ਦੀ 25 ਫੁੱਟ ਤੋਂ ਵੀ ਉੱਚੀ- ਬਰਲਿਨ ਦੀ ਕੰਧ ਤੋਂ ਦੁੱਗਣੀ ਉੱਚੀ – ਕੰਧ ਖੜ੍ਹੀ ਹੈ ਜੋ ਗ੍ਰੈਫੀਟੀ (ਕੰਧ-ਲਿਖਤਾਂ), ਕੰਧ-ਚਿੱਤਰਾਂ ਅਤੇ ਜਨਤਕ ਕਲਾ (ਸਟ੍ਰੀਟ ਆਰਟ) ਨਾਲ ਢੱਕੀ ਹੋਈ ਹੈ। ਇਸ ਗ੍ਰੈਫੀਟੀ, ਕੰਧ-ਚਿੱਤਰਾਂ ਅਤੇ ਜਨਤਕ ਕਲਾ (ਸਟ੍ਰੀਟ ਆਰਟ) ਨੇ ਵੰਡੀਆਂ ਪਾਉਣ ਵਾਲੀ ਇਸ ਕੰਧ ਨੂੰ ਵਿਰੋਧ ਦੇ ਕੈਨਵਸ ਵਿੱਚ ਬਦਲ ਦਿੱਤਾ ਹੈ। ਵੈਸਟ ਬੈਂਕ ਵਿੱਚ, ਅਸੀਂ ਇਸ ਖੇਤਰ ਨਾਲ ਯਹੂਦੀ ਲੋਕਾਂ ਦੇ ਅੰਜੀਲੀ (ਬਿਬਲੀਕਲ) ਅਤੇ ਇਤਿਹਾਸਕ ਸੰਬੰਧ ਬਾਰੇ ਜਾਣਾਂਗੇ ਅਤੇ ਢਾਂਚਾਗਤ ਹਿੰਸਾ ਦੀ ਅਸਲੀਅਤ ਦੇ ਸਨਮੁੱਖ ਹੋਵਾਂਗੇ, ਅਤੇ ਇਹ ਵੇਖਾਂਗੇ ਕਿ ਉਹ ਕਿਹੜੀ ਚੀਜ਼ ਹੈ ਜੋ ਫਲਸਤੀਨੀਆਂ ਨੂੰ ਇਕ ਲੋਕ ਸਮੂਹ ਵਜੋਂ ਜੋੜਦੀ ਹੈ।
ਫਿਰ ਅਸੀਂ ਉੱਤਰ ਵੱਲ ਇਜ਼ਰਾਈਲ ਦੇ ਸਭ ਤੋਂ ਮਹੱਤਵਪੂਰਨ ਅਰਬੀ ਸ਼ਹਿਰ ਵੱਲ ਜਾਵਾਂਗੇ, ਜਿਹੜਾ ਇਕੋ ਇੱਕ ਅਜਿਹਾ ਸ਼ਹਿਰ ਹੈ ਜਿਸ ਨੇ 1948 ਤੋਂ ਪਹਿਲਾਂ ਵਾਲੀ ਆਪਣੀ ਫ਼ਲਸਤੀਨੀ ਪਛਾਣ ਅਜੇ ਵੀ ਬਰਕਰਾਰ ਰੱਖੀ ਹੋਈ ਹੈ। ਐਲਾਨ (ਐਨਨਸੀਏਸ਼ਨ) ਦੀ ਥਾਂ (ਉਹ ਥਾਂ ਜਿੱਥੇ ਫਰਿਸ਼ਤੇ ਗੇਬਰੀਅਲ ਨੇ ਮੈਰੀ ਨੂੰ ਦੱਸਿਆ ਸੀ ਕਿ ਉਹ ਯਿਸੂ ਨੂੰ ਗਰਭ ਵਿੱਚ ਧਾਰਨ ਕਰੇਗੀ – ਅਨੁਵਾਦਕ) ਅਤੇ ਯਿਸੂ ਦੇ ਬਚਪਨ ਦਾ ਘਰ ਹੋਣ ਕਰਕੇ ਨਾਜ਼ਰਥ ਸ਼ਹਿਰ ਈਸਾਈਆਂ ਲਈ ਪਵਿੱਤਰ ਹੈ। ਇਹ ਈਸਾਈ ਧਰਮ ਦਾ ਜਨਮ ਸਥਾਨ “ਇਜ਼ਰਾਈਲ ਵਿੱਚ ਅਰਬਾਂ ਦੀ ਰਾਜਧਾਨੀ” ਕਿਵੇਂ ਬਣਿਆ, ਅਸੀਂ ਤੁਹਾਨੂੰ ਉਸ ਇਤਿਹਾਸ ਬਾਰੇ ਦੱਸਾਂਗੇ ਅਤੇ ਨਾਜ਼ਰਥ ਦੇ ਇਕ ਪਰਿਵਾਰ ਨਾਲ ਮਾਓਜ਼ ਦੀ ਵੀਹ ਸਾਲਾਂ ਦੀ ਭਾਈਵਾਲੀ ਦੀ ਕਹਾਣੀ ਵੀ ਸਾਂਝੀ ਕਰਾਂਗੇ, ਜਿਸ ਨੇ ਸ਼ਹਿਰ ਦੀ ਆਰਥਿਕਤਾ ਨੂੰ ਮੁੜ ਸੁਰਜੀਤ ਕੀਤਾ ਹੈ।
ਅਸੀਂ ਆਪਣਾ ਸਫਰ ਗੈਲੀਲੀ ਵਿਖੇ ਖਤਮ ਕਰਾਂਗੇ, ਜਿੱਥੇ ਅਸੀਂ ਉਸ ਰਸਤੇ ਦੇ ਇੱਕ ਹਿੱਸੇ `ਤੇ ਜਾਵਾਂਗੇ ਜਿਸ ਰਾਹ ਉੱਤੇ ਯਿਸੂ ਨਾਜ਼ਰਥ ਤੋਂ ਕੇਪਰਨਾਮ ਤੱਕ ਤੁਰਿਆ ਸੀ। ਇਸ ਖੇਤਰ ਦਾ ਇਤਿਹਾਸ ਬਹੁਪਰਤੀ ਅਤੇ ਗੁੰਝਲਦਾਰ ਹੈ: ਅਸੀਂ ਰੋਮਨਾਂ ਵਲੋਂ ਜੇਤੂ ਫੌਜ ਲਈ ਬਣਾਈ ਸੜਕ ਦੇਖਾਂਗੇ, ਢਹਿ ਢੇਰੀ ਹੋਈਆਂ ਸਲਤਨਤਾਂ ਦੇ ਜੰਗੀ ਨਿਸ਼ਾਨ ਅਤੇ ਇੱਕ ਕਿਬੂਤ (ਸਮੂਹਿਕ ਬਸਤੀ) ਦੇਖਾਂਗੇ ਜੋ ਹੋਲੋਕਾਸਟ ਦੇ ਬੱਚਿਆਂ ਵੱਲੋਂ 1948 ਵਿੱਚ ਤਬਾਹ ਕਰ ਦਿੱਤੇ ਗਏ ਇੱਕ ਫ਼ਲਸਤੀਨੀ ਪਿੰਡ ਉੱਪਰ ਬਣਾਇਆ ਗਿਆ ਸੀ। ਦਰਦ ਦੀ ਪਰਤ ਉੱਪਰ ਪਰਤ, ਇੱਕ ਸਦਮਾ ਦੂਜੇ ਉੱਪਰ ਚੜ੍ਹਿਆ ਹੋਇਆ। ਪਰ ਲੜਾਈ ਮਨੁੱਖੀ ਕਹਾਣੀ ਦਾ ਅੰਗ ਹੈ। ਇਹ ਸੱਭਿਅਤਾ ਦੇ ਆਰੰਭ ਤੋਂ ਹੀ ਸਾਡੇ ਨਾਲ ਹੈ। ਪੋਪ ਫਰਾਂਸਿਸ ਨੇ ਇਸ ਹਕੀਕਤ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਬਾਰੇ ਚੇਤਾਵਨੀ ਦਿੰਦਿਆਂ ਸਾਨੂੰ ਕਿਹਾ ਸੀ, “ਇਕ ਸਮਾਜ, ਪਰਿਵਾਰ ਜਾਂ ਦੋਸਤਾਂ ਦਾ ਗਰੁੱਪ ਤਣਾਅ ਤੋਂ ਬਿਨਾਂ ਕਿਸ ਤਰ੍ਹਾਂ ਦਾ ਹੋਵੇਗਾ? ਤੁਸੀਂ ਜਾਣਦੇ ਹੋ ਕਿ ਇਹ ਕਿਸ ਤਰ੍ਹਾਂ ਦਾ ਹੋਵੇਗਾ? ਇਹ ਇੱਕ ਕਬਰਸਤਾਨ ਹੋਵੇਗਾ। ਕਿਉਂਕਿ ਸਿਰਫ਼ ਮੁਰਦਾ ਚੀਜ਼ਾਂ ਵਿੱਚ ਹੀ ਕੋਈ ਤਣਾਅ ਅਤੇ ਲੜਾਈ ਨਹੀਂ ਹੁੰਦੀ। ਜਿੱਥੇ ਜ਼ਿੰਦਗੀ ਹੈ, ਉੱਥੇ ਤਣਾਅ ਹੈ ਅਤੇ ਲੜਾਈ ਹੈ।” ਅਸੀਂ ਆਪਣੇ ਅਤੀਤ ਜਾਂ ਵਰਤਮਾਨ ਦੇ ਇਸ ਸੱਚ ਤੋਂ ਬਚ ਨਹੀਂ ਸਕਦੇ, ਪਰ ਜੇਕਰ ਅਸੀਂ ਸਦੀਵੀ ਹਿੰਸਾ ਤੋਂ ਆਜ਼ਾਦ ਹੋਣਾ ਹੈ ਅਤੇ ਅਜਿਹਾ ਭਵਿੱਖ ਬਣਾਉਣਾ ਹੈ ਜਿਸ ਵਿੱਚ ਸਾਡੇ ਲੋਕ ਸ਼ਾਂਤੀ ਨਾਲ ਰਹਿ ਸਕਣ, ਤਾਂ ਸਾਨੂੰ ਲੜਾਈ ਤੋਂ ਉੱਪਰ ਉੱਠਣ ਅਤੇ ਉਸ ਤੋਂ ਅਗਾਂਹ ਜਾਣ ਦਾ ਰਾਹ ਲੱਭਣਾ ਪਵੇਗਾ। ਅੰਤ ਵਿੱਚ ਹਰ ਲੜਾਈ ਖਤਮ ਹੁੰਦੀ ਹੈ। ਇਹ ਫੈਸਲਾ ਅਸੀਂ ਕਰਨਾ ਹੈ ਕਿ ਉਸ ਤੋਂ ਪਹਿਲਾਂ ਕਿੰਨਾ ਖੂਨ ਵਹਾਉਣਾ ਹੈ।
ਜੇ ਸਾਡੀ ਕਹਾਣੀ ਅਤੇ ਇਸ ਸਫ਼ਰ ਵਿੱਚੋਂ ਤੁਸੀਂ ਹੋਰ ਕੁਝ ਨਹੀਂ ਵੀ ਲੈਣਾ, ਤਾਂ ਇਹ ਸ਼ਬਦ ਜ਼ਰੂਰ ਲੈ ਕੇ ਜਾਣਾ: ਭਵਿੱਖ ਸ਼ਾਂਤੀ ਹੈ। ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂਕਿ ਅਸੀਂ ਖੁਦ ਪੁਰਾਣੇ ਜੰਗੀ ਖੇਤਰਾਂ—ਵੀਅਤਨਾਮ ਅਤੇ ਉੱਤਰੀ ਆਇਰਲੈਂਡ ਤੋਂ ਲੈ ਕੇ ਰਵਾਂਡਾ ਅਤੇ ਦੱਖਣੀ ਅਫ਼ਰੀਕਾ ਤੱਕ—ਜਾ ਕੇ ਕੰਮ ਕੀਤਾ ਹੈ ਅਤੇ ਲੋਕਾਂ ਦੀ ਆਪਣੇ ਸਦਮੇ ਦੇ ਮਲਬੇ ਅਤੇ ਜੰਗ ਦੀ ਤਬਾਹੀ ਵਿੱਚੋਂ ਉੱਪਰ ਉੱਠਣ ਦੀ ਸਮਰੱਥਾ ਨੂੰ ਵੇਖਿਆ ਹੈ, ਅਤੇ ਸਾਬਕਾ ਦੁਸ਼ਮਣਾਂ ਨੂੰ ਮਿਲ ਕੇ ਜ਼ਖਮਾਂ ਨੂੰ ਭਰਨ ਵਾਲਾ ਅਤੇ ਸੁਲਹ ਦਾ ਰਾਹ ਬਣਾਉਂਦੇ ਵੇਖਿਆ ਹੈ। ਅਸੀਂ ਜਾਣਦੇ ਹਾਂ ਕਿ ਮਨੁੱਖਤਾ ਦਾ ਭਵਿੱਖ ਸ਼ਾਂਤੀ ਹੈ; ਸਿਰਫ ਇਕ ਹੀ ਗੱਲ ਨਹੀਂ ਜਾਣਦੇ ਕਿ ਉੱਥੇ ਪਹੁੰਚਣ ਤੋਂ ਪਹਿਲਾਂ ਹੋਰ ਕਿੰਨੇ ਨਿਰਦੋਸ਼ ਲੋਕਾਂ ਨੂੰ ਦੁੱਖ ਝੱਲਣੇ ਪੈਣਗੇ।
ਅਸੀਂ ਅਜਿਹੀਆਂ ਥਾਵਾਂ ’ਤੇ ਗਏ ਹਾਂ ਜੋ ਸ਼ਾਂਤੀ ਨੂੰ ਸੁਭਾਵਿਕ ਸਮਝਦੀਆਂ ਹਨ, ਭਾਵੇਂ ਕਿ ਖੂਨ-ਖਰਾਬਾ, ਗ਼ੁਲਾਮੀ, ਅਤੇ ਨਸਲਕੁਸ਼ੀ ਉਨ੍ਹਾਂ ਦੇ ਤਾਜ਼ਾ ਇਤਿਹਾਸ ਦਾ ਹਿੱਸਾ ਹਨ। ਅਸੀਂ ਦੇਖਿਆ ਹੈ ਕਿ ਅੰਤਰਰਾਸ਼ਟਰੀ ਸੰਸਥਾਵਾਂ ਕਮਜ਼ੋਰ ਅਤੇ ਅਪ੍ਰਮਾਣਿਕ ਹੁੰਦੀਆਂ ਜਾ ਰਹੀਆਂ ਹਨ ਜਿਵੇਂ ਕਿ ਜੰਗਾਂ ਨੂੰ ਰੋਕਣ ਅਤੇ ਪੁਲ ਉਸਾਰਨ ਲਈ ਬਣਾਈ ਗਈ ਸਯੁੰਕਤ ਰਾਸ਼ਟਰ ਸੰਘ (ਯੂਨਾਈਟਿਡ ਨੇਸ਼ਨਜ਼) ਤੇਜ਼ੀ ਨਾਲ ਆਪਣਾ ਮਿਸ਼ਨ ਪੂਰਾ ਕਰਨ ਦੇ ਅਯੋਗ ਬਣਦੀ ਜਾ ਰਹੀ ਹੈ ਕਿਉਂਕਿ ਇਸ ਦੀ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਰੋਕੀਆਂ ਜਾ ਸਕਣ ਵਾਲੀਆਂ ਜੰਗਾਂ ਵਿੱਚ ਸ਼ਾਮਲ ਹੁੰਦੇ ਹਨ ਜਾਂ ਉਹਨਾਂ ਦਾ ਸਮਰਥਨ ਕਰਦੇ ਹਨ। ਸਾਡਾ ਵਿਸ਼ਵਾਸ ਹੈ ਕਿ ਹੁਣ ਸਮਾਂ ਆਾ ਗਿਆ ਹੈ ਕਿ ਅਸੀਂ ਇੱਕ ਸ਼ਾਂਤੀ ਭਰੇ ਸੰਸਾਰ ਲਈ ਆਪਣੀ ਉਸ ਦ੍ਰਿਸ਼ਟੀ ਨੂੰ ਮੁੜ ਸੁਰਜੀਤ ਕਰੀਏ, ਜਿਸ`ਤੇ ਇਹ ਸੰਸਥਾਂਵਾਂ ਉਸਾਰੀਆਂ ਗਈਆਂ ਸਨ। ਇਜ਼ਰਾਈਲ ਅਤੇ ਫ਼ਲਸਤੀਨ ਵਿੱਚ ਸਥਾਈ ਸ਼ਾਂਤੀ ਦੁਨੀਆ ਭਰ ਵਿੱਚ ਲਹਿਰਾਂ ਨੂੰ ਜਨਮ ਦੇਵੇਗੀ ਅਤੇ ਦੁਨੀਆ ਨੂੰ ਇਹ ਯਾਦ ਦਿਵਾਉਣ ਵਿੱਚ ਮਦਦ ਕਰੇਗੀ ਕਿ ਭਵਿੱਖ ਸ਼ਾਂਤੀ ਦਾ ਹੋਵੇਗਾ!
ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਫ਼ਲਸਤੀਨੀ ਅਤੇ ਇਜ਼ਰਾਈਲੀ ਆਪਣੀਆਂ ਇਤਿਹਾਸਕ ਕਹਾਣੀਆਂ ਨੂੰ ਸੁਣਾਉਣ ਅਤੇ ਆਪਣੀ ਮੌਜੂਦਾ ਹਕੀਕਤ ਅਤੇ ਦਰਦ ਨੂੰ ਪਰਿਭਾਸ਼ਿਤ ਕਰਨ ਲਈ ਜਿਹੜੀ ਭਾਸ਼ਾ ਅਤੇ ਸ਼ਬਦਾਵਲੀ ਵਰਤਦੇ ਹਨ ਉਹ ਅਕਸਰ ਉਨੀ ਹੀ ਡੂੰਘੀ ਤਰ੍ਹਾਂ ਵੰਡੀ ਹੋਈ ਹੈ ਜਿੰਨੀ ਇਹ ਲੜਾਈ। ਕੁੱਝ ਸ਼ਬਦ ਕਾਨੂੰਨੀ ਵਜ਼ਨ ਰੱਖਦੇ ਹਨ, ਜਦੋਂ ਕਿ ਕੁੱਝ ਹੋਰ ਸ਼ਬਦ ਮਾਨਸਿਕ ਪੱਧਰ `ਤੇ ਵੱਡੀਆਂ ਭਾਵਨਾਵਾਂ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ। ਭਾਵੇਂ ਕਿ ਬਹੁਤ ਸਾਰੇ ਲੋਕ ਇਤਿਹਾਸ ਦੇ ਇੱਕੋ ਇਕ ਬਿਰਤਾਂਤ ਨਾਲ ਕਦੇ ਸਹਿਮਤ ਨਹੀਂ ਹੋਣਗੇ, ਫਿਰ ਵੀ ਸਾਂਝੇ ਭਵਿੱਖ ਲਈ ਸਾਨੂੰ ਕੋਈ ਸਾਂਝਾ ਆਧਾਰ ਲੱਭਣਾ ਹੀ ਪਵੇਗਾ।
ਜਦੋਂ ਕਿ ਬਹੁਤੇ ਫਲਸਤੀਨੀ ਅਤੇ ਮਨੁੱਖੀ ਅਧਿਕਾਰ ਸੰਗਠਨ (ਜਿਨ੍ਹਾਂ ਵਿੱਚ ਗਾਜ਼ਾ ਅਤੇ ਵੈਸਟ ਬੈਂਕ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਵਾਂ ਦੀ ਨਿਗਰਾਨੀ ਕਰਨ ਵਾਲੀ ਇਜ਼ਰਾਈਲ ਦੀ ਐਨ. ਜੀ. ਓ ਬੈਟਸਲੇਮ ਵੀ ਸ਼ਾਮਲ ਹੈ) ਗਾਜ਼ਾ ਉੱਤੇ ਬੰਬਾਰੀ ਅਤੇ ਲੱਖਾਂ ਸਿਵਲੀਅਨ ਲੋਕਾਂ ਲਈ ਭੇਜੇ ਜਾਣ ਵਾਲੇ ਖਾਣੇ ਅਤੇ ਮਨੁੱਖੀ ਸਹਾਇਤਾ ’ਤੇ ਰੋਕਾਂ ਨੂੰ ਨਸਲਕੁਸ਼ੀ ਕਰਾਰ ਦਿੰਦੇ ਹਨ, ਬਹੁਤੇ ਇਜ਼ਰਾਈਲੀਆਂ ਲਈ ਇਹ ਇੱਕ ਜੰਗ ਹੈ ਜੋ 7 ਅਕਤੂਬਰ ਦੇ ਹਮਾਸ ਦੇ ਹਮਲੇ ਦੇ ਜਵਾਬ ਵਿੱਚ ਸ਼ੁਰੂ ਹੋਈ ਹੈ। ਇਸ ਹੀ ਤਰ੍ਹਾਂ, ਜਦੋਂ ਕਿ ਬਹੁਤੇ ਇਜ਼ਰਾਈਲੀ ਵੈਸਟ ਬੈਂਕ ਵਿੱਚ ਬਣੇ ਸਰਹੱਦੀ ਬੈਰੀਅਰ ਨੂੰ ‘ਸੁਰੱਖਿਆ ਵਾੜ’ ਕਹਿੰਦੇ ਹਨ, ਜੋ ਉਨ੍ਹਾਂ ਨੂੰ ਆਤਮਘਾਤੀ ਹਮਲਿਆਂ ਤੋਂ ਬਚਾਉਣ ਲਈ ਬਣਾਈ ਗਈ ਹੈ, ਉਦੋਂ ਫਲਸਤੀਨੀ ਆਪਣੇ ਅਲੱਗ ਰੱਖੇ ਜਾਣ ਅਤੇ ਕਬਜ਼ੇ ਦੇ ਤਜਰਬੇ ਨੂੰ ਦਰਸਾਉਣ ਲਈ ਇਸ ਨੂੰ ‘ਅਪਾਰਥਾਈਡ ਦੀ ਕੰਧ’ ਕਹਿੰਦੇ ਹਨ। ਅਸੀਂ ਕਿਸੇ ਵੀ ਤਰ੍ਹਾਂ ਦੀ ਸ਼ਬਦਾਵਲੀ ਨੂੰ ਸੈਂਸਰ ਨਹੀਂ ਕਰਾਂਗੇ। ਹੋ ਸਕਦਾ ਹੈ ਕਿ ਅਸੀਂ ਹਮੇਸ਼ਾਂ ਸ਼ਬਦਾਵਲੀ, ਇਤਿਹਾਸਕ ਬਿਰਤਾਂਤ, ਜਾਂ ਸਿਆਸੀ ਵਿਸ਼ਲੇਸ਼ਣ ਨਾਲ ਸਹਿਮਤ ਨਾ ਹੋਈਏ, ਪਰ ਸਾਡੀ ਅਪੀਲ ਇਹ ਹੈ ਕਿ ਅਸੀਂ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਬੰਬਾਂ, ਘੇਰਾਬੰਦੀ ਅਤੇ ਹਿੰਸਾ ਦੀ ਰਣਨੀਤੀ ਨੂੰ ਰੱਦ ਕਰਦੇ ਹਾਂ। ਅਸੀਂ ਸਹਿਮਤ ਹਾਂ ਕਿ ਹਿੰਸਾ ਦੇ ਸਾਰੇ ਅਮਲਾਂ ਦਾ ਅੰਤ ਹੋਣਾ ਚਾਹੀਦਾ ਹੈ, ਅਤੇ ਅਸੀਂ ਸਥਾਈ ਸ਼ਾਂਤੀ, ਇੱਕ ਬਿਹਤਰ ਭਵਿੱਖ, ਅਤੇ ਸੱਚੀ ਬਰਾਬਰੀ ਪ੍ਰਤੀ ਦ੍ਰਿੜਤਾ ਨਾਲ ਵਚਨਬੱਧ ਹਾਂ।
ਅਗਲੇ ਸਫਿਆਂ ਵਿੱਚ ਅਸੀਂ ਆਪਣੀਆਂ ਅਤੇ ਉਹਨਾਂ ਲੋਕਾਂ ਦੀਆਂ ਕਹਾਣੀਆਂ ਦੱਸਾਂਗੇ, ਜਿਹਨਾਂ ਦੀਆਂ ਜ਼ਿੰਦਗੀਆਂ `ਤੇ ਸਦੀ ਤੋਂ ਚੱਲੀ ਆ ਰਹੀ ਜੰਗ ਦਾ ਪੀੜ੍ਹੀ ਦਰ ਪੀੜ੍ਹੀ ਚੱਲਿਆ ਆਉਂਦਾ ਸਦਮਾ ਪੱਕੀ ਤਰ੍ਹਾਂ ਉੱਕਰਿਆ ਹੋਇਆ ਹੈ। ਤੁਸੀਂ ਹਮੇਸ਼ਾ ਸਾਡੇ ਨਾਲ ਸਹਿਮਤ ਨਹੀਂ ਹੋਵੋਗੇ, ਪਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀਆਂ ਕਹਾਣੀਆਂ ਪੜ੍ਹਦੇ ਸਮੇਂ ਆਪਣਾ ਦਿਲ ਖੁੱਲ੍ਹਾ ਰੱਖੋਗੇ। ਆਪਣੀਆਂ ਸਹਿਮਤੀਆਂ ਅਤੇ ਅਸਹਿਮਤੀਆਂ ਦੇ ਬਾਵਜੂਦ, ਅਸੀਂ ਦੋਵੇਂ ਮਨੁੱਖੀ ਜਾਨਾਂ ਦੀ ਰੱਖਿਆ ਕਰਨ, ਖੂਨ-ਖਰਾਬੇ ਦਾ ਅੰਤ ਕਰਨ, ਅਤੇ ਅਜਿਹੀ ਸਥਾਈ ਅਤੇ ਨਿਆਂਪੂਰਨ ਸ਼ਾਂਤੀ ਸਥਾਪਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ ਜੋ ਸਾਡੇ ਸਾਰਿਆਂ ਲਈ ਬਰਾਬਰੀ, ਨਿਆਂ, ਮਾਣ, ਮਾਨਤਾ ਅਤੇ ਸੁਰੱਖਿਆ ‘ਤੇ ਅਧਾਰਤ ਹੋਵੇ।
ਭਾਵੇਂ ਕਿ ਸਾਡੀ ਦੋਸਤੀ ਅਸਾਧਾਰਨ ਹੈ, ਫਿਰ ਵੀ ਅਸੀਂ ਵਿਲੱਖਣ ਨਹੀਂ ਹਾਂ। ਅਸੀਂ ਦੋਵੇਂ ਸਥਾਨਕ ਅਤੇ ਵਿਸ਼ਵ ਪੱਧਰ `ਤੇ ਇੱਕ ਸਾਂਝੇ ਭਵਿੱਖ ਲਈ ਪੁਲ ਉਸਾਰਨ ਲਈ ਕੰਮ ਕਰ ਰਹੇ ਇਜ਼ਰਾਈਲੀਆਂ ਅਤੇ ਫ਼ਲਸਤੀਨੀਆਂ ਦੇ ਵਧ ਰਹੇ ਗੱਠਜੋੜ ਦਾ ਹਿੱਸਾ ਹਾਂ। ਅਸੀਂ ਇਕੱਠੇ ਮਿਲ ਕੇ ਇੱਕ ਨਵੀਂ ਕਹਾਣੀ ਦੀ ਸਿਰਜਣਾ ਕਰ ਰਹੇ ਹਾਂ। ਅਸੀਂ ਆਪਣੇ ਆਪ ਨੂੰ ਫ਼ਲਸਤੀਨੀ ਅਤੇ ਇਜ਼ਰਾਈਲੀ, ਜਾਂ ਯਹੂਦੀ ਅਤੇ ਅਰਬ ਨਹੀਂ ਸਮਝਦੇ, ਸਗੋਂ ਅਜਿਹੇ ਇਨਸਾਨ ਸਮਝਦੇ ਹਾਂ ਜੋ ਸੰਵਾਦ, ਮਾਫ਼ ਕਰਨ ਅਤੇ ਸ਼ਾਂਤੀ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਉਹਨਾਂ ਨੂੰ ਜੋ ਸਿਰਫ਼ ਵੰਡ ਦੀਆਂ ਲਕੀਰਾਂ ਹੀ ਦੇਖਦੇ ਹਨ, ਕਹਿਣਾ ਚਾਹੁੰਦੇ ਹਾਂ: ਜੇ ਤੁਹਾਡੇ ਲਈ ਸਾਨੂੰ ਵੰਡਣਾ ਜ਼ਰੂਰੀ ਹੈ ਤਾਂ ਸਾਨੂੰ ਇਸ ਤਰ੍ਹਾਂ ਵੰਡੋ ਕਿ ਇਕ ਪਾਸੇ ਉਹ ਲੋਕ ਹਨ ਜੋ ਸ਼ਾਂਤੀ ਅਤੇ ਬਰਾਬਰੀ ਵਿੱਚ ਵਿਸ਼ਵਾਸ ਰੱਖਣ ਵਾਲੇ ਹਨ ਅਤੇ ਦੂਸਰੇ ਪਾਸੇ ਉਹ ਜਿਹੜੇ ਅਜੇ ਇਹ ਵਿਸ਼ਵਾਸ ਨਹੀਂ ਰੱਖਦੇ…
ਅਸੀਂ ਇਸ ਸਫਰ ਦੀ ਸ਼ੁਰੂਆਤ ਆਪਣੇ ਦੁੱਖ ਦਾ ਸਾਹਮਣਾ ਕਰਕੇ ਕਰਦੇ ਹਾਂ, ਜਿਸ ਤਰ੍ਹਾਂ ਸਾਰੇ ਸ਼ਾਂਤੀ ਕਾਰਜਾਂ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ। -ਸਮਾਪਤ
ਭਵਿੱਖ ਸ਼ਾਂਤੀ ਹੈ: ਪਵਿੱਤਰ ਧਰਤੀ ਦਾ ਸਾਂਝਾ ਸਫਰ

