11.4 C
Vancouver
Saturday, May 9, 2026

‘ਸਿੱਖ ਵਿਰਾਸਤੀ ਮਹੀਨੇ’ ਮੌਕੇ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ ਬੇਅਰ ਕਰੀਕ ਐਲੀਮੈਂਟਰੀ ਸਕੂਲ ਸਰੀ ਦੇ ਵਿਦਿਆਰਥੀ

ਸਰੀ, (ਸੁਰਿੰਦਰ ਸਿੰਘ ਜੱਬਲ): ਕੈਨੇਡਾ ਸਰਕਾਰ ਵੱਲੋਂ ਅਪ੍ਰੈਲ ਮਹੀਨੇ ਨੂੰ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਦਿੱਤੀ ਗਈ ਮਾਨਤਾ ਦੇ ਸਬੰਧ ਵਿੱਚ, ਬੇਅਰ ਕਰੀਕ ਐਲੀਮੈਂਟਰੀ ਸਕੂਲ ਦੇ ਤਕਰੀਬਨ 72 ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਬੀਤੇ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਤਮਸਤਕ ਹੋ ਕੇ ਸਿੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਹਾਸਲ ਕੀਤੀ।
ਸਕੂਲ ਦੀਆਂ ਤਿੰਨ ਕਲਾਸਾਂ ਦੇ ਵਿਦਿਆਰਥੀ ਆਪਣੇ ਅਧਿਆਪਕਾਂ ਨਾਲ ਪੈਦਲ ਚੱਲ ਕੇ ਗੁਰਦੁਆਰਾ ਸਾਹਿਬ ਪਹੁੰਚੇ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਬੁਲਾਰੇ ਅਤੇ ਸੇਵਾਦਾਰਾਂ ਵੱਲੋਂ ਸਮੂਹ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਦੀ ਮਰਿਆਦਾ, ਜਿਵੇਂ ਕਿ ਸਿਰ ਢੱਕਣਾ ਅਤੇ ਜੋੜੇ ਉਤਾਰਨਾ ਆਦਿ ਬਾਰੇ ਦੱਸਿਆ ਗਿਆ, ਜਿਸ ਦੀ ਪਾਲਣਾ ਕਰਦਿਆਂ ਸਾਰਿਆਂ ਨੇ ਦਰਬਾਰ ਹਾਲ ਵਿੱਚ ਹਾਜ਼ਰੀ ਭਰੀ।
ਵਿਦਿਆਰਥੀਆਂ ਨੂੰ ਸਿੱਖ ਧਰਮ ਦੇ ਦਸ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁੱਖਤਾਵਾਦੀ ਸੰਦੇਸ਼ਾਂ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਖ਼ਾਸ ਤੌਰ ‘ਤੇ ਸਾਲ 1897 ਵਿੱਚ ਕੈਨੇਡਾ ਆਏ ਪਹਿਲੇ ਸਿੱਖਾਂ ਤੋਂ ਲੈ ਕੇ ਹੁਣ ਤੱਕ ਦੇ 125 ਸਾਲਾਂ ਦੇ ਸੰਘਰਸ਼ ਅਤੇ ਤਰੱਕੀ ਬਾਰੇ ਜਾਣਕਾਰੀ ਦਿੱਤੀ ਗਈ। ਸਿੱਖ ਧਰਮ ਵਿੱਚ ਇਸਤਰੀ-ਮਰਦ ਦੀ ਬਰਾਬਰੀ ਅਤੇ ‘ਸਾਂਝੀਵਾਲਤਾ’ ਦੇ ਸਿਧਾਂਤਾਂ ਨੂੰ ਸੁਣ ਕੇ ਵਿਦਿਆਰਥੀ ਅਤੇ ਅਧਿਆਪਕ ਕਾਫੀ ਪ੍ਰਭਾਵਿਤ ਹੋਏ। ਬੱਚਿਆਂ ਨੇ ਬੀਬੀ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਪਾਠ ਕਰਦਿਆਂ ਦੇਖਿਆ, ਜਿਸ ਨਾਲ ਉਨ੍ਹਾਂ ਦੇ ਮਨ ਵਿੱਚ ਔਰਤਾਂ ਦੇ ਸਨਮਾਨ ਸਬੰਧੀ ਪੈਦਾ ਹੋਏ ਸਵਾਲਾਂ ਦੇ ਜਵਾਬ ਮਿਲੇ।
ਸਿੱਖ ਧਰਮ ਦੀ ‘ਵੰਡ ਛਕਣ’ ਦੀ ਪ੍ਰਥਾ ਤੋਂ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਦਰਬਾਰ ਸਾਹਿਬ ਤੋਂ ਕੜਾਹ ਪ੍ਰਸ਼ਾਦ ਲਿਆ ਅਤੇ ਬਾਅਦ ਵਿੱਚ ਲੰਗਰ ਹਾਲ ਵਿੱਚ ਬੈਠ ਕੇ ਬੜੀ ਰੀਝ ਨਾਲ ਭੋਜਨ ਛਕਿਆ। ਸੁਸਾਇਟੀ ਦੇ ਸੇਵਾਦਾਰਾਂ ਨੇ ਬੜੀ ਲਗਨ ਅਤੇ ਪਿਆਰ ਨਾਲ ਬੱਚਿਆਂ ਦੀ ਸੇਵਾ-ਸੰਭਾਲ ਕੀਤੀ। ਤਕਰੀਬਨ ਦੋ ਘੰਟੇ ਗੁਰਦੁਆਰਾ ਸਾਹਿਬ ਵਿੱਚ ਬਿਤਾਉਣ ਤੋਂ ਬਾਅਦ, ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਅਨੁਭਵ ਨੂੰ ਬਹੁਤ ਸਿੱਖਿਆਦਾਇਕ ਦੱਸਿਆ।
ਅਧਿਆਪਕਾਂ ਨੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਅਗਲੇ ਸਾਲ ਵੀ ਵਿਦਿਆਰਥੀਆਂ ਨੂੰ ਸਿੱਖ ਵਿਰਾਸਤੀ ਮਹੀਨੇ ਦੇ ਜਸ਼ਨਾਂ ਦਾ ਹਿੱਸਾ ਬਣਾਉਣ ਲਈ ਜ਼ਰੂਰ ਆਉਣਗੇ।

ਰੁਝਾਨ ਖਬਰਾਂ