9 C
Vancouver
Sunday, May 31, 2026

ਬੀ.ਸੀ. ਸਰਕਾਰ ਦਾ ਐਲਾਨ: 88 ਬਿਲੀਅਨ ਡਾਲਰ ਦੇ ਨਿਵੇਸ਼ ਨਾਲ ਹਜ਼ਾਰਾਂ ਨਵੀਆਂ ਨੌਕਰੀਆਂ ਦੇ ਖੁੱਲ੍ਹਣਗੇ ਰਸਤੇ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਨੇ ਬੁੱਧਵਾਰ ਨੂੰ ਇੱਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਅਗਲੇ ਤਿੰਨ ਸਾਲਾਂ ਦੌਰਾਨ ਸੂਬੇ ਵਿੱਚ 88 ਬਿਲੀਅਨ ਡਾਲਰ ਦੇ ਨਿਵੇਸ਼ ਵਾਲੇ ਵੱਡੇ ਪ੍ਰੋਜੈਕਟਾਂ ਰਾਹੀਂ ਹਜ਼ਾਰਾਂ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।
ਸਰਕਾਰ ਅਨੁਸਾਰ ਇਹ ‘ਲੁੱਕ ਵੈਸਟ’ ਰਣਨੀਤੀ ਤਹਿਤ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ। ਆਰਥਿਕ ਵਿਕਾਸ ਨੂੰ ਤੇਜ਼ ਕਰਨ ਲਈ ਸਰਕਾਰ ਨੇ 17 ਨਵੇਂ ਵੱਡੇ ਪ੍ਰੋਜੈਕਟਾਂ ਨੂੰ ਤਰਜੀਹੀ ਸੂਚੀ ਵਿੱਚ ਸ਼ਾਮਲ ਕੀਤਾ ਹੈ, ਜੋ ਕਿ ਪਹਿਲਾਂ ਨਾਲੋਂ ਲਗਭਗ ਦੁੱਗਣੀ ਗਿਣਤੀ ਹੈ। ਇਸ ਦਾ ਮੁੱਖ ਮਕਸਦ ਸੂਬੇ ਦੀ ਆਰਥਿਕਤਾ ਨੂੰ ਵਧੇਰੇ ਸੁਤੰਤਰ ਬਣਾਉਣਾ ਅਤੇ ਕਿਸੇ ਇੱਕ ਵਪਾਰਕ ਭਾਈਵਾਲ ‘ਤੇ ਨਿਰਭਰਤਾ ਘਟਾਉਣਾ ਹੈ।
ਪ੍ਰੀਮੀਅਰ ਡੇਵਿਡ ਈਬੀ ਨੇ ਇਸ ਮੌਕੇ ਕਿਹਾ ਕਿ ਜਦੋਂ ਦੁਨੀਆ ਭਰ ਦੇ ਦੇਸ਼ ਜ਼ਿੰਮੇਵਾਰੀ ਨਾਲ ਵਿਕਸਤ ਸਰੋਤਾਂ ਅਤੇ ਸਥਿਰ ਵਪਾਰਕ ਭਾਈਵਾਲਾਂ ਦੀ ਭਾਲ ਕਰ ਰਹੇ ਹਨ, ਤਾਂ ਇਹ ਬ੍ਰਿਟਿਸ਼ ਕੋਲੰਬੀਆ ਲਈ ਸੁਨਹਿਰੀ ਮੌਕਾ ਹੈ। ‘ਲੁੱਕ ਵੈਸਟ’ ਯੋਜਨਾ ਰਾਹੀਂ ਸਰਕਾਰ ਵੱਡੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ, ਰੁਜ਼ਗਾਰ ਦੇ ਚੰਗੇ ਮੌਕੇ ਪੈਦਾ ਕਰਨ ਅਤੇ ਲੋਕਾਂ ਨੂੰ ਹੁਨਰ ਸਿਖਲਾਈ ਦੇਣ ਲਈ ਨਿਵੇਸ਼ ਕਰ ਰਹੀ ਹੈ ਤਾਂ ਜੋ ਉਹ ਵੱਡੀਆਂ ਤਨਖਾਹਾਂ ਵਾਲੀਆਂ ਨੌਕਰੀਆਂ ਹਾਸਲ ਕਰ ਸਕਣ। ਨਵੰਬਰ 2025 ਵਿੱਚ ਸ਼ੁਰੂ ਕੀਤੀ ਗਈ ਇਸ ਰਣਨੀਤੀ ਦਾ ਟੀਚਾ 2035 ਤੱਕ 200 ਬਿਲੀਅਨ ਡਾਲਰ ਦਾ ਨਿਵੇਸ਼ ਜੁਟਾਉਣਾ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ਟ੍ਰੇਡ ਟ੍ਰੇਨਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਤਿੰਨ ਸਾਲਾਂ ਵਿੱਚ 241 ਮਿਲੀਅਨ ਡਾਲਰ ਖਰਚ ਕਰੇਗੀ।
ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਹਲੋਂ ਨੇ ਕਿਹਾ ਕਿ ਅਮਰੀਕੀ ਟੈਰਿਫਾਂ ਅਤੇ ਇਰਾਨ ਵਿੱਚ ਜੰਗ ਕਾਰਨ ਪੈਦਾ ਹੋਈ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਬਾਵਜੂਦ ਬੀ.ਸੀ. ਪਿੱਛੇ ਨਹੀਂ ਹਟੇਗਾ। ਉਹਨਾਂ ਦੱਸਿਆ ਕਿ ਫੈਡਰਲ ਸਰਕਾਰ ਦੇ 40 ਫੀਸਦੀ ਤਰਜੀਹੀ ਪ੍ਰੋਜੈਕਟ ਇਸ ਸਮੇਂ ਬੀ.ਸੀ. ਵਿੱਚ ਹਨ। ਇਹਨਾਂ ਪ੍ਰੋਜੈਕਟਾਂ ਵਿੱਚ ਬਲੈਕਵਾਟਰ ਸੋਨੇ ਅਤੇ ਚਾਂਦੀ ਦੀ ਖਾਣ ਦਾ ਵਿਸਥਾਰ ਵੀ ਸ਼ਾਮਲ ਹੈ, ਜਿਸ ਵਿੱਚ 1.44 ਬਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ ਅਤੇ 1,500 ਲੋਕਾਂ ਨੂੰ ਨੌਕਰੀਆਂ ਮਿਲਣਗੀਆਂ। ਇਸ ਤੋਂ ਇਲਾਵਾ ਸਾਫ਼ ਊਰਜਾ ਦੇ ਖੇਤਰ ਵਿੱਚ 10 ਵਿੰਡ ਅਤੇ ਸੋਲਰ ਪ੍ਰੋਜੈਕਟਾਂ ਰਾਹੀਂ 6 ਬਿਲੀਅਨ ਡਾਲਰ ਦਾ ਨਿੱਜੀ ਨਿਵੇਸ਼ ਹੋਣ ਦੀ ਉਮੀਦ ਹੈ, ਜਿਸ ਨਾਲ 500,000 ਘਰਾਂ ਨੂੰ ਬਿਜਲੀ ਮਿਲੇਗੀ। ਊਰਜਾ ਮੰਤਰੀ ਐਡਰੀਅਨ ਡਿਕਸ ਅਤੇ ਮਾਈਨਿੰਗ ਮੰਤਰੀ ਜਗਰੂਪ ਬਰਾੜ ਨੇ ਵਿਸ਼ਵਾਸ ਪ੍ਰਗਟਾਇਆ ਕਿ ਬੀ.ਸੀ. ਕੈਨੇਡਾ ਦਾ ਊਰਜਾ ਇੰਜਣ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਰਕਾਰ ਅਨੁਸਾਰ ਸੀਡਰ ਐਲ.ਐਨ.ਜੀ. ਵਰਗੇ ਵੱਡੇ ਪ੍ਰੋਜੈਕਟਾਂ ਅਤੇ ਕੁਇੰਟੇਟ ਕੋਲਾ ਖਾਣ ਵਰਗੇ ਉਪਰਾਲਿਆਂ ਨਾਲ ਸੂਬੇ ਦੇ ਮਾਲੀਏ ਵਿੱਚ ਵਾਧਾ ਹੋਵੇਗਾ, ਜੋ ਸਕੂਲਾਂ ਅਤੇ ਹਸਪਤਾਲਾਂ ਵਰਗੀਆਂ ਜਨਤਕ ਸੇਵਾਵਾਂ ਲਈ ਵਰਤਿਆ ਜਾਵੇਗਾ। ਉੱਚ ਸਿੱਖਿਆ ਮੰਤਰੀ ਜੈਸੀ ਸਨਰ ਅਨੁਸਾਰ ਅਗਲੇ ਸਾਲ ਵਿੱਚ 5,000 ਨਵੀਆਂ ਟ੍ਰੇਡ ਟ੍ਰੇਨਿੰਗ ਸੀਟਾਂ ਖੋਲ੍ਹੀਆਂ ਜਾਣਗੀਆਂ ਤਾਂ ਜੋ ਸਥਾਨਕ ਲੋਕ ਇਹਨਾਂ ਮੌਕਿਆਂ ਦਾ ਲਾਭ ਉਠਾ ਕੇ ਆਪਣਾ ਭਵਿੱਖ ਸੰਵਾਰ ਸਕਣ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ