ਸੋਹਣ ਸਿੰਘ ਪੂੰਨੀ
ਹਿੰਦੁਸਤਾਨੀ ਇਮੀਗ੍ਰੈਂਟ ਵੀਹਵੀਂ ਸਦੀ ਦੇ ਸ਼ੁਰੂ ‘ਚ ਕਨੇਡਾ ਵਿੱਚ ਆਉਣ ਲੱਗੇ ਸਨ। ਕਨੇਡੀਅਨ ਸਰਕਾਰ ਨੇ 1908 ਵਿੱਚ ‘ਸਿੱਧੇ ਸਫਰ’ ਦੀ ਸ਼ਰਤ ਵਾਲ਼ਾ ਕਾਨੂੰਨ ਬਣਾ ਕੇ ਉਨ੍ਹਾਂ ਦਾ ਇੱਥੇ ਆਉਣਾ ਬੰਦ ਕਰ ਦਿੱਤਾ ਸੀ। ਪਰ ਉਦੋਂ ਤੱਕ 5200 ਦੇ ਲੱਗ-ਪੱਗ ਹਿੰਦੁਸਤਾਨੀ ਕਨੇਡਾ ਵਿੱਚ ਆ ਚੁੱਕੇ ਸਨ। ਜਲਦੀ ਹੀ ਇਨ੍ਹਾਂ ਵਿੱਚੋਂ ਅੱਧੇ ਬੰਦੇ ਕਨੇਡਾ ਛੱਡ ਅਮਰੀਕਾ ਜਾ ਕੇ ਰਹਿਣ ਲੱਗ ਪਏ ਸਨ। ਇਸ ਤਰ੍ਹਾਂ ਕਨੇਡਾ ਵਿੱਚ ਪੱਚੀ-ਛੱਬੀ ਸੌ ਬੰਦਾ ਰਹਿ ਗਿਆ ਸੀ ਤੇ ਅਮਰੀਕਾ ਵਿੱਚ ਇਨ੍ਹਾਂ ਦੀ ਗਿਣਤੀ ਸੱਤ-ਅੱਠ ਹਜ਼ਾਰ ਹੋ ਗਈ ਸੀ। ਕਨੇਡਾ ਆਏ ਇਨ੍ਹਾਂ ਹਿੰਦੁਸਤਾਨੀ ਇਮੀਗ੍ਰੈਂਟਾਂ ਵਿੱਚੋਂ ਥੋੜ੍ਹੇ ਜਿਹੇ ਬੰਦਿਆਂ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਪੰਜਾਬੀ ਸਨ ਤੇ ਇਨ੍ਹਾਂ ਪੰਜਾਬੀਆਂ ਵਿੱਚ ਵੀ ਲੱਗ-ਪੱਗ 90% ਸਿੱਖ ਸਨ। ਇਹ ਤਕਰੀਬਨ ਸਾਰੇ ਹੀ ਕਨੇਡਾ ਦੇ ਪੱਛਮੀ ਤੱਟ ਦੇ ਸੂਬੇ ਬਰਿਟਸ਼ ਕੋਲੰਬੀਆ ਵਿੱਚ ਰਹਿੰਦੇ ਸਨ।
ਇਸ ਲੇਖ ਦਾ ਮਕਸਦ ਕਨੇਡਾ ਆਏ ਇਨ੍ਹਾਂ ਸਿੱਖਾਂ ਦੀ 1947 ਤੱਕ ਦੀ ਸਿਆਸਤ ਦੇ ਕੁੱਝ ਪੱਖਾਂ ‘ਤੇ ਵਿੱਚਾਰ ਕਰਨਾ ਹੈ।
ਕਨੇਡਾ ਦੇ ਇਨ੍ਹਾਂ ਪੱਚੀ ਛੱਬੀ ਸੌ ਸਿੱਖਾਂ ਨੂੰ ਅਸੀਂ ਚਾਰ ਧੜਿਆਂ ਵਿੱਚ ਵੰਡ ਕੇ ਦੇਖ ਸਕਦੇ ਹਾਂ:
1). ਮਜ਼ਹਬੀ ਦੀਵਾਨੇ.
2). ਇਮੀਗ੍ਰੇਸ਼ਨ ਧੜਾ. (ਗਦਾਰ ਧੜਾ)
3). ਦੇਸ਼ ਭਗਤ ਧੜਾ. (ਗਦਰੀ)
4). ਸੰਸਾਰੀਏ.
1) ਮਜ਼ਹਬੀ ਦੀਵਾਨੇ: ਇਹ ਗਿਣਤੀ ਵਿੱਚ ਬਹੁਤ ਥੋੜ੍ਹੇ ਸਨ। ਇਨ੍ਹਾਂ ਦਾ ਲੀਡਰ ਭਾਈ ਵਰਿਆਮ ਸਿੰਘ ਸੀ ਜੋ ਬਾਅਦ ਵਿੱਚ ਇੰਡੀਆ ਜਾ ਕੇ ਸੰਤ ਸੁੰਦਰ ਸਿੰਘ ਟੱਲੇਵਾਲੀਆ ਦੇ ਨਾਂ ਨਾਲ ਮਸ਼ਹੂਰ ਹੋਏ। ਵੀਕਇੰਡ ਉੱਤੇ ਜਾਂ ਛੁੱਟੀ ਵਾਲ਼ੇ ਦਿਨ ਇਹ ਲੋਕ ਢੋਲਕ ਛੈਣਿਆਂ ਨਾਲ਼ ਸ਼ਬਦ ਪੜ੍ਹਦੇ ਵੈਨਕੂਵਰ ਦੀਆਂ ਗਲ਼ੀਆਂ ਵਿੱਚ ਦੀ ਲੰਘਿਆ ਕਰਦੇ ਸਨ। ਇਹ ਲੋਕ ਬਹੁਤਾ ਧਾਰਮਿਕ ਕੰਮਾਂ ਵਿੱਚ ਹੀ ਮਸਤ ਰਹਿੰਦੇ ਸਨ। ਇਸ ਕਰਕੇ ਲੋਕ ਇਨ੍ਹਾਂ ਨੂੰ ‘ਮਜ਼ਹਬੀ ਦੀਵਾਨੇ’ ਸੱਦਿਆ ਕਰਦੇ ਸਨ।
2). ਇਮੀਗ੍ਰੇਸ਼ਨ ਧੜਾ (ਗਦਾਰ ਧੜਾ): ਇਸ ਧੜੇ ਵਿੱਚ ਪੰਦਰਾਂ-ਵੀਹ ਬੰਦੇ ਸਨ। ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਦੇ ਕਨੇਡਾ ਵਿੱਚ ਜਾਸੂਸ ਵਿਲੀਅਮ ਹਾਪਕਿਨਸਨ ਨੇ ਹਿੰਦੁਸਤਾਨੀ ਦੇਸ਼ ਭਗਤਾਂ ਦੀ ਜਾਸੂਸੀ ਕਰਨ ਲਈ ਕਨੇਡਾ ਦੀ ਹਿੰਦੁਸਤਾਨੀ ਕਮਿਊਨਿਟੀ ‘ਚੋਂ ਸੂਹੀਆਂ ਦਾ ਇਕ ਸੈੱਲ ਕਾਇਮ ਕੀਤਾ ਹੋਇਆ ਸੀ। ਇਹ ਲੋਕ ਇਮੀਗ੍ਰੇਸ਼ਨ ਮਹਿਕਮੇ ਨਾਲ਼ ਰਲ਼ਕੇ ਕੰਮ ਕਰਦੇ ਸਨ। ਇਸ ਲਈ ਲੋਕ ਇਨ੍ਹਾਂ ਨੂੰ ਇਮੀਗ੍ਰੇਸ਼ਨ ਧੜਾ ਆਖਦੇ ਸਨ। ਇਨ੍ਹਾਂ ਦੇ ਗਦਾਰੀ ਵਾਲ਼ੇ ਕੰਮਾਂ ਕਰਕੇ ਕਈ ਲੋਕ ਇਨ੍ਹਾਂ ਨੂੰ ‘ਗਦਾਰ ਧੜਾ’ ਵੀ ਆਖਦੇ ਸਨ। ਇਸ ਧੜੇ ਦੇ ਮੁੱਖ ਲੀਡਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਬੇਲਾ ਸਿੰਘ ਜਿਆਣ, ਜ਼ਿਲ੍ਹਾ ਜਲੰਧਰ ਦਾ ਬਾਬੂ ਸਿੰਘ ਲਿੱਤਰਾਂ ਅਤੇ ਮਾਹਿਲਪੁਰ ਲਾਗੇ ਬੜੀਆਂ ਬਾੜੀਆਂ ਦਾ ਗੰਗਾ ਰਾਮ (ਸਹੋਤਾ ਗੋਤ ਦਾ ਜੱਟ-ਸਿੱਖ ) ਸਨ। ਬੇਲਾ ਸਿੰਘ ਅਤੇ ਬਾਬੂ ਸਿੰਘ ਸਰਕਾਰ ਦੇ ‘ਪੇਡ ਏਜੰਟ’ ਸਨ। ਸੂਹੀਏ ਬੇਲਾ ਸਿੰਘ ਨੂੰ ਕਨੇਡੀਅਨ ਸਰਕਾਰ ਮਹੀਨੇ ਦੇ 62 ਡਾਲਰ 50 ਸੈਂਟ ਦਿੰਦੀ ਸੀ। ਇਸ ਧੜੇ ਵਿੱਚ ਸ਼ਾਮਲ ਕੁੱਝ ਹੋਰ ਬੰਦਿਆਂ ਦੇ ਨਾਂ ਸਨ: ਨੈਣਾ ਸਿੰਘ ਕੰਦੋਲਾ, ਸੇਵਾ ਸਿੰਘ ਨੁਮਾਣੇ, ਭਗਤ ਸਿੰਘ ਹਰੀਪੁਰ, ਰਤਨ ਸਿੰਘ ਉਰਫ ਪਰਤਾਪ ਸਿੰਘ ਕੋਟਲੀ, ਪਰਤਾਪ ਸਿੰਘ ਟੱਟੂਆਂ ਵਾਲਾ ਪਿੰਡ ਤਾਜੋਕੇ, ਪ੍ਰੇਮ ਸਿੰਘ ਠੋਲੀ, ਸੱਜਣ ਸਿੰਘ, ਪ੍ਰੇਮ ਸਿੰਘ, ਪਾਲ ਸਿੰਘ, ਨੱਥਾ ਸਿੰਘ, ਮੇਲਾ ਸਿੰਘ, ਕਾਬਲ ਸਿੰਘ, ਅਤੇ ਜਗਤ ਸਿੰਘ।
ਇਸ ਧੜੇ ਦੇ ਲੀਡਰ ਬੇਲਾ ਸਿੰਘ ਜਿਆਣ ਨੇ ਹਾਪਕਿਨਸਨ ਦੀ ਸ਼ਹਿ ‘ਤੇ 5 ਸਤੰਬਰ 1914 ਨੂੰ ਵੈਨਕੂਵਰ ਗੁਰਦੁਆਰੇ ਵਿੱਚ ਗੋਲ਼ੀ ਚਲਾ ਕੇ ਗੁਰਦੁਆਰੇ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਉਨ੍ਹਾਂ ਦੇ ਸਾਥੀ ਭਾਈ ਬਦਨ ਸਿੰਘ ਦਲੇਲ ਸਿੰਘ ਵਾਲਾ ਨੂੰ ਸ਼ਹੀਦ ਕਰ ਦਿੱਤਾ ਸੀ।
3) ਦੇਸ਼ ਭਗਤ ਧੜਾ: ਕਨੇਡਾ ਦੇ ਬਹੁਤੇ ਸਿੱਖ ਇਸ ਧੜੇ ਵਿੱਚ ਸ਼ਾਮਲ ਸਨ। ਇਹ ਸਿੱਖ ਵੈਨਕੂਵਰ ਗੁਰਦੁਆਰੇ ਦੀ ਕਮੇਟੀ ‘ਖਾਲਸਾ ਦੀਵਾਨ ਸੁਸਾਇਟੀ’ ਨਾਲ਼ ਜੁੜੇ ਹੋਏ ਸਨ। ‘ਖਾਲਸਾ ਦੀਵਾਨ ਸੁਸਾਇਟੀ’ ਵਾਲ਼ੇ ਗੁਰੂ ਸਾਹਿਬ ਦੇ ਸੱਚੇ-ਸੁੱਚੇ ਸਿੱਖ ਸਨ ਜਿਨ੍ਹਾਂ ਨੂੰ ‘ਸਿੱਖੀ’ ਅਤੇ ‘ਸੋਸ਼ਲਿਸਟ ਵਿੱਚਾਰਧਾਰਾ’ ਵਿੱਚ ਕੋਈ ਫਰਕ ਨਹੀਂ ਸੀ ਦਿਸਦਾ। ਦੋਨੋਂ ਵਿੱਚਾਰਧਾਰਾਵਾਂ ਹੀ ‘ਕਿਰਤ ਕਰਨ’ ਅਤੇ ‘ਵੰਡ ਛਕਣ’ ਦੀ ਗੱਲ ਕਰਦੀਆਂ ਸਨ। ਇਸੇ ਲਈ ‘ਖਾਲਸਾ ਦੀਵਾਨ ਸੁਸਾਇਟੀ’ ਵਾਲ਼ਿਆਂ ਵੈਨਕੂਵਰ ਦੀ ਸੋਸ਼ਲਿਸਟ ਪਾਰਟੀ ਨਾਲ਼ ਰਲ਼ਕੇ ਗੁਰਦੁਆਰੇ ਵਿੱਚ ਸੋਸ਼ਲਿਸਟ ਪਾਰਟੀ ਦੀ ਇਕ ਸਪੈਸ਼ਲ ਬਰਾਂਚ ਸਥਾਪਤ ਕੀਤੀ ਸੀ।
ਸਿੱਖ ਬਰਿਟਸ਼ ਇੰਡੀਅਨ ਆਰਮੀ ਵਿੱਚ ਭਰਤੀ ਹੋ ਕੇ ਬੜੀ ਬਹਾਦਰੀ ਨਾਲ਼ ਲੜੇ ਸਨ। ਉਹ ਇਸ ਗੱਲ ਦਾ ਬੜਾ ਮਾਣ ਮਹਿਸੂਸ ਕਰਦੇ ਸਨ ਕਿ ਉਨ੍ਹਾਂ ਨੇ ਅੰਗਰੇਜ਼ਾਂ ਲਈ ਬਹੁਤ ਸਾਰੇ ਮੁਲਕ ਜਿੱਤੇ ਸਨ। ਪਰ ਕਨੇਡਾ-ਅਮਰੀਕਾ ਦੇ ਗੋਰੇ ਸਿੱਖਾਂ ਨੂੰ ਤਾਹਨੇ ਮਾਰਦੇ ਸਨ ਕਿ ਉਹ ਗੁਲਾਮੀ ਦੀ ਪਲੇਗ ਫੈਲਾਉਣ ਵਾਲ਼ੇ ਚੂਹੇ ਸਨ ਜਿਨ੍ਹਾਂ ਨੇ ਬਹੁਤ ਸਾਰੇ ਮੁਲਕਾਂ ਨੂੰ ਅੰਗਰੇਜ਼ਾਂ ਦੇ ਗੁਲਾਮ ਬਣਾਇਆ ਸੀ। ਸੋਸ਼ਲਿਸਟਾਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਬਰਿਟਸ਼ ਇੰਡੀਅਨ ਆਰਮੀ ਵਿੱਚ ਭਰਤੀ ਹੋ ਕੇ ਅੰਗਰੇਜ਼ਾਂ ਲਈ ਲੜਨਾ ਸਿੱਖੀ ਅਸੂਲਾਂ ਦੇ ਵਿਰੁੱਧ ਸੀ।
ਇਸ ਨਵੀਂ ਮਿਲ਼ੀ ਸਿਆਸੀ ਚੇਤਨਾ ਕਾਰਨ ‘ਦੇਸ਼ ਭਗਤ ਧੜੇ’ ਦੇ ਸਾਬਕਾ ਸਿੱਖ ਫੌਜੀ ਮਹਿਸੂਸ ਕਰਨ ਲੱਗੇ ਕਿ ਬ੍ਰਿਟਸ਼ ਇੰਡੀਅਨ ਆਰਮੀ ਵਿੱਚ ਉਨਾਂ ਦਾ ਰੋਲ ਗੁਰੂ ਗੋਬਿੰਦ ਸਿੰਘ ਦੇ ਉਨ੍ਹਾਂ ਸਿੰਘਾਂ ਵਾਲ਼ਾ ਨਹੀ ਸੀ ਜਿਨ੍ਹਾਂ ਨੇ ਹਿੰਦੁਸਤਾਨ ਦੇ ਲੋਕਾਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਆਪਣੇ ਘੋੜਿਆਂ ਦੇ ਸੁੰਮਾਂ ਥੱਲੇ ਲਿਤਾੜਨ ਵਾਲ਼ੇ ਪਠਾਣਾ ਦੇ ਘੋੜਿਆਂ ਦੀਆਂ ਨਾ ਸਿਰਫ ਵਾਗਾਂ ਨੂੰ ਹੱਥ ਪਾ ਲਿਆ ਸੀ ਸਗੋਂ ਉਨ੍ਹਾਂ ਜਰਵਾਣਿਆਂ ਦੇ ਮੂੰਹ ਹਿੰਦੋਸਤਾਨ ਤੋਂ ਅਫਗਾਨਿਸਤਾਨ ਵੱਲ ਘੁਮਾਅ ਉਨ੍ਹਾਂ ਨੂੰ ਦਰਾ ਖੈਬਰ ਤੋਂ ਪਾਰ ਧੱਕ ਦਿੱਤਾ ਸੀ। ‘ਦੇਸ਼ ਭਗਤ ਧੜੇ’ ਦੇ ਇਨ੍ਹਾਂ ਸਾਬਕਾ ਸਿੱਖ ਫੌਜੀਆਂ ਨੇ 3 ਅਕਤੂਬਰ 1909 ਨੂੰ ਵੈਨਕੂਵਰ ਗੁਰਦੁਆਰੇ ਦੇ ਪਿਛਲੇ ਵਿਹੜੇ ਵਿੱਚ ਆਪਣੀਆਂ ਫੌਜੀ ਵਰਦੀਆਂ, ਬਹਾਦਰੀ ਦੇ ਮੈਡਲ ਅਤੇ ਅੰਗਰੇਜ਼ ਅਫਸਰਾਂ ਵੱਲੋਂ ਮਿਲ਼ੇ ਆਨਰੇਬਲ ਡਿਸਚਾਰਜ ਸਰਟੀਫੀਕੇਟ ਅੱਗ ਲਾ ਕੇ ਸਾੜ ਦਿੱਤੇ । ਇਤਿਹਾਸਕਾਰ ਇਸ ਘਟਨਾ ਨੂੰ ‘ਮੈਡਲਾਂ ਦੀ ਲੋਹੜੀ’ ਲਿਖਦੇ ਹਨ। ਇਸ ਤਰ੍ਹਾਂ ਸਿੱਖਾਂ ਵੱਲੋਂ ਅੰਗਰੇਜ਼ ਦੀ ਵਫਾਦਾਰੀ ਤਿਆਗ ਕੇ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਕੁੱਦਣ ਦੀ ਸ਼ੁਰੂਆਤ ਵੈਨਕੂਵਰ ਦੇ ਸਿੱਖਾਂ ਵੱਲੋਂ ਹੋਈ ਸੀ।
ਅਮਰੀਕਾ ਰਹਿੰਦੇ ਹਿੰਦੁਸਤਾਨੀਆਂ ਨੇ ਜੂਨ, 1913 ਵਿੱਚ ਗਦਰ ਪਾਰਟੀ ਬਣਾਈ ਤਾਂ ਕਨੇਡਾ ਦੇ ਦੇਸ਼ ਭਗਤ ਧੜੇ ਦੇ ਸਿੱਖ ਵੀ ਇਸ ਦੇ ਮੈਂਬਰ ਬਣ ਗਏ। 4 ਅਗਸਤ 1914 ਨੂੰ ਸੰਸਾਰ ਯੁੱਧ ਸੁਰੂ ਹੋਣ ‘ਤੇ ਗਦਰ ਪਾਰਟੀ ਵਾਲ਼ਿਆਂ, ਬਾਵਜੂਦ ਇਸ ਗੱਲ ਦੇ ਕਿ ਪਾਰਟੀ ਦੀਆਂ ਗਦਰ ਕਰਨ ਲਈ ਤਿਆਰੀਆਂ ਹਾਲਾਂ ਮੁਕੰਮਲ ਨਹੀਂ ਸਨ, ਦੁਸ਼ਮਣ ਕਸੂਤਾ ਫਸਿਆ ਦੇਖਦਿਆਂ ਆਪਣੇ ਮੈਂਬਰਾਂ ਨੂੰ ਦੇਸ਼ ਜਾ ਕੇ ਗਦਰ ਮਚਾਉਣ ਦਾ ਸੱਦਾ ਦੇ ਦਿੱਤਾ।
ਦੁਸ਼ਮਣ ਸਾਡਾ ਯੂਰਪ ਵਿੱਚ ਹੈ ਫਸਿਆ ਫਾਹੀ ਡਾਢੀ ਹੈ।
ਜਰਮਨ ਸ਼ੇਰ ਖੜ੍ਹਾ ਹੈ ਘੇਰੀ ਹੁਣ ਤਾਂ ਢਿੱਲ ਅਸਾਡੀ ਹੈ।
ਹੱਥੋ-ਹੱਥੀ ਫੜ ਲਓ ਸ਼ੇਰੋ ਵੇਲਾ ਢਿੱਲ ਨਾ ਲਾਵਨ ਦਾ।
ਜਲਦੀ ਗਦਰ ਮਚਾ ਦਿਓ ਸ਼ੇਰੋ ਮੌਕਾ ਨਹੀਂ ਖੁੰਜਾਵਨ ਦਾ।’’
ਕਨੇਡਾ ਦੇ ਦੇਸ਼ ਭਗਤ ਧੜੇ ਦੇ ਬਹੁਤ ਸਾਰੇ ਸਿੱਖ ਗਦਰ ਕਰਕੇ ਦੇਸ਼ ਆਜ਼ਾਦ ਕਰਵਾਉਣ ਦੇ ਇਰਾਦੇ ਨਾਲ਼ ਦੇਸ਼ ਪਹੁੰਚੇ। ਪਰ ਦੇਸ਼ ਦੇ ਲੋਕ ਜਾਗ੍ਰਿਤ ਨਹੀਂ ਸਨ। ਇਸ ਤਰ੍ਹਾਂ ਦੇ ਕਈ ਕਾਰਨਾਂ ਕਰਕੇ ਗਦਰੀ ਦੇਸ਼ ਆਜ਼ਾਦ ਕਰਵਾਉਣ ਵਿੱਚ ਕਾਮਯਾਬ ਨਾ ਹੋ ਸਕੇ। ਪਰ ਦੇਸ਼ ਆਜ਼ਾਦ ਕਰਵਾਉਣ ਦੀ ਇਸ ਕੋਸ਼ਿਸ਼ ਵਿੱਚ ਦੇਸ਼ ਭਗਤ ਧੜੇ ਦੇ 14 ਸਿਖਾਂ ਨੇ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ, ਦਰਜਨਾਂ ਨੇ ਉਮਰ-ਕੈਦ ਕੱਟੀ ਸੀ (ਕਨੇਡਾ ਦੇ ਇਨ੍ਹਾਂ ਗਦਰੀਆਂ ਬਾਰੇ ਵੇਰਵੇ ਨਾਲ਼ ਜਾਨਣ ਲਈ ਲੇਖਕ ਦੀ ਕਿਤਾਬ ‘ਕਨੇਡਾ ਦੇ ਗਦਰੀ ਯੋਧੇ’ ਪੜ੍ਹੋ)।
4). ਸੰਸਾਰੀਏ: ਇਸ ਧੜੇ ਵਾਲ਼ੇ ਬ੍ਰਿਟਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਤੋਂ ‘ਸੰਸਾਰ’ ਨਾ ਦਾ ਅਖਬਾਰ ਕੱਢਦੇ ਸਨ। ਇਸ ਕਰਕੇ ਲੋਕ ਇਨਾਂ ਨੂੰ ‘ਸੰਸਾਰੀਏ’ ਸੱਦਦੇ ਸਨ। ਇਸ ਧੜੇ ਦੇ ਮੁੱਖ ਲੀਡਰ ਡਾਕਟਰ ਸੁੰਦਰ ਸਿੰਘ, ਕਰਤਾਰ ਸਿੰਘ ਹੁੰਦਲ (ਕੈਂਚੀ) ਅਤੇ ਬਾਬੂ ਕਪੂਰ ਸਿੰਘ ਸਿੱਧੂ (ਖੜੌਦੀ) ਸਨ। ਡਾਕਟਰ ਸੁੰਦਰ ਸਿੰਘ ਪੱਛਮੀ ਪੰਜਾਬ ਤੋਂ ਸੀ। ਕਰਤਾਰ ਸਿੰਘ ਹੁੰਦਲ ਦਾ ਪਿੰਡ ਤਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਡਾਲਾ ਸੀ ਪਰ ਮਾਂ ਦੀ ਮੌਤ ਪਿੱਛੋਂ ਉਹ ਆਪਣੇ ਨਾਨਕੀਂ ਮਾਹਲਪੁਰ ਰਹਿੰਦਾ ਰਿਹਾ ਸੀ। ਬਾਬੂ ਕਪੂਰ ਸਿੰਘ ਸਿੱਧੂ ਦੇ ਬਜ਼ੁਰਗਾਂ ਦਾ ਪਿੱਛਾ ਜ਼ਿਲ੍ਹਾ ਅੰਮ੍ਰਿਤਸਰ ਸੀ ਪਰ ਮਾਹਲਪੁਰ ਨੇੜੇ ਪਿੰਡ ਖੜੌਦੀ ਵਿੱਚ ਉਨਾਂ ਨੂੰ ਜਗੀਰ ਮਿਲ਼ੀ ਹੋਈ ਸੀ। ਬਾਬੂ ਕਪੂਰ ਸਿੰਘ 1906 ਵਿੱਚ ਪਹਿਲਾਂ ਅਮਰੀਕਾ ਵਿੱਚ ਆਇਆ ਸੀ ਤੇ 1912 ਵਿੱਚ ਉਹ ਅਮਰੀਕਾ ਤੋਂ ਕਨੇਡਾ ਆ ਗਿਆ ਸੀ। ਇਨ੍ਹਾਂ ਲੋਕਾਂ ਨੂੰ ਗਦਾਰ ਕਹਿਣਾ ਤੇ ਠੀਕ ਨਹੀਂ ਹੋਵੇਗਾ ਪਰ ਇਨ੍ਹਾਂ ਨੂੰ ਸੱਚੇ-ਸੁੱਚੇ ਦੇਸ਼ ਭਗਤ ਵੀ ਨਹੀਂ ਆਖਿਆ ਜਾ ਸਕਦਾ। ਇਹ ਲੋਕ ਦੇਸ਼ ਦਾ ਭਲਾ ਤਾਂ ਚਾਹੁੰਦੇ ਸਨ ਪਰ ਆਪਣਾ ਨੁਕਸਾਨ ਕਰਵਾ ਕੇ ਨਹੀਂ। ਇਸ ਦੇ ਉੱਲਟ ‘ਦੇਸ਼ ਭਗਤ ਧੜੇ’ ਦੇ ਸਿੱਖ ਦੇਸ਼ ਲਈ, ਦੇਸ਼ ਦੇ ਲੋਕਾਂ ਲਈ ਆਪਣਾ ਸਾਰਾ ਕੁਛ ਵਾਰਨ ਨੂੰ ਤਿਆਰ ਸਨ, ਜਾਨ ਵੀ।
ਕਰਤਾਰ ਸਿੰਘ ਹੁੰਦਲ ਹੋਰੀਂ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਵਿਕਟੋਰੀਆ ਵਿੱਚ 630 ਸਪੀਡ ਐਵਿਨਿਊ ਵਾਲ਼ੀ ਪਰਾਪਰਟੀ ਖਰੀਦੀ ਸੀ ਤੇ 1912 ਵਿੱਚ ਇੱਥੋਂ ਪੰਜਾਬੀ-ਅੰਗਰੇਜ਼ੀ ਦਾ ਰਲਵਾਂ ਅਖਬਾਰ ‘ਸੰਸਾਰ’ ਕੱਢਿਆ ਸੀ। ਇਹ ਅਖਬਾਰ ਪਹਿਲਾਂ ਹੱਥ ਨਾਲ਼ ਲਿਖਿਆ ਹੁੰਦਾ ਸੀ ਪਰ 1913 ਤੋਂ ਛਾਪੇ ‘ਤੇ ਛਪਣ ਲੱਗਾ ਸੀ। ‘ਸੰਸਾਰ’ ਕਨੇਡਾ-ਅਮਰੀਕਾ ਵਿੱਚ ਛਾਪੇ (ਪਰਿੰਟਿੰਗ ਪਰੈੱਸ) ‘ਤੇ ਛਪਣ ਵਾਲ਼ਾ ਪੰਜਾਬੀ ਦਾ ਪਹਿਲਾ ਅਖਬਾਰ ਸੀ। ਪ੍ਰੁਸਿੱਧ ਇਨਕਲਾਬੀ ਭਾਈ ਭਗਵਾਨ ਸਿੰਘ ਨੂੰ 7 ਜੂਨ 1913 ਨੂੰ ਬੇਲਾ ਸਿੰਘ ਜਿਆਣ ਨੇ ਹਾਪਕਿਨਸਨ ਦੀ ਮਦਦ ਨਾਲ਼ ਹਾਂਗਕਾਂਗ ਤੋਂ ਕਨੇਡਾ ਲਿਆਂਦਾ ਸੀ। ਉਨ੍ਹਾਂ ਦਾ ਭਾਈ ਭਗਵਾਨ ਸਿੰਘ ਨੂੰ ਇੱਥੇ ਲਿਆਉਣ ਦਾ ਮਕਸਦ ਉਸ ਨੂੰ ਦੇਸ਼ ਭਗਤ ਧੜੇ ਦੇ ਵਿਰੁੱਧ ਵਰਤਣਾ ਸੀ। ਪਰ ਭਾਈ ਭਗਵਾਨ ਸਿੰਘ ਦਿਲੋਂ ਇਨਕਲਾਬੀ ਸਨ। ਜਲਦੀ ਹੀ ਉਹ ਬੇਲਾ ਸਿੰਘ ਹੋਰਾਂ ਦਾ ਸਾਥ ਛੱਡ ਕੇ ਦੇਸ਼ ਭਗਤ ਧੜੇ ਨਾਲ ਆ ਰਲ਼ੇ। ਇਸ ਨਾਲ਼ ਗਦਾਰ ਧੜੇ ਵਾਲ਼ੇ ਬੇਲਾ ਸਿੰਘ ਹੋਰੀਂ ਭਾਈ ਭਗਵਾਨ ਸਿੰਘ ਦੇ ਦੁਸ਼ਮਣ ਬਣ ਗਏ। ਇਸ ਤੋਂ ਜਲਦੀ ਪਿੱਛੋਂ ਭਾਈ ਭਗਵਾਨ ਸਿੰਘ ਆਪਣੇ ਇਨਕਲਾਬੀ ਲੇਖ ਲੈ ਕੇ ਵਿਕਟੋਰੀਆ ਸੰਸਾਰ ਵਾਲ਼ਿਆਂ ਦੇ ਦਫਤਰ ਗਏ। ਉਹ ਆਪਣੇ ਇਹ ਤੱਤੇ ਲੇਖ ਸੰਸਾਰ ਅਖਬਾਰ ਵਿੱਚ ਛਪਵਾਉਣੇ ਚਾਹੁੰਦੇ ਸਨ। ਐਡੀਟਰ ਕਰਤਾਰ ਸਿੰਘ ਹੋਰੀਂ ਇਹ ਲੇਖ ਸੰਸਾਰ ਅਖਬਾਰ ਵਿੱਚ ਛਾਪਣੋਂ ਇਹ ਕਹਿੰਦਿਆਂ ਨਾਂਹ ਕਰ ਦਿੱਤੀ ਕਿ ਇਸ ਨਾਲ਼ ਸਰਕਾਰ ਨਰਾਜ਼ ਹੋ ਜਾਵੇਗੀ। ਭਾਈ ਭਗਵਾਨ ਸਿੰਘ ਨੇ ਸੰਸਾਰ ਵਾਲ਼ਿਆਂ ਨੂੰ ‘ਨਿਪੁੰਸਕ’ ਆਖਿਆ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਖਬਾਰ ਅਤੇ ਦਫਤਰ ਕਿਉਂਕਿ ਲੋਕਾਂ ਦੇ ਪੈਸੇ ਨਾਲ਼ ਬਣੇ ਹਨ ਇਸ ਲਈ ਅਖਬਾਰ ਅਤੇ ਦਫਤਰ ਦੋਨੋਂ ਖਾਲਸਾ ਦੀਵਾਨ ਸੁਸਾਇਟੀ ਦੇ ਨਾਂ ਹੋਣੇ ਚਾਹੀਦੇ ਹਨ। ਸੰਸਾਰੀਆਂ ਨੇ ਇਸ ਨੂੰ ਸਖਤ ਸ਼ਬਦਾਂ ਵਿੱਚ ਨਿੰਦਿਆ ਤੇ ਆਖਿਆ ਕਿ ਭਾਈ ਭਗਵਾਨ ਸਿੰਘ ਇਹ ਸਾਰਾ ਕੁਛ ਪੈਸੇ ਦੇ ਲਾਲਚ ਵਿੱਚ ਕਰ ਰਿਹਾ ਹੈ।
ਹੁਣ ਸੰਸਾਰੀਏ ਵੀ ਭਾਈ ਭਗਵਾਨ ਸਿੰਘ ਦੇ ਦੁਸ਼ਮਣ ਬਣ ਗਏ। ‘ਦੁਸ਼ਮਣ ਦਾ ਦੁਸ਼ਮਣ ਮਿੱਤਰ’ ਅਨੁਸਾਰ ‘ਸੰਸਾਰੀਏ’ ਅਤੇ ‘ਇਮੀਗ੍ਰੇਸ਼ਨ ਧੜੇ’ ਵਾਲ਼ੇ ਮਿੱਤਰ ਬਣ ਗਏ। ਦੋਨਾਂ ਧੜਿਆਂ ਨੇ ਰਲ਼ਕੇ ਭਾਈ ਭਗਵਾਨ ਸਿੰਘ ਨੂੰ 19 ਨਵੰਬਰ 1913 ਨੂੰ ਕਨੇਡਾ ‘ਚੋਂ ਡੀਪੋਰਟ ਕਰਵਾਇਆ (ਵੈਸੇ ਸੰਸਾਰੀਆਂ ਨੇ ਮਗਰਮੱਛ ਦੇ ਹੰਝੂ ਵਹਾਉਂਦਿਆਂ ‘ਸੰਸਾਰ’ ਅਖਬਾਰ ਵਿੱਚ ਇਸ ਡੀਪੋਰਟੇਸ਼ਨ ਦੀ ਨਿੰਦਿਆ ਕੀਤੀ ਸੀ)। ਇਸ ਪਿੱਛੋਂ ਛੇਤੀ ਹੀ ਸੰਸਾਰੀਆਂ ਨੇ ਇਮੀਗਰੇਸ਼ਨ ਧੜੇ ਦੇ ਬੇਲਾ ਸਿੰਘ ਜਿਆਣ ਅਤੇ ਬਾਬੂ ਸਿੰਘ ਲਿੱਤਰਾਂ ਨੂੰ ਆਪਣੀ ਜਥੇਬੰਦੀ ‘ਯੂਨਾਈਟਿਡ ਇੰਡੀਆ ਐਸੋਸੀਏਸ਼ਨ’ ਦੇ ਮੈਂਬਰ ਲੈ ਲਿਆ।
ਦਰਅਸਲ ‘ਸੰਸਾਰੀਆ’ ਅਤੇ ‘ਦੇਸ਼ ਭਗਤਾਂ’ ਦੀ 1913 ਦੇ ਸ਼ੁਰੂ ਵਿੱਚ ਹੀ ਵਿਗੜ ਗਈ ਸੀ। ਵੈਨਕੂਵਰ ਦੇ ਸਿੱਖਾਂ ਨੇ 1911 ਦੇ ਆਖਰੀ ਮਹੀਨਿਆਂ ਦੌਰਾਨ ਪਰਿਵਾਰ ਮੰਗਵਾ ਸਕਣ ਦੀ ਇਜਾਜ਼ਤ ਲੈਣ ਲਈ ਔਟਵਾ ਨੂੰ ਡੈਪੂਟੇਸ਼ਨ ਭੇਜਿਆ ਸੀ। ਇਹ ਡੈਪੂਟੇਸ਼ਨ ‘ਸੰਸਾਰੀਆਂ’ ਦੀ ਅਗਵਾਈ ਥੱਲੇ ਭੇਜਿਆ ਗਿਆ ਸੀ। ‘ਸੰਸਾਰੀਏ’ ਪਰਿਵਾਰ ਮੰਗਵਾ ਸਕਣ ਦੀ ਇਜਾਜ਼ਤ ਲੈਣ ਵਿੱਚ ਕਾਮਜਾਬ ਨਹੀਂ ਸੀ ਹੋਏ। ਸਿੱਖ ਭਾਰੀਚਾਰਾ 1913 ਦੇ ਸ਼ੁਰੂ ਵਿੱਚ ਇਕ ਹੋਰ ਡੈਪੂਟੇਸ਼ਨ ਇੰਡੀਆ ਨੂੰ ਭੇਜਿਆ ਚਾਹੁੰਦਾ ਸੀ। ਸਿਖ ਕਮਿਊਨਿਟੀ ਇਹ ਡੈਪੂਟੇਸ਼ਨ ‘ਸੰਸਾਰੀਆਂ’ ਦੀ ਅਗਵਾਈ ਥੱਲੇ ਭੇਜਣ ਲਈ ਰਜ਼ਾਮੰਦ ਨਾ ਹੋਈ। ਇਹ ਡੈਪੂਟੇਸ਼ਨ ‘ਦੇਸ਼ ਭਗਤ ਧੜੇ’ ਦੇ ਲੀਡਰ, ਵੈਨਕੂਵਰ ਗੁਰਦੁਆਰੇ ਦੇ ਗਰੰਥੀ ਸਾਹਿਬਾਨ, ਭਾਈ ਬਲਵੰਤ ਸਿੰਘ ਖੁਰਦਪੁਰ ਦੀ ਅਗਵਾਈ ਥੱਲੇ ਭੇਜਿਆ ਗਿਆ ਸੀ। ਸੰਸਾਰੀਏ ਇਸ ਗੱਲੋਂ ਵੀ ਦੇਸ਼ ਭਗਤਾਂ ਨਾਲ਼ ਔਖੇ ਸਨ
‘ਸੰਸਾਰੀਆਂ’ ਅਤੇ ‘ਦੇਸ਼ ਭਗਤਾਂ’ ਵਿੱਚਕਾਰ ਝਗੜੇ ਦਾ ਵੱਡਾ ਕਾਰਨ ਪੈਸਾ ਸੀ। ਸੰਤ ਤੇਜਾ ਸਿੰਘ ਨੇ ਵੈਨਕੂਵਰ ਆਇਆਂ ਦਸੰਬਰ 1908 ਵਿੱਚ ਸਿੱਖਾਂ ਦੀ ਇਨਵੈਸਟਮੈਂਟ ਕੰਪਨੀ, ‘ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ’ ਸਥਾਪਤ ਕੀਤੀ ਸੀ। ਕੰਪਨੀ ਦੇ 251 ਸ਼ੇਅਰ ਹੋਲਡਰ ਸਨ। ਦਿਹਾੜੀ ਦੇ ਡੇਢ-ਦੋ ਡਾਲਰ ਕਮਾਉਣ ਵਾਲ਼ੇ ਸਿੱਖਾਂ ਤੋਂ ਸੰਤ ਤੇਜਾ ਸਿੰਘ ਨੇ ਪੰਜਾਹ ਹਜ਼ਾਰ ਡਾਲਰ ਇਕੱਠੇ ਕੀਤੇ
ਸਨ। ਸੰਤ ਤੇਜਾ ਸਿੰਘ ਆਪਣੀ ਕਿਤਾਬ ‘ਜੀਵਨ ਕਥਾ ਸੰਤ ਅਤਰ ਸਿੰਘ ਜੀ ਮਹਾਰਾਜ’ ਦੇ ਪੰਨਾ 300 ‘ਤੇ ਲਿਖਦੇ ਨੇ ਕਿ ਕੰਪਨੀ ਨੇ ਕੈਲੇਫੋਰਨੀਆ ਵਿੱਚ ਸੋਨੇ ਦੀ ਖਾਣ ਦੇ ਢਾਈ ਲੱਖ ਡਾਲਰ ਦੀ ਕੀਮਤ ਦੇ (25%) ਸ਼ੇਅਰ ਖਰੀਦੇ ਹੋਏ ਸਨ। ਕੰਪਨੀ ਨੇ ਬੁਰਾਡ ਇਨਲੈੱਟ ਦੇ ਉੱਤਰ ਵਿੱਚ ਸਮੁੰਦਰ ਕੰਢੇ ਈਗਲ ਹਾਰਬਰ ‘ਤੇ ਢਾਈ ਸੌ ਏਕੜ ਖਰੀਦੇ ਹੋਏ ਸਨ ਤੇ ਸ਼ਹਿਰ ਵਿੱਚ ਵੀ 10 ਏਕੜ ਲਏ ਹੋਏ ਸਨ।
‘ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ’ ਦੇ ਹਿਸਾਬ-ਕਿਤਾਬ ਵਿੱਚ ਹੋਏ ਘਪਲ਼ੇ ਸੰਸਾਰੀਆਂ ਅਤੇ ਦੇਸ਼ ਭਗਤਾਂ ਵਿੱਚਕਾਰ ਟਕਰਾਅ ਦਾ ਕਾਰਨ ਬਣੇ ਸਨ। ਸੰਸਾਰੀਏ ਪੈਸੇ ਦਾ ਹਿਸਾਬ-ਕਿਤਾਬ ਨਹੀਂ ਸੀ ਦੇ ਰਹੇ। ਝਗੜਾ ਵਧ ਗਿਆ ਸੀ। ਇਸ ਝਗੜੇ ਨੂੰ ਨਿਪਟਾਉਣ ਲਈ ਸੰਸਾਰੀਆਂ ਅਤੇ ਮਿਲੀਟੈਂਟ ਦੇਸ਼ ਭਗਤਾਂ ਵਿੱਚਕਾਰ 9 ਜਨਵਰੀ 1914 ਨੂੰ ਵੈਨਕੂਵਰ ਗੁਰਦੁਆਰੇ ਦੀ ਬੇਸਮੈਂਟ ਵਿੱਚ ਮੀਟਿੰਗ ਹੋਣੀ ਤਹਿ ਹੋਈ ਸੀ। ਪਰ ਸੰਸਾਰੀਆਂ ਦੇ ਮੁਖ ਨੁਮਾਇੰਦੇ ਡਾਕਟਰ ਸੁੰਦਰ ਸਿੰਘ ਅਤੇ ਕਰਤਾਰ ਸਿੰਘ ਹੁੰਦਲ ਡਰਦੇ ਮਾਰੇ ਇਸ ਮੀਟਿੰਗ ਵਿੱਚ ਪਹੁੰਚੇ ਹੀ ਨਹੀਂ ਸਨ। ਇਸ ਸੰਬੰਧ ਵਿੱਚ 15 ਜਨਵਰੀ, 1914 ਨੂੰ ਕੰਪਨੀ ਦੇ ਡਰੈਕਟਰਾਂ ਦੀ ਹੋਈ ਮੀਟਿੰਗ ਵਿੱਚ ਪਾਸ ਹੋਇਆ ਮਤਾ ਨੰਬਰ 2 ਬੜੀ ਰੋਸ਼ਨੀ ਪਾਉਂਦਾ ਹੈ: ‘’ਪੇਛ ਕੀਤਾ ਭਾਈ ਭਾਗ ਸਿੰਘ ਨੇ ਸੈਕੰਡ ਨਰੰਜਣ ਸਿੰਘ ਨੇ ਕੇ ਜੋ ਕਾਗਜ ਡਾਕਟਰ {ਸੁੰਦਰ ਸਿੰਘ} ਕਮਪਨੀ ਦੇ ਲੈ ਗਿਆ ਹੈ ਤੇ ਇਕ ਦਫਾ ਫੇਰ ਪੁਛਿਆ ਜਾਵੇ ਜੇ ਨਾਂ ਦੇਵੇ ਜਾਂ ਭੇਜੇ ਤਦ ਕਾਨੂੰਨੀ ਕਾਰਵਾਈ ਕੀਤੀ ਜਾਵੇ-’’( ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਦੀ 116 ਸਾਲ ਪੁਰਾਣੀ ਉਰਿਜਨਲ ਮਿਨਿਟ ਬੁੱਕ ਲੇਖਕ ਪਾਸ ਹੈ)।
23 ਮਈ 1914 ਨੂੰ ਕਾਮਾਗਾਟਾ ਮਾਰੂ ਆਪਣੇ 376 ਮੁਸਾਫਰਾਂ ਨਾਲ਼ ਵੈਨਕੂਵਰ ਆਇਆ ਸੀ। ਕਾਮਾਗਾਟਾ ਮਾਰੂ ਦਾ ਸਾਰਾ ਘੋਲ਼ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨਾਲ਼ ਜੁੜੇ ਦੇਸ਼ ਭਗਤਾਂ ਦੀ ਅਗਵਾਈ ਥੱਲੇ ਲੜਿਆ ਗਿਆ। ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੀ ਮੱਦਦ ਲਈ ਬਣੀ ਸਾਹਿਲ ਕਮੇਟੀ (Shore Committee) ਦੇ ਸਾਰੇ ਦੇ ਸਾਰੇ ਮੈਂਬਰ ‘ਖਾਲਸਾ ਦੀਵਾਨ ਸੁਸਾਇਟੀ’ ਨਾਲ਼ ਜੁੜੇ ਦੇਸ਼ ਭਗਤ ਸਨ। ਸੰਸਾਰੀਆਂ ਦਾ ਇਕ ਵੀ ਮੈਂਬਰ ‘ਸਾਹਿਲ ਕਮੇਟੀ’ ਵਿੱਚ ਨਹੀਂ ਸੀ ਲਿਆ ਗਿਆ।
ਡਾਕਟਰ ਸੁੰਦਰ ਸਿੰਘ ਤਾਂ ਕਾਮਾਗਾਟਾ ਮਾਰੂ ਦੇ ਵੈਨਕੂਵਰ ਪਹੁੰਚਣ ਤੋਂ ਕੁੱਝ ਦਿਨਾਂ ਬਾਅਦ ਹੀ ਮਈ ਦੇ ਆਖਰ ‘ਚ ਬੀ.ਸੀ. ਛੱਡ ਕੇ ਟੋਰੰਟੋ ਚਲਾ ਗਿਆ ਸੀ। ਇਸ ਪਿੱਛੋਂ ਕਪੂਰ ਵੀ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਜੂਨ 1914 ਵਿੱਚ ਡਾਕਟਰ ਸੁੰਦਰ ਸਿੰਘ ਕੋਲ਼ ਟੋਰੰਟੋ ਪਹੁੰਚ ਗਿਆ। ਬੀ. ਸੀ. ਵਿੱਚ ਰਹਿ ਗਿਆ ਸੰਸਾਰੀਆਂ ਦੇ ਵੱਡੇ ਲੀਡਰਾਂ ‘ਚੋਂ ਸਿਰਫ ਕਰਤਾਰ ਸਿੰਘ ਹੁੰਦਲ।
ਪੰਜ ਸਤੰਬਰ 1914 ਨੂੰ ਹਾਪਕਿਨਸਨ ਦੇ ਏਜੰਟ ਬੇਲਾ ਸਿੰਘ ਜਿਆਣ ਨੇ ਵੈਨਕੂਵਰ ਗੁਰਦੁਆਰੇ ਵਿੱਚ ਗੋਲ਼ੀ ਚਲਾ ਕੇ ਗੁਰਦੁਆਰੇ ਦੇ ਪਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਉਨ੍ਹਾਂ ਦੇ ਸਾਥੀ ਭਾਈ ਬਦਨ ਸਿੰਘ ਦਲੇਲ ਸਿੰਘ ਵਾਲਾ ਸ਼ਹੀਦ ਕਰ ਦਿੱਤੇ ਅਤੇ ਬਹੁਤ ਸਾਰੇ ਸਿੱਖ ਫੱਟੜ ਕਰ ਦਿੱਤੇ। ਪਤਾ ਨਹੀਂ ਸੰਸਾਰੀਆਂ ਦਾ ਇਨ੍ਹਾਂ ਕਤਲਾਂ ਨਾਲ਼ ਕੋਈ ਸੰਬੰਧ ਸੀ ਜਾਂ ਨਹੀਂ ਪਰ ਕਰਤਾਰ ਸਿੰਘ ਹੁੰਦਲ ਨੂੰ ‘ਗੁਰੂ ਨਾਨਕ ਮਾਈਨਿੰਗ ਐਂਡ ਟਰਸਟ ਕੰਪਨੀ’ ਵਿੱਚ ਕੀਤੇ ਘਪਲਿਆਂ ਕਾਰਨ ਡਰ ਸੀ ਕਿ ‘ਦੇਸ਼ ਭਗਤ ਧੜੇ’ ਵਾਲੇ ਇਹ ਸਮਝ ਸਕਦੇ ਹਨ। ਇਸ ਲਈ ਕਰਤਾਰ ਸਿੰਘ ਹੁੰਦਲ ਵੀ ਬੀ. ਸੀ. ‘ਚੋਂ ਪੱਤਰਾ ਵਾਚ ਗਿਆ ਤੇ ਟੋਰੰਟੋ ਆਪਣੇ ਸਾਥੀ ਸੰਸਾਰੀਆ ਕੋਲ਼ ਪੁੱਜ ਗਿਆ।
ਕਰਤਾਰ ਸਿੰਘ ਹੁੰਦਲ ਦਾ ਡਰ ਸੱਚਾ ਸੀ। ਖਾਲਸਾ ਦੀਵਾਨ ਸੁਸਾਇਟੀ ਨਾਲ਼ ਜੁੜੇ ਦੇਸ਼ ਭਗਤ ਸੱਚ-ਮੁੱਚ ਬਹੁਤ ਗੁੱਸੇ ਵਿੱਚ ਸਨ ਤੇ ਉਹ ਕਰਤਾਰ ਸਿੰਘ ਹੁੰਦਲ ਨੂੰ ਜਾਨੋਂ ਮਾਰਨ ਨੂੰ ਫਿਰਦੇ ਸਨ। ਇਸ ਸੰਬੰਧ ਵਿੱਚ ‘ਸੰਸਾਰ’ ਅਖਬਾਰ ਦੇ ਅਸਿਸਟੈਂਟ ਕੰਪੋਜ਼ਰ, ਮਾਹਿਲਪੁਰ ਨੇੜੇ ਛੋਟੇ ਸਰਹਾਲੇ ਦੇ ਬਤਨ ਸਿੰਘ ਦੀ 29 ਸਤੰਬਰ 1914 ਨੂੰ ਵਿਕਟੋਰੀਆ ਤੋਂ ਲਿਖੀ ਚਿੱਠੀ ਬੜਾ ਚਾਨਣ ਪਾੳਂਦੀ ਹੈ। ਇਸ ਚਿੱਠੀ ਵਿੱਚ ਟੋਰੰਟੋ ਪਹੁੰਚੇ ਕਰਤਾਰ ਸਿੰਘ ਹੁੰਦਲ ਨੂੰ ਬਤਨ ਸਿੰਘ ਲਿਖਦਾ ਹੈ, ‘’ਮੈਨੂੰ ਪੁੱਛਦਾ ਸੀ ਕਿ ਕਰਤਾਰ ਸਿੰਘ ਕਿੱਥੇ ਹੈ? ਮੈਂ ਕਿਹਾ ਕਿ ਵੈਨਕੂਵਰ ਗਏ ਹੋਏ ਹੈ। ਅੱਜ ਤਾਈਂ ਕਿਸੀ ਕੋ ਪਤਾ ਨਹੀਂ ਲੱਗਾ ਜੀ। ਆਪ ਨੂੰ ਮੁਨਛੇ ਦਾ ਭਾਈ ਬਹੁਤ ਢੂੰਡ ਰਿਹਾ ਹੈ। ਮੈਂ ਇੱਥੇ ਉੱਥੇ ਕਰ ਛੱਡਦਾ ਹਾਂ। 29 ਤ੍ਰੀਕ ਨੂੰ ਤੂੰਬੀ ਭੀ ਆਇਆ ਸਾ। ਮੈਂ ਇਹੀ ਜਵਾਬ ਦਿੰਦਾ ਰਿਹਾ ਹਾਂ ਕਿ ਅਜੇ ਹੁਣ ਹੀ ਗਏ ਹਨ।’’ (ਚਿੱਠੀ ਲੇਖਕ ਪਾਸ ਹੈ। 112 ਸਾਲ ਪੁਰਾਣੀ ਇਹ ਚਿੱਠੀ ਕਨੇਡਾ ਦੇ ਕਿਸੇ ਇਮੀਗ੍ਰੈਂਟ ਵੱਲੋਂ ਲਿਖੀ ਸ਼ਾਇਦ ਸਭ ਤੋਂ ਪੁਰਾਣੀ ਚਿੱਠੀ ਹੈ ਜੋ ਉਪਲਭਦ ਹੈ)।
ਪਹਿਲੇ ਸੰਸਾਰ ਯੁੱਧ ਦੌਰਾਨ, ਬਰਤਾਨਵੀ ਸਾਮਰਾਜ ਨੂੰ ਬਚਾਉਣ ਲਈ 9 ਸਿੱਖ ਕਨੇਡੀਅਨ ਵਿੱਚ ਭਰਤੀ ਹੋਏ ਸਨ, ਉਸ ਬਰਤਾਨਵੀ ਸਾਮਰਾਜ ਨੂੰ ਬਚਾਉਣ ਲਈ ਜਿਸ ਨੇ ਹਿੰਦੁਸਤਾਨ ਨੂੰ ਗੁਲਾਮ ਬਣਾਇਆ ਹੋਇਆ ਸੀ (ਇਨ੍ਹਾਂ ਸਾਮਰਾਜੀਆਂ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਵਾਉਣ ਲਈ ‘ਦੇਸ਼ ਭਗਤ ਧੜੇ’ ਦੇ 14 ਸਿੱਖ ਸ਼ਹੀਦ ਹੋਏ ਸਨ)। ਇਨ੍ਹਾਂ ਨੌਆਂ ਵਿੱਚੋਂ ਕੁੱਝ ਇੱਕ ਨੂੰ ਬਰਿਟਸ਼ ਕੋਲੰਬੀਆ ਵੱਲ ਭਰਤੀ ਗਦਾਰ ਧੜੇ ਦੇ ਬੇਲਾ ਸਿੰਘ ਜਿਆਣ ਅਤੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਦੇ ਡਾਕਟਰ ਰਘੂਨਾਥ ਸਿੰਘ ਨੇ ਕਰਵਾਇਆ ਸੀ (ਡਾਕਟਰ ਰਘੂਨਾਥ ਸਿੰਘ ਜਹਾਜ਼ ‘ਤੇ ਵਾਪਰ ਦੀ ਹਰ ਘਟਨਾ ਦੀ ਖਬਰ ਹਾਪਕਿਨਸਨ ਨੂੰ ਪਹੁੰਚਾਉਂਦਾ ਰਿਹਾ ਸੀ ਤੇ ਉਸ ਦੀ ਇਸ ਗਦਾਰੀ ਬਦਲੇ ਹਾਪਕਿਨਸਨ ਨੇ ਉਸ ਨੂੰ ਪਰਿਵਾਰ ਸਮੇਤ ਕਾਮਾਗਾਟਾ ਮਾਰੂ ਤੋਂ ਉਤਾਰ ਲਿਆ ਸੀ)। ਕੁੱਝ ਇੱਕ ਨੂੰ ਸੰਸਾਰੀਆਂ ਨੇ ਟੋਰੰਟੋ ਵੱਲ ਭਰਤੀ ਕਰਵਾਇਆ ਸੀ। ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਦੇ ਇੰਟੈਲੀਜੈਂਸ ਬਿਊਰੋ ਵੱਲੋਂ ਤਿਆਰ ਕੀਤੀ 1934 ਵਾਲ਼ੀ ਗਦਰ ਡਰੈਕਟਰੀ ਮੁਤਾਬਕ ਰਿਆਸਤ ਕਪੂਰਥਲਾ ਦੇ ਪਿੰਡ ਢਪਈ ਦਾ ਵਰਿਆਮ ਸਿੰਘ (ਵਜ਼ੀਰ ਸਿੰਘ ਦਾ ਪੁੱਤਰ) ਟੋਰੰਟੋ ਵਿੱਚ ਅਪਰੈਲ, 1915 ਨੂੰ ਸੀ.ਆਰ. ਐਫ. ਦੀ 38ਵੀਂ ਰਜਮੈਂਟ ਵਿੱਚ ਭਰਤੀ ਹੋਇਆ ਸੀ। ਵਰਿਆਮ ਸਿੰਘ ਟੋਰੰਟੋ ਵਲ ਸੰਸਾਰੀਆਂ ਦੇ ਨਾਲ ਹੀ ਬੀ. ਸੀ. ‘ਚੋਂ ਗਿਆ ਸੀ ਤੇ ਉਸ ਨੂੰ ਫੌਜ ਵਿੱਚ ਭਰਤੀ ਵੀ ‘ਸੰਸਾਰੀਆਂ’ ਨੇ ਹੀ ਕਰਵਾਇਆ ਸੀ। ਮਾਰਚ 1918 ਵਿੱਚ ਵਰਿਆਮ ਸਿੰਘ ਨੂੰ ਫੌਜ ਵਿੱਚੋਂ ਡਿਸਚਾਰਜ ਕਰ ਦਿੱਤਾ ਗਿਆ ਸੀ। ਵਾਪਸ ਵੈਨਕੂਵਰ ਆਉਣ ਤੇ ਸਿੱਖ ਭਾਈਚਾਰੇ ਨੇ ਉਸਦਾ ਮੁਕੰਮਲ ਬਾਈਕਾਟ ਕਰ ਦਿੱਤਾ ਸੀ। ਕੋਈ ਮੂੰਹ ਨਹੀਂ ਸੀ ਲਾਉਂਦਾ ਉਸ ਨੂੰ। ਘਰ ਨਹੀਂ ਸੀ ਵੜਨ ਦਿੰਦਾ ਕੋਈ ਉਸ ਨੂੰ । ਭਾਈਚਾਰਾ ਨਰਾਜ਼ ਸੀ ਉਸ ਨਾਲ, ਉਸਦੇ ਫੌਜ ਵਿੱਚ ਭਰਤੀ ਹੋਣ ਕਰਕੇ।
ਮਾਹਿਲਪੁਰ ਏਰੀਏ ਦਾ ਬੁੱਕਣ ਸਿੰਘ ਬੈਂਸ 14 ਸਾਲ ਦੀ ਉਮਰੇ 1907 ਵਿੱਚ ਕਨੇਡਾ ਆਇਆ ਸੀ। ਇਥੇ ਉਹ ਸੰਸਾਰੀਆਂ ਕੋਲ਼ ਹੀ ਰਹਿੰਦਾ ਰਿਹਾ ਸੀ। 1914 ਵਿੱਚ ਉਹ ਸੰਸਾਰੀਆਂ ਦੇ ਨਾਲ਼ ਹੀ ਬੀ.ਸੀ. ਤੋਂ ਟੋਰੰਟੋ ਵਲ ਗਿਆ ਸੀ ਤੇ ਉਨ੍ਹਾਂ ਦੇ ਨਾਲ਼ ਹੀ ਮਿਸਟਰ ਮੂਰ ਦੇ ਫਾਰਮ ‘ਤੇ ਕੰਮ ਕਰਦਾ ਰਿਹਾ ਸੀ। 1915 ਦੀ ਬਹਾਰ ਰੁੱਤੇ ਸੰਸਾਰੀਆਂ ਨੇ ਹੀ ਉਸ ਨੂੰ ਕਨੇਡੀਅਨ ਫੌਜ ਵਿੱਚ ਭਰਤੀ ਕਰਵਾਇਆ ਸੀ।
ਸੰਸਾਰੀਆਂ ਨੇ ਟੋਰੰਟੋ ਜਾ ਕੇ ਉੱਥੋਂ ਅੰਗਰੇਜ਼ੀ ਦਾ ਮਾਸਿਕ ਅਖਬਾਰ ‘’Canada And India ਕੱਢਿਆ ਸੀ। ਇਹ ਅਖਬਾਰ ਅੰਗਰੇਜ਼ ਸਾਮਰਾਜੀਆਂ ਨੂੰ ਖੁਸ਼ ਕਰਨ ਲਈ ਕੱਢਿਆ ਗਿਆ ਸੀ। ਦਸੰਬਰ 1916 ਦੇ ‘ਕੈਨੇਡਾ ਐਂਡ ਇੰਡੀਆ’ ਦੇ ਪਹਿਲੇ ਸਫੇ ‘ਤੇ ਲਿਖਿਆ ਹੋਇਆ ਸੀ: ‘’ਜਾਣਕਾਰੀ ਅਤੇ ਮੇਲ-ਮਿਲਾਪ ਦਾ ਅਖਬਾਰ ਜੋ ਹਰ ਮਹੀਨੇ ਅੰਗਰੇਜ਼ੀ ਰਾਜ ਦੇ ਹਿਤਾਂ ਖਾਤਰ ਕੱਢਿਆ ਜਾਂਦਾ ਹੈ।’’ ‘ A Journal of Information And Conciliation is issued monthly in the interests of the British Empire. (ਅਖਬਾਰ ਲੇਖਕ ਕੋਲ਼ ਹੈ) ਇਸ ਦੇ ਉੱਲਟ ਦੇਸ਼ ਭਗਤਾਂ ਦੇ ਅਖਬਾਰ ‘ਗ਼ਦਰ’ ਦੇ ਮੱਥੇ ‘ਤੇ ਲਿਖਿਆ ਹੁੰਦਾ ਸੀ, ‘’ਅੰਗਰੇਜ਼ੀ ਰਾਜ ਦਾ ਜਾਨੀ ਦੁਸ਼ਮਣ।’’ ਜ਼ਮੀਨ ਅਸਮਾਨ ਦਾ ਫਰਕ ਸੀ ਸੰਸਾਰੀਆਂ ਅਤੇ ਦੇਸ਼ ਭਗਤਾਂ ਦੀ ਸੋਚ ਵਿੱਚ।
ਕਪੂਰ ਨੇ ਦੋ ਸਾਲ ਟੋਰੰਟੋ ਵਲ ਬਿਤਾਏ। ਇਨ੍ਹਾਂ ਦੋ ਸਾਲਾਂ ਵਿੱਚ ਬੀ.ਸੀ. ਸੂਬੇ ਦੇ ਦੇਸ਼ ਭਗਤ (ਗਦਰੀ) ਹਿੰਦੁਸਤਾਨ ਨੂੰ ਜਾ ਚੁੱਕੇ ਸਨ। ਕੋਈ ਖਤਰਾ ਨਾ ਵੇਖਦਿਆਂ ਕਪੂਰ ਅਕਤੂਬਰ 1916 ਵਿੱਚ ਬੀ. ਸੀ. ਵਿੱਚ ਵਾਪਸ ਆ ਗਿਆ। ਵਾਪਸ ਆ ਕੇ ਕਪੂਰ ਨੇ ਬੀ ਸੀ. ਵਿੱਚ ਲੱਕੜ ਮਿੱਲਾਂ ਦਾ ਬਿਜ਼ਨਸ ਕੀਤਾ। ਸੈਂਕੜੇ ਹਿੰਦੁਸਤਾਨੀ, ਗੋਰੇ, ਜਾਪਾਨੀ, ਚੀਨੇ, ਗਰੀਕ ਤੇ ਹੋਰ ਕੌਮਾਂ ਦੇ ਮਜ਼ਦੂਰ ਕੰਮ ਕਰਦੇ ਸਨ ਉਸ ਲਈ। ਬਹੁਤ ਅਮੀਰ ਬਣ ਗਿਆ ਸੀ ਉਹ। ਹਿੰਦੁਸਤਾਨੀ ਭਾਈਚਾਰੇ ਵਿੱਚ ਸਭ ਤੋਂ ਅਮੀਰ ਸੀ ਹੁਣ ਉਹ। ਭਾਈਚਾਰੇ ਵਿੱਚ ਸਭ ਪਾਸੇ ਕਪੂਰ ਹੀ ਕਪੂਰ ਹੁੰਦੀ ਸੀ। ਖਾਸ ਤੌਰ ਤੇ ਖਾਲਸਾ ਦੀਵਾਨ ਸੁਸਾਇਟੀ ਦੇ ਪਰਧਾਨ ਭਾਈ ਭਗਵਾਨ ਸਿੰਘ ਦੋਸਾਂਝ ਦੇ ਜੈਤੋ ਦੇ ਮੋਰਚੇ ਵਿੱਚ ਜਥਾ ਲੈ ਕੇ ਜਾਣ ਪਿੱਛੋਂ ਤਾਂ ਕਪੂਰ ਹਰ ਪਾਸੇ ਪੂਰੀ ਤਰ੍ਹਾਂ ਛਾ ਗਿਆ ਸੀ। ਢਪਈ ਦਾ ਵਰਿਆਮ ਸਿੰਘ ਜਿਹੜਾ ਟੋਰੰਟੋ ਵਲ ਸੰਸਾਰੀਆ ਨੇ ਕਨੇਡੀਅਨ ਫੌਜ ਵਿੱਚ ਭਰਤੀ ਕਰਵਾਇਆ ਸੀ ਤੇ ਜਿਸ ਦਾ ਵਾਪਸ ਵੈਨਕੂਵਰ ਆਏ ਦਾ ਭਾਈਚਾਰੇ ਨੇ ਬਾਈਕਾਟ ਕੀਤਾ ਸੀ। ਹੁਣ ਓਹੀ ਵਰਿਆਮ ਸਿੰਘ 1926 ‘ਚ ਖਾਲਸਾ ਦੀਵਾਨ ਸੋਸਾਇਟੀ ਵੈਨਕੂਵਰ ਦਾ ਪਰਧਾਨ ਸੀ। ਇਹ ਸਾਰਾ ਕੁਛ ਭਾਈਚਾਰੇ ਵਿੱਚ ਕਪੂਰ ਸਿੰਘ ਦੀ ‘ਬੱਲੇ ਬੱਲੇ’ ਕਰਕੇ ਹੋ ਸਕਿਆ ਸੀ।
ਕਪੂਰ ਸਿੰਘ 1916 ਵਿੱਚ ਬੀ. ਸੀ. ਵਿੱਚ ਵਾਪਸ ਆ ਗਿਆ ਸੀ ਪਰ ਡਾਕਟਰ ਸੁੰਦਰ ਸਿੰਘ ਅਤੇ ਕਰਤਾਰ ਸਿੰਘ ਹੁੰਦਲ ਟੋਰੰਟੋ ਵਲ ਹੀ ਰਹੇ ਸਨ। ਟੋਰੰਟੋ ਵੱਲ 14 ਸਾਲ ਰਹਿ ਕੇ ਦਸੰਬਰ 1928 ਵਿੱਚ ਕਰਤਾਰ ਸਿੰਘ ਹੁੰਦਲ ਟੋਰੰਟੋ ਤੋਂ ਵਾਪਸ ਵੈਨਕੂਵਰ ਆ ਗਿਆ ਸੀ। ਟੋਰੰਟੋ ਵਿੱਚ ਸੰਸਾਰੀਏ ਅੰਗਰੇਜ਼ੀ ਦਾ ਅਖਬਾਰ ‘ਕੈਨੇਡਾ ਐਂਡ ਇੰਡੀਆ’ ਕੱਢਦੇ ਰਹੇ ਸੀ। ਹੁਣ ਕਰਤਾਰ ਸਿੰਘ ਹੁੰਦਲ਼ ਨੇ ਵਾਪਸ ਆ ਕੇ ਜੂਨ 1929 ਵਿੱਚ ਵੈਨਕੂਵਰ ਤੋਂ ਗੁਰਮੁਖੀ ਤੇ ਅੰਗਰੇਜ਼ੀ ਦਾ ਰਲਵਾਂ ਅਖਬਾਰ ‘ਇੰਡੀਆ ਐਂਡ ਕੈਨੇਡਾ’ ਕੱਢਿਆ। ਇਸ ਅਖਬਾਰ ਵਿੱਚ ਬਹੁਤੀਆਂ ਖਬਰਾਂ ਗਾਂਧੀ ਜਾਂ ਕਾਂਗਰਸ ਪਾਰਟੀ ਬਾਰੇ ਹੁੰਦੀਆਂ ਸਨ।
ਸੰਸਾਰੀਆਂ ਨੇ 17 ਅਗਸਤ 1930 ਨੂੰ ਐਤਵਾਰ ਵਾਲ਼ੇ ਦਿਨ ਵੈਨਕੂਵਰ ਗੁਰਦੁਆਰੇ ਦੀ ਬੇਸਮੈਂਟ ਵਿੱਚ ਮੀਟਿੰਗ ਕਰ ਕੇ ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਦੀ ਸਥਾਪਨਾ ਕੀਤੀ। ‘ਇੰਡੀਆ ਐਂਡ ਕੈਨੇਡਾ’ ਮੁਤਾਬਕ ਇਸ ਮੀਟਿੰਗ ਵਿੱਚ ਬਾਬੂ ਕਪੂਰ ਸਿੰਘ ਖੜੌਦੀ ਸਰਬ ਸੰਮਤੀ ਨਾਲ਼ ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਦੇ ਪਰਧਾਨ ਅਤੇ ਭਾਈ ਗੁਰਦਿੱਤ ਸਿੰਘ ਬਿਲਗਾ ਸਕੱਤਰ ਚੁਣੇ ਗਏ।
ਭਾਈ ਸੁਰੈਣ ਸਿੰਘ ਮੁਹੇਮ ਮੀਤ ਪਰਧਾਨ ਅਤੇ ਕਰਤਾਰ ਸਿੰਘ ਹੁੰਦਲ ਮੀਤ ਸਕੱਤਰ ਬਣਾਏ ਗਏ। ਕਾਰਜ ਸਾਧਕ ਕਮੇਟੀ ਦੇ ਤੇਰਾਂ ਮੈਂਬਰ ਚੁਣੇ ਗਏ। ਉੱਪਰਲੇ ਚਾਰ ਬੰਦਿਆਂ ਤੋਂ ਇਲਾਵਾ ਇਸ ਕਾਰਜ ਸਾਧਕ ਕਮੇਟੀ ਦੇ ਬਾਕੀ ਦੇ ਨੌਂ ਮੈਂਬਰ ਸਨ: 1. ਗੁਰਬਚਨ ਸਿੰਘ ਟੂਟੋਮਜਾਰਾ, 2. ਭਾਈ ਹਰਬੰਸ ਸਿੰਘ, 3. ਭਾਈ ਬਤਨ ਸਿੰਘ, 4. ਭਾਈ ਸਾਧੂ ਸਿੰਘ, 5. ਭਾਈ ਚੰਨਣ ਸਿੰਘ, 6. ਭਾਈ ਮਿਤ ਸਿੰਘ, 7. ਭਾਈ ਹੀਰਾ ਸਿੰਘ ਢੱਡਾ, 8 . ਭਾਈ ਮੋਹਣ ਸਿੰਘ ਮਾਹਲਪੁਰ, 9. ਭਾਈ ਜੀਵਨ ਸਿੰਘ।
‘ਕਨੇਡੀਅਨ ਹਿੰਦੋਸਤਾਨੀ ਕਾਂਗਰਸ’ ਦੀ ਸਥਾਪਨਾ ਪਿੱਛੋਂ 1930 ਦੇ ਅਖੀਰ ਵਿੱਚ ਕਰਤਾਰ ਸਿੰਘ ਹੁੰਦਲ ਹੋਰੀਂ ‘ਕਾਂਗਰਸ’ ਦੇ ਪਰਚਾਰ ਲਈ ਕੈਲੇਫੋਰਨੀਆ ਗਏ। ਉੱਥੇ ਮੈਰਿਸਵਿਲ ਸ਼ਹਿਰ ਵਿੱਚ ਇਨ੍ਹਾਂ ਦੀ ਬੜੇ ਨੰਗਲ ਦੇ ਦਲ਼ੀਪ ਸਿੰਘ ਫਾਹਲੇ ਨਾਲ਼ ਗੱਲ ਹੋਈ। ਫਾਹਲੇ ਨੇ ਇਨ੍ਹਾਂ ਨੂੰ ਗਦਰ ਆਸ਼ਰਮ ਵਿੱਚ ਜਾ ਕੇ ਗੱਲ ਕਰਨ ਨੂੰ ਆਖਿਆ। ਗਦਰ ਆਸ਼ਰਮ ਵਿੱਚ ਇਨ੍ਹਾਂ ਨਾਲ਼ ਤੇਜਾ ਸਿੰਘ ਸੁਤੰਤਰ ਨੇ ਗੱਲ ਕੀਤੀ ਜੋ ਕਿ ਦਸੰਬਰ 1929 ਤੋਂ ਜਨਵਰੀ 1931 ਤੱਕ ਅਮਰੀਕਾ ਵਿੱਚ ਸੀ। ਸੁਤੰਤਰ ਨੇ ਕਰਤਾਰ ਸਿੰਂਘ ਹੋਰਾਂ ਨੂੰ ਆਖਿਆ ਕਿ ਗਦਰ ਪਾਰਟੀ ਦਾ ਕਿਸੇ ਵੀ ਹੋਰ ਜਥੇਬੰਦੀ ਨਾਲ਼ ਕੋਈ ਸੰਬੰਧ ਨਹੀਂ ਜਿਹੜੀ ਕਿ ਗਦਰ ਪਾਰਟੀ ਦੇ ਅਸੂਲਾਂ ਨਾਲ ਸਹਿਮਤ ਨਾ ਹੋਵੇ। ਸੁਤੰਤਰ ਦਾ ਮਤਲਬ ਸਾਫ ਸੀ ਕਿ ਹਥਿਆਰਬੰਦ ਇਨਕਲਾਬ ਵਿੱਚ ਯਕੀਨ ਰੱਖਣ ਵਾਲ਼ੀ ਗਦਰ ਪਾਰਟੀ ਕਾਂਗਰਸ ਵਰਗੀ ਜਥੇਬੰਦੀ ਨਾਲ਼ ਸੰਬੰਧ ਰੱਖਣ ਨੂੰ ਤਿਆਰ ਨਹੀਂ ਸੀ। ਬਾਅਦ ਵਿੱਚ ਮੋਗਾ ਜ਼ਿਲ੍ਹੇ ‘ਚ ਪੈਂਦੇ ਨਿਹਾਲ ਸਿੰਘ ਵਾਲਾ ਦੇ ਬੱਗਾ ਸਿੰਘ ਧਾਲੀਵਾਲ ਨੇ ਜਨਵਰੀ 1931 ‘ਚ ਅਮਰੀਕਾ ਤੋਂ ਕਨੇਡਾ ਆ ਕੇ ਲੋਕਾਂ ਨੂੰ ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਤੋਂ ਦੂਰ ਰਹਿਣ ਨੂੰ ਆਖਿਆ। ਗਦਰ ਪਾਰਟੀ ਵਾਲ਼ਿਆਂ ਅਕਤੂਬਰ 1931 ਚ ਦਲੀਪ ਸਿੰਘ ਫਾਹਲੇ ਨੂੰ ਵੀ ਇਸ ਕੰਮ ਲਈ ਵੈਨਕੂਵਰ ਭੇਜਿਆ। ਪਰ ਇਸ ਵਿੱਚ ਉਨ੍ਹਾਂ ਨੂੰ ਬਹੁਤੀ ਸਫਲਤਾ ਨਾ ਮਿਲ਼ੀ ਕਿਉਂੁਕ ਇਸ ਵਕਤ ਵੱਡਾ ਮੰਂਦਵਾੜਾ ਚੱਲ ਰਿਹਾ ਸੀ। ਜੌਬਾਂ ਦੀ ਬੜੀ ਘਾਟ ਸੀ ਤੇ ਬਹੁਤੇ ਸਿੱਖ ਕਪੂਰ ਲਈ ਹੀ ਕੰਮ ਕਰਦੇ ਸਨ। ਕੋਈ ਵੀ ਸਿੱਖ ਕਪੂਰ ਸਿੰਘ ਨਾਲ ਵਿਗਾੜਨੀ ਨਹੀਂ ਸੀ ਚਾਹੁੰਦਾ। ਦਰਅਸਲ ਗਦਰੀਆਂ ਦੇ ਕਨੇਡਾ ਛੱਡ ਜਾਣ ਪਿੱਛੋਂ ਹੁਸੈਨ ਰਹੀਮ ਅਤੇ ਸੋਹਣ ਲਾਲ ਵਰਗੇ ਗਰਮ ਖਿਆਲੀ ਵੀ ਕਪੂਰ ਸਿੰਘ ਵਰਗੇ ਧਨੀ ਸੰਸਾਰੀਆਂ ਦੇ ਨੇੜੇ ਹੋ ਬਹਿੰਦੇ ਸਨ।
ਅਕਤੂਬਰ 1930 ਵਿੱਚ ਭਗਤ ਸਿੰਘ ਹੋਰਾਂ ਨੂੰ ਫਾਂਸੀ ਦਾ ਹੋ ਹੁਕਮ ਹੋ ਗਿਆ ਸੀ॥ ਭਗਤ ਸਿੰਘ ਹੋਰਾਂ ਦੇ ਬਚਾਓ ਲਈ ਬਣੀ ਡਿਫੈਂਸ ਕਮੇਟੀ ਫਾਂਸੀ ਦੀ ਇਸ ਸਜ਼ਾ ਵਿਰੁੱਧ ਲੰਡਨ ਵਿੱਚਲੀ ਪ੍ਰਿਵੀ ਕੌਂਸਲ ਕੋਲ਼ ਅਪੀਲ ਕਰਨਾ ਚਾਹੁੰਦੀ ਸੀ॥ ਅਪੀਲ ਕਰਨ ਵਾਸਤੇ ਪੈਸੇ ਚਾਹੀਦੇ ਸਨ। ਡਿਫੈਂਸ ਕਮੇਟੀ ਵਾਲ਼ਿਆਂ ਪੈਸਿਆਂ ਵਾਸਤੇ ਕਨੇਡਾ ਦੀ ਹਿੰਦੁਸਤਾਨੀ ਕਮਿਊਮਿਟੀ ਨੂੰ ਅਪੀਲ ਕੀਤੀ। ਕਨੇਡਾ ਦੀ ਸਿੱਖ ਕਮਿਊਨਿਟੀ ਨੇ ਹਜ਼ਾਰਾਂ ਡਾਲਰ ਇਕੱਠੇ ਕਰਕੇ ਭਗਤ ਸਿੰਘ ਹੋਰਾਂ ਦੀ ਅਪੀਲ ਵਾਸਤੇ ਭੇਜੇ। ਇਹ ਸਾਰੇ ਪੈਸੇ ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਵਾਲ਼ਿਆਂ ਇਕੱਠੇ ਕਰਕੇ ਭੇਜੇ ਸਨ। ‘ਵੈਕੂਵਰ ਮੇਨਲੈਂਡ ਅਤੇ ‘ਵੈਨਕੂਵਰ ਆਈਲੈਂਡਜ਼’ ਉੱਤੇ ਜੱਥਿਆਂ ਦੇ ਜੱਥੇ ਉਗਰਾਹੀ ਵਾਸਤੇ ਘੁੰਮ ਰਹੇ ਸਨ। ਲੋਕਾਂ ਵਿੱਚ ਉਸੇ ਕਿਸਮ ਦਾ ਜੋਸ਼ ਤੇ ਰੋਹ ਸੀ ਜਿਸ ਤਰ੍ਹਾਂ ਦਾ ‘ਕਾਮਾਗਾਟਾ ਮਾਰੂ’ ਦੇ ਦਿਨਾਂ ਵਿੱਚ ਸੀ।
ਇਹ ਤਾਂ ਸੱਚ ਹੈ ਕਿ ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਵਾਲ਼ਿਆਂ ਭਗਤ ਸਿੰਘ ਹੋਰਾਂ ਦੀ ਅਪੀਲ ਵਾਸਤੇ ਕਨੇਡਾ ਵਿੱਚ ਪੈਸੇ ਇਕੱਠੇ ਕੀਤੇ। ਪਰ ਸਵਾਲ ਪੈਦਾ ਹੁੰਦਾ ਹੈ ਕਿ ਸ਼ਾਂਤੀ ਵਿੱਚ ਯਕੀਨ ਰੱਖਣ ਵਾਲ਼ੀ ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਵਾਲ਼ਿਆਂ ਭਗਤ ਸਿੰਘ ਹੋਰਾਂ ਵਰਗੇ ਇਨਕਲਾਬੀਆਂ ਨੂੰ ਬਚਾਉਣ ਲਈ ਪੈਸੇ ਇਕੱਠੇ ਕਿਉਂ ਕੀਤੇ? ਇਸ ਬਾਰੇ ਅਸੀਂ ਯਕੀਨ ਨਾਲ਼ ਕੁਛ ਨਹੀਂ ਕਹਿ ਸਕਦੇ।
ਪਰ ਸਾਡੇ ਖਿਆਲ ਵਿੱਚ ਤਿੰਨ ਕਾਰਨ ਹੋ ਸਕਦੇ ਹਨ। ਪਹਿਲਾ ਕਾਰਨ: ਹੋ ਸਕਦਾ ਹੈ ਕਿ ਕਪੂਰ ਤੇ ਕਰਤਾਰ ਸਿੰਘ ਹੁੰਦਲ ਹੋਰੀਂ ਸੱਚ-ਮੁੱਚ ਭਗਤ ਸਿੰਘ ਹੋਰਾਂ ਨੂੰ ਬਚਾਇਆ ਚਾਹੁੰਦੇ ਹੋਣ। ਕਾਂਗਰਸ ਦੇ ਆਮ ਵਰਕਰ ਤਾਂ ਚੰਗੇ ਸਨ। ਦੂਸਰਾ ਕਾਰਨ: ਡਿਫੈਂਸ ਕਮੇਟੀ ਦੀ ਮੈਂਬਰ ਲਾਲਾ ਲਾਜਪਤ ਰਾਏ ਦੀ ਧੀ ਪਾਰਬਤੀ ਦੇਵੀ ਅਤੇ ਉਨ੍ਹਾਂ ਦੀ ਸਾਥਣ ਲੱਜਿਆ ਦੇਵੀ ਸਨ। ਉਨ੍ਹਾਂ ਵਲੋਂ ਆਈ ਬੇਨਤੀ ਨੂੰ ‘ ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਨੂੰ ਮੰਨਣਾ ਹੀ ਪੈਣਾ ਸੀ। ਤੀਸਰਾ ਕਾਰਨ: ਕੁਛ ਲੋਕਾਂ ਦਾ ਖਿਆਲ ਹੈ ਕਿ ਕਨੇਡਾ ਦੇ ਬਹੁਤੇ ਸਿੱਖ ਭਗਤ ਸਿੰਘ ਹੋਰਾਂ ਨਾਲ਼ ਹਮਦਰਦੀ ਰੱਖਦੇ ਸਨ। ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਵਾਲ਼ੇ ਇਨ੍ਹਾਂ ਲੋਕਾਂ ਵਿੱਚ ਆਪਣਾ ਅਸਰ-ਰਾਸੂਖ ਬਣਾਈ ਰੱਖਣ ਲਈ ਇਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਦੇ ਵਿਰੁੱਧ ਨਹੀਂ ਸੀ ਜਾ ਸਕਦੇ। ਕਾਰਨ ਕੁਛ ਵੀ ਹੋਵੇ ਪਰ ਇਹ ਸਚਾਈ ਹੈ ਕਿ ਭਗਤ ਸਿੰਘ ਹੋਰਾਂ ਨੂੰ ਬਚਾਉਣ ਲਈ ‘ਕਨੇਡੀਅਨ ਹਿੰਦੁਸਤਾਨੀ ਕਾਂਗਰਸ’ ਵਾਲ਼ਿਆਂ ਕਨੇਡਾ ‘ਚੋਂ ਹਜ਼ਾਰਾਂ ਡਾਲਰ ਇਕੱਠੇ ਕਰਕੇ ਭੇਜੇ ਸਨ (ਅਕਤੂਬਰ, ਨਵੰਬਰ 1930 ਦੇ ‘ਇੰਡੀਆ ਐਂਡ ਕੈਨੇਡਾ’ ਦੇ ਅੰਕ ਜਿਨ੍ਹਾਂ ਵਿੱਚ ਕੀਤੀ ਉਗਰਾਹੀ ਦਾ ਵੇਰਵਾ ਹੈ, ਲੇਖਕ ਪਾਸ ਹਨ)।
ਦੂਜਾ ਸੰਸਾਰ ਯੁੱਧ ਹੋਣ ਵੇਲੇ ਬਹੁਤ ਸਾਰੇ ਸਿਖ ਕਨੇਡਾ ਵਿੱਚ ਗੈਰ-ਕਾਨੂੰਨੀ ਢੰਗ ਨਾਲ਼ ਰਹਿ ਰਹੇ ਸਨ। ਇਨ੍ਹਾਂ ਦੇ ਸਿਰ ‘ਤੇ ਹਰ ਵੇਲੇ ਡੀਪੋਰਟੇਸ਼ਨ ਦੀ ਤਲਵਾਰ ਲਟਕਦੀ ਰਹਿੰਦੀ ਸੀ। ਵੈਨਕੂਵਰ ਦੇ ਸਿੱਖ ਇਨ੍ਹਾਂ ਨੂੰ ‘ਪੱਕੇ’ ਕਰਵਾਉਣ ਲਈ ਕਨੇਡੀਅਨ ਸਰਕਾਰ ਦੀਆਂ ਮਿੰਨਤਾਂ ਕਰ ਕਰ ਥੱਕ ਚੁੱਕੇ ਸਨ। ਬਰਨਬੀ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਰੀਟਾਇਰਡ ਹਿਸਟਰੀ ਦੇ ਪ੍ਰੋਫੈਸਰ ਡਾਕਟਰ ਹਿਊ ਜੌਹਨਸਟਨ ਆਪਣੀ ਕਿਤਾਬ ‘ਜਿਊਲ ਆਫ ਦਾ ਕਿਲਾ’ ਦੇ ਪੰਨਾ 144 ‘ਤੇ ਲਿਖਦੇ ਨੇ ਕਿ ਦੂਜਾ ਸੰਸਾਰ ਯੁੱਧ ਸ਼ੁਰੂ ਹੋਣ ਵੇਲੇ ਕਨੇਡੀਅਨ ਸਰਕਾਰ {ਜਿਹੜੀ ਕਿ ਬਰਤਾਨਵੀ ਹਿਤਾਂ ਦੀ ਰਾਖੀ ਕਰਨਾ ਆਪਣਾ ਪਵਿੱਤਰ ਫਰਜ਼ ਸਮਝਦੀ ਸੀ} ਨਹੀਂ ਸੀ ਚਾਹੁੰਦੀ ਕਿ ਸਿੱਖ ਪਹਿਲੇ ਸੰਸਾਰ ਯੁੱਧ ਵਾਂਗ ਬਰਤਾਨੀਆਂ ਲਈ ਕੋਈ ਮੁਸ਼ਕਿਲ ਖੜ੍ਹੀ ਕਰਨ। ਇਸ ਲਈ ਕਨੇਡੀਅਨ ਸਰਕਾਰ ਸਿੱਖਾਂ ਨੂੰ ਖੁਸ਼ ਕਰਨ ਲਈ ਇਨ੍ਹਾਂ ਗੈਰ-ਕਾਨੂੰਨੀ ਇਮੀਗ੍ਰੈਂਟਾਂ ਨੂੰ ‘ਪੱਕੇ’ ਕਰਨ ਲਈ ਤਿਆਰ ਸੀ। ਇਸ ਮੌਕੇ ਸਰਕਾਰ ਨੇ ਵਕੀਲ ਡੀ. ਪੀ. ਪਾਂਡੀਆ, ਜਿਹੜਾ ਕਿ ‘ਥੀਓਸੌਫੀਕਲ ਸੁਸਾਇਟੀ’ ਨੇ ਕਨੇਡਾ ਭੇਜਿਆ ਸੀ, ਨੂੰ ਵਰਤਿਆ। ਕਪੂਰ ਅਤੇ ਮੇਓ ਸਿੰਘ ਨੇ ਆਪਣੇ ਕੋਲੋਂ ਬਹੁਤ ਸਾਰੇ ਪੈਸੇ ਖਰਚ ਕੇ ਉਹਨੂੰ ਔਟਵਾ ਭੇਜਿਆ। ਸਰਕਾਰ ਨੇ ਸਿੱਖਾਂ ਨੂੰ ਖੁਸ਼ ਕਰਨ ਲਈ ਪਾਂਡੀਏ ਰਾਹੀਂ ਸੈਂਕੜੇ ਗੈਰ ਕਾਨੂੰਨੀ ਹਿੰਦੁਸਤਾਨੀ ਇਮੀਗਰੈਂਟ ‘ਪੱਕੇ’ ਕਰ ਦਿੱਤੇ (ਹੋਰ ਪਾਂਡੀਏ ਕੋਲ਼ ਕਿਹੜੀ ਜਾਦੂ ਦੀ ਛੜੀ ਸੀ? ਸਾਧੂ ਸਿੰਘ ਧਾਮੀ ਅਤੇ ਅਨੂਪ ਸਿੰਘ ਢਿੱਲੋਂ 1938 ਵਿੱਚ ਔਟਵਾ ਜਾ ਕੇ ਜ਼ੋਰ ਲਾ ਆਏ ਸੀ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਸੀ ਹੋਈ)। ਇਸ ਨਾਲ਼ ਸੰਸਾਰੀਆਂ ਦਾ ਵਕਾਰ ਕਮਿਊਨਿਟੀ ਵਿੱਚ ਹੋਰ ਵਧਿਆ।
ਭਹੁਤ ਸਾਰੇ ਇਤਿਹਾਸਕਾਰ ਕਲੇਮ ਕਰਦੇ ਨੇ ਕਿ ਸੰਸਾਰੀਆਂ ਨੇ ਪਾਂਡੀਏ ਰਾਹੀਂ ਹਿੰਦੁਸਤਾਨੀਆ ਨੂੰ ਕਨੇਡਾ ਵਿੱਚ ਵੋਟ ਦਾ ਹੱਕ ਲੈ ਕੇ ਦਿੱਤਾ ਸੀ। ਇਹ ਗੱਲ ਦਰੁਸਤ ਨਹੀਂ। ਦਰਅਸਲ ਜਦੋਂ ਵੋਟ ਦੇ ਹੱਕ ਲਈ ਸੰਘਰਸ਼ ਸਿਖਰਾਂ ਉੱਤੇ ਸੀ ਉਦੋਂ ਪਾਂਡੀਆ ਕਨੇਡਾ ਵਿੱਚ ਹੀ ਨਹੀਂ ਸੀ। ਇਸੇ ਲਈ 1942 ਤੋਂ ਲੈ ਕੇ 1945 ਤੱਕ ਜਿਹੜੇ ਵੀ ਡੈਪੂਟੇਸ਼ਨ ਵਿਕਟੋਰੀਆ ਨੂੰ ਗਏ ਸਨ ਪਾਂਡੀਆ ਇਨ੍ਹਾਂ ਵਿੱਚ ਸ਼ਾਮਲ ਨਹੀਂ ਸੀ (ਸੁਖਵੰਤ ਹੁੰਦਲ ਤੇ ਸਾਧੂ ਬਿੰਨਿੰਗ ਦੀ ਕਿਤਾਬ ‘ਭਾਰਤੀਆਂ ਨੇ ਕਨੇਡਾ ਵਿੱਚ ਵੋਟ ਦਾ ਹੱਕ ਕਿਵੇਂ ਲਿਆ’)। ਸਚਾਈ ਇਹ ਹੈ ਕਿ ਵੋਟ ਦੇ ਹੱਕ ਲਈ ਸਾਰੇ ਦਾ ਸਾਰਾ ਸੰਘਰਸ਼ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸਕੱਤਰ ਨਗਿੰਦਰ ਸਿੰਘ ਗਿੱਲ (ਚੂਹੜਚੱਕ), ਕਾਮਰੇਡ ਦਰਸ਼ਨ ਸਿੰਘ ਕਨੇਡੀਅਨ ਅਤੇ ਲੱਕੜ ਮਿੱਲਾਂ ਦੀ ਯੂਨੀਅਨ (ਆਈ. ਡਬਲਯੂ. ਏ.) ਨਾਲ਼ ਸੰਬੰਧਿਤ ਹੈਰਲਡ ਪਰਿਚਟ ਦੀ ਅਗਵਾਈ ਵਿੱਚ ਲੜਿਆ ਗਿਆ ਸੀ। ਪਾਂਡੀਆ 1 ਨਵੰਬਰ 1946 ਵਾਲ਼ੇ ਡੈਪੂਟੇਸ਼ਨ ਵਿੱਚ ਜ਼ਰੂਰ ਸ਼ਾਮਲ਼ ਸੀ। ਪਰ ਉਦੋਂ ਤੱਕ ਖਾਲਸਾ ਦੀਵਾਨ ਵੈਨਕੂਵਰ ਦੇ ਸਕੱਤਰ ਨਗਿੰਦਰ ਸਿੰਘ ਗਿੱਲ ਹੋਰੀਂ ਮੋਰਚਾ ਜਿੱਤ ਲਿਆ ਸੀ।
ਹਿੰਦੁਸਤਾਨੀਆਂ ਨੂੰ ਵੋਟ ਪਾਉਣ ਦਾ ਹੱਕ 2 ਅਪਰੈਲ 1947 ਨੂੰ ਮਿਲ਼ ਗਿਆ ਸੀ। ਸਰਦਾਰ ਨਗਿੰਦਰ ਸਿੰਘ ਗਿੱਲ ਪਹਿਲੇ ਹਿੰਦੁਸਤਾਨੀ ਸਨ ਜਿਨ੍ਹਾਂ ਨੂੰ ਕਨੇਡੀਅਨ ਪਾਸਪੋਰਟ ਮਿਲ਼ਿਆ।
ਸੰਸਾਰੀਆਂ ਦੇ ਧੜੇ ਦੇ ਡਾਕਟਰ ਸੁੰਦਰ ਸਿੰਘ ਅਤੇ ਕਰਤਾਰ ਸਿੰਘ ਹੁੰਦਲ ਵਰਗੇ ਲੀਡਰਾਂ ਬਾਰੇ ਲਿਖਣਾ ਸੌਖਾ ਹੈ ਪਰ ਬਾਬੂ ਕਪੂਰ ਸਿੰਘ ਖੜੌਦੀ ਬਾਰੇ ਲਿਖਣਾ ਬੜਾ ਔਖਾ ਹੈ। ਪਤਾ ਨਹੀ ਲਗ ਰਿਹਾ ਉਨ੍ਹਾਂ ਨੂੰ ਕਿਹੜੇ ਪਾਸੇ ਰੱਖੀਏ, ਚੰਗੇ ਜਾਂ ਮਾੜੇ ਪਾਸੇ? ਬਾਬੂ ਕਪੂਰ ਸਿੰਘ ਬਾਰੇ ਲਿਖਦਿਆਂ ਮੈਨੂੰ ਕਿਸੇ ਵਿਦਵਾਨ ਦੀਆਂ ਲਿਖੀਆਂ ਉਹ ਸਤਰਾਂ ਯਾਦ ਆਉਂਦੀਆਂ ਹਨ ਜਿਨ੍ਹਾਂ ਰਾਹੀਂ ਇਤਿਹਾਸਕਾਰ ਨੂੰ ਸਾਵਧਾਨ ਕਰਦਿਆਂ ਉਹ ਕਹਿੰਦਾ ਹੈ, ‘’ਇਤਿਹਾਸਕਾਰ, ਜਿਨ੍ਹਾਂ ਬਾਰੇ ਤੂੰ ਲਿਖਣ ਲੱਗਾਂ ਉਨ੍ਹਾਂ ਨੇ ਕਬਰਾਂ ‘ਚੋਂ ਉੱਠ ਤੇਰਾ ਹੱਥ ਫੜਨ ਨਹੀਂ ਆਉਣਾ। ਤੂੰ ਆਪ ਹੀ ਧਿਆਨ ਰੱਖੀਂ।’’
ਸੰਸਾਰੀਆਂ ਦੇ ਧੜੇ ਦੇ ਲੀਡਰਾਂ ‘ਚੋਂ ਹੋਣ ਕਰਕੇ ਬਾਬੂ ਕਪੂਰ ਸਿੰਘ ਦਾ ਨਾਂ ਡਾਕਟਰ ਸੁੰਦਰ ਸਿੰਘ ਅਤੇ ਕਰਤਾਰ ਸਿੰਘ ਹੁੰਦਲ ਨਾਲ਼ ਜੁੜਨਾ ਹੀ ਜੁੜਨਾ ਸੀ। ਉਨ੍ਹਾਂ ਦੇ ਬਹੁਤੇ ਕੰਮ ਵੀ ਸੰਸਾਰੀਆਂ ਵਾਲ਼ੇ ਹੀ ਸਨ। ਪਰ ਉਨ੍ਹਾਂ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਸਨ।
ਬਾਬੂ ਕਪੂਰ ਸਿੰਘ ਨੂੰ ਅਮਰੀਕਾ ਲੈ ਕੇ ਆਉਣ ਵਾਲ਼ਾ ਭਾਈ ਪਿਆਰਾ ਸਿੰਘ ਲੰਗੇਰੀ ਸੀ। ਅਮਰੀਕਾ ਵਿੱਚ ਹੁੰਦਿਆਂ ਦੋਨੋਂ ਗੂਹੜੇ ਦੋਸਤ ਬਣ ਗਏ ਸਨ। ਦੋਸਤ ਹੀ ਨਹੀਂ ਸਗੋਂ ਉਹ ਧਰਮ-ਭਰਾ ਬਣੇ ਹੋਏ ਸਨ। ਪਿਆਰਾ ਸਿੰਘ ਲੰਗੇਰੀ ਸੰਸਾਰੀਆਂ ਦੇ ਧੜੇ ਦਾ ਬੰਦਾ ਸੀ। ਉਹ ਟੋਰੰਟੋ ਵੱਲ ਸੰਸਾਰੀਆਂ ਦੇ ਨਾਲ਼ ਹੀ ਗਿਆ ਸੀ। ਟੋਰੰਟੋ ਦੇ ਚੜ੍ਹਦੇ ਪਾਸੇ ਪਿਕਰਿੰਗ ਨੇੜੇ ਰੋਜ਼ਬੈਂਕ ਵਿੱਚ ਮਿਸਟਰ ਮੂਰ ਦੇ ਫਾਰਮ ਤੇ ਕੰਮ ਵੀ ਉਹ ਕਪੂਰ ਹੋਰਾਂ ਦੇ ਨਾਲ਼ ਹੀ ਕਰਦਾ ਸੀ। ਸੰਸਾਰ ਯੁੱਧ ਛਿੜਨ ‘ਤੇ ਜਦੋਂ ਗਦਰ ਪਾਰਟੀ ਨੇ ਹਿੰਦੁਸਤਾਨੀਆਂ ਨੂੰ ਦੇਸ਼ ਜਾ ਕੇ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਕਰਨ ਦਾ ਸੱਦਾ ਦਿੱਤਾ ਤਾਂ ਭਾਈ ਪਿਆਰਾ ਸਿੰਘ ਕਪੂਰ ਹੋਰਾਂ ਨੂੰ ਟੋਰੰਟੋ ‘ਚ ਛੱਡ, ਸਾਨਫਰਾਂਸਿਸਕੋ ਜਾ ਕੇ ਜਹਾਜ਼ੇ ਚੜ੍ਹ ਗਿਆ ਸੀ। ਕਪੂਰ ਉਸ ਨਾਲ਼ ਨਰਾਜ਼ ਨਹੀਂ ਸੀ ਹੋਇਆ। ਸਗੋਂ ਸਾਰੀ ਉਮਰ ਦੋਸਤ ਰਿਹਾ ਸੀ ਉਸਦਾ।
ਭਾਈ ਪਿਆਰਾ ਸਿੰਘ ਲਗੇਰੀ ਨੇ 17 ਜਨਵਰੀ 1959 ਨੂੰ ਪੰਜਾਬੀ ਦੇ ਦਰਵੇਸ਼ ਲਿਖਾਰੀ ਹੀਰਾ ਸਿੰਘ ਦਰਦ ਕੋਲ਼ ਆਪਣੀ ਜ਼ਿੰਦਗੀ ਬਾਰੇ ਬਿਆਨ ਲਿਖਵਾਇਆ ਸੀ। ਆਪਣੇ ਇਸ ਬਿਆਨ ਵਿੱਚ ਪਿਆਰਾ ਸਿੰਘ ਲੰਗੇਰੀ ਦਸਦੇ ਨੇ ਕਿ ਅਮਰੀਕਾ ਵਿੱਚ ਹੁੰਦਿਆਂ ਕਪੂਰ ਸਿੰਘ ਦੇਸੋਂ ਆਏ ਨਵੇਂ ਇਮੀਗ੍ਰੈਂਟਾਂ ਦੀ ਮਦਦ ਕਰਿਆ ਕਰਦੇ ਸਨ।
ਪ੍ਰੋਫੈਸਰ ਮਲਵਿੰਦਰਜੀਤ ਸਿੰਘ ਵੱਲੋਂ ਸੰਪਾਦਿਤ, ‘ਆਤਮ ਕਥਾ ਸੰਤ ਵਸਾਖਾ ਸਿੰਘ’ ਵਿੱਚ ਭਾਈ ਵਸਾਖਾ ਸਿੰਘ ਲਿਖਦੇ ਨੇ ਕਿ ਅਮਰੀਕਾ ਵਿੱਚ ਹੁੰਦਿਆਂ ਬਾਬੂ ਕਪੂਰ ਸਿੰਘ ਧਾਰਮਿਕ ਕੰਮਾਂ ਵਿੱਚ ਉਨ੍ਹਾਂ ਦੀ ਮਾਇਕ ਸਹਾਇਤਾ ਕਰਿਆ ਕਰਦੇ ਸਨ। ਪਰ ਉਹ ਮੁਲਕੀ ਕੰਮਾਂ ਵਿੱਚ ਹਿੱਸਾ ਨਹੀਂ ਸੀ ਲੈਂਦੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਬੂ ਕਪੂਰ ਸਿੰਘ ਗਰਮ ਖਿਆਲਾਂ ਦੇ ਗਦਰੀ ਨਹੀਂ ਸਨ ਪਰ ਫੇਰ ਵੀ ਉਹ ਆਪਣੇ ਤਰੀਕੇ ਨਾਲ਼ ਹਿੰਦੁੋਸਤਾਨ ਦੀ ਆਜ਼ਾਦੀ ਲਈ ਅਤੇ ਕਨੇਡਾ ਵਿੱਚ ਆਪਣੇ ਲੋਕਾਂ ਦੇ ਭਲੇ ਲਈ ਕੰਮ ਕਰਦੇ ਰਹੇ ਸਨ। ਜਦੋਂ 1919 ਵਿੱਚ ਪਰਿੰਸ ਆਫ ਵੇਲਜ਼ ਵੈਨਕੂਵਰ ਆਇਆ ਸੀ ਤਾਂ ਬਾਬੂ ਕਪੂਰ ਸਿੰਘ ਨੇ ਰਹੀਮ ਹੋਰਾਂ ਨਾਲ਼ ਰਲ਼ਕੇ ਉਸ ਨੂੰ ਹਿੰਦੁਸਤਾਨੀਆਂ ਦੀਆਂ ਕਨੇਡਾ ਵਿੱਚ ਮੁਸ਼ਕਿਲਾਂ ਬਾਰੇ ਦੱਸਿਆ ਸੀ। 1927 ਵਿੱਚ ਲਾਰਡ ਵਾਲਿੰਗਡਨ ਕਨੇਡਾ ਵਿੱਚ ਆਇਆ ਤਾਂ ਬਾਬੂ ਕਪੂਰ ਸਿੰਘ ਨੇ ਹੋਰ ਲੀਡਰਾਂ ਨਾਲ਼ ਰਲ਼ਕੇ ਉਸ ਕੋਲ਼ ਹਿੰਦੁਸਤਾਨੀਆਂ ਨੂੰ ਕਨੇਡਾ ਵਿੱਚ ਵੋਟ ਦਾ ਹੱਕ ਦਿੱਤੇ ਜਾਣ ਪਟੀਸ਼ਨ ਬਾਰੇ ਪੇਸ਼ ਕੀਤੀ ਸੀ।
ਪਿੰਡ ਖੜੌਦੀ ‘ਚ 1928 ਵਿੱਚ ਬੱਬਰਾਂ ਦੀ ਵੱਡੀ ਕਾਨਫਰੰਸ ਹੋਈ ਸੀ। ਕਪੂਰ ਸਿੰਘ ਨੇ ਆਪਣੇ ਪਿੰਡ ਹੋਈ ਇਸ ਕਾਨਫਰੰਸ ਦੀ ਕਾਮਯਾਬੀ ਲਈ ਕਨੇਡਾ ਤੋਂ ਪੈਸੇ ਭੇਜੇ ਸਨ। ਬਾਬੂ ਕਪੂਰ ਸਿੰਘ ਨੇ ਆਪਣੇ ਕੋਲ਼ੋਂ ਪੈਸੇ ਖਰਚ ਕੇ 1936 ਵਿੱਚ ਵੈੇਨਕੂਵਰ ਗੁਰਦੁਆਰੇ ਦੀ ਮੇਜਰ ਰੈਨੋਵੇਸ਼ਨ ਕਰਵਾਈ ਸੀ। ਇਸ ਮੌਕੇ ਕਪੂਰ ਸਿੰਘ ਨੇ ਬਹੁਤ ਸਾਰੇ ਪੈਸੇ ਦੇ ਕੇ ਚੋਟੀ ਦੇ ਆਰਟਿਸਟ ਤੋਂ ਗੁਰੂ ਨਾਨਕ ਦੇਵ ਜੀ ਦੀ ਪੱਥਰ ਦੇ ਟੁਕੜਿਆਂ ਤੋਂ ਫੋਟੋ ਬਣਵਾਈ ਸੀ। ਹੁਣ ਇਹ ਫੋਟੋ ਰੌਸ ਸਟਰੀਟ ਗੁਰਦੁਆਰੇ ਦੇ ਬਾਹਰ ਲੱਗੀ ਹੋਈ ਹੈ।
ਬੰਗਿਆਂ ਕੋਲ਼ ਦੇ ਪਿੰਡ ਪੰਡੋਰੀ ਲੱਧਾ ਸਿੰਘ ਦੇ 96 ਸਾਲਾ ਮਨਜੀਤ ਸਿੰਘ ਢਿੱਲੋਂ (ਪ੍ਰਸਿੱਧ ਗਦਰੀ ਨਿਰੰਜਨ ਸਿੰਘ ਦਾ ਪੋਤਾ) 1946 ਤੋਂ ਵੈਨਕੂਵਰ ਵਿੱਚ ਰਹਿ ਰਹੇ ਹਨ। ਅਸੀਂ ਉਨ੍ਹਾਂ ਨੂੰ ਬਾਬੂ ਕਪੂਰ ਸਿੰਘ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ‘’ਕਪੂਰ ਵਧੀਆ ਬੰਦਾ ਸੀ।’’ ਜਦੋਂ ਅਸੀਂ ਉਨ੍ਹਾਂ ਨੂੰ ਸਾਧੂ ਬਿਨਿੰਗ, ਮੱਖਣ ਟੁੱਟ, ਸਤਵੰਤ ਹੁੰਦਲ ਅਤੇ ਡਾ. ਹਰੀ ਸ਼ਰਮਾ ਹੋਰਾਂ ਵਲੋਂ ਦਰਸ਼ਨ ਸਿੰਘ ਕਨੇਡੀਅਨ ਨਾਲ਼ ਕੀਤੀ ਉਸ ਲੰਮੀ ਇੰਟਰਵਿਊ ਬਾਰੇ ਦੱਸਿਆ ਜਿਸ ਵਿੱਚ ਦਰਸ਼ਨ ਸਿੰਘ ਕਹਿੰਦਾ ਹੈ ਕਿ ਜਦੋਂ ਉਹ ਇੰਡੀਆ ਤੋਂ ਨਵਾਂ ਨਵਾਂ ਆਇਆ ਸੀ ਤਾਂ ਉਹ ਵੈਨਕੂਵਰ ਆਈਲੈਂਡ ‘ਤੇ ਕਪੂਰ ਸਿੰਘ ਦੀ ਲੱਕੜ ਮਿੱਲ ਵਿੱਚ ਕੰਮ ਲੱਭਣ ਗਿਆ ਸੀ। ਦਰਸ਼ਨ ਸਿੰਘ ਆਪਣੇ ਚਾਚੇ ਕੋਲ਼ ਠਹਿਰਿਆ ਹੋਇਆ ਸੀ ਜੋ ਕਿ ਉੱਥੇ ਮਿੱਲ ਦੇ ਬੰਕ ਹਾਊਸ ਵਿੱਚ ਰਹਿੰਦਾ ਸੀ॥ ਚਾਚੇ ਨੇ ਹਰ ਰੋਜ਼ ਕੰਮ ਤੋਂ ਬਾਅਦ ਕਪੂਰ ਸਿੰਘ ਕੋਲ਼ ਜਾ ਕੇ ਮਿੰਨਤਾਂ ਕਰਨੀਆਂ ਤੇ ਆਪਣੇ ਭਤੀਜੇ ਲਈ ਕੰਮ ਮੰਗਣਾ। ਦਰਸ਼ਨ ਸਿੰਘ ਕਨੇਡੀਅਨ ਦੱਸਦੇ ਨੇ ਕਿ ਪੰਜ-ਛੇ ਦਿਨਾਂ ਬਾਅਦ ਕਪੂਰ ਸਿੰਘ ਨੇ ਉਨ੍ਹਾਂ ਨੂੰ ਕੰਮ ਉੱਤੇ ਰੱਖ ਲਿਆ ਪਰ ‘’ਜਿੱਦਣ ਕਪੂਰ ਸਿੰਘ ਨੇ ਮੈਨੂੰ ਕੰਮ ਉੱਤੇ ਰੱਖਿਆ ਚਾਚੇ ਨੂੰ ਉਸੇ ਦਿਨ ਮਿੱਲ ਚੋਂ ਛੁੱਟੀ ਕਰ ਦਿੱਤੀ। ਚਾਚਾ ਕਪੂਰ ਸਿੰਘ ਲਈ ਸ਼ਾਇਦ ਪੁਰਾਣਾ ਘੋੜਾ ਹੋ ਚੁੱਕਾ ਸੀ। ਸੱਠ ਸਾਲ ਦਾ ਬਿਰਧ ਸੀ। ਉਹ ਉਹਨੇ ਹਟਾ ਦਿੱਤਾ ਤੇ ਉਹਦੀ ਥਾਂ 20 ਸਾਲਾਂ ਦਾ ਨਵਾਂ ਘੋੜਾ ਰੱਖ ਲਿਆ।’’ ਕਪੂਰ ਸਿੰਘ ਬਾਰੇ ਦਰਸ਼ਨ ਸਿੰਘ ਕਨੇਡੀਅਨ ਦੀ ਇਹ ਟਿੱਪਣੀ ਸੁਣ ਢਿੱਲੋਂ ਸਾਹਿਬ ਕਹਿਣ ਲੱਗੇ ‘’ਇੱਦਾਂ ਤਾਂ ਸਰਮਏਦਾਰ ਕਰਦੇ ਹੀ ਹੁੰਦੇ ਆ।’’
ਸਾਨੂੰ ਬਾਬੂ ਕਪੂਰ ਸਿੰਘ ਬਾਰੇ ਜੋ ਕੁਛ ਵੀ ਪਤਾ ਸੀ ਉਹ ਸਭ ਲਿਖ ਦਿੱਤਾ ਹੈ। ਉਸ ਦੇ ਚੰਗਾ ਜਾਂ ਮਾੜਾ ਹੋਣ ਬਾਰੇ ਅਸੀਂ ਕੁਛ ਨਹੀਂ ਕਹਾਂਗੇ। ਬਾਬੂ ਕਪੂਰ ਸਿੰਘ ਚੰਗਾ ਸੀ ਜਾਂ ਮਾੜਾ ਇਸ ਗੱਲ ਬਾਰੇ ਸਾਥੋਂ ਸਿਆਣਾ ਕੋਈ ਇਤਿਹਾਸਕਾਰ ਹੋਰ ਖੋਜ ਕਰਕੇ ਲਿਖੇਗਾ।

