ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਕੰਜ਼ਰਵੇਟਿਵ ਪਾਰਟੀ ਨੇ ਮੰਗਲਵਾਰ ਨੂੰ ਇੱਕ ਇਤਿਹਾਸਕ ਐਲਾਨ ਕਰਦਿਆਂ ਦੱਸਿਆ ਕਿ ਪਾਰਟੀ ਦੀ ਲੀਡਰਸ਼ਿਪ ਚੋਣ ਵਿੱਚ ਹਿੱਸਾ ਲੈਣ ਲਈ ਸੂਬੇ ਭਰ ਵਿੱਚੋਂ ਰਿਕਾਰਡ 42,000 ਮੈਂਬਰਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਪਾਰਟੀ ਦੇ ਕਾਰਜਕਾਰੀ ਨਿਰਦੇਸ਼ਕ ਐਂਜਲੋ ਇਸੀਡੋਰੂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਪਾਰਟੀ ਕੋਲ ਸਿਰਫ਼ ਕੁਝ ਸੌ ਮੈਂਬਰ ਸਨ, ਜੋ ਦਸੰਬਰ 2025 ਤੱਕ ਵੱਧ ਕੇ 7,000 ਹੋਏ ਅਤੇ ਹੁਣ ਇਹ ਅੰਕੜਾ 42,000 ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਬੀਸੀ ਕੰਜ਼ਰਵੇਟਿਵ ਪਾਰਟੀ ਬ੍ਰਿਟਿਸ਼ ਕੋਲੰਬੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਕੇ ਉੱਭਰੀ ਹੈ। ਇਸੀਡੋਰੂ ਅਨੁਸਾਰ ਇਹ ਵਾਧਾ ਆਮ ਨਾਗਰਿਕਾਂ ਦੀ ਬਦਲਾਅ ਪ੍ਰਤੀ ਇੱਛਾ ਨੂੰ ਦਰਸਾਉਂਦਾ ਹੈ।
ਪਾਰਟੀ ਨੇ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਸਾਰੇ ਪੰਜ ਉਮੀਦਵਾਰਾਂ ਦੀ ਮੌਜੂਦਗੀ ਦੀ ਵੀ ਪੁਸ਼ਟੀ ਕੀਤੀ ਹੈ। ਇਹਨਾਂ ਸਾਰੇ ਉਮੀਦਵਾਰਾਂ ਨੇ ਚੋਣ ਪ੍ਰਕਿਰਿਆ ਵਿੱਚ ਬਣੇ ਰਹਿਣ ਲਈ ਲੋੜੀਂਦੀ 60,000 ਡਾਲਰ ਦੀ ਫੀਸ ਜਮ੍ਹਾਂ ਕਰਵਾ ਦਿੱਤੀ ਹੈ। ਹੁਣ ਇਹ ਪੰਜੇ ਉਮੀਦਵਾਰ ਲੀਡਰਸ਼ਿਪ ਚੋਣ ਲਈ ਬੈਲਟ ਪੇਪਰ ‘ਤੇ ਹੋਣਗੇ। ਉਮੀਦਵਾਰਾਂ ਦੀ ਸੂਚੀ ਵਿੱਚ ਮੌਜੂਦਾ ਵਿਧਾਇਕ ਪੀਟਰ ਮਿਲੋਬਾਰ, ਪ੍ਰਸਿੱਧ ਉੱਦਮੀ ਯੂਰੀ ਫੁਲਮਰ, ਰਾਜਨੀਤਿਕ ਟਿੱਪਣੀਕਾਰ ਕੈਰੋਲਿਨ ਇਲੀਅਟ, ਸਾਬਕਾ ਸੂਬਾਈ ਮੰਤਰੀ ਇਆਨ ਬਲੈਕ ਅਤੇ ਸਾਬਕਾ ਫੈਡਰਲ ਮੰਤਰੀ ਕੇਰੀ-ਲਿਨ ਫਿੰਡਲੇ ਦੇ ਨਾਮ ਸ਼ਾਮਲ ਹਨ। ਫਿਲਹਾਲ ਟ੍ਰੈਵਰ ਹਾਲਫੋਰਡ ਪਾਰਟੀ ਦੇ ਅੰਤਰਿਮ ਨੇਤਾ ਵਜੋਂ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵੱਲੋਂ ਇਹਨਾਂ 42,000 ਮੈਂਬਰਾਂ ਦੀ ਦੂਜੇ ਪੜਾਅ ਦੀ ਤਸਦੀਕ ਕੀਤੀ ਜਾਵੇਗੀ। ਜੇਕਰ ਇਹ ਮੈਂਬਰ ਸਾਰੇ ਮਾਪਦੰਡਾਂ ‘ਤੇ ਖਰੇ ਉਤਰਦੇ ਹਨ, ਤਾਂ ਉਹ ਆਪਣੇ ਮਨਪਸੰਦ ਆਗੂ ਨੂੰ ਚੁਣਨ ਲਈ ਵੋਟ ਪਾ ਸਕਣਗੇ। ਪਾਰਟੀ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਇਹ ਉਤਸ਼ਾਹ ਪਾਰਟੀ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਵਿੱਚ ਸਹਾਈ ਹੋਵੇਗਾ। ਲੀਡਰਸ਼ਿਪ ਦੀ ਇਹ ਚੋਣ ਨਾ ਸਿਰਫ਼ ਪਾਰਟੀ ਦਾ ਭਵਿੱਖ ਤੈਅ ਕਰੇਗੀ, ਸਗੋਂ ਸੂਬੇ ਦੀ ਰਾਜਨੀਤੀ ਵਿੱਚ ਵੀ ਇੱਕ ਵੱਡਾ ਮੋੜ ਸਾਬਤ ਹੋ ਸਕਦੀ ਹੈ। This report was written by Ekjot Singh as part of the Local Journalism Initiative.
ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਬਣਾਇਆ ਰਿਕਾਰਡ, 42,000 ਮੈਂਬਰ ਜੁੜੇ

