11.4 C
Vancouver
Saturday, May 9, 2026

ਮੈਕਸੀਕੋ ਦੇ ਪਿਰਾਮਿਡਾਂ ਉੱਤੇ ਗੋਲੀਬਾਰੀ, ਇੱਕ ਕੈਨੇਡੀਅਨ ਸੈਲਾਨੀ ਦੀ ਮੌਤ

ਸਰੀ, (ਏਕਜੋਤ ਸਿੰਘ): ਮੈਕਸੀਕਨ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨੇ ਇਤਿਹਾਸਕ ਪਿਰਾਮਿਡਾਂ ਉੱਤੇ ਹੋਈ ਗੋਲੀਬਾਰੀ ਦੀ ਜਾਂਚ ਦਾ ਵਾਅਦਾ ਕੀਤਾ ਹੈ, ਜਿਸ ਵਿੱਚ ਇੱਕ ਕੈਨੇਡੀਅਨ ਸੈਲਾਨੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਸ਼ੀਨਬੌਮ ਨੇ ਇੱਕ ਬਿਆਨ ਵਿੱਚ ਕਿਹਾ ਕਿ ਟਿਓਤਿਹੁਆਕਨ ਪਿਰਾਮਿਡਾਂ ਵਿਖੇ ਹੋਈ ਇਸ ਘਟਨਾ ਨੇ ਉਨ੍ਹਾਂ ਦੀ ਸਰਕਾਰ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ ਅਤੇ ਉਹ ਕੈਨੇਡੀਅਨ ਦੂਤਘਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਆਪਣੀ ਸੰਵੇਦਨਾ ਪ੍ਰਗਟ ਕੀਤੀ।
ਅਧਿਕਾਰੀਆਂ ਅਨੁਸਾਰ ਇੱਕ ਹਥਿਆਰਬੰਦ ਵਿਅਕਤੀ ਨੇ ਸੋਮਵਾਰ ਨੂੰ ਇਤਿਹਾਸਕ ਪਿਰਾਮਿਡਾਂ ਉੱਤੇ ਖੜ੍ਹੇ ਹੋ ਕੇ ਸੈਲਾਨੀਆਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਮੈਕਸੀਕੋ ਦੀ ਰਾਜਧਾਨੀ ਦੇ ਉੱਤਰ ਵਿੱਚ ਸਥਿਤ ਇਸ ਪੁਰਾਤੱਤਵ ਸਥਾਨ ਉੱਤੇ ਹੋਏ ਹਮਲੇ ਵਿੱਚ ਇੱਕ ਕੈਨੇਡੀਅਨ ਦੀ ਜਾਨ ਚਲੀ ਗਈ ਅਤੇ ਘੱਟੋ-ਘੱਟ 13 ਲੋਕ ਜ਼ਖਮੀ ਹੋ ਗਏ। ਹਮਲਾਵਰ ਦੀ ਪਛਾਣ 27 ਸਾਲਾ ਮੈਕਸੀਕਨ ਨਾਗਰਿਕ ਜੂਲੀਓ ਸੀਜ਼ਰ ਜੈਸੋ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬਾਅਦ ਵਿੱਚ ਜੈਸੋ ਦੀ ਆਪਣੇ ਆਪ ਨੂੰ ਗੋਲੀ ਮਾਰਨ ਕਾਰਨ ਮੌਤ ਹੋ ਗਈ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਉੱਥੋਂ ਇੱਕ ਬੰਦੂਕ, ਇੱਕ ਚਾਕੂ ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਸਥਾਨਕ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਜੈਸੋ ਇਸ ਹਮਲੇ ਵਿੱਚ ਇਕੱਲਾ ਹੀ ਸ਼ਾਮਲ ਸੀ। ਗੋਲੀਬਾਰੀ ਦੌਰਾਨ ਸੱਤ ਲੋਕਾਂ ਨੂੰ ਗੋਲੀਆਂ ਲੱਗੀਆਂ, ਜਦੋਂ ਕਿ ਬਾਕੀ ਲੋਕ ਹਫੜਾ-ਦਫੜੀ ਵਿੱਚ ਪਿਰਾਮਿਡ ਤੋਂ ਡਿੱਗਣ ਕਾਰਨ ਜ਼ਖਮੀ ਹੋ ਗਏ। ਹਸਪਤਾਲ ਲਿਜਾਏ ਗਏ ਜ਼ਖਮੀਆਂ ਵਿੱਚ ਛੇ ਅਮਰੀਕੀ, ਤਿੰਨ ਕੋਲੰਬੀਅਨ, ਇੱਕ ਰੂਸੀ, ਦੋ ਬ੍ਰਾਜ਼ੀਲੀਅਨ ਅਤੇ ਇੱਕ ਕੈਨੇਡੀਅਨ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਜ਼ਖਮੀਆਂ ਦੀ ਉਮਰ 6 ਸਾਲ ਤੋਂ ਲੈ ਕੇ 61 ਸਾਲ ਦੇ ਵਿਚਕਾਰ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ