ਕੈਲਗਰੀ, (ਬਰਾੜ ਭਗਤਾ ਭਾਈਕਾ): ਕੈਲਗਰੀ ਪੁਲਿਸ ਨੇ ਬੀਤੇ ਿਦਨੀਂ ਰਿਪੋਰਟ ਸਾਂਝੀ ਕਰਦੇ ਹੋਏ ਦੱਿਸਆ ਕਿ 4 ਮਾਰਚ ਨੂੰ ਹੋਈ ਫਿਰੌਤੀ ਅਤੇ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਦੋ ਹੋਰ ਪੰਜਾਬੀ ਨੌਜਵਾਨਾਂ, 21 ਸਾਲਾ ਕਰਨਬੀਰ ਸਿੰਘ ਅਤੇ 22 ਸਾਲਾ ਜਰਮਨਜੀਤ ਸਿੰਘ ‘ਤੇ ਦੋਸ਼ ਆਇਦ ਕੀਤੇ ਗਏ ਹਨ। ਇਹ ਕਾਰਵਾਈ ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਵਾਪਰੀਆਂ ਗੋਲੀਬਾਰੀ ਦੀਆਂ ਲੜੀਵਾਰ ਘਟਨਾਵਾਂ ਦੀ ਜਾਂਚ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ 3 ਅਪ੍ਰੈਲ ਨੂੰ 21 ਸਾਲਾ ਜਸਕਰਨ ਸਿੰਘ ‘ਤੇ ਵੀ ਇਸੇ ਮਾਮਲੇ ਵਿੱਚ ਦੋਸ਼ ਲਗਾਏ ਗਏ ਸਨ। ਪੁਲਿਸ ਅਨੁਸਾਰ ਸੈਡਲਰਿਜ ਡਰਾਈਵ ਐਨ.ਈ. ਸਥਿਤ ਇੱਕ ਘਰ ਨੂੰ ਲਗਾਤਾਰ ਦੋ ਵਾਰ ਨਿਸ਼ਾਨਾ ਬਣਾਇਆ ਗਿਆ ਸੀ।
ਵੇਰਵਿਆਂ ਅਨੁਸਾਰ ਪਹਿਲੀ ਘਟਨਾ 22 ਫਰਵਰੀ ਨੂੰ ਸਵੇਰੇ 2:45 ਵਜੇ ਵਾਪਰੀ ਸੀ ਜਦੋਂ ਮੁਲਜ਼ਮਾਂ ਨੇ ਚਲਦੀ ਗੱਡੀ ਵਿੱਚੋਂ ਇੱਕ ਰਿਹਾਇਸ਼ੀ ਘਰ ‘ਤੇ ਕਈ ਗੋਲੀਆਂ ਚਲਾਈਆਂ ਸਨ। ਇਸ ਤੋਂ ਬਾਅਦ 4 ਮਾਰਚ ਨੂੰ ਸਵੇਰੇ 5:10 ਵਜੇ ਉਸੇ ਘਰ ‘ਤੇ ਦੁਬਾਰਾ ਗੋਲੀਬਾਰੀ ਕੀਤੀ ਗਈ। ਪੁਲਿਸ ਨੇ 7 ਮਾਰਚ ਨੂੰ ਇੱਕ ਸ਼ੱਕੀ ਵਾਹਨ ਦੀ ਪਛਾਣ ਕੀਤੀ ਜਿਸ ਰਾਹੀਂ ਮੁਲਜ਼ਮਾਂ, ਵਾਹਨਾਂ ਅਤੇ ਫਿਰੌਤੀ ਦੇ ਨੈੱਟਵਰਕ ਵਿਚਕਾਰ ਸਬੰਧ ਸਥਾਪਤ ਕਰਨ ਵਿੱਚ ਮਦਦ ਮਿਲੀ। ਕਰਨਬੀਰ ਸਿੰਘ ਨੂੰ ਪਿਛਲੇ ਹਫ਼ਤੇ ਐਡਮੰਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ 20 ਅਪ੍ਰੈਲ ਨੂੰ ਅਦਾਲਤ ਵਿੱਚ ਪੇਸ਼ ਹੋਇਆ ਸੀ। ਦੂਜੇ ਪਾਸੇ ਜਰਮਨਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਹਨ। ਉਹ 5’8” ਲੰਬਾ ਅਤੇ ਲਗਭਗ 198 ਪੌਂਡ ਵਜ਼ਨ ਦਾ ਹੈ।
ਕੈਲਗਰੀ ਪੁਲਿਸ ਦੇ ਐਕਟਿੰਗ ਡਿਪਟੀ ਚੀਫ਼ ਜੈਫ ਬੈੱਲ ਅਤੇ ਐਡਮੰਟਨ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਗ੍ਰਿਫਤਾਰੀਆਂ ਵੱਖ-ਵੱਖ ਪੁਲਿਸ ਏਜੰਸੀਆਂ ਦੇ ਆਪਸੀ ਸਹਿਯੋਗ ਦਾ ਨਤੀਜਾ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਵੀ ਸਪੱਸ਼ਟ ਕੀਤਾ ਹੈ ਕਿ ਉਹ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕਰਨ ਵਾਲੇ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਵਚਨਬੱਧ ਹਨ। ਜਨਵਰੀ 2025 ਤੋਂ ਹੁਣ ਤੱਕ ਕੈਲਗਰੀ ਵਿੱਚ ਫਿਰੌਤੀ ਦੀਆਂ 41 ਕੋਸ਼ਿਸ਼ਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ 17 ਘਟਨਾਵਾਂ ਗੋਲੀਬਾਰੀ ਨਾਲ ਸਬੰਧਤ ਸਨ। ਹਾਲਾਂਕਿ ਇਹਨਾਂ ਵਾਰਦਾਤਾਂ ਵਿੱਚ ਹੁਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ, ਪਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਜਾਣਕਾਰੀ ਲਈ 403-266-1234 ‘ਤੇ ਸੰਪਰਕ ਕਰਨ। ਕ੍ਰਾਈਮ ਸਟੌਪਰਜ਼ ਰਾਹੀਂ ਵੀ ਗੁਪਤ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਫਿਰੌਤੀ ਅਤੇ ਗੋਲੀਬਾਰੀ ਮਾਮਲੇ ਵਿੱਚ ਕਰਨਬੀਰ ਗ੍ਰਿਫਤਾਰ, ਜਰਮਨਜੀਤ ਦੀ ਭਾਲ ਜਾਰੀ

