ਵੈਨਕੂਵਰ, (ਜੁਿਗੰਦਰ ਸਿੰਘ ਸੁੰਨੜ): 11 ਅਪ੍ਰੈਲ ਸ਼ਨਿੱਚਰਵਾਰ ਖਾਲਸਾ ਦੀਵਾਨ ਸੁਸਾਇਟੀ ਵੱਲੋਂ 47ਵਾਂ ਨਗਰ ਕੀਰਤਨ ਸਜਾਇਆ ਗਿਆ।ਜਿਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਵਾਈ। ਨਗਰ ਕੀਰਤਨ ਠੀਕ 11 ਵਜੇ ਗੁਰੂ ਘਰ ਤੋਂ ਰਵਾਨਾ ਹੋਇਆ।ਭਰੇ ਦੀਵਾਨਾਂ ਵਿੱਚ ਬਾਹਰੋਂ ਆਏ ਰਾਜਨੀਤਿਕ ਆਗੂਆਂ ਨੇ ਖਾਲਸੇ ਦੇ ਸਾਜਨਾ ਦਿਵਸ ਦੀਆਂ ਵਧਾਈਆਂ ਪੇਸ਼ ਕੀਤੀਆਂ। ਸਟੇਜ ਸਕੱਤਰ ਕਸ਼ਮੀਰ ਸਿੰਘ ਧਾਲੀਵਾਲ ਨੇ ਪੂਰੀ ਸੂਝ ਬੂਝ ਨਾਲ ਸਮੇਂ ਦੀ ਵੰਡ ਕਰਕੇ ਸਾਰੇ ਰਾਜਨੀਤਿਕ ਦਲਾਂ ਦੇ ਆਗੂਆਂ ਨੂੰ ਵਧਾਈ ਸੰਦੇਸ਼ ਦੇਣ ਦਾ ਸੱਦਾ ਦਿੱਤਾ। ਬਰਨਬੀ ਤੋਂ ਸਿਟੀ ਕੌਂਸਲਰ ਸੈਵ ਧਾਲੀਵਾਲ ਨੇ ਸ਼ੁਰੂਆਤ ਕੀਤੀ, ਫਿਰ ਲੁਧਿਆਣੇ ਜ਼ਿਲ੍ਹੇ ਦੇ ਪੰਜਾਬ ਤੋਂ ਅਕਾਲੀ ਦਲ ਦੇ ਨੇਤਾ ਰਣਜੀਤ ਸਿੰਘ ਢਿੱਲੋਂ, ਵੈਨਕੂਵਰ ਪੁਲਿਸ ਦਾ ਚੀਫ ਸਟੀਵ ਰੌਏ, ਕੌਂਸਲਰ ਜਨਰਲ ਮਾਸਾਕੂਈ ਰੰਗ-ਸੌਂਗ ਨੇ ਵੀ ਸੰਬੋਧਨ ਕੀਤਾ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਹੇਅਰ, ਵੈਨਕੂਵਰ ਸਿਟੀ ਦੇ ਮੇਅਰ ਕਿਮ ਸਿਮ, ਉਪਰੰਤ ਬੀ.ਸੀ. ਐਨ.ਡੀ.ਪੀ. ਪਾਰਟੀ ਨੂੰ ਸੱਦਾ ਦਿੱਤਾ ਗਿਆ। ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਪੂਰੀ ਵਜ਼ਾਰਤ ਤੇ ਐਮਐਲਏ ਸਮੇਤ ਨਗਰ ਕੀਰਤਨ ‘ਚ ਹਾਜ਼ਰੀ ਲਗਵਾਈ। ਇਸ ਤੋਂ ਇਲਾਵਾ ਕੰਜਰਵੇਟਿਵ ਪਾਰਟੀ ਦੇ ਨੇਤਾ ਨੇ ਆਪਣੀ ਟੀਮ ਨਾਲ ਹਾਜ਼ਰੀ ਲਗਵਾਈ। ਫੈਡਰਲ ਲਿਬਰਲ ਪਾਰਟੀ ਦੇ ਵਜ਼ੀਰ ਗਰੈਗ ਰੋਬਰਸਨ ਨੇ ਵੀ ਆਪਣੀ ਟੀਮ ਨਾਲ ਹਾਜ਼ਰੀ ਲਵਾਈ। ਕੰਜਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲੀਵੀਅਰ ਨੇ ਆਪਣੀ ਟੀਮ ਨਾਲ ਹਾਜ਼ਰੀ ਲਗਵਾਈ। ਅਖੀਰਲੇ ਬੁਲਾਰੇ ਜੋਨ ਡੈਵਿਡਸ (ਐਨਡੀਪੀ) ਵੱਲੋਂ ਆਪਣੀ ਵਧਾਈ ਸੰਦੇਸ਼ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਕੁਲਦੀਪ ਸਿੰਘ ਥਾਂਦੀ ਨੂੰ ਯਾਦ ਕਰਦੇ ਹੋਏ ਪਰਿਵਾਰ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ।
ਅਰਦਾਸ ਬੇਨਤੀ ਤੋਂ ਬਾਅਦ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੇਨ ਫਲੋਟ ਤੇ ਸੁਸ਼ੋਭਿਤ ਕੀਤਾ ਗਿਆ। ਰਸਤੇ ਵਿੱਚ ਥਾਂ-ਥਾਂ ਤੇ ਸੰਗਤਾਂ ਨੇ ਲੰਗਰ ਲਗਾਏ ਹੋਏ ਸਨ। ਮੇਨ ਸਟਰੀਟ 57 ਤੇ ਸਟੇਜ ਲੱਗੀ ਹੋਈ ਸੀ। ਮੇਨ ਸਟਰੀਟ 49 ਤੇ 20 ‘ਤੇ ਵੀ ਸਟੇਜ ਹਰ ਸਾਲ ਦੀ ਤਰ੍ਹਾਂ ਐਫਐਮ 93.1 ਦੀ ਅਤੇ ਫਰੇਜ਼ਰ ਸਟੀਟ ਦੇ ਸਟੇਜਾਂ ਤੋਂ ਸੰਗਤਾਂ ਨੇ ਵੱਖ-ਵੱਖ ਬੁਲਾਰਿਆਂ ਦੇ ਖਾਲਸੇ ਦੇ ਸਾਜਨਾ ਦਿਵਸ ਦੀਆਂ ਵਧਾਈਆਂ ਦੇ ਸੰਦੇਸ਼ ਸਰਵਨ ਕੀਤੇ।
ਠੀਕ 5 ਵਜੇ ਦੇ ਕਰੀਬ ਨਗਰ ਕੀਰਤਨ ਗੁਰੂ ਘਰ ਪਹੁੰਚਿਆ। ਢਾਡੀ ਜਥੇ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਵੈਨਕੂਵਰ ਦਾ ਨਗਰ ਕੀਰਤਨ ਇਤਿਹਾਸਕ ਹੋ ਨਿਬੜਿਆ। ਰਣਜੀਤ ਸਿੰਘ ਹੇਅਰ ਪ੍ਰਧਾਨ ਅਤੇ ਸਮੇਂ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।
ਵੈਨਕੂਵਰ ਨਗਰ ਕੀਰਤਨ ’ਚ ਉਤਸ਼ਾਹ ਨਾਲ ਸੰਗਤਾਂ ਨੇ ਲਗਵਾਈ ਹਾਜ਼ਰੀ

