ਸਰੀ, (ਏਕਜੋਤ ਸਿੰਘ): ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਨੂੰ ਆਪਣੀਆਂ ਸੰਸਦੀ ਗਤੀਵਿਧੀਆਂ ਅਤੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਗਭਗ 670,000 ਡਾਲਰ ਦੀ ਵਾਧੂ ਰਾਸ਼ੀ ਅਲਾਟ ਕੀਤੀ ਗਈ ਹੈ। ਪਿਛਲੇ ਸਾਲ ਹੋਈਆਂ ਫੈਡਰਲ ਚੋਣਾਂ ਵਿੱਚ ਅਧਿਕਾਰਤ ਪਾਰਟੀ ਦਾ ਦਰਜਾ ਗੁਆਉਣ ਤੋਂ ਬਾਅਦ ਵਿੱਤੀ ਸੰਕਟ ਨਾਲ ਜੂਝ ਰਹੀ ਇਸ ਪਾਰਟੀ ਲਈ ਇਹ ਫੰਡ ਇੱਕ ਮਹੱਤਵਪੂਰਨ ਸਹਾਰਾ ਸਾਬਤ ਹੋਣਗੇ। ਗਵਰਨਮੈਂਟ ਹਾਊਸ ਲੀਡਰ ਸਟੀਵਨ ਮੈਕਕਿਨਨ ਨੇ ਬੁੱਧਵਾਰ ਨੂੰ ਜਾਣਕਾਰੀ ਦਿੰਦਿਆਂ ਸਪੱਸ਼ਟ ਕੀਤਾ ਕਿ ਇਹ ਕੋਈ ਨਵਾਂ ਬਜਟ ਨਹੀਂ ਹੈ ਸਗੋਂ ਹਾਊਸ ਆਫ ਕਾਮਨਜ਼ ਦੇ ਮੌਜੂਦਾ ਬਜਟ ਵਿੱਚੋਂ ਹੀ ਰਕਮ ਦੀ ਮੁੜ-ਵੰਡ ਕੀਤੀ ਗਈ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਇਹ ਫੈਸਲਾ ਲਿਬਰਲ, ਕੰਜ਼ਰਵੇਟਿਵ ਅਤੇ ਬਲਾਕ ਕਿਊਬੈਕੋਇਸ ਪਾਰਟੀਆਂ ਦੀ ਆਪਸੀ ਸਹਿਮਤੀ ਨਾਲ ਲਿਆ ਗਿਆ ਹੈ ਤਾਂ ਜੋ ਲੋਕਤੰਤਰੀ ਪ੍ਰਕਿਰਿਆ ਵਿੱਚ ਸਾਰੀਆਂ ਧਿਰਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ।
ਰਿਪੋਰਟ ਅਨੁਸਾਰ ਅਧਿਕਾਰਤ ਦਰਜੇ ਤੋਂ ਹੇਠਾਂ ਵਾਲੀਆਂ ਪਾਰਟੀਆਂ ਲਈ ਅਜਿਹਾ ਫੰਡਿੰਗ ਫਾਰਮੂਲਾ ਕੈਨੇਡੀਅਨ ਇਤਿਹਾਸ ਵਿੱਚ ਪਹਿਲੀ ਵਾਰ ਤਿਆਰ ਕੀਤਾ ਗਿਆ ਹੈ। ਨਿਯਮਾਂ ਅਨੁਸਾਰ ਕਿਸੇ ਵੀ ਸਿਆਸੀ ਪਾਰਟੀ ਨੂੰ ਸੰਸਦ ਵਿੱਚ ਅਧਿਕਾਰਤ ਦਰਜਾ ਪ੍ਰਾਪਤ ਕਰਨ ਲਈ ਘੱਟੋ-ਘੱਟ 12 ਮੈਂਬਰਾਂ ਦੀ ਲੋੜ ਹੁੰਦੀ ਹੈ। ਪਿਛਲੀਆਂ ਚੋਣਾਂ ਵਿੱਚ ਐਨਡੀਪੀ ਦੀਆਂ ਸੀਟਾਂ ਦੀ ਗਿਣਤੀ 24 ਤੋਂ ਘਟ ਕੇ ਕੇਵਲ 7 ਰਹਿ ਗਈ ਸੀ ਜਿਸ ਕਾਰਨ ਪਾਰਟੀ ਨੇ ਮਿਲਣ ਵਾਲੀ ਵਿੱਤੀ ਸਹਾਇਤਾ ਅਤੇ ਕਮੇਟੀ ਅਸਾਈਨਮੈਂਟਾਂ ਵਰਗੇ ਕਈ ਵਿਸ਼ੇਸ਼ ਅਧਿਕਾਰ ਗੁਆ ਦਿੱਤੇ ਸਨ। ਹਾਲ ਹੀ ਵਿੱਚ ਜਾਰੀ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਇਹ ਨਵਾਂ ਬਜਟ ਉਹਨਾਂ ਪਾਰਟੀਆਂ ਲਈ ਰੱਖਿਆ ਗਿਆ ਹੈ ਜਿਹਨਾਂ ਦੇ ਚੋਣਾਂ ਵਿੱਚ 6 ਜਾਂ ਇਸ ਤੋਂ ਵੱਧ ਮੈਂਬਰ ਜਿੱਤੇ ਹਨ। ਐਨਡੀਪੀ ਦੇ ਮੈਂਬਰਾਂ ਦੀ ਗਿਣਤੀ ਇਸ ਸਮੇਂ 6 ਰਹਿ ਗਈ ਹੈ ਕਿਉਂਕਿ ਪਿਛਲੇ ਮਹੀਨੇ ਉਹਨਾਂ ਦੀ ਇੱਕ ਪ੍ਰਮੁੱਖ ਮੈਂਬਰ ਲੋਰੀ ਇਡਲੌਟ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਗਈ ਸੀ।
ਐਨਡੀਪੀ ਦੇ ਸੰਸਦੀ ਨੇਤਾ ਡਾਨ ਡੇਵਿਸ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਹੈ ਕਿ ਇਸ ਰਾਸ਼ੀ ਦੀ ਵਰਤੋਂ ਪਾਰਟੀ ਦੇ ਸੰਸਦੀ ਫਰਜ਼ਾਂ ਨੂੰ ਨਿਭਾਉਣ ਲਈ ਖੋਜ ਅਤੇ ਸਹਾਇਕ ਸਟਾਫ ਦੀ ਭਰਤੀ ਕਰਨ ਲਈ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪਿਛਲੇ ਲਗਭਗ ਇੱਕ ਸਾਲ ਤੋਂ ਉਹ ਪਾਰਟੀ ਦੇ ਕੰਮਕਾਜ ਨੂੰ ਬਿਹਤਰ ਬਣਾਉਣ ਲਈ ਇਹਨਾਂ ਸਰੋਤਾਂ ਦੀ ਲਗਾਤਾਰ ਮੰਗ ਕਰ ਰਹੇ ਸਨ। ਡੇਵਿਸ ਅਨੁਸਾਰ ਇਹ ਫੰਡ ਉਹਨਾਂ 1.2 ਮਿਲੀਅਨ ਕੈਨੇਡੀਅਨਾਂ ਦੀ ਆਵਾਜ਼ ਨੂੰ ਸੰਸਦ ਵਿੱਚ ਬੁਲੰਦ ਕਰਨ ਵਿੱਚ ਮਦਦ ਕਰਨਗੇ ਜਿਹਨਾਂ ਨੇ ਪਿਛਲੀਆਂ ਚੋਣਾਂ ਵਿੱਚ ਐਨਡੀਪੀ ਨੂੰ ਆਪਣਾ ਕੀਮਤੀ ਵੋਟ ਪਾਇਆ ਸੀ। ਉਹਨਾਂ ਇਹ ਵੀ ਕਿਹਾ ਕਿ ਹਾਲਾਂਕਿ ਇਹ ਰਾਸ਼ੀ ਇੱਕ ਮਾਨਤਾ ਪ੍ਰਾਪਤ ਪਾਰਟੀ ਦੇ ਮੁਕਾਬਲੇ ਘੱਟ ਹੈ ਪਰ ਇਸ ਨਾਲ ਸੰਸਦ ਦੀ ਕਾਰਜਪ੍ਰਣਾਲੀ ਨੂੰ ਸਹੀ ਢੰਗ ਨਾਲ ਚਲਾਉਣ ਵਿੱਚ ਵੱਡੀ ਮਦਦ ਮਿਲੇਗੀ।
ਪਾਰਟੀ ਲਈ ਇਹ ਵਿੱਤੀ ਸਹਾਇਤਾ ਇਸ ਲਈ ਵੀ ਅਹਿਮ ਹੈ ਕਿਉਂਕਿ ਐਨਡੀਪੀ ਇਸ ਸਮੇਂ ਲਗਭਗ 13 ਮਿਲੀਅਨ ਡਾਲਰ ਦੇ ਭਾਰੀ ਕਰਜ਼ੇ ਹੇਠ ਦਬੀ ਹੋਈ ਹੈ। ਨਵੀਂ ਫੰਡਿੰਗ ਯੋਜਨਾ ਤਹਿਤ ਹੋਰਨਾਂ ਪਾਰਟੀਆਂ ਨੂੰ ਵੀ ਵਾਧੂ ਫੰਡਾਂ ਦੀ ਵੰਡ ਕੀਤੀ ਗਈ ਹੈ। ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀਆਂ ਵਿੱਚੋਂ ਹਰੇਕ ਨੂੰ 1,243,890 ਡਾਲਰ ਅਤੇ ਬਲਾਕ ਕਿਊਬੈਕੋਇਸ ਨੂੰ 956,840 ਡਾਲਰ ਅਲਾਟ ਕੀਤੇ ਗਏ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਮੁੜ-ਵੰਡ ਕਾਰਨ ਕਿਸੇ ਵੀ ਦੂਜੀ ਪਾਰਟੀ ਦੇ ਬਜਟ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਪਾਰਟੀ ਦੇ ਨਵੇਂ ਚੁਣੇ ਗਏ ਸਥਾਈ ਨੇਤਾ ਐਵੀ ਲੁਈਸ ਫਿਲਹਾਲ ਸੰਸਦ ਦੇ ਮੈਂਬਰ ਨਹੀਂ ਹਨ ਜਿਸ ਕਾਰਨ ਉਹਨਾਂ ਨੇ ਡਾਨ ਡੇਵਿਸ ਨੂੰ ਸਦਨ ਵਿੱਚ ਪਾਰਟੀ ਦੀ ਕਮਾਨ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਹੈ ਜਦੋਂ ਤੱਕ ਉਹ ਕਿਸੇ ਉਪ-ਚੋਣ ਰਾਹੀਂ ਜਿੱਤ ਕੇ ਨਹੀਂ ਆਉਂਦੇ।
ਸਟੀਵਨ ਮੈਕਕਿਨਨ ਨੇ ਦੱਸਿਆ ਕਿ ਇਹ ਅਹਿਮ ਫੈਸਲਾ ਹਾਊਸ ਆਫ ਕਾਮਨਜ਼ ਦੀ ਪ੍ਰਬੰਧਕੀ ਸੰਸਥਾ ‘ਬੋਰਡ ਆਫ ਇੰਟਰਨਲ ਇਕਾਨਮੀ’ ਵੱਲੋਂ ਲਿਆ ਗਿਆ ਹੈ। ਮੈਕਕਿਨਨ ਅਨੁਸਾਰ ਐਨਡੀਪੀ ਨੇ ਬੋਰਡ ਅੱਗੇ ਇਹ ਦਲੀਲ ਪੇਸ਼ ਕੀਤੀ ਸੀ ਕਿ ਭਾਵੇਂ ਉਹਨਾਂ ਕੋਲ ਸੀਟਾਂ ਦੀ ਗਿਣਤੀ ਘੱਟ ਹੈ ਪਰ ਪੂਰੇ ਦੇਸ਼ ਵਿੱਚ ਉਹਨਾਂ ਦਾ ਸਮਰਥਨ ਅਜੇ ਵੀ ਕਾਫ਼ੀ ਮਜ਼ਬੂਤ ਹੈ। ਉਹਨਾਂ ਕਿਹਾ ਕਿ ਲੋਕਤੰਤਰੀ ਢਾਂਚੇ ਵਿੱਚ ਇਹ ਜ਼ਰੂਰੀ ਹੈ ਕਿ ਚੁਣੇ ਹੋਏ ਨੁਮਾਇੰਦਿਆਂ ਕੋਲ ਆਪਣੇ ਲੋਕਾਂ ਦੀ ਗੱਲ ਰੱਖਣ ਲਈ ਵਾਜਬ ਸਰੋਤ ਹੋਣ। ਦਸੰਬਰ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਦੱਸਿਆ ਗਿਆ ਸੀ ਕਿ ਚਾਰ ਦੀ ਬਜਾਏ ਤਿੰਨ ਅਧਿਕਾਰਤ ਪਾਰਟੀਆਂ ਹੋਣ ਕਾਰਨ ਸੰਸਦੀ ਅਫਸਰਾਂ ਦੇ ਬਜਟ ਵਿੱਚ 4 ਮਿਲੀਅਨ ਡਾਲਰ ਦੀ ਕਟੌਤੀ ਹੋਈ ਸੀ। ਇਸੇ ਬਚਤ ਵਿੱਚੋਂ ਹੁਣ ਐਨਡੀਪੀ ਅਤੇ ਹੋਰਨਾਂ ਪਾਰਟੀਆਂ ਨੂੰ ਵਾਧੂ ਫੰਡ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਸੰਸਦੀ ਕੰਮਾਂ ਵਿੱਚ ਕੋਈ ਰੁਕਾਵਟ ਨਾ ਆਵੇ। This report was written by Ekjot Singh as part of the Local Journalism Initiative.
ਵਿੱਤੀ ਸੰਕਟ ਨਾਲ ਜੂਝ ਰਹੀ ਐਨਡੀਪੀ ਲਈ 670,000 ਡਾਲਰ ਦਾ ਵਿਸ਼ੇਸ਼ ਫੰਡ ਜਾਰੀ

