ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤੀ ਵਿੱਚ ਇੱਕ ਸਮੇਂ ਸਭ ਤੋਂ ਸ਼ਕਤੀਸ਼ਾਲੀ ਰਹੀ ਪਾਰਟੀ ਬੀਸੀ ਯੂਨਾਈਟਿਡ ਭਾਵੇਂ ਜਨਤਕ ਤੌਰ ਉੱਤੇ ਪਿਛਲੇ ਡੇਢ ਸਾਲ ਤੋਂ ਸਰਗਰਮ ਨਹੀਂ ਹੈ, ਪਰ ਇਸਦੇ ਅੰਦਰੂਨੀ ਕੰਮਕਾਜ ਅਤੇ ਵਿੱਤੀ ਗਤੀਵਿਧੀਆਂ ਨੇ ਸੂਬੇ ਦੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਅਗਸਤ 2024 ਵਿੱਚ ਆਪਣੀ ਚੋਣ ਮੁਹਿੰਮ ਨੂੰ ਅਚਾਨਕ ਰੋਕਣ ਅਤੇ ਉਮੀਦਵਾਰ ਵਾਪਸ ਲੈਣ ਤੋਂ ਬਾਅਦ ਵੀ ਪਾਰਟੀ ਦੇ ਖਾਤਿਆਂ ਵਿੱਚ ਵੱਡੀ ਮਾਤਰਾ ਵਿੱਚ ਫੰਡ ਆ ਰਹੇ ਹਨ। ਇਲੈਕਸ਼ਨਜ਼ ਬੀਸੀ ਵੱਲੋਂ ਜਾਰੀ ਕੀਤੀ ਗਈ ਸਾਲਾਨਾ ਵਿੱਤੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਨੇ ਸਾਲ 2025 ਦੌਰਾਨ 150,000 ਡਾਲਰ ਤੋਂ ਵੱਧ ਦਾ ਚੰਦਾ ਇਕੱਠਾ ਕੀਤਾ ਹੈ। ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਪਾਰਟੀ ਉੱਤੇ ਪਿਛਲੀਆਂ ਚੋਣਾਂ ਦੌਰਾਨ ਗਲਤ ਜਾਣਕਾਰੀ ਫੈਲਾਉਣ ਦੇ ਦੋਸ਼ ਲੱਗੇ ਹਨ ਅਤੇ ਇਸ ਸਬੰਧੀ 4,500 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਪਾਰਟੀ ਦੇ ਮੌਜੂਦਾ ਪ੍ਰਧਾਨ ਬੈਨ ਸਟੂਅਰਟ ਅਨੁਸਾਰ ਪਾਰਟੀ ਦਾ ਭਵਿੱਖ ਹੁਣ ਬੀਸੀ ਕੰਜ਼ਰਵੇਟਿਵ ਪਾਰਟੀ ਦੀ ਅਗਲੀ ਲੀਡਰਸ਼ਿਪ ਦੀ ਚੋਣ ਦੇ ਨਤੀਜਿਆਂ ਉੱਤੇ ਨਿਰਭਰ ਕਰੇਗਾ।
ਰਿਪੋਰਟ ਅਨੁਸਾਰ 300 ਤੋਂ ਵੱਧ ਲੋਕਾਂ ਨੇ ਸਾਲ 2025 ਵਿੱਚ ਪਾਰਟੀ ਨੂੰ ਦਾਨ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਕਈ ਦਾਨੀ ਅਜਿਹੇ ਹਨ ਜੋ ਇਸ ਬਾਰੇ ਜਾਣਦੇ ਵੀ ਨਹੀਂ ਸਨ। ਲੈਂਗਲੇ ਵਿੱਚ ਇੱਕ ਸੀਨੀਅਰ ਕੇਅਰ ਹੋਮ ਦੇ ਸੀਈਓ ਐਲੀ ਦੇਵਜੀ ਅਨੁਸਾਰ ਉਹਨਾਂ ਦੇ ਕ੍ਰੈਡਿਟ ਕਾਰਡ ਰਾਹੀਂ ਹਰ ਮਹੀਨੇ ਪਾਰਟੀ ਨੂੰ ਆਟੋਮੈਟਿਕ ਭੁਗਤਾਨ ਹੋ ਰਿਹਾ ਸੀ, ਜਿਸਦਾ ਉਹਨਾਂ ਨੂੰ ਪਤਾ ਨਹੀਂ ਲੱਗਾ। ਜ਼ਿਆਦਾਤਰ ਦਾਨ ਹਰ ਮਹੀਨੇ ਦੀ 20 ਤਰੀਕ ਨੂੰ ਰਿਕਾਰਡ ਕੀਤੇ ਗਏ ਹਨ, ਜੋ ਇਹ ਸੰਕੇਤ ਦਿੰਦੇ ਹਨ ਕਿ ਪਾਰਟੀ ਦੀ ਮੈਂਬਰਸ਼ਿਪ ਫੀਸ ਜਾਂ ਚੰਦਾ ਆਪਣੇ ਆਪ ਕੱਟਿਆ ਜਾ ਰਿਹਾ ਸੀ। ਦੇਵਜੀ ਨੇ ਇਸ ਸਥਿਤੀ ਉੱਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਹੁਣ ਇਹਨਾਂ ਭੁਗਤਾਨਾਂ ਨੂੰ ਰੋਕਣ ਲਈ ਕਾਰਵਾਈ ਕਰਨਗੇ। ਦੂਜੇ ਪਾਸੇ, ਕੁਝ ਲੋਕ ਅਜਿਹੇ ਵੀ ਹਨ ਜਿਹਨਾਂ ਨੇ ਜਾਣਬੁੱਝ ਕੇ ਪਾਰਟੀ ਦੀ ਮਦਦ ਜਾਰੀ ਰੱਖੀ ਹੈ ਤਾਂ ਜੋ ਪਾਰਟੀ ਨਾਲ ਜੁੜੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਬਿੱਲਾਂ ਦਾ ਭੁਗਤਾਨ ਕੀਤਾ ਜਾ ਸਕੇ।
ਪਾਰਟੀ ਪ੍ਰਧਾਨ ਬੈਨ ਸਟੂਅਰਟ ਨੇ ਸਪੱਸ਼ਟ ਕੀਤਾ ਹੈ ਕਿ ਬੀਸੀ ਯੂਨਾਈਟਿਡ ਨੇ ਕੇਵਲ 2024 ਦੀਆਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਸੀ, ਪਰ ਇਸਦਾ ਮਤਲਬ ਇਹ ਨਹੀਂ ਸੀ ਕਿ ਪਾਰਟੀ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ। ਪਾਰਟੀ ਉੱਤੇ ਅਜੇ ਵੀ ਕਈ ਵਿੱਤੀ ਦੇਣਦਾਰੀਆਂ ਹਨ ਜਿਹਨਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ। ਸਟੂਅਰਟ ਅਨੁਸਾਰ ਪਾਰਟੀ ਨੇ ਆਪਣਾ ਮੈਂਬਰਸ਼ਿਪ ਮੈਨੇਜਮੈਂਟ ਸੌਫਟਵੇਅਰ ਬੀਸੀ ਕੰਜ਼ਰਵੇਟਿਵਾਂ ਨੂੰ 800,000 ਡਾਲਰ ਵਿੱਚ ਵੇਚਿਆ ਹੈ ਤਾਂ ਜੋ ਬਕਾਇਆ ਕਰਜ਼ੇ ਉਤਾਰੇ ਜਾ ਸਕਣ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵਿਕਰੀ ਵਿੱਚ ਮੈਂਬਰਾਂ ਦੇ ਨਿੱਜੀ ਵੇਰਵੇ ਸਾਂਝੇ ਨਹੀਂ ਕੀਤੇ ਗਏ ਹਨ। ਪਾਰਟੀ ਦੀ ਮੌਜੂਦਾ ਰਣਨੀਤੀ ਇਹ ਹੈ ਕਿ ਉਹ ਬੀਸੀ ਕੰਜ਼ਰਵੇਟਿਵਾਂ ਦੀ ਲੀਡਰਸ਼ਿਪ ਰੇਸ ਦੇ ਨਤੀਜਿਆਂ ਨੂੰ ਦੇਖਣਗੇ ਅਤੇ ਉਸ ਤੋਂ ਬਾਅਦ ਹੀ ਆਪਣੇ ਅਗਲੇ ਕਦਮ ਦਾ ਫੈਸਲਾ ਕਰਨਗੇ।
ਇਸ ਦੌਰਾਨ, ਕੰਜ਼ਰਵੇਟਿਵ ਪਾਰਟੀ ਦੇ ਅੰਦਰ ਇੱਕ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਾਬਕਾ ਨੇਤਾ ਜੌਨ ਰਸਟੈਡ ਅਤੇ ਕਈ ਹੋਰ ਉਮੀਦਵਾਰਾਂ ਨੂੰ ਇਹ ਖਦਸ਼ਾ ਹੈ ਕਿ ਬੀਸੀ ਯੂਨਾਈਟਿਡ ਦੇ ਮੈਂਬਰ ਅੰਦਰੂਨੀ ਤੌਰ ਉੱਤੇ ਕੰਜ਼ਰਵੇਟਿਵ ਪਾਰਟੀ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕੰਜ਼ਰਵੇਟਿਵ ਲੀਡਰਸ਼ਿਪ ਦੇ ਮੁੱਖ ਦਾਅਵੇਦਾਰਾਂ ਵਿੱਚ ਕੈਰੋਲਿਨ ਇਲੀਅਟ ਅਤੇ ਪੀਟਰ ਮਿਲੋਬਰ ਵਰਗੇ ਨਾਮ ਸ਼ਾਮਲ ਹਨ, ਜੋ ਪਹਿਲਾਂ ਬੀਸੀ ਯੂਨਾਈਟਿਡ ਦੇ ਮਜ਼ਬੂਤ ਥੰਮ੍ਹ ਰਹੇ ਹਨ। ਵਿਰੋਧੀਆਂ ਦਾ ਮੰਨਣਾ ਹੈ ਕਿ ਇਹ “ਸੈਂਟਰਿਸਟ” ਧੜਾ ਕੰਜ਼ਰਵੇਟਿਵ ਪਾਰਟੀ ਦੇ ਮੂਲ ਸਿਧਾਂਤਾਂ ਨੂੰ ਬਦਲ ਸਕਦਾ ਹੈ। ਬੈਨ ਸਟੂਅਰਟ ਨੇ ਇਹਨਾਂ ਦੋਸ਼ਾਂ ਉੱਤੇ ਕੋਈ ਸਿੱਧੀ ਟਿੱਪਣੀ ਨਹੀਂ ਕੀਤੀ, ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਉਹ ਲੀਡਰਸ਼ਿਪ ਰੇਸ ਵਿੱਚ ਕੋਈ ਅੜਿੱਕਾ ਨਹੀਂ ਪਾਉਣਾ ਚਾਹੁੰਦੇ।
ਪਾਰਟੀ ਦੇ ਨੇਤਾ ਕੇਵਿਨ ਫਾਲਕਨ ਫਿਲਹਾਲ ਰਾਜਨੀਤੀ ਤੋਂ ਦੂਰ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਪਾਰਟੀ ਦੇ ਕੰਮਕਾਜ ਵਿੱਚ ਉਹਨਾਂ ਦੀ ਕੋਈ ਸਰਗਰਮ ਭੂਮਿਕਾ ਨਹੀਂ ਦੇਖੀ ਗਈ ਹੈ। ਸਟੂਅਰਟ ਅਨੁਸਾਰ ਉਹ ਫਾਲਕਨ ਦੇ ਸੰਪਰਕ ਵਿੱਚ ਨਹੀਂ ਹਨ ਅਤੇ ਉਹਨਾਂ ਨੂੰ ਪਾਰਟੀ ਦੇ ਭਵਿੱਖ ਬਾਰੇ ਫਾਲਕਨ ਦੇ ਨਿੱਜੀ ਵਿਚਾਰਾਂ ਦਾ ਪਤਾ ਨਹੀਂ ਹੈ। ਬੀਸੀ ਯੂਨਾਈਟਿਡ ਦਾ ਮੌਜੂਦਾ ਰੁਖ ਇਹ ਦਰਸਾਉਂਦਾ ਹੈ ਕਿ ਉਹ ਆਪਣਾ ਬ੍ਰਾਂਡ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਕਰਨਾ ਚਾਹੁੰਦੇ ਅਤੇ ਆਉਣ ਵਾਲੇ ਸਮੇਂ ਵਿੱਚ ਨਵੇਂ ਸਿਆਸੀ ਗਠਜੋੜ ਜਾਂ ਕਿਸੇ ਨਵੀਂ ਸ਼ੁਰੂਆਤ ਲਈ ਰਾਹ ਖੁੱਲ੍ਹੇ ਰੱਖ ਰਹੇ ਹਨ। ਸੂਬੇ ਦੇ ਲੋਕਾਂ ਅਤੇ ਸਿਆਸੀ ਮਾਹਿਰਾਂ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਪਾਰਟੀ ਦੁਬਾਰਾ ਆਪਣਾ ਪੁਰਾਣਾ ਰੁਤਬਾ ਹਾਸਲ ਕਰ ਸਕੇਗੀ ਜਾਂ ਕੰਜ਼ਰਵੇਟਿਵਾਂ ਦਾ ਹਿੱਸਾ ਬਣ ਕੇ ਰਹਿ ਜਾਵੇਗੀ। This report was written by Ekjot Singh as part of the Local Journalism Initiative.
ਚੋਣਾਂ ਤੋਂ ਦੂਰ ਪਰ ਵਿਵਾਦਾਂ ਦੇ ਨੇੜੇ, ਬੀ.ਸੀ. ਯੂਨਾਈਟਿਡ ਦੀ ਫੰਡਿੰਗ ‘ਤੇ ਉੱਠੇ ਸਵਾਲ ਦੇ ਘੇਰੇ ’ਚ

